ਮੋਗਾ (ਗੋਪੀ ਰਾਊਕੇ)-ਇਕ ਪਾਸੇ ਜਿੱਥੇ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਆਏ ਦਿਨ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਥੇ ਹੀ ਸ਼ਹਿਰ ’ਚ ਕੁਝ ਥਾਵਾਂ ਅਜਿਹੀਆਂ ਹਨ, ਜਿੱਥੇ ਲੋਕ ਜਾਨ ਤਲੀ ’ਤੇ ਰੱਖ ਕੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ ਪਰ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਕਦੇ ਵੀ ਲੋਕਾਂ ਨੂੰ ਇਸ ਲਾਪ੍ਰਵਾਹੀ ਖਿਲਾਫ ਜਾਗਰੂਕ ਕਰਨ ਲਈ ਠੋਸ ਉਪਰਾਲੇ ਨਹੀਂ ਕੀਤੇ ਜਾਂਦੇ ਅਤੇ ਜੇਕਰ ਕਦੇ ਭੁੱਲ-ਭੁਲੇਖੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਵੀ ਸਿਰਫ ਖਾਨਾਪੂਰਤੀ ਬਣ ਕੇ ਰਹਿ ਜਾਂਦੀ ਹੈ, ਜਿਸ ਕਾਰਨ ਇਹ ਅਣਦੇਖੀ ਸਰਕਾਰੀ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਪੈਦਾ ਕਰਨ ਦੇ ਨਾਲ-ਨਾਲ ਆਏ ਦਿਨ ਵੱਡੇ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ, ਜਿਸ ਦੀ ਮਿਸਾਲ ਹੈ ਮੋਗਾ ਸ਼ਹਿਰ ਦੇ ਵੱਖ-ਵੱਖ ਥਾਈਂ ਲੱਗੇ ਰੇਲਵੇ ਫਾਟਕਾਂ ਹੇਠੋਂ ਜਾਨ ਹਥੇਲੀ ’ਤੇ ਰੱਖ ਕੇ ਲੰਘਦੇ ਲੋਕ। ਸ਼ਹਿਰ ’ਚ ਅਕਾਲਸਰ ਰੋਡ, ਮੇਨ ਬਾਜ਼ਾਰ, ਗਾਂਧੀ ਰੋਡ ਅਤੇ ਨੈਸਲੇ ਫੈਕਟਰੀ ਨੇਡ਼ੇ ਮੁੱਖ ਰੇਲਵੇ ਕ੍ਰਾਸਿੰਗ ਫਾਟਕ ਮੌਜੂਦ ਹਨ, ਜੋ ਦਿਨ ’ਚ ਟ੍ਰੇਨ ਦੇ ਲੰਘਣ ਮੌਕੇ ਅਨੇਕਾਂ ਵਾਰ ਖੁੱਲ੍ਹਦੇ ਅਤੇ ਬੰਦ ਹੁੰਦੇ ਹਨ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਫਾਟਕ ਲੱਗੇ ਹੋਣ ਦੇ ਬਾਵਜੂਦ ਦੋ ਪਹੀਆ ਵਾਹਨ ਚਾਲਕਾਂ ਸਮੇਤ ਪੈਦਲ ਜਾ ਰਹੇ ਵਿਅਕਤੀ ਟ੍ਰੇਨ ਲੰਘਣ ਦਾ ਇੰਤਜ਼ਾਰ ਕਰਨ ਦੀ ਬਜਾਏ ਬੰਦ ਫਾਟਕਾਂ ਹੇਠੋਂ ਲੰਘਦੇ ਹਨ ਅਤੇ ਇਸੇ ਕਾਰਨ ਕਈ ਵਾਰ ਲੋਕ ਮੌਤ ਦੇ ਮੂੰਹ ’ਚ ਵੀ ਚਲੇ ਜਾਂਦੇ ਹਨ। ਸਬੰਧਿਤ ਰੇਲਵੇ ਵਿਭਾਗ ਵੱਲੋਂ ਬੇਸ਼ੱਕ ਕਦੇ-ਕਦੇ ਇਸ ਖਿਲਾਫ ਸਖਤੀ ਨਾਲ ਕਦਮ ਚੁੱਕੇ ਜਾਂਦੇ ਹਨ ਪਰ ਪੂਰਾ ਸਮਾਂ ਲੋਕਾਂ ਵੱਲੋਂ ਕੀਤੀ ਜਾਂਦੀ ਲਾਪ੍ਰਵਾਹੀ ਜਿਉਂ ਦੀ ਤਿਉਂ ਜਾਰੀ ਹੈ।
ਕੀ ਹਨ ਰੇਲਵੇ ਦੇ ਨਿਯਮ
ਰੇਲਵੇ ਫਾਟਕਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵਿਭਾਗ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਜਿਸ ਤਹਿਤ ਫਾਟਕਾਂ ਹੇਠੋਂ ਲੰਘਣ ਵਾਲਿਆਂ ਖਿਲਾਫ 144 ਐਕਟ, ਰੇਲਵੇ ਇਲਾਕੇ ’ਚ ਬਿਨਾਂ ਲਾਇਸੈਂਸ ਤੋਂ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲਿਆਂ ਖਿਲਾਫ 147 ਐਕਟ, ਰੇਲਵੇ ਇਲਾਕੇ ’ਚ ਪਾਰਕਿੰਗ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ 159 ਐਕਟ, ਰੇਲਵੇ ਫਾਟਕਾਂ ਨੂੰ ਤੋਡ਼ਨ ਵਾਲਿਆਂ ਖਿਲਾਫ ਐਕਟ 154 ਅਤੇ ਗੇਟ ਮੈਨ ਨੂੰ ਧਮਕੀ ਦੇਣ ਵਾਲਿਆਂ ਖਿਲਾਫ 145-46 ਐਕਟ ਤਹਿਤ ਕਾਰਵਾਈ ਕੀਤੀ ਜਾਂਦੀ ਹੈ।
144 ਅਤੇ 147 ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ 200 ਰੁਪਏ, 157 ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ 100 ਰੁਪਏ, 154 ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ 100 ਰੁਪਏ ਅਤੇ 145-46 ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਰੇਲਵੇ ਸੂਤਰਾਂ ਦਾ ਦੱਸਣਾ ਹੈ ਕਿ ਜੁਰਮਾਨਾ ਭਰਨ ਦੇ ਨਾਲ-ਨਾਲ ਸਜ਼ਾ ਦਾ ਹੁਕਮ ਕੋਰਟ ਵੱਲੋਂ ਦਿੱਤਾ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਇਨ੍ਹਾਂ ਨਿਯਮਾਂ ਤੋਂ ਜਾਣੂ ਨਹੀਂ ਅਤੇ ਰੇਲਵੇ ਪ੍ਰਸ਼ਾਸਨ ਵੱਲੋਂ ਵੀ ਸਿਰਫ ਖਾਨਾਪੂਰਤੀ ਕਰਦਿਆਂ ਲੋਕਾਂ ਨੂੰ ਜੇਕਰ ਫਡ਼ਿਆ ਜਾਂਦਾ ਹੈ ਤਾਂ ਕਥਿਤ ਤੌਰ ’ਤੇ ਨਾਲ ਹੀ ਛੱਡ ਦਿੱਤਾ ਜਾਂਦਾ ਹੈ।
‘ਬੰਦ ਫਾਟਕਾਂ’ ’ਤੇ ਹੁੰਦੇ ਹਨ ਸਭ ਤੋਂ ਵੱਧ ਹਾਦਸੇ
ਦੱਸਣਾ ਬਣਦਾ ਹੈ ਕਿ ਮੋਗਾ ਦੇ ਅਕਾਸਲਰ ਰੋਡ ਨੇਡ਼ੇ ਵੀ ਰੇਲਵੇ ਫਾਟਕ ਮੌਜੂਦ ਹਨ ਅਤੇ ਇਨ੍ਹਾਂ ਉਪਰੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਲੰਘਦੇ ਹਨ ਅਤੇ ਦੂਜੇ ਪਾਸੇ ਕੋਈ ਬ੍ਰਿਜ ਜਾਂ ਰਾਹ ਨਾ ਹੋਣ ਕਾਰਨ ਲੋਕਾਂ ਨੂੰ ਮਜਬੂਰੀਵੱਸ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਪਰ ਕੋਈ ਵਾਰ ਇੰਤਜ਼ਾਰ ਨਾ ਕਰਨ ਦੇ ਚਾਹਵਾਨ ਲੋਕ ਜਦੋਂ ਵੀ ਨਿਯਮਾਂ ਦੀ ਉਲੰਘਣਾ ਕਰ ਕੇ ਫਾਟਕ ਕ੍ਰਾਸ ਕਰਦੇ ਹਨ ਤਾਂ ਟ੍ਰੇਨ ਦੀ ਲਪੇਟ ’ਚ ਆ ਜਾਂਦੇ ਹਨ। ਸੂਤਰਾਂ ਅਨੁਸਾਰ ਦੂਜੇ ਫਾਟਕਾਂ ਨਾਲੋਂ ਉਕਤ ਅਕਾਲਸਰ ਰੋਡ ਫਾਟਕ ਜ਼ਿਆਦਾ ਸਮਾਂ ਬੰਦ ਰਹਿੰਦੇ ਹਨ ਕਿਉਂਕਿ ਜਦੋਂ ਤੱਕ ਲੁਧਿਆਣਾ ਪਾਸਿਓਂ ਆਉਣ ਵਾਲੀ ਟ੍ਰੇਨ ਰੇਲਵੇ ਸਟੇਸ਼ਨ ਤੱਕ ਨਹੀਂ ਪੁੱਜਦੀ, ਉਦੋਂ ਤੱਕ ਫਾਟਕ ਬੰਦ ਰੱਖੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਲਾਕੇ ਦੇ ਲੋਕਾਂ ਨੇ ਫਾਟਕਾਂ ਦਾ ਨਾਂ ਹੀ ‘ਬੰਦ ਫਾਟਕ’ ਰੱਖ ਦਿੱਤਾ ਹੈ ਅਤੇ ਇਸ ਜਗ੍ਹਾ ’ਤੇ ਪਿਛਲੇ ਵਰ੍ਹੇ ਸਭ ਤੋਂ ਵੱਧ ਹਾਦਸੇ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਕੀ ਕਹਿਣੈ ਰੇਲਵੇ ਪੁਲਸ ਅਧਿਕਾਰੀਆਂ ਦਾ
ਇਸ ਸਬੰਧੀ ਗੱਲਬਾਤ ਕਰਨ ’ਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ.) ਦੇ ਸਬ-ਇੰਸਪੈਕਟਰ ਬਲਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਭਾਗੀ ਹੁਕਮਾਂ ’ਤੇ ਸਮੇਂ-ਸਮੇਂ ’ਤੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਉਥੇ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ’ਚ ਵੀ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਅਭਿਆਨ ਨੂੰ ਤੇਜ਼ ਕਰਨਗੇ।
ਸ਼ਹਿਰ ਦੀਆਂ ਮੁੱਖ ਥਾਵਾਂ ’ਤੇ ਲੱਗੇ ਰੇਲਵੇ ਫਾਟਕਾਂ ਕੋਲ ਜਿੱਥੇ ਕੋਈ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਹੈ, ਉਥੇ ਹੀ ਫਾਟਕਾਂ ਕੋਲ ਨਿਯਮਾਂ ਦੀ ਲਾਪ੍ਰਵਾਹੀ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕਰਨ ਸਬੰਧੀ ਕੋਈ ਚਿਤਾਵਨੀ ਸਾਈਨ ਬੋਰਡ ਵੀ ਨਹੀਂ ਲੱਗਿਆ, ਜਿਸ ਕਾਰਨ ਲੇਕ ਬੇਖੌਫ ਹੋ ਕੇ ਨਿਯਮਾਂ ਨੂੰ ਠੋਕਰ ਮਾਰਦਿਆਂ ਆਪਣੀ ਕਥਿਤ ਲਾਪ੍ਰਵਾਹੀ ਜਾਰੀ ਰੱਖਦੇ ਹਨ।
ਸ਼ਹਿਰ ਵਾਸੀ ਗੌਰਵ ਗੋਇਲ, ਸ਼ਿਵ ਟੰਡਨ ਅਤੇ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇਸ ਨਿਯਮ ਨੂੰ ਭੰਗ ਕਰਨ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦੀ ਸੂਚਨਾ ਹੀ ਨਹੀਂ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ’ਚ ਡਰ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਨੂੰ ਇਸ ਪ੍ਰਤੀ ਗੰਭੀਰ ਹੁੰਦਿਆਂ ਠੋਸ ਕਦਮ ਚੁੱਕਣੇ ਚਾਹੀਦੇ ਹਨ।
40 ਸਾਲਾਂ ’ਚ 6 ਵਾਰ ਪਾਇਆ ਜਾ ਚੁੱਕਾ ਹੈ ਸੀਵਰੇਜ, ਸਮੱਸਿਆ ਜਿਉਂ ਦੀ ਤਿਉਂ
NEXT STORY