ਫਰੀਦਕੋਟ (ਹਾਲੀ) -12ਵੀਂ ਸਦੀ ਦੇ ਪ੍ਰਮੁੱਖ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਸਤੰਬਰ ਮਹੀਨੇ ਵਿਚ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਣਾ ਹੈ ਪਰ ਇਸ ਵਾਰੀ ਲੱਗਦਾ ਹੈ ਕਿ ਇਹ ਧੂਮਧਾਮ ਦੀ ਜਗ੍ਹਾ ਧੂੜ ਧੱਕਿਆਂ ਨਾਲ ਮਨਾਇਆ ਜਾਵੇਗਾ। ਸੀਵਰੇਜ ਪਾ ਰਹੀ ਕੰਪਨੀ ਦੀ ਢਿੱਲੀ ਰਫ਼ਤਾਰ ਕਾਰਨ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਪੁੱਟੀਆਂ ਪਈਆਂ ਹਨ, ਜਿਸ ਕਾਰਨ ਇਨ੍ਹਾਂ ਤੋਂ ਧੂੜ ਉਡ-ਉਡ ਕੇ ਲੋਕਾਂ ਦੇ ਸਿਰਾਂ 'ਤੇ ਪੈ ਰਹੀ ਹੈ। ਮੇਲੇ ਵਿਚ ਜਿੰਨਾ ਸਮਾਂ ਬਾਕੀ ਬਚਿਆ ਹੈ, ਉਸ ਤੋਂ ਲੱਗਦਾ ਹੈ ਕਿ ਸ਼ਹਿਰ ਨੂੰ ਹਰ ਵਾਰ ਦੀ ਤਰ੍ਹਾਂ ਸ਼ਿੰਗਾਰਨ ਅਤੇ ਸੁੰਦਰ ਬਣਾਉਣ ਵਿਚ ਇਹ ਸੀਵਰੇਜ ਪ੍ਰਾਜੈਕਟ ਅੜਿੱਕਾ ਖੜ੍ਹਾ ਕਰੇਗਾ।
ਜਾਣਕਾਰੀ ਅਨੁਸਾਰ ਫਰੀਦਕੋਟ ਸ਼ਹਿਰ ਵਿਚ ਲੋਕਾਂ ਦੀ ਸਹੂਲਤ ਲਈ 120 ਕਰੋੜ ਰੁਪਏ ਖਰਚ ਕਰ ਕੇ ਸੀਵਰੇਜ ਪਾਇਆ ਜਾ ਰਿਹਾ ਹੈ ਪਰ ਸੀਵਰੇਜ ਕਾਰਨ ਹਰਿੰਦਰਾ ਨਗਰ, ਨਿਊ ਹਰਿੰਦਰਾ ਨਗਰ, ਕੰਮੇਆਣਾ ਗੇਟ, ਸੰਜੇ ਨਗਰ, ਬਾਜ਼ੀਗਰ ਬਸਤੀ, ਪੁਰਾਣੀ ਛਾਉਣੀ ਰੋਡ, ਨਵੀਂ ਛਾਉਣੀ ਰੋਡ ਅਤੇ ਬੱਸ ਸਟੈਂਡ ਨਜ਼ਦੀਕ ਸਮੇਤ ਕੁਝ ਹੋਰ ਹਿੱਸਿਆਂ 'ਚ ਸੜਕਾਂ ਪੁੱਟ ਕੇ ਸੀਵਰੇਜ ਪਾ ਦਿੱਤਾ ਗਿਆ ਹੈ ਜਾਂ ਪਾਇਆ ਜਾ ਰਿਹਾ ਹੈ ਪਰ ਜਿਥੇ ਕੰਮ ਮੁਕੰਮਲ ਹੋ ਚੁੱਕਿਆ ਹੈ, ਉਥੇ ਨਿਯਮਾਂ ਅਨੁਸਾਰ ਅਜੇ ਤੱਕ ਸੜਕਾਂ ਨਹੀਂ ਬਣਾਈਆਂ ਗਈਆਂ, ਜਦਕਿ ਕਈ ਥਾਵਾਂ 'ਤੇ ਕੰਮ ਮੁਕੰਮਲ ਹੋਏ ਨੂੰ 6 ਮਹੀਨੇ ਬੀਤ ਚੁੱਕੇ ਹਨ।
'ਜਗ ਬਾਣੀ' ਦੀ ਟੀਮ ਵੱਲੋਂ ਦੌਰਾ ਕਰਨ 'ਤੇ ਪਤਾ ਲੱਗਾ ਕਿ ਹਰਿੰਦਰਾ ਨਗਰ, ਕੰਮੇਆਣਾ, ਨਵੀਂ-ਪੁਰਾਣੀ ਛਾਉਣੀ ਰੋਡ ਅਤੇ ਬਾਬਾ ਫਰੀਦ ਸਕੂਲ ਨੂੰ ਜਾਣ ਵਾਲਾ ਰਸਤਾ ਕਾਫੀ ਖਰਾਬ ਹੈ, ਜਿਥੇ ਸੀਵਰੇਜ ਦਾ ਕੰਮ ਫ਼ਿਲਹਾਲ ਮੁਕੰਮਲ ਕਰ ਲਿਆ ਗਿਆ ਹੈ ਪਰ ਇਨ੍ਹਾਂ ਸੜਕਾਂ ਨੂੰ ਚਾਲੂ ਕਰਨ ਦੀ ਬਜਾਏ, ਉਸੇ ਤਰ੍ਹਾਂ ਛੱਡਿਆ ਹੋਇਆ ਹੈ, ਜਿਸ ਕਾਰਨ ਇਨ੍ਹਾਂ ਸੜਕਾਂ ਉਪਰੋਂ ਦੀ ਜਦੋਂ ਵੀ ਕੋਈ ਵਾਹਨ ਲੰਘਦਾ ਹੈ ਤਾਂ ਸਾਰਾ ਰਸਤਾ ਧੂੜ ਨਾਲ ਭਰ ਜਾਂਦਾ ਹੈ।
ਕਿਵੇਂ ਹੁੰਦੀਆਂ ਆਗਮਨ ਪੁਰਬ ਦੀਆਂ ਤਿਆਰੀਆਂ
ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ। ਮੁੱਖ ਸੜਕਾਂ ਨਵੀਆਂ ਬਣਾ ਕੇ ਇਨ੍ਹਾਂ 'ਤੇ ਝੰਡੀਆਂ ਲਾਈਆਂ ਜਾਂਦੀਆਂ ਹਨ ਅਤੇ ਚੌਕਾਂ ਨੂੰ ਵੀ ਸ਼ਿੰਗਾਰ ਦਿੱਤਾ ਜਾਂਦਾ ਹੈ। ਰਾਤ ਸਮੇਂ ਆਗਮਨ ਪੁਰਬ ਦੌਰਾਨ ਲਾਈਟਾਂ ਲਾਈਆਂ ਜਾਂਦੀਆਂ ਹਨ ਅਤੇ ਸਾਰਾ ਸ਼ਹਿਰ ਜਗਮਗ ਕਰਦਾ ਹੈ। ਸ਼ਹਿਰ ਦੇ ਸਾਰੇ ਇਕਤਰਫ਼ਾ ਰਸਤਿਆਂ ਦੇ ਡਿਵਾਈਡਰਾਂ ਨੂੰ ਰੰਗ ਕਰ ਕੇ ਉਨ੍ਹਾਂ ਨੂੰ ਚਮਕਾਇਆ ਜਾਂਦਾ ਹੈ।
19 ਤੋਂ ਲੈ ਕੇ 23 ਸਤੰਬਰ ਤੱਕ ਲੱਗਣ ਵਾਲੇ ਇਸ ਆਗਮਨ ਪੁਰਬ ਮੇਲੇ ਨੂੰ ਸਤੰਬਰ ਮਹੀਨੇ ਦੇ ਸ਼ੁਰੂ 'ਚ ਸਜਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸਤੰਬਰ ਮਹੀਨਾ ਸ਼ੁਰੂ ਹੋਣ ਵਿਚ ਸਿਰਫ਼ 10 ਦਿਨ ਬਚੇ ਹਨ ਅਤੇ ਸ਼ਹਿਰ ਦੀ ਸਥਿਤੀ ਇਹ ਹੈ ਕਿ ਇਸ ਦੀਆਂ ਕਈ ਸੜਕਾਂ ਅਜੇ ਵੀ 10-10 ਫ਼ੁੱਟ ਡੂੰਘੀਆਂ ਪੁੱਟੀਆਂ ਹੋਈਆਂ ਹਨ, ਜਿਸ ਕਾਰਨ ਆਗਮਨ ਪੁਰਬ ਦੀ ਸਜਾਵਟ ਨੂੰ ਧੱਬਾ ਲੱਗਣ ਦੀਆਂ ਸੰਭਾਵਨਾਵਾਂ ਸਾਫ਼ ਦਿਖਾਈ ਦੇ ਰਹੀਆਂ ਹਨ।
ਕੀ ਕਹਿਣਾ ਹੈ ਲੋਕਾਂ ਦਾ
ਲਾਜਵਿੰਦਰ ਸਿੰਘ ਲਾਜੀ, ਗੁਰਤੇਜ ਸਿੰਘ ਗਿੱਲ ਆਦਿ ਨੇ ਕਿਹਾ ਕਿ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨਾਲ ਸਬੰਧਿਤ ਪ੍ਰੋਗਰਾਮ ਟਿੱਲਾ ਬਾਬਾ ਫ਼ਰੀਦ, ਨਹਿਰੂ ਸਟੇਡੀਅਮ, ਬ੍ਰਜਿੰਦਰਾ ਕਾਲਜ, ਬਲਬੀਰ ਹਾਈ ਸਕੂਲ, ਦਰਬਾਰ ਗੰਜ, ਰੈਸਟ ਹਾਊਸ, ਅਮਰ ਆਸ਼ਰਮ ਅਤੇ ਗੁਰਦੁਆਰਾ ਗੋਦੜੀ ਸਾਹਿਬ 'ਚ ਹੁੰਦੇ ਹਨ, ਜਿਸ ਕਰਕੇ ਇਨ੍ਹਾਂ ਰਸਤਿਆਂ ਨੂੰ ਪੂਰੀ ਤਰ੍ਹਾਂ ਸ਼ਿੰਗਾਰਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰੀ ਸੀਵਰੇਜ ਪਾਉਣ ਵਾਲੀ ਕੰਪਨੀ ਇਸ ਕੰਮ ਵਿਚ ਅੜਿੱਕਾ ਬਣ ਰਹੀ ਹੈ ਕਿਉਂਕਿ ਉਸ ਨੇ ਇਨ੍ਹਾਂ ਸਥਾਨਾਂ 'ਤੇ ਜਾਣ ਵਾਲੇ ਬਹੁਤੇ ਰਸਤਿਆਂ ਨੂੰ ਪੁੱਟ ਰੱਖਿਆ ਹੈ, ਜੋ ਚੱਲ ਰਹੇ ਹਨ, ਉਨ੍ਹਾਂ 'ਤੇ ਸੜਕ ਨਿਰਮਾਣ ਦਾ ਕੰਮ ਮੁਕੰਮਲ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਸ਼ਹਿਰ ਦੀ ਸੁੰਦਰਤਾ ਵੱਲ ਆਗਮਨ ਪੁਰਬ ਨੂੰ ਦੇਖਦੇ ਹੋਏ ਧਿਆਨ ਦਿੱਤਾ ਜਾਵੇ।
ਪਾਵਰਕਾਮ ਦੀ ਲਾਪ੍ਰਵਾਹੀ ਨਾਲ ਕਿਸਾਨ ਦੀ 17 ਏਕੜ ਫਸਲ ਹੋਈ ਖਰਾਬ
NEXT STORY