ਅਕਾਲੀਆਂ ਦੇ ਜਾਮ 'ਚ ਫਸੀਆਂ ਸਕੂਲੀ ਬੱਸਾਂ, ਬੱਚੇ ਰਹੇ ਭੁੱਖੇ-ਪਿਆਸੇ
ਲੁਧਿਆਣਾ(ਵਿੱਕੀ)-ਅਕਾਲੀਆਂ ਵੱਲੋਂ ਅੱਜ ਨੈਸ਼ਨਲ ਹਾਈਵੇ-1 'ਤੇ ਲਾਏ ਗਏ ਧਰਨੇ ਨਾਲ ਜਿਥੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਸਕੂਲਾਂ 'ਚ ਪੜ੍ਹਾਈ ਲਈ ਜਾਣ ਵਾਲਾ ਵਿਦਿਆਰਥੀ ਵਰਗ ਵੀ ਇਸ ਧਰਨੇ ਤੋਂ ਅਣਛੂਹਿਆ ਨਹੀਂ ਰਿਹਾ। ਦੁਪਹਿਰ ਬਾਅਦ 2.30 ਤੋਂ 3 ਵਜੇ ਦੌਰਾਨ ਸਕੂਲਾਂ ਵਿਚ ਛੁੱਟੀ ਹੋਣ ਤੋਂ ਬਾਅਦ ਜਦੋਂ ਬੱਸਾਂ ਵਿਚ ਬੈਠ ਕੇ ਬੱਚੇ ਘਰਾਂ ਨੂੰ ਪਰਤਣ ਲੱਗੇ ਤਾਂ ਉਨ੍ਹਾਂ ਨੂੰ ਵੀ ਇਸ ਧਰਨੇ ਕਾਰਨ ਲੱਗੇ ਲੰਬੇ ਜਾਮ ਨੇ ਘੇਰ ਲਿਆ। ਨੌਨਿਹਾਲਾਂ ਦੇ ਸਮੇਂ 'ਤੇ ਘਰ ਨਾ ਪੁੱਜਣ ਤੋਂ ਚਿੰਤਤ ਹੋਏ ਮਾਪਿਆਂ ਨੇ ਬੱਸ ਡਰਾਈਵਰਾਂ ਅਤੇ ਸਕੂਲਾਂ ਵਿਚ ਲੱਗੇ ਫੋਨ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ, ਜਿਨ੍ਹਾਂ ਨੂੰ ਦੱਸਿਆ ਗਿਆ ਕਿ ਧਰਨੇ ਦੌਰਾਨ ਲੱਗੇ ਲੰਬੇ ਜਾਮ ਵਿਚ ਸਕੂਲੀ ਬੱਸਾਂ ਫਸੀਆਂ ਹੋਈਆਂ ਹਨ, ਜਿਸ ਕਾਰਨ ਬੱਚੇ ਕੁੱਝ ਸਮਾਂ ਦੇਰ ਨਾਲ ਘਰ ਪੁੱਜਣਗੇ। ਹਾਲਾਤ ਇਹ ਰਹੇ ਕਿ ਬੱਚੇ ਸਕੂਲ 'ਚ ਛੁੱਟੀ ਤੋਂ ਕਰੀਬ 2 ਘੰਟੇ ਬਾਅਦ ਕਿਤੇ ਜਾ ਕੇ ਆਪਣੇ ਘਰ ਪੁੱਜੇ ਤਾਂ ਜਾ ਕੇ ਉਨ੍ਹਾਂ ਦੇ ਮਾਤਾ-ਪਿਤਾ ਨੇ ਸੁੱਖ ਦਾ ਸਾਹ ਲਿਆ। ਮਾਪਿਆਂ ਨੇ ਕਿਹਾ ਕਿ ਅਕਾਲੀ ਦਲ ਤਾਂ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ ਪਰ ਇਸ ਵਿਚ ਉਨ੍ਹਾਂ ਦੇ ਬੱਚਿਆਂ ਦਾ ਕੀ ਕਸੂਰ ਹੈ, ਜੋ ਭੁੱਖੇ-ਪਿਆਸੇ ਹੀ ਬੱਸਾਂ ਵਿਚ ਬੈਠ ਕੇ ਘਰ ਪੁੱਜਣ ਦੀ ਉਡੀਕ ਕਰ ਰਹੇ ਹਨ। ਓਧਰ ਬੱਚਿਆਂ ਨੂੰ ਸਕੂਲ ਲੈਣ ਪੁੱਜੇ ਮਾਤਾ-ਪਿਤਾ ਨੇ ਭਾਰੀ ਜਾਮ ਨੂੰ ਦੇਖਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਇਨ੍ਹਾਂ ਨੌਨਿਹਾਲਾਂ ਦਾ ਕੀ ਕਸੂਰ ਸੀ। ਧਰਨੇ ਕਾਰਨ ਇਨ੍ਹਾਂ ਨੂੰ ਕਿਸ ਗੱਲ ਦੀ ਸਜ਼ਾ ਮਿਲੀ।
ਪੇਰੈਂਟਸ ਹੋਏ ਪ੍ਰੇਸ਼ਾਨ, ਪੁਲਸ ਨੇ ਨਹੀਂ ਸੁਣੀ
ਜਲੰਧਰ ਬਾਈਪਾਸ ਚੌਕ 'ਚ ਸਥਿਤੀ ਕਾਫੀ ਗੰਭੀਰ ਬਣ ਗਈ, ਜਦੋਂ ਉਥੇ ਸਥਿਤ ਗ੍ਰੀਨਲੈਂਡ ਸਕੂਲ ਵਿਚ ਛੁੱਟੀ ਤੋਂ ਬਾਅਦ ਘਰਾਂ ਨੂੰ ਪਰਤਣ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਅੱਗੇ ਜਾਣ ਲਈ ਰੋਕਣ ਹਿੱਤ ਪੁਲਸ ਵੱਲੋਂ ਲਾਏ ਨਾਕਿਆਂ ਤੋਂ ਵੀ ਕਈ ਮਾਪਿਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਮਾਪਿਆਂ ਨੇ ਕਿਹਾ ਕਿ ਪੁਲਸ ਵੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਓਧਰ ਬੱਚੇ ਵੀ ਵਾਰ-ਵਾਰ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਤੋਂ ਪੁੱਛਦੇ ਨਜ਼ਰ ਆਏ ਕਿ ਅੰਕਲ ਅੱਜ ਅਸੀਂ ਕਿੰਨੇ ਵਜੇ ਘਰ ਪੁੱਜਾਂਗੇ।
ਤਹਿ ਕਰਨਾ ਪਿਆ ਲੰਬਾ ਸਫਰ
ਹਾਲਾਤ ਸਿਰਫ ਜਲੰਧਰ ਬਾਈਪਾਸ 'ਤੇ ਹੀ ਨਹੀਂ, ਸਗੋਂ ਸ਼ਹਿਰ ਦੇ ਹੋਰਨਾਂ ਹਿੱਸਿਆਂ 'ਚ ਵੀ ਉਕਤ ਜਾਮ ਕਾਰਨ ਖਰਾਬ ਸਨ। ਵੱਖ-ਵੱਖ ਸਕੂਲਾਂ 'ਚ ਛੁੱਟੀ ਤੋਂ ਬਾਅਦ ਘਰਾਂ ਨੂੰ ਪਰਤਣ ਵਾਲੇ ਸੈਂਕੜੇ ਵਿਦਿਆਰਥੀਆਂ ਨੂੰ ਵੀ ਧਰਨੇ ਕਾਰਨ ਪੁੱਜਣ 'ਚ ਕਾਫੀ ਦੇਰ ਹੋਈ। ਇੰਨਾ ਹੀ ਨਹੀਂ ਬੱਚਿਆਂ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਕਈ ਕਿਲੋਮੀਟਰ ਜ਼ਿਆਦਾ ਸਫਰ ਤਹਿ ਕਰ ਕੇ ਘਰ ਪੁੱਜਣਾ ਪਿਆ।
ਨਸ਼ੀਲੀਆਂ ਗੋਲੀਆਂ ਸਣੇ ਕਾਬੂ
NEXT STORY