ਦੁਨੀਆ 'ਚ ਹਰ ਜਗ੍ਹਾ ਸਿਆਸੀ ਪਾਰਟੀਆਂ 'ਬੰਦ ਦੁਕਾਨ' ਬਣ ਚੁੱਕੀਆਂ ਹਨ। ਜਿਸ ਨੂੰ 'ਹਾਈਕਮਾਨ' ਕਿਹਾ ਜਾਂਦਾ ਹੈ, ਉਹੀ ਇਹ ਤੈਅ ਕਰਦੀ ਹੈ ਕਿ ਪਾਰਟੀ ਦਾ ਪ੍ਰਧਾਨ ਕੌਣ ਬਣੇਗਾ? ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ 'ਚੁਣ' ਲਿਆ ਗਿਆ ਹੈ ਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਇਹ ਯਕੀਨੀ ਬਣਾਇਆ ਹੈ ਕਿ ਉਨ੍ਹਾਂ ਦਾ ਬੇਟਾ ਪਾਰਟੀ ਦਾ ਸਰਵਉੱਚ ਅਹੁਦਾ ਪ੍ਰਾਪਤ ਕਰੇ।
ਮੈਂ ਜਦੋਂ 90 ਦੇ ਦਹਾਕੇ ਵਿਚ ਲੰਡਨ 'ਚ ਭਾਰਤ ਦਾ ਹਾਈ ਕਮਿਸ਼ਨਰ ਸੀ, ਉਦੋਂ ਮੈਂ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਵਿਚ ਹੋਈ ਤਬਦੀਲੀ ਨੂੰ ਨੇੜਿਓਂ ਦੇਖਿਆ ਸੀ। ਸ਼੍ਰੀਮਤੀ ਮਾਰਗ੍ਰੇਟ ਥੈਚਰ ਪ੍ਰਧਾਨ ਮੰਤਰੀ ਸੀ। ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੂੰ ਪਾਰਟੀ ਦੇ ਹੁਕਮ ਦੀ ਪਾਲਣਾ ਕਰਨੀ ਪਈ।
ਮੈਂ ਉਨ੍ਹਾਂ ਨੂੰ ਸਿੱਧਾ ਸਵਾਲ ਕੀਤਾ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ''ਮੇਰੇ ਬੱਚੇ ਦੱਖਣੀ ਅਫਰੀਕਾ ਵਿਚ ਵਪਾਰ ਕਰ ਰਹੇ ਹਨ ਅਤੇ ਉਹ ਇਸ ਮੁੱਦੇ ਨਾਲ ਕਿਸੇ ਵੀ ਤਰ੍ਹਾਂ ਜੁੜੇ ਹੋਏ ਨਹੀਂ ਹਨ। ਮੈਂ ਜਾਣਬੁੱਝ ਕੇ ਬੱਚਿਆਂ ਨੂੰ ਬਾਹਰ ਭੇਜਿਆ ਤਾਂ ਕਿ ਮੇਰੇ 'ਤੇ ਪਰਿਵਾਰਵਾਦ ਜਾਂ ਭਾਈ-ਭਤੀਜਾਵਾਦ ਦਾ ਦੋਸ਼ ਨਾ ਲੱਗੇ।''
ਜਦੋਂ ਸੋਨੀਆ ਗਾਂਧੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਨ ਦੀ ਅਪੀਲ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਅਤੇ ਸਭ ਤੋਂ ਜ਼ਿਆਦਾ ਤਜਰਬੇਕਾਰ ਪ੍ਰਣਬ ਮੁਖਰਜੀ ਦੀ ਬਜਾਏ ਆਪਣੇ ਭਰੋਸੇਮੰਦ ਡਾ. ਮਨਮੋਹਨ ਸਿੰਘ ਨੂੰ ਇਸ ਅਹੁਦੇ ਲਈ ਚੁਣਿਆ। ਇਹ ਖੁੱਲ੍ਹਾ ਸੱਚ ਸੀ ਕਿ ਸਰਕਾਰ ਸੋਨੀਆ ਗਾਂਧੀ ਦੀ ਰਿਹਾਇਸ਼ 10-ਜਨਪਥ ਤੋਂ ਚੱਲਦੀ ਸੀ ਤੇ ਮਨਮੋਹਨ ਸਿੰਘ ਉਨ੍ਹਾਂ ਦੀ ਕਾਰਜ ਯੋਜਨਾ 'ਚ ਫਿੱਟ ਸਨ।
ਸਰਕਾਰ ਦੀਆਂ ਗੁਪਤ ਫਾਈਲਾਂ ਸੋਨੀਆ ਦੀ ਰਿਹਾਇਸ਼ 'ਤੇ ਜਾਂਦੀਆਂ ਸਨ, ਜਿਨ੍ਹਾਂ ਦੀ ਜਾਂਚ ਪਹਿਲਾਂ ਉਨ੍ਹਾਂ ਦੇ ਨਿੱਜੀ ਸਕੱਤਰ ਅਹਿਮਦ ਪਟੇਲ ਕਰਦੇ ਸਨ ਤੇ ਫਿਰ ਉਹ ਅੱਗੇ ਸੋਨੀਆ ਗਾਂਧੀ ਦੀ ਮਨਜ਼ੂਰੀ ਲਈ ਭੇਜੀਆਂ ਜਾਂਦੀਆਂ ਸਨ। ਹਾਲਤ ਇਹ ਸੀ ਕਿ ਮਨਮੋਹਨ ਸਿੰਘ ਨੂੰ 'ਸੰਯੋਗ ਨਾਲ ਬਣੇ ਪ੍ਰਧਾਨ ਮੰਤਰੀ' ਕਿਹਾ ਜਾਣ ਲੱਗਾ ਸੀ ਤੇ ਉਨ੍ਹਾਂ ਦੇ ਪ੍ਰੈੱਸ ਅਫਸਰ ਦੀ ਕਿਤਾਬ 'ਚ ਵੀ ਇਸ ਕਥਨ ਦੀ ਪੁਸ਼ਟੀ ਕੀਤੀ ਗਈ ਹੈ। ਜਦੋਂ ਮਨਮੋਹਨ ਸਿੰਘ ਨੂੰ ਦਿੱਤੇ ਗਏ ਇਸ 'ਖਿਤਾਬ' ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਇਸ ਦਾ ਮੁਲਾਂਕਣ ਆਉਣ ਵਾਲੀ ਪੀੜ੍ਹੀ ਕਰੇਗੀ।
ਉਦੋਂ ਤੋਂ ਪ੍ਰਕਾਸ਼ਿਤ ਹੋ ਰਹੀਆਂ ਰਿਪੋਰਟਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਹ ਸਿਰਫ ਇਕ ਮੁਖੌਟਾ ਸਨ ਅਤੇ 10-ਜਨਪਥ ਉਨ੍ਹਾਂ ਦੇ ਨਾਂ ਨਾਲ ਪ੍ਰਸ਼ਾਸਨ ਚਲਾਉਂਦਾ ਸੀ। ਅਸਲ ਵਿਚ ਰਾਹੁਲ ਗਾਂਧੀ ਨੇ ਇਕ ਵਾਰ ਸਜ਼ਾ-ਯਾਫਤਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਬਾਰੇ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਕਾਰਨ ਵਾਲੇ ਆਰਡੀਨੈਂਸ ਨੂੰ 'ਇਕਦਮ ਬਕਵਾਸ' ਕਹਿ ਕੇ ਉਸ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ''ਸਾਡੀ ਸਰਕਾਰ ਨੇ ਗਲਤ ਕੀਤਾ ਹੈ।'' ਇਹ ਯੂ. ਪੀ. ਏ. ਸਰਕਾਰ ਤੇ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਬਹੁਤ ਵੱਡੀ ਸ਼ਰਮਿੰਦਗੀ ਵਾਲੀ ਗੱਲ ਸੀ। ਇਹ ਵੱਖਰੀ ਗੱਲ ਹੈ ਕਿ ਸੋਨੀਆ ਗਾਂਧੀ ਅਤੇ ਪਾਰਟੀ ਦੇ ਹੋਰ ਮੈਂਬਰ ਉਸ ਦੇ ਪੱਖ ਵਿਚ ਖੜ੍ਹੇ ਰਹੇ, ਜੋ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ।
ਪਰ ਉਦੋਂ ਤਕ ਜੋ ਨੁਕਸਾਨ ਹੋਣਾ ਸੀ, ਉਹ ਹੋ ਚੁੱਕਾ ਸੀ। ਬਹੁਤ ਸਾਰੇ ਹੋਰ ਮੌਕਿਆਂ 'ਤੇ ਪਾਰਟੀ ਮੈਂਬਰਾਂ, ਜਿਨ੍ਹਾਂ ਵਿਚ ਅੰਦਰੂਨੀ ਸਮੂਹ ਦੇ ਲੋਕ ਵੀ ਸਨ, ਨੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ। ਇਹ ਮੰਦਭਾਗੀ ਗੱਲ ਹੈ ਕਿ ਮਨਮੋਹਨ ਸਿੰਘ ਖ਼ੁਦ ਵੀ ਮਹਿਸੂਸ ਕਰਦੇ ਸਨ ਕਿ ਉਹ ਰਾਹੁਲ ਗਾਂਧੀ ਦੇ ਅਹੁਦਾ ਸੰਭਾਲਣ ਤਕ ਪ੍ਰਧਾਨ ਮੰਤਰੀ ਦੀ ਕੁਰਸੀ ਤਿਆਰ ਰੱਖਣਾ ਚਾਹੁੰਦੇ ਹਨ।
ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਬਿਠਾਉਣ ਦੇ ਫੈਸਲੇ ਤੋਂ ਅਚਾਨਕ ਹੈਰਾਨੀ ਨਹੀਂ ਹੋਈ ਹੈ। ਇਹ ਇਸ ਅਸਲੀਅਤ ਨੂੰ ਹੀ ਦਰਸਾਉਂਦਾ ਹੈ ਕਿ ਕਾਂਗਰਸ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਕਿ ਖਾਨਦਾਨ ਉਸ ਨੂੰ ਇਕ ਨਾਂ ਦੇਵੇ, ਜਿਹੜਾ ਆਮ ਤੌਰ 'ਤੇ ਦੇਸ਼ ਵਿਚ ਸਵੀਕਾਰ ਕੀਤੇ ਜਾਣ ਯੋਗ ਹੋਵੇ। ਕਾਂਗਰਸ ਦੇ ਘਾਗਾਂ ਦੀ ਨਜ਼ਰ ਵਿਚ ਪ੍ਰਿਅੰਕਾ ਸਹੀ ਪਸੰਦ ਹੁੰਦੀ ਪਰ ਕੋਈ ਵੀ ਸੋਨੀਆ ਨੂੰ ਚੁਣੌਤੀ ਨਹੀਂ ਦਿੰਦਾ, ਜਿਨ੍ਹਾਂ ਨੇ ਆਪਣੇ ਬੇਟੇ ਰਾਹੁਲ ਨੂੰ ਹੀ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਬਿਠਾਉਣ ਦਾ ਫੈਸਲਾ ਕੀਤਾ ਹੈ। ਕਿਹਾ ਜਾਂਦਾ ਹੈ ਕਿ ਇਟਲੀ ਵਿਚ ਬੇਟੇ ਨੂੰ ਹੀ ਵਿਰਾਸਤ ਸੌਂਪੇ ਜਾਣ ਦੀ ਰਵਾਇਤ ਹੈ।
ਪਰ ਲੱਖ ਟਕੇ ਦਾ ਸਵਾਲ ਇਹ ਹੈ ਕਿ ਕੀ ਰਾਹੁਲ ਉਸ ਭੂਮਿਕਾ ਦੇ ਲਾਇਕ ਹਨ, ਜਿਸ ਨੂੰ ਨਿਭਾਉਣ ਦੀ ਉਮੀਦ ਉਨ੍ਹਾਂ ਤੋਂ ਕੀਤੀ ਜਾਂਦੀ ਹੈ? ਮੈਂ ਇੰਦਰਾ ਗਾਂਧੀ ਦੇ ਮੁੱਢਲੇ ਦਿਨਾਂ ਨੂੰ ਯਾਦ ਕਰਦਾ ਹਾਂ, ਜਦੋਂ ਲਾਲ ਬਹਾਦੁਰ ਸ਼ਾਸਤਰੀ ਦੀ ਅਚਾਨਕ ਮੌਤ ਤੋਂ ਬਾਅਦ ਕਾਂਗਰਸ ਪ੍ਰਧਾਨ ਕੇ. ਕਾਮਰਾਜ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ। ਮੈਂ ਉਦੋਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਇੰਦਰਾ ਗਾਂਧੀ ਨੂੰ ਕਿਉਂ ਚੁਣਿਆ? ਇਸ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਮਰਨ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਨੇ ਸੰਕੇਤ ਦਿੱਤਾ ਸੀ ਕਿ ਸ਼ਾਸਤਰੀ ਹੀ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ। ਜਦੋਂ ਕਾਮਰਾਜ ਨੇ ਨਹਿਰੂ ਨੂੰ ਪੁੱਛਿਆ ਕਿ ਇੰਦਰਾ ਗਾਂਧੀ ਕਿਉਂ ਨਹੀਂ, ਤਾਂ ਉਨ੍ਹਾਂ ਕਿਹਾ ਸੀ, ''ਅਜੇ ਨਹੀਂ।''
ਦਾਅਵੇਦਾਰ ਮੋਰਾਰਜੀ ਦੇਸਾਈ ਇੰਦਰਾ ਗਾਂਧੀ ਦੀ ਚੋਣ 'ਤੇ ਸਹਿਮਤ ਨਹੀਂ ਹੋਏ ਅਤੇ ਉਨ੍ਹਾਂ ਨੇ ਚੋਣਾਂ ਕਰਵਾਉਣ 'ਤੇ ਜ਼ੋਰ ਦਿੱਤਾ। ਪਾਰਟੀ ਪ੍ਰਧਾਨ ਅਤੇ ਪਾਰਟੀ ਦੀਆਂ ਹੋਰਨਾਂ ਹਸਤੀਆਂ ਦੇ ਵਿਰੋਧ ਕਾਰਨ ਦੇਸਾਈ ਦੌੜ 'ਚ ਪਿੱਛੇ ਰਹਿ ਗਏ। ਇਹ ਇਕ ਵੱਖਰੀ ਗੱਲ ਹੈ ਕਿ ਬਾਅਦ ਵਿਚ ਕਾਮਰਾਜ ਨੂੰ ਵੀ ਖੂੰਜੇ ਲਾ ਦਿੱਤਾ ਗਿਆ। ਮੈਂ ਇਨ੍ਹਾਂ ਚੀਜ਼ਾਂ ਨਾਲ ਬਹੁਤ ਡੂੰਘਾਈ ਨਾਲ ਜੁੜਿਆ ਹੋਇਆ ਸੀ ਤੇ ਕਾਮਰਾਜ ਨੂੰ ਪੁੱਛਿਆ ਕਿ ਉਨ੍ਹਾਂ ਨੇ ਦੇਸਾਈ ਦੀ ਥਾਂ ਇੰਦਰਾ ਗਾਂਧੀ ਨੂੰ ਤਰਜੀਹ ਕਿਉਂ ਦਿੱਤੀ, ਤਾਂ ਇਸ ਦਾ ਜਵਾਬ ਇਹ ਸੀ ਕਿ ''ਮੋਰਾਰਜੀ ਬਹੁਤ ਸਖਤ ਸਨ ਅਤੇ ਆਮ ਸਹਿਮਤੀ ਦੇ ਸਿਧਾਂਤ ਵਿਚ ਭਰੋਸਾ ਨਹੀਂ ਰੱਖਦੇ ਸਨ।''
ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਬਿਠਾਉਣ ਦਾ ਕੰਮ ਅਜਿਹੇ ਸਮੇਂ 'ਤੇ ਹੋ ਰਿਹਾ ਹੈ, ਜਦੋਂ ਕਾਂਗਰਸ ਦੇਸ਼ ਵਿਚ ਆਪਣੀ ਚਮਕ ਗੁਆ ਬੈਠੀ ਹੈ। ਪਾਰਟੀ ਨੂੰ ਅਜੇ ਵੀ ਭਰੋਸਾ ਹੈ ਕਿ ਉਹ ਮੋਦੀ ਦੇ ਜਾਦੂ ਨੂੰ ਅਗਲੇ ਮਹੀਨੇ ਹੋਣ ਜਾ ਰਹੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਖਤਮ ਕਰਨ 'ਚ ਕਾਮਯਾਬ ਹੋ ਜਾਵੇਗੀ। ਜ਼ਾਹਿਰ ਹੈ ਕਿ ਗੁਜਰਾਤ 'ਚ ਸੱਤਾ ਹਾਸਿਲ ਕਰਨ ਲਈ ਕਾਂਗਰਸ ਨੇ ਪਾਟੀਦਾਰਾਂ ਨਾਲ ਸੀਟਾਂ ਦਾ ਸਮਝੌਤਾ ਕੀਤਾ ਹੈ ਪਰ ਅਜੇ ਇਹ ਦੇਖਣਾ ਬਾਕੀ ਹੈ ਕਿ ਰਾਹੁਲ ਗਾਂਧੀ ਉਹ ਕਾਇਆ ਪਲਟਣ 'ਚ ਸਫਲ ਹੋਣਗੇ, ਜਿਸ ਦਾ ਰਾਹ ਪਾਰਟੀ ਦੇਖ ਰਹੀ ਹੈ।
ਅਤੀਤ 'ਚ ਜਦੋਂ ਰਾਹੁਲ ਨੂੰ ਉਪ-ਪ੍ਰਧਾਨ ਤੇ ਚੋਣ ਪ੍ਰਚਾਰਕ ਬਣਾਇਆ ਗਿਆ ਸੀ ਤਾਂ ਉਹ ਮੱਧ ਪ੍ਰਦੇਸ਼, ਹਰਿਆਣਾ, ਇਥੋਂ ਤਕ ਕਿ ਯੂ. ਪੀ. (ਜਿਥੇ ਕਾਂਗਰਸ ਦਾ ਸਪਾ ਨਾਲ ਗੱਠਜੋੜ ਸੀ) ਵਿਚ ਬੁਰੀ ਤਰ੍ਹਾਂ ਫੇਲ ਹੋਏ ਸਨ। ਦੂਜੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਉਹ ਪਾਰਟੀ ਦੇ ਭਵਿੱਖ ਵਿਚ ਕੋਈ ਖਾਸ ਤਬਦੀਲੀ ਨਹੀਂ ਲਿਆ ਸਕੇ। ਬਦਕਿਸਮਤੀ ਨਾਲ ਕੁਝ ਘਾਗ ਨੇਤਾਵਾਂ ਦੇ ਹੋਣ ਦੇ ਬਾਵਜੂਦ ਪਾਰਟੀ ਵਿਚ ਨਹਿਰੂ-ਗਾਂਧੀ ਖਾਨਦਾਨ ਨੂੰ ਹੀ ਅੱਗੇ ਕਰਨ ਦੀ ਰਵਾਇਤ ਹਾਵੀ ਰਹੀ ਹੈ।
ਰਾਹੁਲ ਗਾਂਧੀ ਲਈ ਸਭ ਤੋਂ ਵੱਡੀ ਚੁਣੌਤੀ ਗੁਜਰਾਤ ਦੀਆਂ ਚੋਣਾਂ ਹਨ। ਅਸਲ 'ਚ ਇਹ ਸੱਤਾਧਾਰੀ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਲਈ ਅਹਿਮ ਚੋਣਾਂ ਹਨ। ਰਾਹੁਲ ਗਾਂਧੀ ਤੋਂ ਇਲਾਵਾ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਲਈ ਵੀ ਇਹ ਚੋਣਾਂ ਅਗਨੀ ਪ੍ਰੀਖਿਆ ਹਨ। ਆਪਣੀ ਜਿੱਤ ਯਕੀਨੀ ਬਣਾਉਣ ਲਈ ਸਿਆਸੀ ਪਾਰਟੀਆਂ ਕੋਈ ਵੀ ਕਸਰ ਨਹੀਂ ਛੱਡ ਰਹੀਆਂ ਕਿਉਂਕਿ ਗੁਜਰਾਤ 'ਚ ਜੋ ਹੋਵੇਗਾ, ਉਹੀ 2 ਸਾਲਾਂ ਬਾਅਦ ਹੋਣ ਵਾਲੀਆਂ ਆਮ ਚੋਣਾਂ ਦਾ ਭਵਿੱਖ ਤੈਅ ਕਰੇਗਾ। ਇਸ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਹਵਾ ਦਾ ਰੁਖ਼ ਕਿੱਧਰ ਹੈ?
ਪਰ ਦੋ ਸਾਲ ਕਾਫੀ ਲੰਮਾ ਸਮਾਂ ਹੈ। ਉਸ ਸਮੇਂ ਲਈ ਹੁਣ ਦੀ ਘਟਨਾ 'ਤੇ ਨਿਰਭਰ ਨਹੀਂ ਰਿਹਾ ਜਾ ਸਕਦਾ। ਕਾਂਗਰਸ ਆਪਣਾ ਖੁੱਸਿਆ ਆਧਾਰ ਮੁੜ ਹਾਸਿਲ ਕਰ ਸਕਦੀ ਹੈ ਕਿਉਂਕਿ ਕੋਈ ਵੀ ਸਰਕਾਰ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦੀ।
ਕੀ ਰਾਹੁਲ ਗਾਂਧੀ ਕਾਂਗਰਸ ਵਿਚ ਤਬਦੀਲੀ ਲਿਆ ਸਕਣਗੇ
NEXT STORY