ਨੂਰਪੁਰਬੇਦੀ (ਭੰਡਾਰੀ) : ਝੱਜ ਚੌਕ ਤੋਂ ਨੂਰਪੁਰਬੇਦੀ ਹੋ ਕੇ ਰੂਪਨਗਰ ਲਈ ਜਾਣ ਵਾਲੀ ਸੜਕ ਦੇ ਸੁਸਤ ਨਿਰਮਾਣ ਕਾਰਨ ਨਿੱਤ ਦਿਨ ਵਾਪਰ ਰਹੇ ਹਾਦਸੇ ਅਤੇ ਜਾ ਰਹੀਆਂ ਕੀਮਤੀ ਜਾਨਾਂ ਦਾ ਇਲਾਕਾ ਸੰਘਰਸ਼ ਕਮੇਟੀ ਨੂਰਪੁਰਬੇਦੀ ਨੇ ਗੰਭੀਰ ਨੋਟਿਸ ਲਿਆ ਹੈ। ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਇਥੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਸੜਕ ਦੇ ਸੁਸਤ ਨਿਰਮਾਣ ਨੇ ਹੁਣ ਤੱਕ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਲੈ ਲਈਆਂ ਹਨ। ਉਨ੍ਹਾਂ ਕਿਹਾ ਕਿ ਨਿਰਮਾਣ ਅਧੀਨ ਉਕਤ ਕਰੀਬ 30 ਕਿਲੋਮੀਟਰ ਲੰਬੇ ਮਾਰਗ 'ਤੇ ਥਾਂ-ਥਾਂ ਲਾਏ ਗਏ ਬਜ਼ਰੀ ਦੇ ਢੇਰਾਂ ਨੇ ਜਿਥੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਨਿਰਮਾਣ ਕਾਰਜ ਲਈ ਕਈ ਮਹੀਨੇ ਪਹਿਲਾਂ ਤੋਂ ਉਖਾੜੀ ਗਈ ਸਮੁੱਚੀ ਸੜਕ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਹੁਣ ਤੱਕ ਜ਼ਖ਼ਮੀ ਤੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਪਰ ਅੱਜੇ ਤੱਕ ਸੜਕ ਦੇ ਨਿਰਮਾਣ ਨੂੰ ਲੈ ਕੇ ਕੋਈ ਵੀ ਠੋਸਾ ਭਰੋਸਾ ਨਹੀਂ ਦਿੱਤਾ ਗਿਆ, ਜਿਸ ਕਾਰਨ ਇਲਾਕਾ ਵਾਸੀਆਂ 'ਚ ਗੁੱਸੇ ਦੀ ਲਹਿਰ ਵੇਖੀ ਜਾ ਰਹੀ ਹੈ। ਉਨ੍ਹਾਂ ਗੁੱਸਾ ਜ਼ਾਹਿਰ ਕਰਦਿਆਂ ਪੁੱਛਿਆ, ''ਕੀ ਸੜਕ ਦੀ ਸੁਸਤ ਉਸਾਰੀ ਲੋਕਾਂ ਦੀ ਮੌਤ ਦੇ ਵਾਰੰਟ ਹਨ।' ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ, ਰਾਮ ਕੁਮਾਰ ਮੁਕਾਰੀ, ਕਾਮਰੇਡ ਮੋਹਣ ਸਿੰਘ ਧਮਾਣਾ, ਵੇਦ ਪ੍ਰਕਾਸ਼, ਬਲਵੀਰ ਝਿੰਜੜੀ, ਅਸ਼ਵਨੀ ਚੱਢਾ ਤੇ ਬਲਵੀਰ ਸਿੰਘ ਔਲਖ ਨੇ ਕਿਹਾ ਕਿ ਹੁਣ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ ਤੇ ਉਹ ਤਿੱਖਾ ਸੰਘਰਸ਼ ਵਿੱਢਣ ਦਾ ਮਨ ਬਣਾ ਚੁੱਕੇ ਹਨ। ਇਸ ਮੁੱਦੇ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਨੇ ਅਗਲੇ ਹਫ਼ਤੇ ਹੰਗਾਮੀ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਫੈਸਲਾਕੁੰਨ ਸੰਘਰਸ਼ ਦਾ ਬਿਗੁਲ ਵਜਾ ਕੇ ਉਸਨੂੰ ਸਫਲ ਅੰਜ਼ਾਮ ਤੱਕ ਪਹੁੰਚਾਉਣ ਲਈ ਚਰਚਾ ਕੀਤੀ ਜਾਵੇਗੀ।
ਜ਼ਿਲ੍ਹੇ ਦੀਆਂ ਮੰਡੀਆਂ ਵਿਚ 289104 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ
NEXT STORY