ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਭਗ 18 ਮਹੀਨੇ ਪਹਿਲਾਂ ਜਦੋਂ ਤੋਂ ਸੱਤਾ 'ਚ ਆਏ ਹਨ, ਆਪਣੇ ਪ੍ਰਸ਼ੰਸਕਾਂ ਅਤੇ ਵਿਰੋਧੀਆਂ ਲਈ ਇਕ ਬੁਝਾਰਤ ਬਣੇ ਹੋਏ ਹਨ। ਕਈ ਸਮੀਖਿਅਕਾਂ ਦੀ ਰਾਏ 'ਚ ਉਨ੍ਹਾਂ ਦੀ ਕਾਰਗੁਜ਼ਾਰੀ ਘਰੇਲੂ ਅਤੇ ਵਿਦੇਸ਼ ਨੀਤੀ ਦੇ ਮੋਰਚੇ 'ਤੇ ਜੇਕਰ ਅਰਾਜਕ ਨਹੀਂ ਤਾਂ ਗੜਬੜ ਵਾਲੀ ਜ਼ਰੂਰ ਰਹੀ ਹੈ। ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਟਵੀਟਸ ਕਾਰਨ ਸਥਿਤੀਆਂ ਹੋਰ ਵੀ ਮੁਸ਼ਕਿਲ ਬਣ ਗਈਆਂ, ਜਦੋਂ ਉਨ੍ਹਾਂ ਨੇ ਉਸੇ ਦਿਨ ਜਾਂ ਇਕ-ਅੱਧੇ ਦਿਨ ਬਾਅਦ ਉਸ ਦੇ ਉਲਟ ਟਵੀਟ ਕਰ ਦਿੱਤਾ। ਬਹੁਤ ਸਾਰੇ ਸਮੀਖਿਅਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਏਜੰਡਾ ਨਹੀਂ ਹੈ ਅਤੇ ਉਹ ਰੋਜ਼ਮੱਰਾ ਦੇ ਆਧਾਰ 'ਤੇ ਇਕ ਰਾਸ਼ਟਰਪਤੀ ਵਜੋਂ ਪ੍ਰਤੀਕਿਰਿਆ ਜ਼ਾਹਿਰ ਕਰਦੇ ਹਨ।
ਹਾਲਾਂਕਿ ਹੁਣ ਇਹ ਸਪੱਸ਼ਟ ਹੈ ਕਿ ਡੋਨਾਲਡ ਟਰੰਪ ਦੀ ਸੱਚਮੁੱਚ ਇਕ ਪ੍ਰਸ਼ਾਸਨਿਕ ਵਿਚਾਰਧਾਰਾ ਹੈ। ਉਨ੍ਹਾਂ ਵਲੋਂ ਦਿੱਤਾ ਗਿਆ ਉਦਘਾਟਨੀ ਭਾਸ਼ਣ ਸਭ ਤੋਂ ਵੱਧ ਦਲੀਲਪੂਰਨ ਸੀ ਤੇ ਇਹ ਇਸ ਗੱਲ ਦਾ ਸਪੱਸ਼ਟ ਸਬੂਤ ਸੀ। ਹਾਲਾਂਕਿ ਜ਼ਿਆਦਾਤਰ ਮੁੱਖ ਧਾਰਾ ਵਾਲੇ ਬੁਲਾਰਿਆਂ (ਅਮਰੀਕਾ ਅਤੇ ਵਿਦੇਸ਼ਾਂ 'ਚ) ਨੇ ਉਨ੍ਹਾਂ ਨੂੰ 'ਫੁੱਟਪਾਊ' ਦੱਸ ਕੇ ਖਾਰਿਜ ਕਰ ਦਿੱਤਾ ਸੀ ਤੇ ਖੁਦ ਟਰੰਪ ਦਾ ਉਸ ਸ਼ਾਨਦਾਰ ਭਾਸ਼ਣ ਤੋਂ ਬਾਅਦ ਰਵੱਈਆ ਅਨੋਖਾ ਸੀ।
ਹਾਲਾਂਕਿ ਹੁਣ ਇਹ ਸਪੱਸ਼ਟ ਹੈ ਕਿ ਉਸ ਦੀ ਹੋਰ ਜ਼ਿਆਦਾ ਨੇੜਿਓਂ ਜਾਂਚ ਕਰਨ ਦੀ ਲੋੜ ਸੀ, ਜਿੰਨੀ ਕਿ ਕੀਤੀ ਗਈ। ਇਥੇ ਉਨ੍ਹਾਂ ਦੇ ਭਾਸ਼ਣ ਦੇ ਇਕ ਅਹਿਮ ਪੈਰੇ ਦਾ ਜ਼ਿਕਰ ਕਰਨਾ ਜਾਇਜ਼ ਹੋਵੇਗਾ :
''ਕਈ ਦਹਾਕਿਆਂ ਤਕ ਅਸੀਂ ਅਮਰੀਕੀ ਉਦਯੋਗ ਦੀ ਕੀਮਤ 'ਤੇ ਵਿਦੇਸ਼ੀ ਉਦਯੋਗ ਨੂੰ ਪ੍ਰਫੁੱਲਿਤ ਕੀਤਾ ਹੈ। ਹੋਰਨਾਂ ਦੇਸ਼ਾਂ ਦੀਆਂ ਫੌਜਾਂ ਨੂੰ ਸਹਾਇਤਾ ਅਤੇ ਛੋਟ ਦਿੱਤੀ, ਜਦਕਿ ਸਾਡੀ ਆਪਣੀ ਫੌਜ 'ਚ ਦੁਖਦਾਈ ਕਮੀ ਆ ਰਹੀ ਸੀ। ਅਸੀਂ ਹੋਰਨਾਂ ਦੇਸ਼ਾਂ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ, ਜਦਕਿ ਆਪਣੀਆਂ ਖੁਦ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਵਿਦੇਸ਼ਾਂ 'ਚ ਖਰਬਾਂ ਡਾਲਰ ਖਰਚ ਕੀਤੇ, ਜਦਕਿ ਅਮਰੀਕਾ ਦਾ ਬੁਨਿਆਦੀ ਢਾਂਚਾ ਨਿਰਾਸ਼ਾਜਨਕ ਸਥਿਤੀ 'ਚ ਡਿੱਗ ਰਿਹਾ ਸੀ।''
ਇਸੇ ਦ੍ਰਿਸ਼ 'ਚ ਹੁਣ ਟਰਾਂਸ ਅਟਲਾਂਟਿਕ ਅਲਾਇੰਸ 'ਚ ਤਰੇੜਾਂ ਉੱਭਰਨ ਲੱਗੀਆਂ ਹਨ, ਜਿਨ੍ਹਾਂ ਦੀ ਸਮੀਖਿਆ ਕਰ ਕੇ ਹੱਲ ਕਰਨ ਦੀ ਲੋੜ ਹੈ। ਨਵੇਂ ਰਾਸ਼ਟਰਪਤੀ ਦੇ ਸਭ ਤੋਂ ਪਹਿਲੇ ਕੰਮਾਂ 'ਚੋਂ ਇਕ ਸੀ ਅਮਰੀਕਾ ਦੇ ਯੂਰਪੀਅਨ ਸਹਿਯੋਗੀਆਂ ਨੂੰ ਨੋਟਿਸ ਭੇਜਣਾ ਕਿ ਉਹ ਖੁਦ ਦੀ ਸੁਰੱਖਿਆ 'ਤੇ ਆਪਣੇ ਵਲੋਂ ਜ਼ਿਆਦਾ ਖਰਚ ਕਰਨ। ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਘਰੇਲੂ ਅਤੇ ਵਿਦੇਸ਼ੀ (ਯੂਰਪੀਅਨ) ਲੋਕਾਂ ਨੂੰ ਇਹ ਐਲਾਨ ਕਰ ਕੇ ਹੈਰਾਨ ਕਰ ਦਿੱਤਾ ਕਿ ਨਾਟੋ ਹੁਣ ਪ੍ਰਚੱਲਿਤ ਨਹੀਂ ਰਹਿ ਗਿਆ ਹੈ।
ਹਾਲਾਂਕਿ ਇਸ ਐਲਾਨ ਨੂੰ ਉਦੋਂ ਓਨੀ ਮਹੱਤਤਾ ਨਹੀਂ ਦਿੱਤੀ ਗਈ, ਜਿੰਨੀ ਮਿਲਣੀ ਚਾਹੀਦੀ ਸੀ ਅਤੇ ਉਸ ਨੂੰ ਚੋਣ ਭਾਸ਼ਣਬਾਜ਼ੀ ਦੱਸ ਕੇ ਅਣਡਿੱਠ ਕਰ ਦਿੱਤਾ ਗਿਆ ਤੇ ਟਰੰਪ ਦੇ ਸੱਤਾ 'ਚ ਆਉਣ ਤੋਂ ਬਾਅਦ ਦੁਨੀਆ ਦੇ ਨੇਤਾਵਾਂ ਨੇ ਉਸ ਨੂੰ ਭੁਲਾ ਦਿੱਤਾ ਪਰ ਟਰੰਪ ਨੇ ਨਹੀਂ ਭੁਲਾਇਆ।
ਇਕ ਸਮੇਂ ਜਰਮਨ ਫੌਜੀਵਾਦ ਦੇ ਮੁੜ ਉੱਭਰਨ ਦਾ ਖਦਸ਼ਾ ਸੀ ਅਤੇ ਲੱਗਦਾ ਸੀ ਕਿ ਜਰਮਨਾਂ ਨੂੰ ਵੀ ਖੁਦ ਇਸ ਦਾ ਡਰ ਸੀ। ਰਾਸ਼ਟਰਪਤੀ ਹੈਰੀ ਟਰੂਮੈਨ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਸਾਹਮਣੇ ਇਕ ਹੀ ਹੱਲ ਸੀ ਕਿ ਉਹ ਜਰਮਨੀ ਤੇ ਬਾਕੀ ਯੂਰਪ ਨੂੰ ਸੁਰੱਖਿਆ ਪ੍ਰਦਾਨ ਕਰੇ—ਜਰਮਨ ਫੌਜੀਵਾਦ ਅਤੇ ਸੋਵੀਅਤ ਸੰਘ ਦੇ ਕਥਿਤ ਖਤਰੇ ਤੋਂ। ਹਾਲਾਂਕਿ ਖਤਰੇ ਪ੍ਰਤੀ ਅਮਰੀਕੀ ਧਾਰਨਾਵਾਂ ਹੁਣ ਬਦਲ ਗਈਆਂ ਹਨ, ਖਾਸ ਕਰਕੇ 9/11 ਤੋਂ ਬਾਅਦ।
ਮੱਧ-ਪੂਰਬ ਹੁਣ ਇਸਲਾਮਿਕ ਅੱਤਵਾਦ ਦੇ ਕੇਂਦਰ 'ਚ ਬਦਲ ਗਿਆ ਹੈ ਅਤੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਅਮਰੀਕਾ ਦਿਖਾਈ ਦਿੰਦਾ ਹੈ। ਸੀਰੀਆਈ ਸੰਕਟ ਨੇ ਸਥਿਤੀ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ, ਜਿਸ ਕਾਰਨ ਪ੍ਰਵਾਸੀਆਂ ਦੇ ਹੜ੍ਹ ਮੱਧ-ਪੂਰਬ ਤੋਂ ਇਸ ਪਾਸੇ ਚੱਲ ਪਏ।
ਹੁਣ ਸਾਰੇ ਅਮਰੀਕਾ 'ਚ ਇਹ ਸਵਾਲ ਉਠਾਏ ਜਾ ਰਹੇ ਹਨ ਕਿ ਇਕੱਲੇ ਟਰੰਪ ਹੀ ਨਹੀਂ ਸਗੋਂ ਯੂਰਪੀਅਨਾਂ ਨੂੰ ਵੀ ਸੀਰੀਆਈ ਸੰਕਟ ਦਾ ਹੱਲ ਲੱਭਣ ਲਈ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਕੀ ਉਨ੍ਹਾਂ ਦੀਆਂ ਫੌਜਾਂ ਨੂੰ ਆਪਣੀਆਂ ਸਰਹੱਦਾਂ ਦੀ ਰੱਖਿਆ ਨਹੀਂ ਕਰਨੀ ਚਾਹੀਦੀ?
ਅਮਰੀਕਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਯੂਰਪੀਅਨ ਉਸ ਤਰ੍ਹਾਂ ਦੀ ਸੁਰੱਖਿਆ ਦੀ ਉਮੀਦ ਨਹੀਂ ਕਰ ਸਕਦੇ, ਜਿਵੇਂ ਕਿ ਅਮਰੀਕਾ ਉਨ੍ਹਾਂ ਨੂੰ ਪਿਛਲੇ 7 ਦਹਾਕਿਆਂ ਤੋਂ ਮੁਹੱਈਆ ਕਰਵਾਉਂਦਾ ਆ ਰਿਹਾ ਸੀ। ਨਾਟੋ ਅਤੇ ਆਮ ਤੌਰ 'ਤੇ ਯੂਰਪ ਲਈ ਆਪਣੀਆਂ ਬੇਬਾਕ ਟਿੱਪਣੀਆਂ ਨਾਲ ਟਰੰਪ ਨੇ ਖਰਾਬ ਸੰਦੇਸ਼ ਦਿੱਤੇ ਹਨ, ਜਿਨ੍ਹਾਂ ਨੇ ਇਕ ਭੂਗੋਲਿਕ ਫੁੱਟ ਪੈਦਾ ਕਰ ਦਿੱਤੀ ਹੈ, ਜੋ ਪਹਿਲਾਂ ਹੀ ਕੁਝ ਸਮੇਂ ਤੋਂ ਜ਼ਾਹਿਰ ਹੋ ਰਹੀ ਸੀ।
(ਮੰਦਿਰਾ ਪਬਲਿਸ਼ਰਜ਼)
ਪਾਕਿਸਤਾਨ ਦੀਆਂ ਚੋਣਾਂ 'ਚ ਮਹਿਲਾ ਉਮੀਦਵਾਰਾਂ ਦੀ ਭਰਮਾਰ
NEXT STORY