ਲੁਧਿਆਣਾ (ਰਿਸ਼ੀ) - ਫਿਰੋਜ਼ਪੁਰ ਰੋਡ 'ਤੇ ਸਥਿਤ ਇਕ ਫਾਈਵ ਸਟਾਰ ਹੋਟਲ 'ਚ ਲੁਧਿਆਣਾ, ਜਲੰਧਰ ਤੇ ਕਪੂਰਥਲਾ ਤੋਂ ਆ ਕੇ ਜੂਏ ਦੀ ਖੇਡ ਖੇਡਣ ਵਾਲਿਆਂ ਦਾ ਕਮਿਸ਼ਨਰੇਟ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਹੋਟਲ ਦੀ 8ਵੀਂ ਮੰਜ਼ਿਲ 'ਤੇ ਬਣੇ ਕਮਰਾ ਨੰਬਰ 833 'ਚ ਬੁੱਧਵਾਰ ਰਾਤ 11.30 ਵਜੇ ਰੇਡ ਕਰ ਕੇ 33 ਜੁਆਰੀ ਗ੍ਰਿਫਤਾਰ ਕੀਤੇ ਹਨ। ਪੁਲਸ ਨੇ ਉਨ੍ਹਾਂ ਕੋਲੋਂ ਜੂਏ ਦੇ 34 ਲੱਖ ਕੈਸ਼, 40 ਮੋਬਾਇਲ ਫੋਨ, 3 ਲਗਜ਼ਰੀ ਗੱਡੀਆਂ ਬਰਾਮਦ ਕਰ ਕੇ ਥਾਣਾ ਸਰਾਭਾ ਨਗਰ 'ਚ ਧੋਖਾਦੇਹੀ, ਗੈਂਬਲਿੰਗ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਹੈ। ਇਸ ਕੇਸ 'ਚ ਪੁਲਸ ਨੇ ਹੋਟਲ ਦੇ ਮਾਲਕ, ਮੈਨੇਜਰ ਸਮੇਤ ਹੋਰ ਸਟਾਫ ਨੂੰ ਵੀ ਨਾਮਜ਼ਦ ਕੀਤਾ ਹੈ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਤੇ ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਸੀ ਕਿ ਸ਼ਹਿਰ ਦੇ ਉਕਤ ਹੋਟਲ 'ਚ ਨਿਡਰ ਹੋ ਕੇ ਜੂਆ ਖਿਡਾਇਆ ਜਾ ਰਿਹਾ ਹੈ। ਜੂਆ ਖੇਡਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੇ-ਵੱਡੇ ਕਾਰੋਬਾਰੀ, ਬਿਜ਼ਨੈੱਸਮੈਨ ਆਉਂਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਪੁਲਸ ਰੇਡ ਨਾ ਹੋਣ ਦਾ ਭਰੋਸਾ ਤੱਕ ਦਿੱਤਾ ਜਾਂਦਾ ਹੈ, ਜਿਸ 'ਤੇ ਪੁਲਸ ਨੇ ਬੁੱਧਵਾਰ ਰਾਤ ਨੂੰ ਸੂਚਨਾ ਦੇ ਆਧਾਰ 'ਤੇ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਦੀ ਨਿਗਰਾਨੀ 'ਚ ਟੀਮ ਭੇਜ ਕੇ ਰੇਡ ਕਰ ਕੇ ਸਾਰਿਆਂ ਨੂੰ ਮੌਕੇ 'ਤੇ ਦਬੋਚ ਲਿਆ।
ਫੜੇ ਗਏ ਜੁਆਰੀਆਂ ਦੇ ਨਾਂ ਇਸ ਤਰ੍ਹਾਂ ਹਨ
ਅਭਿਸ਼ੇਕ ਗੁਪਤਾ ਨਿਵਾਸੀ ਕਪੂਰਥਲਾ, ਤੇਜਵੀਰ ਸਿੰਘ ਨਿਵਾਸੀ ਮਾਡਲ ਟਾਊਨ, ਸੰਨੀ ਕੁਮਾਰ ਨਿਵਾਸੀ ਸ਼ਿਵਪੁਰੀ, ਸੰਦੀਪ ਸ਼ਰਮਾ ਨਿਵਾਸੀ ਜਲੰਧਰ, ਅਮਨ ਨਿਵਾਸੀ ਜਲੰਧਰ, ਦੀਪਕ ਕੁਮਾਰ ਨਿਵਾਸੀ ਨਿਊ ਸ਼ਿਵਪੁਰੀ, ਗੁਰਪ੍ਰੀਤ ਸਿੰਘ ਨਿਵਾਸੀ ਡਵੀਜ਼ਨ ਨੰ.3, ਹਰਪ੍ਰੀਤ ਸਿੰਘ ਨਿਵਾਸੀ ਖੁੱਡ ਮੁਹੱਲਾ, ਸਤਵੀਰ ਸਿੰਘ ਨਿਵਾਸੀ ਧਰਮਪੁਰਾ, ਰਾਜ ਕੁਮਾਰ ਨਿਵਾਸੀ ਸੈਕਟਰ 32, ਅਨਮੋਲ ਸੋਨੀ ਨਿਵਾਸੀ ਜੋਸ਼ੀ ਨਗਰ, ਹੈਬੋਵਾਲ, ਵਿਵੇਕ ਮਹਾਜਨ ਨਿਵਾਸੀ ਜਲੰਧਰ, ਪ੍ਰਵੀਨ ਸਿੰਘ ਨਿਵਾਸੀ ਫਤਿਹਗੰਜ, ਹਰਵਰਿੰਦਰਪਾਲ ਸਿੰਘ ਨਿਵਾਸੀ ਜਲੰਧਰ, ਸੁਨੀਲ ਕੁਮਾਰ ਨਿਵਾਸੀ ਪ੍ਰੇਮ ਨਗਰ, ਬਲਦੇਵ ਕ੍ਰਿਸ਼ਨ ਨਿਵਾਸੀ ਫਤਿਹਗੰਜ, ਅਸ਼ੋਕ ਕੁਮਾਰ ਨਿਵਾਸੀ ਸਲੇਮ ਟਾਬਰੀ, ਸੁੱਚਾ ਸਿੰਘ ਨਿਵਾਸੀ ਜਲੰਧਰ, ਜਸਵਿੰਦਰ ਸਿੰਘ ਨਿਵਾਸੀ ਵਿਸ਼ਵਕਰਮਾ ਕਾਲੋਨੀ, ਦਿਕਸ਼ਿਤ ਮਹੀਨ ਨਿਵਾਸੀ ਕਾਲਜ ਰੋਡ, ਸੰਦੀਪ ਕੁਮਾਰ ਨਿਵਾਸੀ ਜਲੰਧਰ, ਚੰਚਲ ਸਿੰਘ ਨਿਵਾਸੀ ਫੀਲਡਗੰਜ, ਅੰਕੁਸ਼ ਵਰਮਾ ਨਿਵਾਸੀ ਸ਼ਿਵਪੁਰੀ, ਗੁਰਮੀਤ ਸਿੰਘ ਨਿਵਾਸੀ ਬਾਬਾ ਥਾਨ ਸਿੰਘ ਚੌਕ, ਅਨਿਲ ਕੁਮਾਰ ਨਿਵਾਸੀ ਸ਼ਿਵਪੁਰੀ ਰੋਡ, ਬਲਜੀਤ ਸਿੰਘ ਨਿਵਾਸੀ ਮਾਡਲ ਟਾਊਨ, ਦੀਪਕ ਕੁਮਾਰ ਨਿਵਾਸੀ ਸ਼ਿਵਪੁਰੀ, ਸਤੀਸ਼ ਕੁਮਾਰ ਨਿਵਾਸੀ ਜਮਾਲਪੁਰ ਕਾਲੋਨੀ, ਸਰਬਜੀਤ ਸਿੰਘ ਨਿਵਾਸੀ ਕਪੂਰਥਲਾ, ਅਜੇ ਵਰਮਾ ਨਿਵਾਸੀ ਹਰਬੰਸ ਨਗਰ, ਪਰਮਿੰਦਰ ਸਿੰਘ ਨਿਵਾਸੀ ਨੀਚੀ ਮੰਗਲੀ।
ਹੋਟਲ ਮੈਨੇਜਰ ਸੀ. ਪੀ. ਆਫਿਸ ਤੋਂ ਗ੍ਰਿਫਤਾਰ
ਏ. ਡੀ. ਸੀ. ਪੀ. ਲਾਂਬਾ ਦੇ ਮੁਤਾਬਕ ਦੇਰ ਰਾਤ ਰੇਡ ਹੋਣ ਤੋਂ ਬਾਅਦ ਹੋਟਲ ਦਾ ਮੈਨੇਜਰ ਅਰਿੰਦਰ ਚਕਰਵਰਤੀ ਫਰਾਰ ਹੋ ਗਿਆ। ਜੋ ਸਵੇਰ ਸੀ. ਪੀ. ਆਫਿਸ ਪੁੱਜ ਗਿਆ। ਪਤਾ ਲਗਦੇ ਹੀ ਪੁਲਸ ਨੇ ਉਸ ਦੀ ਗ੍ਰਿਫਤਾਰੀ ਪਾ ਦਿੱਤੀ।
ਫੜੇ ਗਏ ਸਾਰੇ ਜੁਆਰੀ ਹਾਈਪ੍ਰੋਫਾਈਲ ਘਰਾਂ ਦੇ
ਫਿਰੋਜ਼ਪੁਰ ਰੋਡ 'ਤੇ ਇਕ ਫਾਈਵ ਸਟਾਰ ਹੋਟਲ 'ਚ ਹੋਈ ਰੇਡ 'ਚ ਫੜੇ ਗਏ ਸਾਰੇ ਜੁਆਰੀ ਹਾਈ ਪ੍ਰੋਫਾਈਲ ਘਰਾਂ ਤੋਂ ਹਨ। ਰੇਡ ਤੋਂ ਬਾਅਦ ਜਿਥੇ ਇਕ ਪਾਸੇ ਪੰਜਾਬ ਭਰ ਦੇ ਬੁੱਕੀਜ਼ ਤੇ ਜੁਆਰੀਆਂ 'ਚ ਹਫੜਾ-ਦਫੜੀ ਮਚ ਗਈ, ਉਥੇ ਦੇਰ ਰਾਤ ਤੋਂ ਹੀ ਸੀ. ਆਈ. ਏ. ਦਫਤਰ ਦੇ ਬਾਹਰ ਉਨ੍ਹਾਂ ਨੂੰ ਬਚਾਉਣ ਵਾਲਿਆਂ ਦਾ ਤਾਂਤਾ ਲੱਗ ਗਿਆ ਪਰ ਪੁਲਸ ਅੱਗੇ ਕਿਸੇ ਦੀ ਇਕ ਨਾ ਚੱਲ ਸਕੀ ਅਤੇ ਸਾਰਿਆਂ ਨੂੰ ਬੇਰੰਗ ਵਾਪਸ ਮੁੜਨਾ ਪਿਆ। ਇੰਨਾ ਹੀ ਨਹੀਂ, ਆਪਣੀ ਰਾਜਨੀਤੀ ਚਮਕਾਉਣ ਪੁੱਜੇ ਆਗੂਆਂ ਦੇ ਹੱਥ ਵੀ ਕੁਝ ਨਾ ਲੱਗਾ।
ਸਕਿਓਰਿਟੀ ਗਾਰਡ ਕੋਲ ਹੁੰਦਾ ਸੀ ਮੋਬਾਇਲ ਨੰਬਰ ਨੋਟ
ਸੀ. ਪੀ. ਢੋਕੇ ਦੇ ਮੁਤਾਬਕ ਜੂਆ ਖੇਡਣ ਤੋਂ ਪਹਿਲਾਂ ਜਦੋਂ ਜੁਆਰੀ ਹੋਟਲ 'ਚ ਦਾਖਲ ਹੋਣ ਲਗਦੇ ਸਨ ਤਾਂ ਹਰ ਰੋਜ਼ ਡਿਊਟੀ 'ਤੇ ਖੜ੍ਹੇ ਸਕਿਓਰਿਟੀ ਗਾਰਡ ਨੂੰ ਆਪਣਾ ਮੋਬਾਇਲ ਨੰਬਰ ਨੋਟ ਕਰਵਾਇਆ ਜਾਂਦਾ ਸੀ ਜਿਸ ਦੇ ਬਦਲੇ ਪੁਲਸ ਰੇਡ ਹੋਣ ਦੀ ਸੂਚਨਾ ਦੇਣ ਦੀ ਸਰਵਿਸ ਲਈ ਜਾਂਦੀ ਸੀ ਤਾਂਕਿ ਪੁਲਸ ਦੇ ਥੱਲਿਓਂ ਉੱਪਰ ਪੁੱਜਣ ਤੱਕ ਸਭ ਇੱਧਰ-ਉਧਰ ਹੋ ਸਕਣ। ਇਸ ਸਰਵਿਸ ਬਦਲੇ ਹਰ ਰੋਜ਼ ਸਕਿਓਰਿਟੀ ਗਾਰਡ ਨੂੰ ਵਾਪਸੀ 'ਤੇ ਮੂੰਹ ਮੰਗਿਆ ਇਨਾਮ ਦਿੱਤਾ ਜਾਂਦਾ ਸੀ।
ਸਪੈਸ਼ਲ ਕਮਰੇ ਦਾ ਕਿਰਾਇਆ 10 ਤੋਂ 15 ਹਜ਼ਾਰ
ਏ. ਡੀ. ਸੀ. ਪੀ. ਲਾਂਬਾ ਦੇ ਮੁਤਾਬਕ ਇੰਨੇ ਵੱਡੇ ਹੋਟਲ 'ਚ ਜੂਆ ਖੇਡਣ ਲਈ ਸਪੈਸ਼ਲ ਕਮਰੇ ਬਣਾਏ ਹੋਏ ਸਨ, ਜਿੱਥੇ ਇਕ ਦਿਨ ਦਾ ਕਿਰਾਇਆ 10 ਤੋਂ 15 ਹਜ਼ਾਰ ਰੁਪਏ ਵਸੂਲਿਆ ਜਾਂਦਾ ਸੀ। ਇਹੀ ਕਾਰਨ ਹੈ ਕਿ ਇਕ ਕਮਰੇ 'ਚ 30 ਤੋਂ 40 ਲੋਕ ਇਕੱਠੇ ਬੈਠਦੇ ਸਨ।
ਅੱਗ ਵਾਂਗ ਫੈਲੀ ਵੀਡੀਓ
ਪੁਲਸ ਵੱਲੋਂ ਹੋਟਲ 'ਚ ਰੇਡ ਹੋਣ ਦੀ ਬਣਾਈ ਗਈ ਵੀਡੀਓ ਸ਼ਹਿਰ 'ਚ ਅੱਗ ਵਾਂਗ ਫੈਲੀ ਤੇ ਕੁਝ ਘੰਟਿਆਂ 'ਚ ਹਰ ਕਿਸੇ ਦੇ ਮੋਬਾਇਲ ਫੋਨ 'ਚ ਪੁੱਜ ਗਈ। ਅੱਜ ਸਾਰਾ ਦਿਨ ਸ਼ਹਿਰ 'ਚ ਹਰ ਕਿਸੇ ਦੀ ਜ਼ੁਬਾਨ 'ਤੇ ਇਸੇ ਰੇਡ ਦੀ ਚਰਚਾ ਸੀ।
ਪੁਲਸ ਨੇ ਰਿਕਵਰ ਕੀਤੀਆਂ ਸਿਰਫ 3 ਕਾਰਾਂ
ਸ਼ਹਿਰ ਦੇ ਇੰਨੇ ਵੱਡੇ ਹੋਟਲ 'ਚ ਜੂਆ ਖੇਡਣ ਆਏ ਜੁਆਰੀਆਂ ਕੋਲੋਂ ਪੁਲਸ ਨੂੰ ਸਿਰਫ 3 ਕਾਰਾਂ ਹੀ ਰਿਕਵਰ ਹੋਈਆਂ ਹਨ ਜੋ ਜਾਂਚ ਦਾ ਵਿਸ਼ਾ ਹੈ ਕਿ ਆਖਿਰ ਹੋਰ ਜੁਆਰੀ ਇੰਨੇ ਵੱਡੇ ਹੋਟਲ 'ਚ ਕਿਵੇਂ ਪੁੱਜੇ। ਜੇਕਰ ਉਹ ਆਪਣੀਆਂ ਕਾਰਾਂ 'ਚ ਆਏ ਸੀ ਤਾਂ ਪੁਲਸ ਨੇ ਉਨ੍ਹਾਂ ਦੀਆਂ ਕਾਰਾਂ ਰਿਕਵਰ ਕਿਉਂ ਨਹੀਂ ਕੀਤੀਆਂ। ਇਸ ਗੱਲ ਦਾ ਖੁਲਾਸਾ ਪੁਲਸ ਜਾਂਚ ਤੋਂ ਬਾਅਦ ਹੋਵੇਗਾ।
ਗਾਹਕਾਂ ਨੂੰ ਨਹੀਂ ਪਤਾ ਹੁੰਦਾ ਸੀ ਕਮਰਾ ਨੰਬਰ
ਪੁਲਸ ਮੁਤਾਬਕ ਹੋਟਲ ਦੇ ਕਮਰੇ 'ਚ ਹਰ ਕੋਈ ਨਹੀਂ ਜਾ ਸਕਦਾ ਸੀ। ਹਰ ਰੋਜ਼ ਜੂਆ ਖਿਡਾਉਣ ਵਾਲਿਆਂ ਵੱਲੋਂ ਇਕ ਕੋਡ ਦਿੱਤਾ ਜਾਂਦਾ ਸੀ ਜਿਸ ਹੋਟਲ ਦੀ ਰਿਸੈਪਸ਼ਨ 'ਤੇ ਦੱਸਣ 'ਤੇ ਹੋਟਲ ਸਟਾਫ ਜੁਆਰੀ ਗਾਹਕ ਨੂੰ ਆਪ ਕਮਰਿਆਂ ਤੱਕ ਛੱਡ ਕੇ ਆਉਂਦਾ ਸੀ। ਜੂਆ ਖੇਡਣ ਆਉਣ ਵਾਲੇ ਨੂੰ ਵੀ ਹੋਟਲ ਦਾ ਕਮਰਾ ਨੰਬਰ ਪਹਿਲਾਂ ਪਤਾ ਨਹੀਂ ਹੁੰਦਾ ਸੀ।
ਸਪੈਸ਼ਲ ਕਾਰਡ ਨਾਲ ਖੁੱਲ੍ਹਦਾ ਲਿਫਟ ਦਾ ਦਰਵਾਜ਼ਾ
ਹੋਟਲ 'ਚ ਸੁਰੱਖਿਆ ਦੇ ਇਸ ਤਰ੍ਹਾਂ ਪ੍ਰਬੰਧ ਹਨ ਕਿ ਹੋਟਲ ਦੀ 5ਵੀਂ ਮੰਜ਼ਿਲ ਤੱਕ ਤਾਂ ਹਰ ਕੋਈ ਜਾ ਸਕਦਾ ਹੈ ਪਰ ਉਸ ਤੋਂ ਉੱਪਰ ਸਿਰਫ ਉਹੀ ਵਿਅਕਤੀ ਜਾ ਸਕਦਾ ਹੈ ਜਿਸ ਦੇ ਕੋਲ ਸਪੈਸ਼ਲ ਕਾਰਡ ਹੈ ਜੋ ਰੂਮ ਕਿਰਾਏ 'ਤੇ ਲੈਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਤਾਂਕਿ ਉਨ੍ਹਾਂ ਦੀ ਪ੍ਰਾਈਵੇਸੀ ਬਣੀ ਰਹੇ।
ਬੀਤੇ ਦਿਨੀਂ ਹੋਈ ਲੜਾਈ ਦੀ ਚਰਚਾ
ਸੂਤਰਾਂ ਮੁਤਾਬਕ ਹੋਟਲ 'ਚ ਕਈ ਸਾਲਾਂ ਤੋਂ ਜੂਆ ਚੱਲ ਰਿਹਾ ਸੀ ਪਰ ਅੱਜ ਤੱਕ ਪੁਲਸ ਨੂੰ ਕਦੇ ਪਤਾ ਨਹੀਂ ਲੱਗ ਸਕਿਆ। ਬੀਤੇ ਦਿਨੀਂ ਹੋਟਲ ਦੇ ਕਮਰੇ 'ਚ ਜੂਆ ਜਿੱਤਣ ਤੋਂ ਬਾਅਦ ਇਕ ਨੌਜਵਾਨ ਦੀ ਹੋਰਨਾਂ ਜੁਆਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਸ ਗੱਲ ਦੀ ਸ਼ਹਿਰ 'ਚ ਚਰਚਾ ਸੀ ਕਿ ਉਸੇ ਵੱਲੋਂ ਇਸ ਬਾਰੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ।
9 ਜੁਆਰੀਆਂ ਦਾ ਪੁਲਸ ਰਿਮਾਂਡ
ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪੁਲਸ ਨੇ ਜੂਆ ਖੇਡਦੇ ਫੜੇ ਗਏ 9 ਜੁਆਰੀਆਂ ਦਾ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਦੇ ਮੁਤਾਬਕ ਪੁੱਛਗਿੱਛ ਦੌਰਾਨ ਉਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
ਸਰਹੱਦੀ ਇਲਾਕੇ ਦੇ ਸਰੋਟਾ ਪਿੰਡ 'ਚ ਔਰਤ ਦੀ ਕੱਟੀ ਗੁੱਤ
NEXT STORY