ਸ਼ਾਹਕੋਟ/ਜਲੰਧਰ, (ਮਰਵਾਹਾ, ਤ੍ਰੇਹਨ, ਮਹੇਸ਼ ਖੋਸਲਾ)- ਜ਼ਿਲਾ ਜਲੰਧਰ ਦਿਹਤੀ ਦੀ ਪੁਲਸ ਵੱਲੋਂ ਨਸ਼ੇ ਦੇ ਸਮੱਗਲਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸ਼ਾਹਕੋਟ ਪੁਲਸ ਨੇ ਕਾਰਵਾਈ ਕਰ ਕੇ ਨਸ਼ੇ ਦੇ 2 ਵੱਡੇ ਸਮੱਗਲਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ 10 ਕੁਇੰਟਲ ਚੂਰਾ ਪੋਸਤ, ਇਕ ਟਰੱਕ ਅਤੇ ਇਕ ਚੋਰੀ ਦੀ ਸਕਾਰਪੀਓ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਅੱਜ ਸ਼ਾਮ ਇਕ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਇੰਚਾਰਜ ਪਰਮਿੰਦਰ ਸਿੰਘ ਬਾਜਵਾ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਾਹਕੋਟ ਥਾਣੇ ਅੰਦਰ ਪੈਂਦੇ ਪਿੰਡ ਰੌਂਤਾ ਕੋਲ ਸੁੰਨਸਾਨ ਪਏ ਇਕ ਮੈਰਿਜ ਪੈਲੇਸ 'ਚ ਛਾਪੇਮਾਰੀ ਕਰ ਕੇ ਗੁਰਜੰਟ ਸਿੰਘ ਉਰਫ ਜੰਡ ਪੁੱਤਰ ਬਗੀਚਾ ਸਿੰਘ ਬੱਗਾ ਅਤੇ ਨਛੱਤਰ ਸਿੰਘ ਪੁੱਤਰ ਬਗੀਚਾ ਸਿੰਘ ਨਿਵਾਸੀ ਪਿੰਡ ਦੌਲੇਵਾਲ ਥਾਣਾ ਫਤਿਹਗੜ੍ਹ ਪੰਜਤੂਰ ਜ਼ਿਲਾ ਮੋਗਾ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ 'ਚ ਰੱਖੇ ਲਸਣ ਦੇ ਬੋਰਿਆਂ 'ਚੋਂ ਚੂਰਾ-ਪੋਸਤ ਬਰਾਮਦ ਹੋਇਆ। ਹਰੇਕ ਬੋਰੇ 'ਚ 20 ਕਿਲੋ ਚੂਰਾ-ਪੋਸਤ ਸੀ। ਇਸ ਤਰ੍ਹਾਂ 10 ਕੁਇੰਟਲ ਚੂਰਾ-ਪੋਸਤ ਬਰਾਮਦ ਹੋਇਆ। ਸ਼ਾਹਕੋਟ ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਤੋਂ ਜੋ ਸਕਾਰਪੀਓ ਗੱਡੀ ਬਰਾਮਦ ਕੀਤੀ ਸੀ , ਉਸ ਬਾਰੇ ਪੁੱਛਗਿੱਛ ਕਰਨ 'ਤੇ ਗੁਰਜੰਟ ਸਿੰਘ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਗੱਡੀ ਕਿਸੇ ਹੋਰ ਸੂਬੇ ਤੋਂ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਉਹ ਚੂਰਾ-ਪੋਸਤ ਨੂੰ ਭਰ ਕੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਜਾਅਲੀ ਨੰਬਰ ਪਲੇਟਾਂ ਲਾ ਕੇ ਗਾਹਕਾਂ ਨੂੰ ਮਾਲ ਸਪਲਾਈ ਕਰਦੇ ਸਨ ਤਾਂ ਕਿ ਨੰਬਰ ਟ੍ਰੇਸ ਨਾ ਹੋ ਸਕੇ।
ਇਕ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ
ਨਸ਼ੇ ਦੇ ਕਾਲੇ ਕਾਰੋਬਾਰ 'ਚ ਸ਼ਾਮਲ ਇਨ੍ਹਾਂ ਦਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਭੋਲਾ ਵਾਸੀ ਪਿੰਡ ਕਾਸਮ ਭੱਟੀ ਥਾਣਾ ਜੈਤੋ ਜ਼ਿਲਾ ਫਰੀਦਕੋਟ ਜੋ ਕਿ ਅਜੇ ਤਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਇਨ੍ਹਾਂ ਬਾਰੇ ਪਤਾ ਲੱਗਿਆ ਹੈ ਕਿ ਇਹ ਤਿੰਨੋ ਮੁਲਜ਼ਮ ਮੱਧ ਪ੍ਰਦੇਸ਼ ਤੋਂ ਸਸਤੇ ਮੁੱਲ 'ਤੇ ਚੂਰਾ-ਪੋਸਤ ਲਿਆ ਕੇ ਲੁਧਿਆਣੇ 'ਚ ਵੇਚਦੇ ਸਨ। ਪੁਲਸ ਤੋਂ ਬਚਣ ਲਈ ਲੁਧਿਆਣੇ 'ਚ ਮਕਾਨ ਕਿਰਾਏ 'ਕੇ ਲੈ ਕੇ ਰਹਿ ਰਹੇ ਸਨ।
ਪਿੰਡ ਬਰੌਲੀ ਦੇ ਇਕ ਘਰ 'ਚ ਚੋਰਾਂ ਨੇ ਬੋਲਿਆ ਧਾਵਾ
NEXT STORY