ਸਾਡੇ ’ਚੋਂ ਸ਼ਾਇਦ ਕਈਆਂ ਨੂੰ ਇਹ ਦੂਰ ਦੀ ਕੌਢੀ ਲੱਗੇ ਪਰ ਅਫਗਾਨਿਸਤਾਨ ਵਾਂਗ ਪਾਕਿਸਤਾਨ ’ਚ ਵੀ ਤਾਲਿਬਾਨਾਂ ਦੇ ਗਲਬੇ ਦਾ ਸਿੱਧਾ ਖਤਰਾ ਨਜ਼ਰ ਆਉਣ ਲੱਗਾ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਭਾਵ ਟੀ. ਟੀ. ਪੀ. ਅਫਗਾਨਿਸਤਾਨ ਨੂੰ ਕੇਂਦਰ ਬਣਾ ਕੇ ਸੱਤਾ ’ਤੇ ਕਬਜ਼ਾ ਕਰਨ ਦੀ ਜੰਗ ਛੇੜ ਚੁੱਕਾ ਹੈ। ਉਸ ਨੇ ਬਲੋਚਿਸਤਾਨ, ਵਜ਼ੀਰਿਸਤਾਨ ਆਦਿ ’ ਚ ਆਪਣੀ ਬਰਾਬਰ ਦੀ ਸਰਕਾਰ ਗਠਿਤ ਕਰ ਕੇ ਇਸ ਦਾ ਐਲਾਨ ਵੀ ਕਰ ਦਿੱਤਾ ਹੈ। ਟੀ. ਟੀ. ਪੀ. ਨੂੰ ਲੈ ਕੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਅਤੇ ਪਾਕਿਸਤਾਨ ਦਰਮਿਆਨ ਖਿਚਾਅ ਕਾਫੀ ਵਧ ਚੁੱਕਾ ਹੈ। ਅਫਗਾਨਿਸਤਾਨ ਦੇ ਉੱਪ ਪ੍ਰਧਾਨ ਮੰਤਰੀ ਤਾਲਿਬਾਨੀ ਅਹਿਮਦ ਯਾਸਿਫ ਨੇ ਟਵੀਟਰ ’ਤੇ 1971 ’ਚ ਭਾਰਤੀ ਫੌਜ ਦੇ ਸਾਹਮਣੇ ਪਾਕਿਸਤਾਨ ਦੇ ਆਤਮ-ਸਮਰਪਣ ਦੀ ਇਤਿਹਾਸਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਪਾਕਿਸਤਾਨ ਨੇ ਉਸ ’ਤੇ ਹਮਲਾ ਕੀਤਾ ਤਾਂ ਉਸ ਨੂੰ ਅਜਿਹੀ ਹੀ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪਏਗਾ। ਅਸਲ ’ਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਊਲਾ ਨੇ ਤਾਲਿਬਾਨ ਨੂੰ ਧਮਕੀ ਦਿੱਤੀ ਸੀ ਕਿ ਟੀ. ਟੀ. ਪੀ. ਨੇ ਉਨ੍ਹਾਂ ਦੇ ਦੇਸ਼ ’ਤੇ ਹਮਲੇ ਨਾ ਰੋਕੇ ਤਾਂ ਪਾਕਿਸਤਾਨ ਦੀ ਫੌਜ ਅਫਗਾਨਿਸਤਾਨ ’ਚ ਦਾਖਲ ਹੋ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਖਤਮ ਕਰ ਦੇਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਅਫਗਾਨਿਸਤਾਨ ਸਰਕਾਰ ਨੂੰ ਕਿਹਾ ਕਿ ਟੀ. ਟੀ. ਪੀ. ’ਤੇ ਸ਼ਿਕੰਜਾ ਕੱਸਿਆ ਜਾਏ। ਜੇ ਉਹ ਇਸ ’ਚ ਅਸਫਲ ਰਹਿੰਦੇ ਹਨ ਤਾਂ ਅੱਤਵਾਦੀਆਂ ਵਿਰੁੱਧ ਸਿੱਧੀ ਕਾਰਵਾਈ ਕੀਤੀ ਜਾਏਗੀ। ਇਸ ਇਕ ਉਦਾਹਰਣ ਤੋਂ ਸਮਝਿਆ ਜਾ ਸਕਦਾ ਹੈ ਕਿ ਪਾਕਿਸਤਾਨ ਇਸ ਸਮੇਂ ਟੀ. ਟੀ. ਪੀ. ਦੇ ਖਤਰੇ ਨੂੰ ਲੈ ਕੇ ਕਿਸ ਸਥਿਤੀ ’ਚੋਂ ਲੰਘ ਰਿਹਾ ਹੈ। ਅਸਲ ’ਚ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਸੀ ਤਾਂ ਪਾਕਿਸਤਾਨ ਨੇ ਹਰ ਤਰੀਕੇ ਨਾਲ ਨਾ ਸਿਰਫ ਉਸ ਦੀ ਮਦਦ ਕੀਤੀ ਸਗੋਂ ਕੌਮਾਂਤਰੀ ਪੱਧਰ ’ਤੇ ਇਮਰਾਨ ਖਾਨ ਅਤੇ ਉਨ੍ਹਾਂ ਦੇ ਸਾਥੀਅਾਂ ਨੇ ਉਸ ਦਾ ਪੂਰਾ ਬਚਾਅ ਵੀ ਕੀਤਾ। ਉਨ੍ਹਾਂ ਨੂੰ ਲੱਗਦਾ ਸੀ ਕਿ ਤਾਲਿਬਾਨ ਦਾ ਰਾਜ ਸਥਾਪਿਤ ਤੋਂ ਬਾਅਦ ਉਹ ਪਹਿਲਾਂ ਵਾਂਗ ਮੁੜ ਇਕ ਬਸਤੀਵਾਦ ਵਾਂਗ ਇਸ ਦੀ ਵਰਤੋਂ ਕਰਨਗੇ।
ਪਾਕਿਸਤਾਨ ਨੇ ਤਾਲਿਬਾਨ ਨਾਲ ਆਪਣੇ ਸੰਬੰਧਾਂ ਦੀ ਵਰਤੋਂ ਕਰ ਕੇ ਚੀਨ ਲਈ ਉਥੇ ਕੰਮ ਕਰਨ ਦੇ ਆਧਾਰ ਵੀ ਤਿਆਰ ਕੀਤੇ ਪਰ ਤਾਲਿਬਾਨ ਨੇ ਸੱਤਾ ’ਤੇ ਕਾਬਜ਼ ਹੋਣ ਦੇ ਨਾਲ ਹੌਲੀ-ਹੌਲੀ ਆਜ਼ਾਦ ਖੁਦਮੁਖਤਾਰ ਵਤੀਰਾ ਅਪਣਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਉਹ ਸਭ ਤੋਂ ਵੱਡਾ ਦੁਸ਼ਮਣ ਅਤੇ ਸਿਰਦਰਦੀ ਜੇ ਕਿਸੇ ਲਈ ਬਣਿਆ ਹੋਇਆ ਹੈ ਤਾਂ ਉਹ ਪਾਕਿਸਤਾਨ ਹੈ। ਤਾਲਿਬਾਨ ਨੇ ਨਾ ਸਿਰਫ ਜੇਹਾਦੀ ਅੱਤਵਾਦੀ ਗਰੁੱਪਾਂ ਨੂੰ ਸ਼ਰਨ ਦੇਣੀ ਸ਼ੁਰੂ ਕੀਤੀ ਸਗੋਂ ਹੌਲੀ-ਹੌਲੀ ਉਨ੍ਹਾਂ ਦੀਅਾਂ ਸਾਰੀਅਾਂ ਨੀਤੀਅਾਂ 2001 ਤਕ ਦੇ ਉਨ੍ਹਾਂ ਦੇ ਰਾਜ ਵਾਲੀ ਸਥਿਤੀ ’ਚ ਪਰਤ ਰਹੀਅਾਂ ਹਨ। ਆਮ ਤੌਰ ’ਤੇ ਪਾਕਿਸਤਾਨ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੋ ਸਕਦੀ ਸੀ ਕਿਉਂਕਿ ਉਹ ਅਜਿਹਾ ਚਾਹੁੰਦਾ ਵੀ ਸੀ, ਹਾਂ ਦੁਨੀਆ ਲਈ ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਅਮਰੀਕਾ ਨਾਲ ਤਾਲਿਬਾਨ ਨੇ ਦੋਹਾ ’ਚ ਜੋ ਸਮਝੌਤਾ ਕੀਤਾ ਸੀ, ਉਸ ’ਚ ਉਸ ਨੇ ਮੰਨਿਆ ਸੀ ਕਿ ਅਲਕਾਇਦਾ ਵਰਗੇ ਅੱਤਵਾਦੀ ਗਰੁੱਪਾਂ ਨੂੰ ਉਹ ਸ਼ਰਨ ਨਹੀਂ ਦੇਵੇਗਾ। ਟੀ. ਟੀ. ਪੀ. ਅਫਗਾਨਿਸਤਾਨ ’ਚ ਮਿਲੀ ਸ਼ਰਨ ਅਤੇ ਸਹਿਯੋਗ ਕਾਰਨ ਹੀ ਪਾਕਿਸਤਾਨ ’ਚ ਜਾ ਕੇ ਹਮਲੇ ਕਰਦਾ ਹੈ ਅਤੇ ਵਾਪਸ ਆ ਜਾਂਦਾ ਹੈ। ਟੀ. ਟੀ. ਪੀ. ਪਾਕਿਸਤਾਨ ਦੇ ‘ਫਾਟਾ’ ਭਾਵ ਸੰਘ ਸ਼ਾਸਿਤ ਜਨਜਾਤੀ ਖੇਤਰ ’ਤੇ ਆਪਣਾ ਗਲਬਾ ਕਾਇਮ ਕਰ ਚੁੱਕਾ ਹੈ ਅਤੇ ਸਵਾਤ ਘਾਟੀ ਕਦੇ ਵੀ ਉਸ ਦੇ ਕੰਟਰੋਲ ’ਚ ਆ ਸਕਦੀ ਹੈ। ਟੀ. ਟੀ. ਪੀ. ਨੇ ਪਾਕਿਸਤਾਨੀ ਫੌਜ ਨਾਲ ਸ਼ਾਂਤੀ ਸਮਝੌਤੇ ਨੂੰ ਪਹਿਲਾਂ ਤੋਂ ਤੋੜਣਾ ਸ਼ੁਰੂ ਕਰ ਦਿੱਤਾ ਸੀ। ਅਸਲ ’ਚ ਅੱਜ ਸ਼ਾਂਤੀ ਸਮਝੌਤਾ ਸਿਰਫ ਕਾਗਜ਼ਾਂ ’ਚ ਹੈ। ਟੀ. ਟੀ. ਪੀ. ਨਾਲ ਪਾਕਿਸਤਾਨੀ ਫੌਜ ਦੀ ਸਿੱਧੀ ਜੰਗ ਚੱਲ ਰਹੀ ਹੈ। ਟੀ. ਟੀ. ਪੀ. ਦਾ ਹੌਸਲਾ ਅਫਗਾਨਿਸਤਾਨ ’ਚ ਤਾਲਿਬਾਨਾਂ ਦੀ ਮੁੜ ਵਾਪਸੀ ਕਾਰਨ ਸੁਭਾਵਕ ਹੀ ਵਧਿਆ ਹੈ। ਖੁਦ ਤਾਲਿਬਾਨ ਨੇ ਵੀ ਬੀਤੇ ਸਮੇਂ ਵਾਂਗ ਇਸਲਾਮਿਕ ਜੇਹਾਦ ਦੇ ਪਸਾਰ ਦਾ ਕੇਂਦਰ ਬਣਨ ਦਾ ਮਨਸੂਬਾ ਦਿਖਾਉਣਾ ਸ਼ੁਰੂ ਕੀਤਾ ਹੈ। ਤਾਲਿਬਾਨ ਦੀ ਸੋਚ ਅਤੇ ਨੀਤੀ ਅਤੇ ਉਸ ਕਾਰਨ ਸਮੁੱਚੀ ਦੁਨੀਆ ਦੇ ਅੱਤਵਾਦੀ ਗਰੁੱਪਾਂ ਦੀ ਮੁੜ ਤੋਂ ਇਥੇ ਸਰਗਰਮੀ ਪੂਰੇ ਦੱਖਣੀ ਏਸ਼ੀਆ ਅਤੇ ਭਾਰਤ ਨਾਲ ਵਿਸ਼ਵ ਭਾਈਚਾਰੇ ਲਈ ਵੀ ਚਿੰਤਾ ਦਾ ਕਾਰਨ ਬਣਨੀ ਚਾਹੀਦੀ ਹੈ।
ਟੀ. ਟੀ. ਪੀ. ਦੇ ਆਗੂ ਪਾਕਿਸਤਾਨ, ਉਥੋਂ ਦੀ ਸਿਆਸਤ, ਇਸਲਾਮ ਆਦਿ ਨੂੰ ਲੈ ਕੇ ਜੋ ਕੁਝ ਬੋਲਦੇ ਹਨ, ਉਸ ਕਾਰਨ ਲੋਕਾਂ ਦੇ ਇਕ ਵਰਗ ਦੀ ਵੀ ਉਨ੍ਹਾਂ ਨੂੰ ਹਮਾਇਤ ਮਿਲ ਰਹੀ ਹੈ। ਮੌਜੂਦਾ ਰਾਜ ਨੂੰ ਉਹ ਇਸਲਾਮ ਵਿਰੋਧੀ ਅਤੇ ਪਾਕਿਸਤਾਨ ਰਾਸ਼ਟਰ ਦੇ ਨਿਸ਼ਾਨੇ ਦੇ ਉਲਟ ਦੱਸਦਾ ਹੈ। ਇਸ ਤਰ੍ਹਾਂ ਟੀ. ਟੀ. ਪੀ. ਦਾ ਪਾਕਿਸਤਾਨੀ ਸਿਆਸੀ ਅਦਾਰਾ ਜਾਂ ਇੰਝ ਕਹੋ ਪੂਰੇ ਹਫਤੇ ਅਦਾਰੇ ਨਾਲ ਵਿਚਾਰਕ ਸੰਘਰਸ਼ ਵੀ ਚੱਲ ਰਿਹਾ ਹੈ। ਪਾਕਿਸਤਾਨ ਇਸ ਸਮੇਂ ਭਿਆਨਕ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ। ਦੂਜੇ ਪਾਸੇ ਸੱਤਾਧਾਰੀ ਗਠਜੋੜ ਅਤੇ ਇਮਰਾਨ ਖਾਨ ਦੀ ਪਾਰਟੀ ਤੋਂ ਇਲਾਵਾ ਹੋਰ ਕੱਟੜਪੰਥੀ ਸਿਆਸੀ ਗਰੁੱਪਾਂ ’ਚ ਵੀ ਟਕਰਾਅ ਚੱਲ ਰਿਹਾ ਹੈ। ਦੋਹਾਂ ਨਾਲ ਇਹ ਕਿਵੇਂ ਨਜਿੱਠੇ, ਇਹ ਵੱਡਾ ਸਵਾਲ ਪਾਕਿਸਤਾਨੀ ਸੱਤਾ ਅਦਾਰੇ ਨਾਲ ਖੜ੍ਹਾ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਮੁੜ ਤੋਂ ਪਹਿਲਾਂ ਵਾਂਗ ਗੋਦ ਲੈ ਲਿਆ ਹੈ। ਉਸ ਨੂੰ ਕਾਫੀ ਫੌਜੀ ਅਤੇ ਵਿੱਤੀ ਮਦਦ ਉਹ ਦੇ ਰਿਹਾ ਹੈ। ਰਾਸ਼ਟਰਪਤੀ ਜੋਅ-ਬਾਈਡੇਨ ਦੀ ਅਗਵਾਈ ਵਾਲਾ ਅਮਰੀਕਾ ਪਾਕਿਸਤਾਨ, ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਬਾਰੇ ਕੀ ਸੋਚਦਾ ਹੈ, ਇਸ ਨੂੰ ਆਸਾਨੀ ਨਾਲ ਨਹੀਂ ਸਮਝਿਆ ਜਾ ਸਕਦਾ।
ਕੀ ਬਾਈਡੇਨ ਭੁੱਲ ਗਏ ਹਨ ਕਿ ਇਕ ਸਮਾਂ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਪਹਿਲਾਂ ਅੱਤਵਾਦੀਆਂ ਨੇ ਹੀ ਤਾਲਿਬਾਨ ਨੂੰ ਕੇਂਦਰ ਬਣਾ ਕੇ ਅਮਰੀਕੀ ਟਿਕਾਣਿਆਂ ਸਮੇਤ ਨਿਊਯਾਰਕ ਅਤੇ ਵਾਸ਼ਿੰਗਟਨ ਤਕ ’ਤੇ ਹਮਲਾ ਕਰ ਦਿੱਤਾ ਸੀ। ਅੱਤਵਾਦੀਆਂ ਨੇ ਦੁਨੀਆ ’ਚ ਆਪਣਾ ਸਭ ਤੋਂ ਵੱਡਾ ਦੁਸ਼ਮਣ ਅਮਰੀਕਾ ਨੂੰ ਹੀ ਐਲਾਨਿਆ ਸੀ। ਕੀ ਅੱਜ ਕੌਮਾਂਤਰੀ ਜੇਹਾਦੀ ਅੱਤਵਾਦੀ ਗਰੁੱਪਾਂ ਦੇ ਅਮਰੀਕਾ ਪ੍ਰਤੀ ਵਿਚਾਰ ਬਦਲ ਗਏ ਹਨ? ਅਫਗਾਨਿਸਤਾਨੀ ਤਾਲਿਬਾਨ ਹੋਣ ਜਾਂ ਪਾਕਿਸਤਾਨ ਜਾਂ ਫਿਰ ਅਲਕਾਇਦਾ, ਇਹ ਸਭ ਇਸ ਭਾਵਨਾ ਨਾਲ ਭਰੇ ਹਨ ਕਿ ਜਦੋਂ ਉਨ੍ਹਾਂ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੂੰ ਵਾਪਸ ਜਾਣ ਅਤੇ ਉਨ੍ਹਾਂ ਦੀ ਸੱਤਾ ਨੂੰ ਪ੍ਰਵਾਨ ਕਰਨ ਲਈ ਮਜਬੂਰ ਕਰ ਦਿੱਤਾ ਤਾਂ ਫਿਰ ਪਾਕਿਸਤਾਨ ਜਾਂ ਅਜਿਹੇ ਦੂਜੇ ਦੇਸ਼ਾਂ ਦੀ ਕੀ ਹੈਸੀਅਤ ਹੈ। ਇਸ ਲਈ ਹੁਣ ਉਨ੍ਹਾਂ ਦਾ ਇਰਾਦਾ ਜੇਹਾਦ ਰਾਹੀਂ ਇਸਲਾਮੀ ਰਾਜ ਦੇ ਅਧਿਕਾਰਤ ਪਸਾਰ ਦਾ ਹੈ। ਜੇ ਤਾਲਿਬਾਨ ਦਾ ਪਾਕਿਸਤਾਨ ’ਤੇ ਗਲਬਾ ਸਥਾਪਿਤ ਹੋ ਗਿਆ ਤਾਂ ਕੀ ਹੋਵੇਗਾ? ਇਸ ਦੀ ਕਲਪਨਾ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ।
ਅਵਧੇਸ਼ ਕੁਮਾਰ
ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਪਾਣੀ
NEXT STORY