ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਜ਼ਿਲਾ ਪੈਨਸ਼ਨ ਦਫਤਰ ’ਚ ਮੁਲਾਜ਼ਮਾਂ, ਪੈਨਸ਼ਨਰਾਂ, ਬਜ਼ੁਰਗਾਂ ਅਤੇ ਲੋਕ ਭਲਾਈ ਨੂੰ ਸਮਰਪਤ ਸਟੇਟ ਮਨਿਸਟੀਰੀਅਲ ਐਂਡ ਅਲਾਈਡ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਮਨਿਸਟੀਰੀਅਲ ਮੁਲਾਜ਼ਮਾਂ ਦੇ ਇਤਿਹਾਸਕ ਦਿਹਾਡ਼ੇ 9 ਮਾਰਚ 1990 ਨੂੰ ਸਮਰਪਤ ਸਾਲਾਨਾ ਕਨਵੈਨਸ਼ਨ ਸੂਬਾ ਪ੍ਰਧਾਨ ਰਾਜ ਕੁਮਾਰ ਅਰੋਡ਼ਾ ਦੀ ਅਗਵਾਈ ਹੇਠ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਲਾਲ ਚੰਦ ਸੈਣੀ, ਡਾ. ਮਨਮੋਹਨ ਸਿੰਘ, ਕਰਨੈਲ ਸਿੰਘ ਸੇਖੋਂ, ਵੇਦ ਪ੍ਰਕਾਸ਼ ਸਚਦੇਵਾ, ਨਸੀਬ ਚੰਦ ਸ਼ਰਮਾ, ਮਾਸਟਰ ਰਾਮ ਸਰੂਪ ਅਲੀਸ਼ੇਰ, ਕੰਵਲਜੀਤ ਸਿੰਘ, ਪਵਨ ਕੁਮਾਰ ਸਿੰਗਲਾ ਤੇ ਰਾਜਿੰਦਰ ਸਿੰਘ ਚੰਗਾਲ ਆਦਿ ਹਾਜ਼ਰ ਸਨ। ਐਸੋਸੀਏਸ਼ਨ ਦੇ ਪੀ. ਆਰ. ਓ. ਸੁਰਿੰਦਰ ਸ਼ਰਮਾ ਅਤੇ ਗਿਰਧਾਰੀ ਲਾਲ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸੂਬਾ ਪਧਾਨ ਅਤੇ ਸੀਨੀਅਰ ਸਿਟੀਜ਼ਨ ਆਗੂ ਸ਼੍ਰੀ ਅਰੋਡ਼ਾ ਨੇ ਕਿਹਾ ਕਿ 9 ਮਾਰਚ 1990 ਨੂੰ ਉਸ ਸਮੇਂ ਦੀ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਮਨਿਸਟੀਰੀਅਲ ਮੁਲਾਜ਼ਮਾਂ ’ਤੇ ਚੰਡੀਗਡ਼੍ਹ ਵਿਖੇ ਲਾਠੀਚਾਰਜ, ਅੱਥਰੂ ਗੈਸ, ਪਾਣੀ ਦੀਆਂ ਵਾਛਡ਼ਾਂ ਅਤੇ ਘੋਡ਼-ਸਵਾਰਾਂ ਪੁਲਸ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ। ਇਸ ਵਿਚ ਵੱਡੀ ਗਿਣਤੀ ’ਚ ਮਰਦ ਮੁਲਾਜ਼ਮ ਅਤੇ ਇਸਤਰੀ ਮੁਲਾਜ਼ਮ ਜ਼ਖਮੀ ਹੋਏ ਸਨ। ਇਸ ਨਾਲ ਮੁਲਾਜ਼ਮਾਂ ’ਚ ਭਾਰੀ ਰੋਸ ਪੈਦਾ ਹੋਇਆ ਸੀ। ਸਮੁੱਚਾ ਪੰਜਾਬ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਕੁੱਝ ਮੰਗਾਂ ਮੰਨ ਲਈਆਂ ਗਈਆਂ ਸਨ। ਉਸ ਦਿਨ ਤੋਂ 9 ਮਾਰਚ 1990 ਦਾ ਦਿਨ ਇਤਿਹਾਸਕ ਦਿਹਾਡ਼ੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਸ਼੍ਰੀ ਅਰੋਡ਼ਾ ਨੇ ਇਸ ਕਨਵੈਨਸ਼ਨ ਵਿਚ ਐਲਾਨ ਕੀਤਾ ਕਿ ਮੰਗਾਂ ਦੀ ਪ੍ਰਾਪਤੀ ਲਈ ਮਨਿਸਟੀਰੀਅਲ ਮੁਲਾਜ਼ਮਾਂ ਅਤੇ ਹੋਰ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਵੱਲੋਂ ਜੋ ਸੰਘਰਸ਼ ਕੀਤਾ ਜਾ ਰਿਹਾ ਹੈ, ਉਸ ਵਿਚ ਪੰਜਾਬ ਦੇ ਸਮੁੱਚੇ ਪੈਨਸ਼ਨਰ ਸ਼ਮੂਲੀਅਤ ਕਰਨਗੇ। 11 ਮਾਰਚ ਤੋਂ ਧਰਨੇ, ਮੁਜ਼ਾਹਰਿਆਂ ਅਤੇ ਹਡ਼ਤਾਲਾਂ ’ਚ ਸ਼ਾਮਲ ਹੋ ਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਜਾਵੇਗਾ।
ਗੁਰਦੀਪ ਕੁਲਾਰ ਅਤੇ ਅਮਨਦੀਪ ਚਹਿਲ ਪੰਚਾਇਤ ਯੂਨੀਅਨ ਦੇ ਪ੍ਰਧਾਨ ਬਣੇ
NEXT STORY