ਹੁਸ਼ਿਆਰਪੁਰ (ਘੁੰਮਣ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ 20 ਫਰਵਰੀ ਨੂੰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ’ਚ ਆਜ਼ਾਦ, ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 20 ਫਰਵਰੀ ਨੂੰ ਵੋਟਾਂ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 3645 ਵੋਟਰਾਂ ਨੇ ਪੋਸਟਲ ਬੈਲੇਟ ਦੀ ਵਰਤੋਂ ਕੀਤੀ ਹੈ, ਜਿਸ ਵਿਚ 3104 ਪੋਲਿੰਗ ਸਟਾਫ਼, 491 ਸਰਵਿਸ ਵੋਟਰ, 39 ਵੋਟਰ 80 ਸਾਲ ਤੋਂ ਵੱਧ ਉਮਰ ਦੇ ਵੋਟਰ ਅਤੇ 11 ਪੀ. ਡਬਲਿਊ. ਡੀ. ਵੋਟਰ ਸ਼ਾਮਲ ਹਨ। ਇਹ ਵੋਟਰ ਸਿਰਫ਼ ਪੋਸਟਲ ਬੈਲੇਟ ਦਾ ਪ੍ਰਯੋਗ ਕਰ ਸਕਣਗੇ ਨਾ ਕਿ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਉਣਗੇ।
ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਇਸ ਵਾਰ ਚੋਣਾਂ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਕੋਵਿਡ ਬਚਾਅ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ, ਜਿਸ ਸਬੰਧ ਵਿਚ ਮਾਸਕ, ਸੈਨੇਟਾਈਜ਼ਰ, ਦਸਤਾਨੇ ਆਦਿ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਿਹਤ ਮਹਿਕਮੇ ਵੱਲੋਂ ਹਰ ਬੂਥ ’ਤੇ ਕੋਵਿਡ ਮਾਨੀਟਰ ਤਿਆਰ ਕੀਤਾ ਗਿਆ ਹੈ, ਜੋਕਿ ਸਾਰਿਆਂ ਦੀ ਥਰਮਲ ਸਕੈਨਿੰਗ ਨੂੰ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਬਾਇਓਮੈਡੀਕਲ ਵੇਸਟ ਇਕੱਠਾ ਕਰਨ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਤਾਂ ਜੋ ਲੋਕ ਸੁਰੱਖਿਅਤ ਮਾਹੌਲ ਵਿਚ ਆਪਣੀ ਵੋਟ ਦੀ ਵਰਤੋਂ ਕਰ ਸਕਣ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ, ਦਿਵਆਂਗਜਨਾਂ ਅਤੇ ਹੋਰ ਜ਼ਰੂਰਤਮੰਦਾਂ ਲਈ ਬੂਥਾਂ ’ਤੇ ਵਲੰਟੀਅਰ ਵੀ ਨਿਯੁਕਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਵੋਟਰ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਸੰਸਥਾਵਾਂ, ਫੈਕਟਰੀਆਂ,ਦੁਕਾਨਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਕਮਾਈ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ, ਤਾਂ ਜੋ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
ਇਹ ਵੀ ਪੜ੍ਹੋ: ਰਣਦੀਪ ਸੁਰਜੇਵਾਲਾ ਦਾ ਵੱਡਾ ਬਿਆਨ, ਪੰਜਾਬ ਚੋਣਾਂ ’ਚ ‘ਆਪ’ ਤੇ ਭਾਜਪਾ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ
ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਰ ਫੋਟੋ ਪਛਾਣ ਪੱਤਰ (ਈ. ਪੀ. ਆਈ. ਸੀ.) ਤੋਂ ਇਲਾਵਾ 12 ਹੋਰ ਦਸਤਾਵੇਜ਼ਾਂ ਨੂੰ ਆਪਣੇ ਪਛਾਣ ਪੱਤਰਾਂ ਦੇ ਰੂਪ ਵਿਚ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਪਾਸ ਫੋਟੋ ਪਹਿਚਾਣ ਪੱਤਰ (ਈ. ਪੀ. ਆਈ. ਸੀ, ਜਿਸ ਨੂੰ ਵੋਟਰ ਆਈ. ਡੀ. ਕਾਰਡ ਵੀ ਕਿਹਾ ਜਾਂਦਾ ਹੈ) ਨਹੀਂ ਹੈ, ਉਹ ਆਧਾਰ ਕਾਰਡ, ਮਗਨਰੇਗਾ ਜ਼ਾਬ ਕਾਰਡ, ਫੋਟੋ ਸਮੇਤ ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਕਿਰਤ ਮਹਿਕਮੇ ਦੀ ਯੋਜਨਾ ਤਹਿਤ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਐੱਨ. ਪੀ. ਆਰ. ਤਹਿਤ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ ਜਾਂ ਸੂਬਾ ਸਰਕਾਰਾਂ ਜਾਂ ਜਨਤਕ ਖੇਤਰ ਦੀਆਂ ਸੰਸਥਾਵਾਂ/ਪਬਲਿਕ ਲਿਮਟਡ ਕੰਪਨੀਆਂ ਦੁਆਰਾ ਜਾਰੀ ਕੀਤੇ ਗਏ ਸੇਵਾ ਆਈ. ਡੀ. ਕਾਰਡ (ਫੋਟੋ ਸਮੇਤ), ਸੰਸਦ/ਵਿਧਾਇਕ/ਐੱਮ. ਐੱਲ. ਸੀ. ਨੂੰ ਜਾਰੀ ਕੀਤੇ ਗਏ ਅਧਿਕਾਰਤ ਪਹਿਚਾਣ ਪੱਤਰ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਵੱਲੋਂ ਜਾਰੀ ਵਿਸ਼ੇਸ਼ ਵਿਕਲਾਂਗਤਾ ਆਈ. ਡੀ. (ਯੂ. ਡੀ. ਆਈ. ਡੀ.) ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦੇ ਹਨ।
ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਮੁਲਜ਼ਮ ਨੇ ਲਿਆ ਫਾਹਾ, ਪੁਲਸ ਨੂੰ ਪਈਆਂ ਭਾਜੜਾਂ
ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1111 ਥਾਵਾਂ ’ਤੇ 1563 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਦੀ 139 ਸੁਪਰਵਾਈਜਰਾਂ ਵੱਲੋਂ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 12,87,837 ਵੋਟਰ ਆਪਣੀ ਵੋਟ ਦਾ ਪ੍ਰਯੋਗ ਕਰਨਗੇ, ਜਿਨ੍ਹਾਂ ਵਿਚ 6,62,641 ਪੁਰਸ਼, 6,25,154 ਮਹਿਲਾ ਅਤੇ 42 ਥਰਡ ਜੈਂਡਰ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 36 ਨਾਜ਼ੁਕ ਅਤੇ 214 ਸੰਵੇਦਨਸ਼ੀਲ ਬੂਥ ਹਨ। ਇਸ ਤੋਂ ਇਲਾਵਾ ਸਾਰੇ ਪੋਲਿੰਗ ਬੂਥਾਂ ’ਤੇ ਵੈਬਕਾਸਟਿੰਗ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹ ਵਿਚ 59 ਮਾਡਲ ਪੋਲਿੰਗ ਬੂਥ ਤੇ ਮਹਿਲਾਵਾਂ ਅਤੇ ਪੀ. ਡਬਲਯੂ. ਡੀ. ਵੱਲੋਂ ਸੰਚਾਲਤ 7-7 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 126 ਫਲਾਇੰਗ ਸਕੁਐਡ ਟੀਮਾਂ (ਐੱਫ਼. ਐੱਸ. ਟੀ.) ਅਤੇ ਸਟੈਟੀਕਲ ਸਰਵੀਲੈਂਸ ਟੀਮ (ਐੱਸ. ਐੱਸ. ਟੀ.) ਟੀਮਾਂ, 21 ਵੀਡੀਓ ਸਰਵੀਲੈਂਸ ਟੀਮਾਂ ਵੱਲੋਂ 24 ਘੰਟੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ, ਉੜਮੁੜ ਅਤੇ ਚੱਬੇਵਾਲ ਲਈ ਰਿਆਤ-ਬਾਹਰਾ ਇੰਸਟੀਚਿਊਟ ਵਿਚ ਸਟਰਾਂਗ ਰੂਮ ਅਤੇ ਕਾਊਂਟਿੰਗ ਸੈਂਟਰ ਸਥਾਪਤ ਕੀਤੇ ਗਏ ਹਨ ਜਦਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦਾ ਈ. ਵੀ. ਐੱਮ. ਸਟਰਾਂਗ ਰੂਮ ਅਤੇ ਕਾਊਂਟਿੰਗ ਸੈਂਟਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਕੇਜਰੀਵਾਲ ਹਿੰਦੂ ਨੂੰ ਡਰਿਆ ਤੇ ਸਹਿਮਿਆ ਹੋਇਆ ਨਾ ਸਮਝਣ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਹੁਰੇ ਪਰਿਵਾਰ ਤੋਂ ਦੁਖ਼ੀ ਵਿਆਹੁਤਾ ਨੇ ਨਿਗਲਿਆ ਜ਼ਹਿਰ, ਮੌਤ
NEXT STORY