ਅਬੋਹਰ(ਸੁਨੀਲ) ਧਰਮਰਾਜ ਯੁਧਿਸ਼ਠਰ ਅਤੇ ਯਕਸ਼ ਵਿਚ ਮਹਾਭਾਰਤ ਕਾਲ 'ਚ ਹੋਏ ਸੰਵਾਦ ਦੀ ਇਤਿਹਾਸਕ ਧਰਤੀ ²ਸ੍ਰੀ ਕਟਾਸਰਾਜ ਧਾਮ ਦੇ ਅਮਰ ਕੁੰਡ ਵਿਚ ਕੀ 13 ਫਰਵਰੀ ਨੂੰ ਭਾਰਤੀ ਹਿੰਦੂ ਮਹਾ ਸ਼ਿਵਰਾਤਰੀ ਦੇ ਪਾਵਨ ਉਤਸਵ 'ਤੇ ਇਸ਼ਨਾਨ ਕਰ ਪਾਉਣਗੇ? ਇਹ ਸਵਾਲ ਕਸ਼ਮੀਰ ਦੀ ਕੰਟਰੋਲ ਰੇਖਾ 'ਤੇ ਵਧਦੇ ਤਣਾਅ ਅਤੇ ਪਾਕਿਸਤਾਨ ਦੂਤਘਰ ਦੇ ਮੌਨ ਧਾਰਨ ਕਾਰਨ ਪੁੱਛਿਆ ਜਾ ਰਿਹਾ ਹੈ। ਇਸ ਦੌਰਾਨ ਹਰ ਸਾਲ ਆਯੋਜਿਤ ਕੀਤੀ ਜਾਣ ਵਾਲੀ ਸ੍ਰੀ ਕਟਾਸਰਾਜ ਧਾਮ ਯਾਤਰਾ ਦਾ ਸੰਯੋਜਨ ਕਰਨ ਵਾਲੀਆਂ ਸੰਸਥਾਵਾਂ ਵਿਚ ਵੀ ਵਿਵਾਦ ਉਭਰ ਕੇ ਸਾਹਮਣੇ ਆ ਰਹੇ ਹਨ। ਤੀਸਰਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਸ੍ਰੀ ਕਟਾਸਰਾਜ ਧਾਮ ਵਿਚ ਸਥਿਤ ਅਮਰ ਕੁੰਡ ਸੁੱਕ ਜਾਣ ਦਾ ਨੋਟਿਸ ਲੈਣ ਵਾਲੇ ਪਾਕਿਸਤਾਨ ਸੁਪਰੀਮ ਕੋਰਟ ਦੇ ਹੁਕਮ 'ਤੇ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਦੇਖਭਾਲ ਕਰਨ ਵਾਲੀ ਸੰਥਥਾ ਓਕਾਫ ਬੋਰਡ ਦੇ ਪ੍ਰਧਾਨ ਅਹੁਦੇ ਤੋਂ ਸਿਦੀਕੀ ਉਲ ਫਾਰੂਖ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੇ ਸਥਾਨ 'ਤੇ ਧਾਰਮਿਕ ਮਾਮਲਿਆਂ ਦੇ ਵਿਭਾਗ ਤੋਂ ਇਲਾਵਾ ਸਕੱਤਰ ਸੇਵਾਮੁਕਤ ਕੈਪਟਨ ਮੁਹੰਮਦ ਆਫਤਾਬ ਨੂੰ ਅਸਥਾਈ ਤੌਰ 'ਤੇ ਸਿਰਫ 3 ਮਹੀਨਿਆਂ ਲਈ ਪ੍ਰਧਾਨ ਦਾ ਕਾਰਜ ਭਾਰ ਸੌਂਪਿਆ ਗਿਆ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਮੀਆਂ ਸਕੀਬ ਨਿਸਾਰ ਨੇ ਅਮਰ ਕੁੰਡ ਸੁੱਕ ਜਾਣ ਬਾਰੇ ਜ਼ਿਲਾ ਚਕਵਾਲ ਦੇ ਇਕ ਪੱਤਰਕਾਰ ਰਾਹੀਂ ਪ੍ਰਮੁਖਤਾ ਨਾਲ ਮਾਮਲਾ ਉਠਾਉਣ ਤੋਂ ਬਾਅਦ ਇਸ ਦਾ ਗੰਭੀਰ ਨੋਟਿਸ ਲਿਆ ਸੀ। ਬੀਤੇ ਸਾਲ ਦਸੰਬਰ ਵਿਚ ਸ਼ੁਰੂ ਕੀਤੀ ਗਈ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ੍ਰੀ ਕਟਾਸਰਾਜ ਦੇ ਆਸ-ਪਾਸ ਸਥਾਪਿਤ ਸੀਮੈਂਟ ਫੈਕਟਰੀਆਂ ਵੱਲੋਂ ਜ਼ਮੀਨ ਵਿਚਲਾ ਪਾਣੀ ਬੋਰਵੈੱਲ ਰਾਹੀਂ ਖਿੱਚਣ ਕਾਰਨ ਇਤਿਹਾਸਕ ਅਮਰ ਕੁੰਡ ਦੇ ਸੁੱਕਣ ਦੀ ਨੌਬਤ ਆਈ ਹੈ। ਜਾਣਕਾਰੀ ਦਿੰਦੇ ਹੋਏ ਸ੍ਰੀ ਰਾਮਾਇਣ ਪ੍ਰਚਾਰਿਣੀ ਸਭਾ ਦੇ ਜਨਰਲ ਸਕੱਤਰ ਤੇ ਸ੍ਰੀ ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਦੇ ਮੈਂਬਰ ਰਾਕੇਸ਼ ਨਾਗਪਾਲ ਨੇ ਕਿਹਾ ਕਿ ਹੁਣ ਅਮਰ ਕੁੰਡ ਵਿਚ 20 ਫੁੱਟ ਦੀ ਬਜਾਏ 10 ਫੁੱਟ ਪਾਣੀ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਪਰ 11 ਫਰਵਰੀ ਨੂੰ ਸ਼ੁਰੂ ਹੋਣ ਵਾਲੀ ਸ੍ਰੀ ਕਟਾਸਰਾਜ ਧਾਮ ਯਾਤਰਾ 'ਤੇ ਅਜੇ ਵੀ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਭੇਜੇ ਪੱਤਰ ਦੇ ਜਵਾਬ ਵਿਚ ਉਨ੍ਹਾਂ ਦੇ ਮੰਤਰਾਲਾ ਦੇ ਪਾਕਿਸਤਾਨੀ ਸੈੱਲ ਨੇ 17 ਨਵੰਬਰ ਨੂੰ ਉੱਤਰ ਦਿੱਤਾ ਸੀ ਕਿ 2015 ਵਿਚ ਲਏ ਗਏ ਫੈਸਲੇ ਅਨੁਸਾਰ ਸ੍ਰੀ ਸਨਾਤਨ ਧਰਮ ਪ੍ਰਤੀਨਿਧੀ ਸਭਾ ਪਹਾੜਗੰਜ ਤੇ ਕੇਂਦਰੀ ਸਨਾਤਨ ਧਰਮ ਸਭਾ ਰੋਟੇਸ਼ਨ ਵਿਚ ਇਸ ਯਾਤਰਾ ਦਾ ਆਯੋਜਨ ਕਰੇਗੀ ਪਰ ਪਹਾੜਗੰਜ ਸਥਿਤ ਸਭਾ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਕਿ ਅਜੇ ਤੱਕ ਭਾਰਤੀ ਯਾਤਰੀਆਂ ਨੂੰ ਪਾਸਪੋਰਟ ਜਮ੍ਹਾ ਕਰਵਾਉਣ ਲਈ ਨਹੀਂ ਕਿਹਾ ਗਿਆ।
ਸ਼ੱਕੀ ਹਾਲਤ 'ਚ ਖੇਤ 'ਚੋਂ ਮਿਲਿਆ ਨੌਜਵਾਨ, ਹਸਪਤਾਲ 'ਚ ਹੋਈ ਮੌਤ
NEXT STORY