ਦੁਨੀਆ ਦੇ ਸਭ ਤੋਂ ਵੱਡੇ ਲੋੜੀਂਦੇ ਅੱਤਵਾਦੀ ਅਤੇ ਆਈ. ਐੱਸ. ਆਈ. ਐੱਸ. ਦੇ ਮੁਖੀ ਅਬੂ ਬਕਰ ਅਲ-ਬਗਦਾਦੀ, ਜਿਸ ਦੇ ਸਿਰ 'ਤੇ 25 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਸੀ, ਦਾ ਅਮਰੀਕਾ ਨੇ ਖਾਤਮਾ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਅੱਧੀ ਰਾਤ ਨੂੰ ਏਅਰ ਆਪ੍ਰੇਸ਼ਨ ਦੌਰਾਨ ਸੀਰੀਆ 'ਚ ਉਸ ਦੇ ਲੁਕਣ ਦੇ ਟਿਕਾਣਿਆਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਗਿਆ ਹੈ। ਆਪਣੇ 2 ਬੱਚਿਆਂ ਦੇ ਨਾਲ ਬਗਦਾਦੀ ਜ਼ਮੀਨ ਹੇਠਾਂ ਸੁਰੰਗ 'ਚ ਚਲਾ ਗਿਆ, ਜਿਸ ਤੋਂ ਬਾਅਦ ਫੌਜ ਦੇ ਕੁੱਤਿਆਂ ਨੇ ਉਸ ਦਾ ਪਿੱਛਾ ਕੀਤਾ, ਜੋ ਇਕ ਫਿਲਮੀ ਸੀਨ ਵਰਗਾ ਨਜ਼ਰ ਆ ਰਿਹਾ ਸੀ। ਜਦ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਖੇਡ ਹੁਣ ਖਤਮ ਹੋ ਚੁੱਕੀ ਹੈ ਤਾਂ ਉਸ ਨੇ ਖ਼ੁਦ ਨੂੰ ਅਤੇ 2 ਬੱਚਿਆਂ ਨੂੰ ਉਡਾ ਲਿਆ।
ਖੁਫੀਆ ਮਿਸ਼ਨ ਦੇ ਤਹਿਤ ਬਗਦਾਦੀ ਨੂੰ ਮਾਰਿਆ
ਜਿਸ ਤਰ੍ਹਾਂ 2011 'ਚ 9/11 ਦੇ ਲੋੜੀਂਦੇ ਅਲਕਾਇਦਾ ਨੇਤਾ ਓਸਾਮਾ-ਬਿਨ-ਲਾਦੇਨ ਨੂੰ ਖਤਮ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਡੂੰਘੇ ਸਮੁੰਦਰ 'ਚ ਦਫਨ ਕਰ ਦਿੱਤਾ ਗਿਆ ਸੀ, ਠੀਕ ਉਸੇ ਤਰ੍ਹਾਂ ਹੀ ਆਈ. ਐੱਸ. ਮੁਖੀ ਬਗਦਾਦੀ ਦੀ ਲਾਸ਼ ਨੂੰ ਵੀ ਉਸ ਦੇ ਅੰਜਾਮ ਤਕ ਪਹੁੰਚਾ ਦਿੱਤਾ ਗਿਆ। ਕੁਰਦਾਂ ਅਤੇ ਹੋਰ ਸੂਤਰਾਂ ਵਲੋਂ ਇਕੱਠੀਆਂ ਕੀਤੀਆਂ ਗਈਆਂ ਖੁਫੀਆ ਰਿਪੋਰਟਾਂ ਅਤੇ ਵਰ੍ਹਿਆਂ ਤੋਂ ਬਣਾਈ ਗਈ ਯੋਜਨਾ ਤਹਿਤ ਇਕ ਖੁਫੀਆ ਮਿਸ਼ਨ ਦੇ ਤਹਿਤ ਇਸ ਮਿਸ਼ਨ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਸੀਰੀਆਈ ਕੁਰਦਾਂ ਨੇ ਇਸ ਵਿਚ ਮੁੱਖ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਅਮਰੀਕਾ ਬਗਦਾਦੀ ਤਕ ਪਹੁੰਚਿਆ। ਅਸਲ ਵਿਚ ਆਪ੍ਰੇਸ਼ਨ ਬਗਦਾਦੀ ਦਾ ਤਕਨੀਕੀ ਤੌਰ 'ਤੇ ਮੁੱਖ ਸਿਹਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹੀ ਜਾਂਦਾ ਹੈ।
ਜੇ ਅਸੀਂ ਇਸਲਾਮਿਕ ਸਟੇਟ ਦੇ ਇਤਿਹਾਸ ਨੂੰ ਦੇਖੀਏ ਤਾਂ ਇਹ ਸੰਗਠਨ ਉਸ ਸਮੇਂ ਚਰਚਾ ਵਿਚ ਆਇਆ, ਜਦੋਂ ਇਰਾਕ ਵਿਚ 2003 'ਚ ਅਮਰੀਕੀ ਹਮਲੇ ਤੋਂ ਬਾਅਦ ਸੱਦਾਮ ਹੁਸੈਨ ਦਾ ਖਾਤਮਾ ਹੋਇਆ। ਇਸ ਪ੍ਰਕਿਰਿਆ ਵਿਚ ਉਥੇ ਸਿਆਸੀ ਅਤੇ ਸਮਾਜਿਕ ਉਥਲ-ਪੁਥਲ ਮਚੀ, ਜਿਸ ਤੋਂ ਬਾਅਦ ਆਈ. ਐੱਸ. ਆਈ. ਐੱਸ. ਨੇ ਆਪਣੀ ਪਕੜ ਬਣਾਈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਵਾਸ਼ਿੰਗਟਨ ਦੀਆਂ ਨੀਤੀਆਂ ਨੇ ਇਰਾਕੀ ਜੇਹਾਦੀਆਂ ਨੂੰ ਵਧਣ-ਫੁੱਲਣ ਦਿੱਤਾ। ਗੱਲ ਇਥੋਂ ਤਕ ਪਹੁੰਚੀ ਕਿ ਬਗਦਾਦੀ ਨੇ ਆਪਣੇ ਆਪ ਨੂੰ ਪੂਰੇ ਮੁਸਲਿਮ ਜਗਤ ਦਾ ਖਲੀਫ਼ਾ ਐਲਾਨ ਦਿੱਤਾ। ਇਹ ਸਭ ਕੁਝ ਉਵੇਂ ਹੀ ਸੀ, ਜਿਵੇਂ ਕਿ ਓਸਾਮਾ-ਬਿਨ-ਲਾਦੇਨ ਦੇ ਪਾਕਿਸਤਾਨ ਵਿਚ ਲੁਕੇ ਹੋਣ ਤੋਂ ਬਾਅਦ ਉਸ ਨੂੰ ਲੱਭਿਆ ਗਿਆ। ਉਸ ਤੋਂ ਬਾਅਦ ਨਤੀਜਾ ਇਹ ਹੋਇਆ ਕਿ ਤਾਲਿਬਾਨ ਦਾ ਪਤਨ ਹੋਇਆ। ਅਮਰੀਕਾ ਦੀਆਂ ਕੁਝ ਗਲਤ ਨੀਤੀਆਂ ਨੇ ਇਸਲਾਮਿਕ ਅੱਤਵਾਦ ਦੇ ਇਕ ਰੂਪ ਨੂੰ ਜਨਮ ਦਿੱਤਾ ਅਤੇ ਪਾਕਿਸਤਾਨ ਤੇ ਹੋਰ ਪੱਛਮੀ ਏਸ਼ੀਆਈ ਦੇਸ਼ਾਂ ਵਿਚ ਅੱਤਵਾਦ ਦੂਜੇ ਢੰਗ ਨਾਲ ਪੈਦਾ ਹੋਇਆ।
ਇਥੇ ਮੈਨੂੰ ਇਹ ਵੀ ਕਹਿਣਾ ਪਵੇਗਾ ਕਿ ਕੁਰਦ, ਜੋ ਅਮਰੀਕੀ ਸਹਿਯੋਗੀ ਦੇ ਤੌਰ 'ਤੇ ਕੰਮ ਕਰ ਰਹੇ ਸਨ ਅਤੇ ਆਈ. ਐੱਸ. ਲੜਾਕਿਆਂ ਵਿਰੁੱਧ ਜੰਗ ਲੜ ਰਹੇ ਸਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਅਮਰੀਕਾ ਨੇ ਉੱਤਰੀ ਸੀਰੀਆ 'ਤੇ ਤੁਰਕੀ ਦੇ ਹਮਲੇ ਦੀ ਇਜਾਜ਼ਤ ਦਿੱਤੀ। ਵਿਸ਼ਵ ਪੱਧਰ 'ਤੇ ਬਗਦਾਦੀ ਦੇ ਖਾਤਮੇ ਦੇ ਨਤੀਜਿਆਂ ਦਾ ਅਸੀਂ ਇੰਤਜ਼ਾਰ ਕਰਾਂਗੇ। ਉਸ ਨੇ ਆਪਣੇ ਆਪ ਨੂੰ ਪੂਰੇ ਮੁਸਲਿਮ ਜਗਤ ਦਾ ਇਕ ਨਵਾਂ ਹੁਕਮਰਾਨ ਐਲਾਨ ਕੀਤਾ ਹੋਇਆ ਸੀ। ਇਕ ਸਮੇਂ ਤਾਂ ਉਸ ਨੇ 88000 ਵਰਗ ਕਿਲੋਮੀਟਰ ਦਾ ਖੇਤਰ ਹਥਿਆ ਲਿਆ ਸੀ ਅਤੇ ਲੱਖਾਂ ਲੋਕਾਂ 'ਤੇ ਆਪਣਾ ਸਿੱਕਾ ਚਲਾ ਰਿਹਾ ਸੀ। ਉਹ ਬੇਹੱਦ ਹੀ ਜ਼ਾਲਿਮ ਨੇਤਾ ਵਜੋਂ ਉੱਭਰ ਕੇ ਆਇਆ। ਹਾਲਾਂਕਿ ਦੁਨੀਆ ਨੇ ਉਸ ਬਾਰੇ 2014 'ਚ ਜਾਣਿਆ, ਜਦੋਂ ਇਕ-ਤਿਹਾਈ ਇਰਾਕੀਆਂ ਨੂੰ ਉਸ ਦੇ ਲੜਾਕਿਆਂ ਨੇ ਖਦੇੜ ਦਿੱਤਾ ਅਤੇ ਅੱਧੇ ਗੁਆਂਢੀ ਸੀਰੀਆਈ ਦੇਸ਼ 'ਤੇ ਕਬਜ਼ਾ ਕਰ ਲਿਆ। ਬਗਦਾਦੀ ਦਾ ਮੁੱਖ ਮਕਸਦ ਮੁਸਲਿਮ ਧਰਮ ਤੰਤਰ, ਜੋ ਤੁਰਕੀ ਸਾਮਰਾਜ ਦੇ ਪਤਨ ਤੋਂ ਬਾਅਦ ਕਮਜ਼ੋਰ ਹੋ ਗਿਆ ਸੀ, ਨੂੰ ਮੁੜ ਸਥਾਪਿਤ ਕਰਨਾ ਸੀ।
ਅੱਬੂ ਇਬਰਾਹਿਮ ਆਈ.ਐਸ. ਦਾ ਨਵਾਂ ਮੁਖੀ ਐਲਾਨਿਆ
ਹੁਣ ਇਸਲਾਮਿਕ ਸਟੇਟ ਨੇ ਆਪਣੇ ਮੁਖੀ ਅਬੂ ਬਕਰ ਅਲ-ਬਗਦਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਉਸ ਦੀ ਜਗ੍ਹਾ ਉਸ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਅਬੂ ਇਬਰਾਹੀਮ ਅਲ ਹਾਸ਼ਮੀ ਅਲ-ਕੁਰੈਸ਼ੀ ਨੂੰ ਆਪਣਾ ਨਵਾਂ ਮੁਖੀ ਐਲਾਨ ਦਿੱਤਾ ਹੈ। ਆਈ. ਐੱਸ. ਨੇ ਆਪਣਾ ਇਕ ਆਡੀਓ ਜਾਰੀ ਕਰ ਕੇ ਇਸ ਦੀ ਜਾਣਕਾਰੀ ਵੀ ਦਿੱਤੀ। ਇਸ ਆਡੀਓ ਵਿਚ ਬਗਦਾਦੀ ਅਤੇ ਉਸ ਦੇ ਇਕ ਨੇੜਲੇ ਅਬੂ ਹਸਨ ਅਲ ਮੁਹਾਜ਼ਿਰ ਅਤੇ ਗਰੁੱਪ ਦੇ ਇਕ ਬੁਲਾਰੇ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ।
ਵਿਦੇਸ਼ੀ ਮਾਹਿਰ ਸ਼੍ਰੀ ਰਾਮ ਚੋਲਾ ਦੇ ਅਨੁਸਾਰ ਬਗਦਾਦੀ ਦੀ ਤਾਕਤ ਮੱਧ ਪੂਰਬ ਤਕ ਸੀਮਤ ਨਹੀਂ ਸੀ। ਆਪਣੇ ਸਿਖਰ 'ਤੇ ਹੋਣ ਦੌਰਾਨ ਆਈ. ਐੱਸ. ਨੇ ਆਪਣੇ ਸੰਗਠਨ ਵਿਚ 110 ਦੇਸ਼ਾਂ ਦੇ 40,000 ਵਿਦੇਸ਼ੀ ਲੜਾਕਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਕੇ ਸ਼ਾਮਿਲ ਕੀਤਾ। ਉਸ ਦੇ ਕਹਿਣ 'ਤੇ ਸੁੰਨੀ ਨੌਜਵਾਨ ਸੀਰੀਆ ਅਤੇ ਇਰਾਕ 'ਚ ਜੇਹਾਦ ਵਿਚ ਸ਼ਾਮਿਲ ਹੋਣ ਲਈ ਅੱਗੇ ਵਧੇ। ਜੋ ਉਥੋਂ ਤਕ ਨਹੀਂ ਪਹੁੰਚ ਸਕੇ, ਉਹ ਖਲੀਫਾ ਦੇ ਕਹਿਣ 'ਤੇ ਆਪਣੇ ਗ੍ਰਹਿ ਦੇਸ਼ਾਂ ਅਤੇ ਆਂਢ-ਗੁਆਂਢੇ ਦੇ ਇਲਾਕਿਆਂ ਵਿਚ ਇਸਲਾਮਿਕ ਸਟੇਟ ਦੇ ਨਾਂ 'ਤੇ ਅੱਤਵਾਦ ਦਾ ਤਾਂਡਵ ਕਰਨ ਲੱਗੇ।
ਮੈਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਨਾਲ ਬਿਲਕੁਲ ਵੀ ਸਹਿਮਤੀ ਨਹੀਂ ਜਤਾਵਾਂਗਾ, ਜਿਨ੍ਹਾਂ ਨੇ ਦੁਹਰਾਇਆ, ''ਦੁਨੀਆ ਹੁਣ ਰਹਿਣ ਲਈ ਸਭ ਤੋਂ ਜ਼ਿਆਦਾ ਸੁਰੱਖਿਅਤ ਹੈ।'' ਅਮਰੀਕੀ ਰਾਸ਼ਟਰਪਤੀ ਦੇ ਨਾਲ ਸਮੱਸਿਆ ਇਹ ਹੈ ਕਿ ਉਹ ਆਪਣੀ ਹੀ ਬਣਾਈ ਹੋਈ ਦੁਨੀਆ 'ਚ ਰਹਿੰਦੇ ਹਨ। ਉਹ ਵਿਸ਼ਵ ਪੱਧਰ 'ਤੇ ਉੱਭਰਨ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਿਲਕੁਲ ਵਾਕਿਫ ਨਹੀਂ ਹੁੰਦੇ।
ਹਕੀਕਤ ਵਿਚ ਬਗਦਾਦੀ ਇਕ ਜ਼ਾਲਿਮ ਹੁਕਮਰਾਨ ਸੀ। ਅਜਿਹੇ ਹੀ ਉਸ ਦੇ ਤਿੰਨ ਪੂਰਵਜ ਵੀ ਸਨ। ਉਹ ਸਾਰੇ ਇਸ ਦੁਨੀਆ ਵਿਚ ਨਹੀਂ ਹਨ ਪਰ ਉਨ੍ਹਾਂ ਦੀ ਵਿਚਾਰਧਾਰਾ, ਜਿਸ ਵਿਚ ਕਾਫਿਰ ਅਤੇ ਵਿਸ਼ਵਾਸਘਾਤੀ ਨਾਂ ਸ਼ਾਮਿਲ ਹਨ, ਅਜੇ ਤਕ ਜ਼ਿੰਦਾ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਪੱਛਮੀ ਅਤੇ ਏਸ਼ੀਆਈ ਨੇਤਾਵਾਂ ਨੇ ਓਸਾਮਾ-ਬਿਨ-ਲਾਦੇਨ ਦੇ ਸੰਗਠਨ ਅਲਕਾਇਦਾ ਅਤੇ ਆਈ. ਐੱਸ. ਦੇ ਪਤਨ ਪ੍ਰਤੀ ਗੰਭੀਰਤਾ ਦਿਖਾਈ? ਕੀ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਪੱਛਮੀ ਏਸ਼ੀਆ ਅਤੇ ਇਸ ਤੋਂ ਅੱਗੇ ਪ੍ਰਸ਼ਾਸਨ ਦੀ ਗਲਤ ਪ੍ਰਣਾਲੀ ਇਸ ਲਈ ਜ਼ਿੰਮੇਵਾਰ ਹੈ?
ਜਿਥੋਂ ਤਕ ਭਾਰਤ ਦਾ ਸਬੰਧ ਹੈ, ਅਸੀਂ ਇਸਲਾਮਾਬਾਦ ਦੇ ਫੌਜੀ ਹੁਕਮਰਾਨਾਂ, ਜਿਨ੍ਹਾਂ ਨੇ ਕਸ਼ਮੀਰ ਮੁੱਦੇ ਨੂੰ ਜਿਊਂਦਾ ਰੱਖਿਆ ਅਤੇ ਉਪ-ਮਹਾਦੀਪ ਵਿਚ ਇਸਲਾਮਿਕ ਅੱਤਵਾਦੀਆਂ ਨੂੰ ਉਤਸ਼ਾਹਿਤ ਕੀਤਾ, ਦੇ ਕਾਰਣ ਭੁਗਤ ਰਹੇ ਹਨ।
ਨਵਾਜ਼ ਸ਼ਰੀਫ ਜਦ ਸੱਤਾ ਵਿਚ ਸਨ, ਉਦੋਂ ਮੈਂ ਪਾਕਿਸਤਾਨ ਦੀ ਯਾਤਰਾ ਕੀਤੀ। ਉਥੇ ਕੁਝ ਚੁਣੇ ਹੋਏ ਪਾਕਿ ਜਰਨੈਲਾਂ ਨੇ ਮੈਨੂੰ ਕਿਹਾ, ''ਅਸੀਂ ਕਸ਼ਮੀਰ ਕਿਵੇਂ ਛੱਡ ਸਕਦੇ ਹਾਂ?'' ਅਤੇ ਅਜਿਹਾ ਕਰਨ ਨਾਲ ਅਸੀਂ ਪਾਕਿਸਤਾਨ ਨੂੰ ਚਲਾਉਣ ਦੀ ਮਹੱਤਤਾ ਨੂੰ ਘੱਟ ਕਰ ਦੇਵਾਂਗੇ। ਅਜਿਹੇ ਬਿਆਨ ਪਾਕਿਸਤਾਨ ਬਾਰੇ ਜ਼ਰੂਰੀ ਤੱਥ ਦੱਸਦੇ ਹਨ। ਅਸਲ ਵਿਚ ਮੁਸਲਿਮ ਜਗਤ ਵੱਲ ਵਾਸ਼ਿੰਗਟਨ ਦੀਆਂ ਗਲਤ ਨੀਤੀਆਂ ਕਾਰਣ ਦੁਨੀਆ ਦੇ ਲੋਕਤੰਤਰਿਕ ਦੇਸ਼ਾਂ ਨੇ ਇਸ ਲਈ ਬਹੁਤ ਵੱਡੀ ਕੀਮਤ ਚੁਕਾਈ ਹੈ।
ਬੇਸ਼ੱਕ ਅੱਤਵਾਦ ਵਿਰੋਧੀ ਗੋਲ ਦਾ ਕੋਈ ਵਿਚਲਾ ਰਸਤਾ ਨਹੀਂ ਹੈ। ਇਹ ਇਕ ਬਹੁਤ ਵੱਡੀ ਵਿਚਾਰਾਂ ਦੀ ਲੰਮੀ ਲੜਾਈ ਹੈ, ਜੋ ਜ਼ਮੀਨੀ ਪੱਧਰ ਤਕ ਲੜੀ ਜਾਣੀ ਹੈ। ਇਸੇ ਰੂਪ-ਰੇਖਾ 'ਚ ਦੁਨੀਆ ਦੇ ਹਰੇਕ ਨੇਤਾ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਸਲਾਮਿਕ ਅੱਤਵਾਦ ਦਾ ਕੋਈ ਤੇਜ਼ ਹੱਲ ਨਹੀਂ ਹੈ। ਸਭ ਤੋਂ ਵੱਡੀ ਲੋੜ ਇਸ ਸਬੰਧ ਵਿਚ ਇਹ ਹੈ ਕਿ ਸਾਨੂੰ ਇਸ ਗੱਲ ਦਾ ਹੱਲ ਲੱਭਣਾ ਚਾਹੀਦਾ ਹੈ ਕਿ ਆਖਿਰ ਇਸਲਾਮਿਕ ਸਟੇਟ ਅਤੇ ਜੇਹਾਦ ਨੇ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੀ ਜਕੜ ਵਿਚ ਕਿਵੇਂ ਰੱਖਿਆ? ਸਾਨੂੰ ਇਸ ਮੁੱਦੇ 'ਤੇ ਵਿਸਥਾਰ ਨਾਲ ਨਫਰਤ ਦੀ ਵਿਚਾਰਧਾਰਾ ਨੂੰ ਬਦਲਣਾ ਪਵੇਗਾ। ਸਾਨੂੰ ਇਹ ਹੱਲ ਲੱਭਣਾ ਪਵੇਗਾ ਕਿ ਗਲਤ ਕੀ, ਗਲਤ ਕਿੱਥੇ ਅਤੇ ਗਲਤ ਕਿਉਂ ਹੋਇਆ? ਹਰੇਕ ਨਵੇਂ ਅੱਤਵਾਦੀ ਦੀ ਹੱਤਿਆ ਜਾਂ ਫਿਰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਆਪਣੇ ਆਪ ਨੂੰ ਸਲਾਹੁਣਾ ਪਵੇਗਾ ਅਤੇ ਇਹ ਕਹਿਣਾ ਪਵੇਗਾ ਕਿ ਅਸੀਂ ਉਦੋਂ ਤਕ ਲੜਾਂਗੇ, ਜਦੋਂ ਤਕ ਅੱਤਵਾਦ ਦਾ ਆਖਰੀ ਟੀਚਾ ਨਾ ਵਿੰਨ੍ਹਿਆ ਜਾ ਸਕੇ। ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਮਰੇ ਹੋਏ ਅੱਤਵਾਦੀ ਅਤੇ ਨਵੇਂ ਰੰਗਰੂਟਾਂ ਦੀ ਜਗ੍ਹਾ ਕੋਈ ਦੂਜੀ ਵਿਚਾਰਧਾਰਾ ਪੈਦਾ ਨਾ ਹੋਵੇ।
ਇਥੇ ਸਾਡਾ ਧਿਆਨ ਇਕ ਧੁੰਦਲੇ ਚਿੱਤਰ ਨੂੰ ਬਣਾਉਣ ਵਿਚ ਨਹੀਂ ਹੈ, ਸਗੋਂ ਸਾਡਾ ਮਕਸਦ ਜ਼ਮੀਨੀ ਪੱਧਰ ਦੀਆਂ ਸੱਚਾਈਆਂ ਨੂੰ ਸਮਝਣ ਅਤੇ ਉਸ ਦੀ ਮਹੱਤਤਾ ਜਾਣਨ ਲਈ ਹੈ। ਸਾਨੂੰ ਸਮਾਂ ਰਹਿੰਦਿਆਂ ਹੀ ਚੁਣੌਤੀਆਂ ਨਾਲ ਨਜਿੱਠਣ ਲਈ ਨਵੇਂ ਕਦਮ ਚੁੱਕਣੇ ਪੈਣਗੇ। ਵਿਚਾਰਾਂ ਦੀ ਜੰਗ ਕਾਰਣ ਨਵੇਂ ਬਦਲਾਂ ਦੀ ਤਲਾਸ਼ ਕਰਨਾ ਬਿਹਤਰ ਹੋਵੇਗਾ, ਬਜਾਏ ਬੈਠੇ ਰਹਿਣ ਦੇ। ਲੋਕਤੰਤਰਿਕ ਅਤੇ ਨਰਮਪੰਥੀ ਨੇਤਾਵਾਂ ਨੂੰ ਦੁਨੀਆ ਭਰ 'ਚ ਇਕਜੁੱਟ ਹੋ ਕੇ ਆਪਣੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਅਤੇ ਮਨੁੱਖੀ ਇੱਛਾਵਾਂ ਨਾਲ ਲੋਕਤੰਤਰ ਦੇ ਤੰਤਰ ਦਾ ਇਸਤੇਮਾਲ ਕਰਨਾ ਪਵੇਗਾ।
—ਹਰੀ ਜੈਸਿੰਘ
ਭਾਰਤ-ਪਾਕਿ ਵਿਚਾਲੇ ‘ਭਰੋਸੇ ਦਾ ਪੁਲ’ ਬਣੇਗਾ ਕਰਤਾਰਪੁਰ ਕੋਰੀਡੋਰ
NEXT STORY