ਲੁਧਿਆਣਾ (ਰਾਜ): ਸ਼ਹਿਰ ਦੇ ਭਦੌੜ ਹਾਊਸ ਸਥਿਤ ਪਾਰਕਿੰਗ ਦੇ ਕੋਲ ਇਕ ਸ਼ੋਅਰੂਮ ਵਿਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਅਣਪਛਾਤੀਆਂ ਔਰਤਾਂ ਦੇ ਇਕ ਗਿਰੋਹ ਨੇ ਬੜੀ ਹੀ ਚਲਾਕੀ ਨਾਲ ਲੱਖਾਂ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਪੀੜਤ ਦੁਕਾਨਦਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਔਰਤਾਂ ਦੇ ਇਕ ਗਿਰੋਹ 'ਤੇ ਸ਼ੱਕ ਜਤਾਇਆ ਹੈ, ਜੋ ਇਲਾਕੇ ਵਿਚ ਰੇਕੀ ਕਰਕੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ 'ਹਰਜੀ ਕ੍ਰਿਏਸ਼ਨ' ਨਾਂ ਦੀ ਲੇਡੀਜ਼ ਸੂਟ ਦੀ ਦੁਕਾਨ (ਨੰਬਰ 29) ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ 26 ਅਪ੍ਰੈਲ ਨੂੰ ਉਨ੍ਹਾਂ ਦੀ ਦੁਕਾਨ ਤੋਂ ਕਰੀਬ 5 ਲੱਖ 2 ਹਜ਼ਾਰ ਰੁਪਏ ਦੀ ਵੱਡੀ ਰਕਮ ਚੋਰੀ ਹੋ ਗਈ ਸੀ। ਵਾਰਦਾਤ ਦੇ ਸਮੇਂ ਮੁਲਜ਼ਮ ਬੜੀ ਸਫ਼ਾਈ ਨਾਲ ਗੱਲੇ ਵਿਚੋਂ ਨਕਦੀ ਕੱਢ ਕੇ ਰਫ਼ੂ-ਚੱਕਰ ਹੋ ਗਏ। ਦੁਕਾਨਦਾਰ ਨੇ ਆਪਣੇ ਪੱਧਰ 'ਤੇ ਜਦੋਂ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ ਅਤੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ, ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ।
ਦੁਕਾਨਦਾਰ ਦਾ ਦੋਸ਼ ਹੈ ਕਿ 28 ਅਪ੍ਰੈਲ ਨੂੰ ਉਹੀ 4-5 ਅਣਪਛਾਤੀਆਂ ਔਰਤਾਂ ਦੁਬਾਰਾ ਮਾਰਕੀਟ ਵਿਚ ਦਿਖਾਈ ਦਿੱਤੀਆਂ। ਇਹ ਔਰਤਾਂ ਮਾਰਕੀਟ ਦੀਆਂ ਵੱਖ-ਵੱਖ ਦੁਕਾਨਾਂ ਵਿਚ ਜਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਪੀੜਤ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੀ ਦੁਕਾਨ ਤੋਂ 5 ਲੱਖ ਤੋਂ ਵੱਧ ਦੀ ਨਕਦੀ ਚੋਰੀ ਕਰਨ ਦੇ ਪਿੱਛੇ ਇਸੇ 'ਮਹਿਲਾ ਗੈਂਗ' ਦਾ ਹੱਥ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਹ ਔਰਤਾਂ ਝੁੰਡ ਵਿਚ ਆਉਂਦੀਆਂ ਹਨ ਅਤੇ ਦੁਕਾਨਦਾਰ ਦਾ ਧਿਆਨ ਭਟਕਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੀਆਂ ਹਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 1 ਦੀ ਪੁਲਸ ਨੇ ਅਣਪਛਾਤੀਆਂ ਔਰਤਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਹੁਣ ਮਾਰਕੀਟ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਇਨ੍ਹਾਂ ਸ਼ੱਕੀ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ। ਦੁਕਾਨਦਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਫੜ ਕੇ ਉਸ ਦੀ ਮਿਹਨਤ ਦੀ ਕਮਾਈ ਬਰਾਮਦ ਕਰਵਾਈ ਜਾਵੇ।
ਭਰਾ ਦੀਆਂ ਅੱਖਾਂ ਮੂਹਰੇ ਭਰਾ ਨਾਲ ਵਾਪਰ ਗਈ ਅਣਹੋਣੀ, ਹੋਈ ਦਰਦਨਾਕ ਮੌਤ
NEXT STORY