ਇਸ ਕਾਲਮ 'ਚ ਪਿਛਲੇ 2 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਕਸ਼ਮੀਰ ਬਾਰੇ ਕਈ ਵਾਰ ਚਰਚਾ ਹੋਈ ਹੈ। ਕੀ ਵਜ੍ਹਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਦੀ ਉਸ ਵੇਲੇ ਦੇ ਸ਼ੇਰ-ਏ-ਕਸ਼ਮੀਰ ਸ਼ੇਖ ਅਬਦੁੱਲਾ ਨਾਲ ਗੂੜ੍ਹੀ ਮਿੱਤਰਤਾ, ਸ਼੍ਰੀਮਤੀ ਇੰਦਰਾ ਗਾਂਧੀ ਦੀ ਕੂਟਨੀਤੀ, ਸ਼੍ਰੀ ਵਾਜਪਾਈ ਦੀ ਇਨਸਾਨੀਅਤ ਦੇ ਦਾਇਰੇ ਵਿਚ ਗੱਲਬਾਤ ਦੀ ਪਹਿਲ, ਡਾ. ਮਨਮੋਹਨ ਸਿੰਘ ਦੇ ਅਣਥੱਕ ਯਤਨਾਂ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤੇ ਜੰਮੂ-ਕਸ਼ਮੀਰ ਵਿਚ ਭਾਜਪਾ-ਪੀ. ਡੀ. ਪੀ. ਗੱਠਜੋੜ ਸਰਕਾਰ ਦੀਆਂ ਹਰ ਸੰਭਵ ਕੋਸ਼ਿਸ਼ਾਂ ਦੇ ਬਾਵਜੂਦ ਨਾ ਸਿਰਫ ਵਾਦੀ ਵਿਚ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਗੜ ਗਈ ਹੈ।
ਇਸ ਸਵਾਲ ਦਾ ਜਵਾਬ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਜ਼ਾਕਿਰ ਮੂਸਾ ਦੇ ਹਾਲ ਹੀ ਦੇ ਆਡੀਓ ਸੰਦੇਸ਼ ਵਿਚ ਲੁਕਿਆ ਹੈ, ਜੋ ਕਸ਼ਮੀਰ ਦੀ ਅਸਲੀ ਸਥਿਤੀ ਨੂੰ ਨਿਰਵਿਵਾਦ ਰੂਪ ਵਿਚ ਸਪੱਸ਼ਟ ਕਰ ਰਿਹਾ ਹੈ। ਵੱਖਵਾਦੀਆਂ ਨੂੰ ਚਿਤਾਵਨੀ ਦਿੰਦਿਆਂ ਮੂਸਾ ਕਹਿੰਦਾ ਹੈ, ''ਸੁਧਰ ਜਾਓ, ਨਹੀਂ ਤਾਂ 'ਕੁਫਰ-ਕਾਫਿਰ' ਨਾਲ ਲੜਨ ਤੋਂ ਪਹਿਲਾਂ ਅਸੀਂ ਤੁਹਾਡਾ ਹੀ ਸਿਰ ਵੱਢ ਕੇ ਲਾਲ ਚੌਕ 'ਚ ਟੰਗ ਦਿਆਂਗੇ।''
ਮੂਸਾ ਅਨੁਸਾਰ ਜੋ ਲੋਕ ਕਸ਼ਮੀਰ 'ਚ ਬੰਦੂਕ ਲੈ ਕੇ ਲੜ ਰਹੇ ਹਨ, ਉਹ ਕਿਸੇ ਸਿਆਸੀ ਉਦੇਸ਼ ਲਈ ਨਹੀਂ, ਸਗੋਂ ਕਸ਼ਮੀਰ ਵਿਚ ਇਰਾਕ ਤੇ ਸੀਰੀਆ ਵਾਂਗ ਇਸਲਾਮੀ ਸ਼ਾਸਨ ਅਤੇ ਸ਼ਰੀਅਤ ਦੀ ਬਹਾਲੀ ਦੇ ਉਦੇਸ਼ ਨਾਲ ਲੜ ਰਹੇ ਹਨ।
ਮੂਸਾ ਪੁੱਛਦਾ ਹੈ, ''ਜੇ ਕਸ਼ਮੀਰ 'ਚ ਇਸਲਾਮੀ ਜੰਗ ਨਹੀਂ ਹੈ, ਤਾਂ ਫਿਰ ਇਹ ਨਾਅਰਾ ਕਿਉਂ ਲਾਇਆ ਜਾਂਦਾ ਹੈ ਕਿ 'ਪਾਕਿਸਤਾਨ ਸੇ ਹਮਾਰਾ ਨਾਤਾ ਕਿਆ...ਲਾ ਇੱਲਾਹ-ਇਲ-ਲੱਲਾਹ, ਆਜ਼ਾਦੀ ਕਾ ਮਤਲਬ ਕਿਆ, ਲਾ ਇੱਲਾਹ-ਇਲ-ਲੱਲਾਹ...'। ਜੇਕਰ ਇਹ ਇਸਲਾਮ ਦੀ ਲੜਾਈ ਨਹੀਂ ਹੈ ਤਾਂ ਫਿਰ ਮਸਜਿਦਾਂ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ।''
ਇਹ ਧਮਕੀ ਪਿਛਲੇ ਦਿਨੀਂ ਵੱਖਵਾਦੀਆਂ ਦੇ ਆਏ ਸਾਂਝੇ ਬਿਆਨ ਦੀ ਪ੍ਰਤੀਕਿਰਿਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਕਸ਼ਮੀਰ ਵਿਚ ਸਿਰਫ 'ਆਜ਼ਾਦੀ' ਦੀ ਜੰਗ ਚੱਲ ਰਹੀ ਹੈ, ਇਸ ਦਾ ਇਸਲਾਮੀ ਅੱਤਵਾਦ ਨਾਲ ਕੋਈ ਲੈਣਾ-ਦੇਣਾ ਨਹੀਂ। ਆਜ਼ਾਦ ਭਾਰਤ ਵਿਚ ਵਾਦੀ ਦੇ ਲੋਕਾਂ ਨੂੰ ਬਾਕੀ ਦੇਸ਼ ਨਾਲ ਜੋੜਨ ਲਈ ਕੇਂਦਰ ਸਰਕਾਰ ਨੇ ਕਈ ਤਰ੍ਹਾਂ ਦੇ ਯਤਨ ਕੀਤੇ। ਕਸ਼ਮੀਰੀਆਂ ਨੂੰ ਦੇਸ਼ ਦੇ ਹੋਰਨਾਂ ਨਾਗਰਿਕਾਂ ਦੇ ਮੁਕਾਬਲੇ ਜ਼ਿਆਦਾ ਸਹੂਲਤਾਂ ਤੇ ਸੋਮੇ ਮੁਹੱਈਆ ਕਰਵਾਏ ਗਏ। ਫਿਰ ਵੀ ਕਸ਼ਮੀਰ ਦੀ ਸਥਿਤੀ ਨਹੀਂ ਸੁਧਰੀ।
ਅਕਤੂਬਰ 1947 ਵਿਚ ਕਸ਼ਮੀਰ 'ਤੇ ਪਾਕਿਸਤਾਨ ਦੇ ਹਮਲੇ ਅਤੇ ਜੰਮੂ-ਕਸ਼ਮੀਰ ਦੇ ਭਾਰਤ ਵਿਚ ਰਸਮੀ ਰਲੇਵੇਂ ਤੋਂ ਬਾਅਦ ਸ਼ੇਖ ਅਬਦੁੱਲਾ ਨੂੰ ਸੂਬਾ ਸੌਂਪਣਾ, ਅੱਗੇ ਵਧਦੀ ਫੌਜ ਨੂੰ ਪੂਰਾ ਕਸ਼ਮੀਰ ਮੁਕਤ ਕਰਾਏ ਬਿਨਾਂ ਰੋਕ ਕੇ ਜੰਗਬੰਦੀ ਦਾ ਐਲਾਨ ਕਰਨਾ, ਤਤਕਾਲੀ ਦੇਸ਼ਭਗਤ ਮਹਾਰਾਜਾ ਹਰੀ ਸਿੰਘ ਨੂੰ ਬਾਂਬੇ (ਮੁੰਬਈ) ਜਾ ਕੇ ਵਸਣ ਲਈ ਮਜਬੂਰ ਕਰਨਾ, ਮਾਮਲੇ ਨੂੰ ਸੰਯੁਕਤ ਰਾਸ਼ਟਰ 'ਚ ਲਿਜਾਣਾ, ਰਾਏਸ਼ੁਮਾਰੀ ਦਾ ਵਾਅਦਾ ਕਰਨਾ ਤੇ ਧਾਰਾ-370 ਨੂੰ ਲਾਗੂ ਕਰਨਾ—ਇਹ ਕਦਮ ਇਸ ਉਦੇਸ਼ ਨਾਲ ਚੁੱਕੇ ਗਏ ਸਨ ਕਿ ਇਸ ਨਾਲ ਕਸ਼ਮੀਰੀ ਮੁਸਲਮਾਨਾਂ ਨੂੰ ਬਾਕੀ ਭਾਰਤ ਨਾਲ ਜੋੜਨ ਵਿਚ ਸਹਾਇਤਾ ਮਿਲੇਗੀ ਪਰ ਇਹ ਸਾਰੇ ਯਤਨ ਵੱਡੀ ਭੁੱਲ ਸਿੱਧ ਹੋਏ ਅਤੇ ਕਸ਼ਮੀਰ ਦੀ ਸਮੱਸਿਆ ਹੋਰ ਉਲਝ ਗਈ।
ਅੱਜ ਵਾਦੀ 'ਚ ਭਾਰਤ ਦੀ ਮੌਤ ਦੀ ਦੁਆ ਮੰਗੀ ਜਾਂਦੀ ਹੈ, ਸੁਰੱਖਿਆ ਬਲਾਂ 'ਤੇ ਹਮਲੇ ਕੀਤੇ ਜਾਂਦੇ ਹਨ, ਤਿਰੰਗੇ ਦਾ ਅਪਮਾਨ ਕੀਤਾ ਜਾਂਦਾ ਹੈ, ਆਈ. ਐੱਸ.-ਪਾਕਿਸਤਾਨ ਦੇ ਝੰਡੇ ਲਹਿਰਾਉਂਦਿਆਂ ਕਸ਼ਮੀਰ ਸਮੇਤ ਪੂਰੇ ਦੇਸ਼ ਵਿਚ ਨਿਜ਼ਾਮੇ-ਮੁਸਤਫਾ ਸਥਾਪਿਤ ਕਰਨ ਦਾ ਨਾਅਰਾ ਬੁਲੰਦ ਕੀਤਾ ਜਾਂਦਾ ਹੈ, ਫਿਰ ਵੀ ਪਿਛਲੇ 70 ਸਾਲਾਂ ਤੋਂ ਦੇਸ਼ ਦੇ ਕਥਿਤ ਸੈਕੁਲਰਿਸਟ ਵਾਦੀ ਦੀ ਸਮੱਸਿਆ ਦਾ ਸਿਆਸੀ ਹੱਲ ਕੱਢਣ 'ਤੇ ਜ਼ੋਰ ਦੇ ਰਹੇ ਹਨ।
ਜੋ ਸਥਿਤੀ ਕਸ਼ਮੀਰ ਦੀ ਹੈ, ਬਿਲਕੁਲ ਅਜਿਹੀ ਸਥਿਤੀ 1360 ਕਿਲੋਮੀਟਰ ਦੂਰ ਅਤੇ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਚੀਨ ਦੇ ਸ਼ਿਨਜਿਆਂਗ ਦੀ ਵੀ ਹੈ। ਚੀਨ 'ਚ ਮੁਸਲਿਮ ਆਬਾਦੀ 2.3 ਕਰੋੜ ਹੈ, ਜੋ ਉਸ ਦੀ ਕੁਲ ਆਬਾਦੀ ਦਾ ਸਿਰਫ 2 ਫੀਸਦੀ ਹੈ। ਲੱਗਭਗ 1 ਕਰੋੜ 'ਉਈਗਰ' ਮੁਸਲਮਾਨ ਸ਼ਿਨਜਿਆਂਗ ਸੂਬੇ ਵਿਚ ਵਸਦੇ ਹਨ ਤੇ ਉਹ ਉਥੇ ਦਹਾਕਿਆਂ ਤੋਂ 'ਪੂਰਬੀ ਤੁਰਕਿਸਤਾਨ ਇਸਲਾਮਿਕ ਅੰਦੋਲਨ' ਚਲਾ ਰਹੇ ਹਨ, ਜਿਸ ਦਾ ਅੰਤਿਮ ਉਦੇਸ਼ ਚੀਨ ਨਾਲੋਂ ਅੱਡ ਹੋ ਕੇ ਇਸਲਾਮਿਕ ਰਾਸ਼ਟਰ ਦੀ ਸਥਾਪਨਾ ਕਰਨਾ ਹੈ।
ਚੀਨ ਨੇ ਆਪਣੇ ਦੇਸ਼ ਅੰਦਰ ਇਸਲਾਮੀ ਅੱਤਵਾਦ ਤੇ ਵੱਖਵਾਦ ਨਾਲ ਨਜਿੱਠਣ ਲਈ ਕੀ-ਕੀ ਕੀਤਾ? ਹਿੰਸਾਯੁਕਤ ਮਾਰਕਸਵਾਦੀ ਦਰਸ਼ਨ ਤੋਂ ਪ੍ਰੇਰਿਤ ਚੀਨ ਦੁਨੀਆ ਦੇ ਵਿਰੋਧ ਦੀ ਚਿੰਤਾ ਕੀਤੇ ਬਿਨਾਂ ਦਹਾਕਿਆਂ ਤੋਂ ਸਖ਼ਤ ਕਾਰਵਾਈਆਂ, ਸਖ਼ਤ ਨੀਤੀਆਂ ਅਤੇ ਪਾਬੰਦੀਆਂ ਦੇ ਜ਼ਰੀਏ ਉਈਗਰ ਮੁਸਲਮਾਨਾਂ ਦੇ ਵੱਖਵਾਦੀ ਅੰਦੋਲਨ ਨੂੰ ਕੁਚਲ ਰਿਹਾ ਹੈ। ਚੀਨ ਸਰਕਾਰ ਨਿਡਰ ਹੋ ਕੇ ਫੌਜੀ ਤਾਕਤ ਦੀ ਵਰਤੋਂ ਕਰ ਰਹੀ ਹੈ ਅਤੇ 'ਹਾਨ' ਮੂਲ ਦੇ ਚੀਨੀਆਂ ਨੂੰ ਸ਼ਿਨਜਿਆਂਗ ਵਿਚ ਵਸਾ ਰਹੀ ਹੈ।
ਇਸਲਾਮੀ ਕੱਟੜਵਾਦ ਦੇ ਵਧਦੇ ਖਤਰੇ ਨੂੰ ਤਾੜਦਿਆਂ ਉਈਗਰ ਮੁਸਲਮਾਨਾਂ ਦੀ ਮਜ਼੍ਹਬੀ ਪਛਾਣ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਚੀਨ ਨੇ ਇਸ ਸੂਬੇ ਵਿਚ ਕਈ ਮਸਜਿਦਾਂ ਅਤੇ ਮਦਰੱਸਿਆਂ ਨੂੰ ਜਾਂ ਤਾਂ ਬੰਦ ਕਰਵਾ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ ਢਹਿ-ਢੇਰੀ ਕਰਵਾ ਦਿੱਤਾ ਹੈ। ਹੋਰ ਤਾਂ ਹੋਰ ਉਥੇ ਰਮਜ਼ਾਨ ਦੇ ਮਹੀਨੇ ਵਿਚ ਰੋਜ਼ੇ ਰੱਖਣ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।
ਚੀਨ ਨੇ ਰਸਮੀ ਤੌਰ 'ਤੇ ਮੰਨਿਆ ਹੈ ਕਿ ਉਈਗਰ ਮੁਸਲਮਾਨਾਂ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨ ਭੜਕਾ ਰਹੇ ਹਨ, ਉਨ੍ਹਾਂ ਨੂੰ ਸਿਖਲਾਈ ਦੇ ਰਹੇ ਹਨ। ਸ਼ਿਨਜਿਆਂਗ ਦੇ ਕਾਸ਼ਗਰ ਵਿਚ ਫੜੇ ਗਏ ਉਈਗਰ ਅੱਤਵਾਦੀਆਂ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਸੀ। ਇਹੋ ਵਜ੍ਹਾ ਹੈ ਕਿ ਚੀਨ ਆਪਣੇ ਮਿੱਤਰ ਦੇਸ਼ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਸੀਲ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ, ਹਾਲਾਂਕਿ ਚੀਨ ਦਾ ਰੁਖ਼ ਉਸ ਦੇ ਇਸਲਾਮੀ ਅੱਤਵਾਦ ਅਤੇ ਪਾਕਿਸਤਾਨ ਪ੍ਰਤੀ ਦੋਗਲੇਪਣ ਨੂੰ ਹੀ ਦਰਸਾਉਂਦਾ ਹੈ।
ਅਜ਼ਹਰ ਮਸੂਦ ਕਾਂਡ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਪੂਰੇ ਸੰਦਰਭ ਵਿਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸ਼ਿਨਜਿਆਂਗ ਵਿਚ ਮੁਸਲਮਾਨਾਂ ਦੇ ਸ਼ੋਸ਼ਣ ਅਤੇ ਇਸਲਾਮੀ ਅੰਦੋਲਨ ਦਾ ਗਲਾ ਘੁੱਟਣ ਤੋਂ ਬਾਅਦ ਵੀ ਪਾਕਿਸਤਾਨ ਚੀਨ ਦਾ ਪਿਛਲੱਗੂ ਬਣਿਆ ਹੋਇਆ ਹੈ ਤੇ ਉਸ ਦਾ ਆਰਥਿਕ ਗੁਲਾਮ ਵੀ ਬਣਨ ਜਾ ਰਿਹਾ ਹੈ।
ਸਪੱਸ਼ਟ ਹੈ ਕਿ ਸ਼ਿਨਜਿਆਂਗ ਦੀ ਸਥਿਤੀ ਭਾਰਤ ਦੇ ਕਸ਼ਮੀਰ ਦੇ ਮੁਕਾਬਲੇ ਚੀਨ ਦੇ ਨਜ਼ਰੀਏ ਤੋਂ ਕਾਫੀ ਚੰਗੀ ਹੈ। ਚੀਨ ਲਈ ਉਸ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਸਭ ਤੋਂ ਉੱਪਰ ਹੈ। ਇਹੋ ਵਜ੍ਹਾ ਹੈ ਕਿ ਉਸ ਨੇ ਅੱਜ ਤਕ ਆਪਣੇ ਦੇਸ਼ ਵਿਚ ਵੱਖਵਾਦੀਆਂ, ਅੱਤਵਾਦੀਆਂ ਅਤੇ ਜੇਹਾਦੀਆਂ ਨੂੰ ਗੱਲਬਾਤ ਜਾਂ ਕਿਸੇ ਸਮਝੌਤੇ ਦੀ ਪੇਸ਼ਕਸ਼ ਤਕ ਨਹੀਂ ਕੀਤੀ ਹੈ, ਜਦਕਿ ਭਾਰਤ ਵਿਚ 70 ਸਾਲਾਂ ਤੋਂ ਕੇਂਦਰ ਦੇ ਸੱਤਾਧਾਰੀ ਅਤੇ ਆਪੇ ਬਣੇ ਸੈਕੁਲਰਿਸਟ ਕਸ਼ਮੀਰ ਵਿਚ ਕਥਿਤ ਆਜ਼ਾਦੀ ਦੀ ਮੰਗ ਰੱਖਣ ਵਾਲਿਆਂ ਨਾਲ ਨਰਮ ਵਰਤਾਓ ਅਤੇ ਮੁਲਾਕਾਤ ਦੀ ਵਕਾਲਤ ਕਰ ਰਹੇ ਹਨ।
ਇਕੋ ਜਿਹੇ ਵਿਚਾਰਕ ਦਰਸ਼ਨ ਤੋਂ ਪ੍ਰੇਰਿਤ ਹੁੰਦੇ ਹੋਏ ਭਾਰਤੀ ਤੇ ਚੀਨੀ ਮਾਰਕਸਵਾਦੀਆਂ 'ਚ ਇਸਲਾਮੀ ਅੱਤਵਾਦ ਅਤੇ ਉਸ ਨਾਲ ਸੰਬੰਧਿਤ ਵੱਖਵਾਦ ਨੂੰ ਲੈ ਕੇ ਆਪਾ-ਵਿਰੋਧ ਹੈ। ਚੀਨ ਵਿਚ ਜਿੱਥੇ ਕਮਿਊਨਿਸਟਾਂ ਲਈ ਵਿਚਾਰਧਾਰਾ ਤੋਂ ਵੱਧ ਕੇ ਰਾਸ਼ਟਰਹਿੱਤ ਹੈ, ਉਥੇ ਹੀ ਭਾਰਤੀ ਖੱਬੇਪੱਖੀਆਂ ਲਈ ਵਿਚਾਰਧਾਰਾ ਸਭ ਤੋਂ ਉਪਰ ਹੈ ਅਤੇ ਦੇਸ਼ ਦਾ ਹਿੱਤ ਬਾਅਦ ਵਿਚ। ਇਸੇ ਕਾਰਨ ਦੇਸ਼ ਦੀ ਖੂਨੀ ਵੰਡ ਦੇ ਸਮੇਂ ਭਾਰਤੀ ਖੱਬੇਪੱਖੀ ਇਸਲਾਮ ਦੇ ਨਾਂ 'ਤੇ ਵੱਖਰੇ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਨਾਲ ਖੜ੍ਹੇ ਰਹੇ। ਅੱਜ ਵੀ ਦੇਸ਼ ਨੂੰ ਟੋਟਿਆਂ ਵਿਚ ਵੰਡਣ ਦਾ ਉਹ ਨਾਅਰਾ ਬੁਲੰਦ ਕਰਦੇ ਰਹਿੰਦੇ ਹਨ।
ਕਸ਼ਮੀਰ 'ਚ ਜਦੋਂ ਵੀ ਸੁਰੱਖਿਆ ਬਲਾਂ ਦੇ ਜਵਾਨ ਪੱਥਰਬਾਜ਼ਾਂ, ਅੱਤਵਾਦੀਆਂ ਤੇ ਉਨ੍ਹਾਂ ਦੇ ਹਮਦਰਦਾਂ ਵਿਰੁੱਧ ਕਾਰਵਾਈ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਖੱਬੇਪੱਖੀ ਤੇ ਕਥਿਤ ਸੈਕੁਲਰਿਸਟ ਇਸ ਕਾਰਵਾਈ ਵਿਰੁੱਧ ਖੜ੍ਹੇ ਹੋ ਜਾਂਦੇ ਹਨ। ਇਹੋ ਨਹੀਂ, ਜਦੋਂ ਵਾਦੀ ਵਿਚ ਕਸ਼ਮੀਰੀ ਪੰਡਿਤਾਂ ਨੂੰ ਮੁੜ ਵਸਾਉਣ ਜਾਂ ਪੱਛਮੀ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਚਰਚਾ ਹੁੰਦੀ ਹੈ, ਉਦੋਂ ਵੀ ਅਖੌਤੀ ਧਰਮਨਿਰਪੱਖੀਆਂ ਦੀ ਫੌਜ ਵਲੋਂ ਵੱਖਵਾਦੀਆਂ ਦੀ ਭਾਸ਼ਾ ਬੋਲਦਿਆਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ।
ਬਾਕੀ ਭਾਰਤ ਵਾਂਗ ਕਸ਼ਮੀਰ ਵਿਚ ਵੀ ਬਹੁਲਤਾਵਾਦੀ ਜੀਵਨ ਦੀਆਂ ਕਦਰਾਂ-ਕੀਮਤਾਂ ਤੇ ਇਸਲਾਮੀ ਤਾਨਾਸ਼ਾਹੀ ਦਰਮਿਆਨ ਲੜਾਈ ਸਦੀਆਂ ਪੁਰਾਣੀ ਹੈ। 1819 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀ ਦਰਿੰਦਿਆਂ ਨੂੰ ਹਰਾ ਕੇ ਕਸ਼ਮੀਰ ਨੂੰ ਇਸਲਾਮੀ ਜ਼ੁਲਮਾਂ ਤੋਂ ਮੁਕਤ ਕਰਵਾਇਆ ਸੀ। 1839 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਤਾਂ ਅੰਗਰੇਜ਼ਾਂ ਨੇ 75 ਲੱਖ ਰੁਪਏ ਵਿਚ ਕਸ਼ਮੀਰ ਗੁਲਾਬ ਸਿੰਘ ਨੂੰ ਸੌਂਪ ਦਿੱਤਾ। ਫਿਰਕੂ ਹਿੰਸਾ ਦੀ ਅੱਗ ਨੂੰ ਅੰਗਰੇਜ਼ਾਂ ਦੇ ਸਹਿਯੋਗ ਤੇ ਸ਼ੇਖ ਅਬਦੁੱਲਾ ਦੇ ਜ਼ਰੀਏ ਮੁੜ ਹਵਾ ਮਿਲੀ ਤੇ ਅੱਜ ਹਿੰਸਾ ਦੀ ਉਹ ਅੱਗ ਕਸ਼ਮੀਰ ਵਿਚ ਭੜਕਦੀ ਜਵਾਲਾ ਦਾ ਰੂਪ ਧਾਰਨ ਕਰ ਚੁੱਕੀ ਹੈ।
ਇਸ ਲੰਮੇ ਅਰਸੇ ਦੌਰਾਨ ਨਾਮ, ਨਾਅਰੇ ਤੇ ਚਿਹਰੇ ਲਗਾਤਾਰ ਬਦਲਦੇ ਗਏ। ਕਸ਼ਮੀਰ ਵਿਚ ਅੰਦੋਲਨ ਤੇ ਹਿੰਸਾ ਦਾ ਚਰਿੱਤਰ ਬੇਸ਼ੱਕ ਬਦਲਦਾ ਰਿਹਾ ਹੋਵੇ ਪਰ ਉਦੇਸ਼ ਸਦੀਆਂ ਪੁਰਾਣਾ ਹੀ ਹੈ, ਇਸ ਵਿਚ ਕੋਈ ਤਬਦੀਲੀ ਨਹੀਂ ਆਈ। ਅੱਤਵਾਦੀ ਮੂਸਾ ਦੇ ਸੰਦੇਸ਼ ਨੇ ਕਸ਼ਮੀਰ 'ਚ ਕਥਿਤ ਖ਼ੁਦਮੁਖਤਿਆਰੀ ਦਾ ਮੁਖੌਟਾ ਇਕ ਵਾਰ ਫਿਰ ਉਤਾਰ ਦਿੱਤਾ ਹੈ ਅਤੇ ਇਸਲਾਮੀ ਹਿੰਸਾ ਦਾ ਘਿਨਾਉਣਾ ਚਿਹਰਾ ਸਾਡੇ ਸਭ ਦੇ ਸਾਹਮਣੇ ਹੈ। ਇਸ ਮੌਲਿਕ ਸੱਚਾਈ ਨੂੰ ਮੰਨਣ 'ਤੇ ਹੀ ਵਾਦੀ ਵਿਚ ਚਿਰਸਥਾਈ ਸ਼ਾਂਤੀ ਬਹਾਲ ਹੋ ਸਕਦੀ ਹੈ।
ਕੀ ਪਿਛਲੇ 70 ਸਾਲਾਂ ਤੋਂ ਅਸੀਂ ਕਸ਼ਮੀਰ ਦੇ ਸੰਦਰਭ ਵਿਚ ਗਲਤ ਨਹੀਂ ਸੀ? ਕੀ ਭਾਰਤ ਰਾਸ਼ਟਰ ਦੇ ਹਿੱਤ ਵਿਚ ਵਾਦੀ 'ਚੋਂ ਇਸਲਾਮੀ ਅੱਤਵਾਦ-ਵੱਖਵਾਦ ਦੇ ਸਫਾਏ ਲਈ ਚੀਨ ਦੀਆਂ ਨੀਤੀਆਂ 'ਤੇ ਨਹੀਂ ਚੱਲ ਸਕਦਾ? ਮੈਨੂੰ ਪਾਠਕਾਂ ਦੇ ਜਵਾਬ ਦੀ ਉਡੀਕ ਰਹੇਗੀ।
ਈ. ਵੀ. ਐੱਮ. 'ਤੇ ਫਜ਼ੂਲ ਬਹਿਸ ਹੁਣ ਬੰਦ ਹੋਣੀ ਚਾਹੀਦੀ ਹੈ
NEXT STORY