ਸਵਾ ਅਰਬ ਤੋਂ ਜ਼ਿਆਦਾ ਹਿੰਦੋਸਤਾਨੀ ਹਜ਼ਾਰਾਂ ਰੰਗਾਂ ਤੇ ਖੁਸ਼ਬੂਆਂ ਨੂੰ ਸਮੇਟੀ ਤਿਰੰਗੇ 'ਚ ਪ੍ਰਤੀਬਿੰਬਤ ਭਾਰਤ ਦੀ ਇਕ ਨਵੀਂ ਕਹਾਣੀ ਰਚ ਰਹੇ ਹਨ। ਇਹ ਮੌਕਾ ਅੱਗੇ ਦੇਖਣ ਦਾ ਹੈ, ਇਤਿਹਾਸ ਦੇ ਬੋਝ ਨੂੰ ਢੋਣ ਦਾ ਨਹੀਂ। ਇਸ ਸਮੇਂ ਦਾ ਸਾਨੂੰ ਦਿਲੋਂ ਸਵਾਗਤ ਕਰਨਾ ਚਾਹੀਦਾ ਹੈ। ਬ੍ਰਹਿਮੋਸ ਤੋਂ ਲੈ ਕੇ ਦਲਵੀਰ ਭੰਡਾਰੀ ਤਕ ਭਾਰਤ ਦੇ ਅੱਗੇ ਵਧ ਰਹੇ ਕਦਮ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਦੁਨੀਆ ਦੀ ਸਭ ਤੋਂ ਤੇਜ਼ (ਆਵਾਜ਼ ਦੀ ਰਫਤਾਰ ਨਾਲੋਂ ਤਿੰਨ ਗੁਣਾ ਜ਼ਿਆਦਾ ਤੇਜ਼) ਅਤੇ ਮਾਰੂ ਸਮਰੱਥਾ ਵਾਲੀ ਮਿਜ਼ਾਈਲ 'ਬ੍ਰਹਿਮੋਸ' (ਜਿਸ ਦਾ ਭਾਰ ਢਾਈ ਟਨ ਹੈ) ਨੂੰ ਹਵਾਈ ਫੌਜ ਦੇ ਲੜਾਕੂ ਜਹਾਜ਼ ਸੁਖੋਈ-30 ਵਲੋਂ ਦਾਗ ਕੇ ਬੇਮਿਸਾਲ ਵਿਸ਼ਵ ਰਿਕਾਰਡ ਹੀ ਕਾਇਮ ਨਹੀਂ ਕੀਤਾ ਗਿਆ, ਸਗੋਂ ਭਾਰਤ ਦੀ ਫੌਜੀ ਤਾਕਤ ਦਾ ਜ਼ਬਰਦਸਤ ਜਲਵਾ ਵੀ ਦਿਖਾ ਦਿੱਤਾ।
ਜਿਹੜੀ ਸਫਲਤਾ ਚੀਨ ਤੇ ਅਮਰੀਕਾ ਦੀ ਹਵਾਈ ਫੌਜ ਨੂੰ ਨਹੀਂ ਮਿਲੀ, ਉਹ ਭਾਰਤੀ ਹਵਾਈ ਫੌਜ ਦੇ ਜਾਂਬਾਜ਼ਾਂ ਨੇ ਹਾਸਿਲ ਕਰ ਦਿਖਾਈ। ਇਹ ਮੌਕਾ ਉਦੋਂ ਹੋਰ ਵੀ ਮਾਣਮੱਤਾ ਬਣ ਜਾਂਦਾ ਹੈ, ਜਦੋਂ ਅਸੀਂ ਕੌਮਾਂਤਰੀ ਅਦਾਲਤ (ਆਈ. ਸੀ. ਜੇ.) 'ਚ ਜਸਟਿਸ ਦਲਵੀਰ ਭੰਡਾਰੀ ਦੀ ਜਿੱਤ ਨੂੰ ਦੇਖਦੇ ਹਾਂ। ਇਕ ਹੀ ਹਫਤੇ 'ਚ ਦੋ ਵਿਸ਼ਵ ਰਿਕਾਰਡ ਭਾਰਤੀ ਜਲਵੇ ਦੀਆਂ ਮਿਸਾਲਾਂ ਹਨ।
ਬ੍ਰਹਿਮੋਸ ਮਿਜ਼ਾਈਲ ਭਾਰਤ ਤੇ ਰੂਸ ਵਿਚਾਲੇ ਹੋਏ ਫੌਜੀ ਸਮਝੌਤੇ ਦਾ ਸਿੱਟਾ ਹੈ, ਜੋ ਪਣਡੁੱਬੀ, ਸਮੁੰਦਰੀ ਫੌਜ ਦੇ ਜੰਗੀ ਬੇੜਿਆਂ, ਲੜਾਕੂ ਜਹਾਜ਼ਾਂ ਤੋਂ ਦਾਗੀ ਜਾ ਸਕਦੀ ਹੈ। ਇਸ ਮਿਜ਼ਾਈਲ ਦਾ ਨਾਂ 'ਬ੍ਰਹਿਮੋਸ' ਭਾਰਤ ਦੀ ਨਦੀ ਬ੍ਰਹਮਪੁੱਤਰ (ਜੋ ਅਸਲ 'ਚ ਸ਼ਾਸਤਰਾਂ ਵਿਚ 'ਨਦ', ਭਾਵ ਪੁਲਿੰਗ ਕਹੀ ਗਈ) ਅਤੇ ਰੂਸ ਦੀ ਨਦੀ ਮਸਕਵਾ (ਜਿਸ ਦੇ ਨਾਂ 'ਤੇ ਰੂਸ ਦਾ ਸ਼ਹਿਰ ਮਾਸਕੋ ਹੈ) ਦੇ ਮੇਲ ਨਾਲ ਰੱਖਿਆ ਗਿਆ ਹੈ।
ਬ੍ਰਹਿਮੋਸ ਮਿਜ਼ਾਈਲ ਆਮ ਤੌਰ 'ਤੇ 290 ਕਿਲੋਮੀਟਰ ਦੂਰ ਤਕ ਮਾਰ ਕਰ ਸਕਦੀ ਹੈ ਪਰ ਲੜਾਕੂ ਜਹਾਜ਼ ਰਾਹੀਂ ਦਾਗੇ ਜਾਣ 'ਤੇ ਇਸ ਦੀ ਮਾਰੂ ਸਮਰੱਥਾ ਹੋਰ ਵਧ ਜਾਂਦੀ ਹੈ। ਭਾਰਤ ਨੇ ਫੌਜ ਦੇ ਤਿੰਨਾਂ ਅੰਗਾਂ ਲਈ ਇਹ ਮਿਜ਼ਾਈਲ ਖਰੀਦਣ ਵਾਸਤੇ 27510 ਕਰੋੜ ਰੁਪਏ ਦੇ ਆਰਡਰ ਦਿੱਤੇ ਹਨ। ਇਸ ਮਿਜ਼ਾਈਲ ਦੀ ਸਫਲਤਾ ਭਾਰਤੀ ਹਵਾਈ ਫੌਜ ਦੇ ਨਾਲ-ਨਾਲ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੇ ਵਿਗਿਆਨੀਆਂ ਲਈ ਵੀ ਖੁਸ਼ੀ ਦਾ ਪਲ ਹੈ।
ਬੇਹੱਦ ਸੀਮਤ ਬਜਟ ਅਤੇ ਵੱਡੀਆਂ ਉਮੀਦਾਂ ਦਰਮਿਆਨ ਕੰਮ ਕਰ ਰਿਹਾ ਇਹ ਸੰਗਠਨ ਰੱਖਿਆ ਦੇ ਖੇਤਰ ਵਿਚ 'ਮੇਕ ਇਨ ਇੰਡੀਆ' ਦੀ ਮੁਹਿੰਮ ਹੈ, ਜਿਸ ਨੇ ਰੂਸ ਲਈ ਸੁਖੋਈ-30 'ਚ ਭਾਰਤੀ ਲੋੜਾਂ ਮੁਤਾਬਿਕ ਸਵਦੇਸ਼ੀ ਤਕਨੀਕ ਨਾਲ ਬੁਨਿਆਦੀ ਤਬਦੀਲੀ ਕਰ ਕੇ ਬ੍ਰਹਿਮੋਸ ਮਿਜ਼ਾਈਲ ਨੂੰ ਸਫਲਤਾਪੂਰਵਕ ਦਾਗ ਕੇ ਦੁਨੀਆ ਦੇ ਫੌਜ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ।
ਹਿੰਦੋਸਤਾਨ ਏਅਰੋਨਾਟਿਕਸ ਅਤੇ ਬ੍ਰਹਿਮੋਸ ਏਅਰੋਸਪੇਸ ਰੱਖਿਆ ਖੋਜ ਸੰਗਠਨ ਦੋਵੇਂ ਬ੍ਰਹਿਮੋਸ ਨੂੰ ਸੁਖੋਈ ਲੜਾਕੂ ਜਹਾਜ਼ਾਂ 'ਚ ਜੋੜਨ ਦੀ ਕੋਸ਼ਿਸ਼ ਜੂਨ 2016 ਤੋਂ ਹੀ ਕਰ ਰਹੇ ਸਨ। ਇਹ ਕੰਮ ਬਹੁਤ ਮੁਸ਼ਕਿਲਾਂ ਭਰਿਆ ਪਰ ਬੇਮਿਸਾਲ ਰਿਹਾ ਹੈ। ਯਕੀਨੀ ਤੌਰ 'ਤੇ ਇਸ ਪ੍ਰਾਪਤੀ ਨਾਲ ਜਿਥੇ ਭਾਰਤੀ ਫੌਜ ਦਾ ਮਨੋਬਲ ਵਧਿਆ ਹੈ, ਉਥੇ ਹੀ ਦੁਸ਼ਮਣਾਂ ਨੂੰ ਵੀ ਝਟਕਾ ਲੱਗਾ ਹੈ।
ਪਰ ਅਸੀਂ ਭਾਰਤੀ ਘਟੀਆ ਸਿਆਸੀ ਗਾਲੀ-ਗਲੋਚ ਅਤੇ ਜਿੱਤ-ਹਾਰ ਦੇ ਰੌਲੇ 'ਚ ਇੰਨੇ ਉਲਝੇ ਹੋਏ ਹਾਂ ਕਿ ਭਾਰਤੀ ਵਿਗਿਆਨੀਆਂ ਤੇ ਫੌਜ ਦੇ ਜਵਾਨਾਂ ਦੀ ਇਸ ਬੇਮਿਸਾਲ ਪ੍ਰਾਪਤੀ 'ਤੇ ਜਸ਼ਨ ਮਨਾਉਣ ਦੀ ਬਜਾਏ ਅਣਡਿੱਠ ਕਰ ਰਹੇ ਹਾਂ। ਇਹ ਮੌਕਾ ਭਾਰਤੀ ਰੱਖਿਆ ਵਿਗਿਆਨੀਆਂ ਤੇ ਹਵਾਈ ਫੌਜ ਦਾ ਹਜ਼ਾਰਾਂ-ਲੱਖਾਂ ਵਾਰ 'ਧੰਨਵਾਦ' ਕਰਨ ਦਾ ਹੈ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਇਸ ਪ੍ਰਾਪਤੀ 'ਤੇ ਚਰਚਾ ਹੋਣੀ ਚਾਹੀਦੀ ਹੈ।
ਬ੍ਰਹਿਮੋਸ ਦੇ ਨਾਲ-ਨਾਲ ਜਸਟਿਸ ਦਲਵੀਰ ਭੰਡਾਰੀ ਦਾ ਕੌਮਾਂਤਰੀ ਅਦਾਲਤ 'ਚ ਮੁੜ ਚੁਣਿਆ ਜਾਣਾ ਵੀ ਭਾਰਤ ਲਈ ਮਾਣ ਵਾਲੀ ਗੱਲ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਵਿਦੇਸ਼ ਸਕੱਤਰ ਜੈਸ਼ੰਕਰ, ਸੰਯੁਕਤ ਰਾਸ਼ਟਰ 'ਚ ਭਾਰਤ ਦੇ ਨੁਮਾਇੰਦੇ ਸਈਦ ਅਕਬਰੂਦੀਨ, ਹੇਗ 'ਚ ਭਾਰਤ ਦੇ ਰਾਜਦੂਤ ਵੇਣੂ ਰਾਜਾਮਣੀ ਸਮੇਤ ਸਮੁੱਚੇ ਵਿਦੇਸ਼ ਮੰਤਰਾਲੇ ਅਤੇ ਸਾਊਥ ਬਲਾਕ ਨੇ ਉਹ ਕ੍ਰਿਸ਼ਮਾ ਕਰ ਦਿਖਾਇਆ, ਜਿਸ 'ਚ ਹਾਰ ਦੇ ਜਬਾੜਿਆਂ 'ਚੋਂ ਜਿੱਤ ਖਿੱਚ ਲਿਆਂਦੀ ਗਈ। ਇਹ ਸਿਰਫ ਜਸਟਿਸ ਭੰਡਾਰੀ ਦੀ ਹਰਮਨਪਿਆਰੀ ਤੇ ਨਿਆਂ-ਪਸੰਦ ਸ਼ਖ਼ਸੀਅਤ ਦੀ ਜਿੱਤ ਨਹੀਂ, ਸਗੋਂ ਦੁਨੀਆ 'ਚ ਲਗਾਤਾਰ ਵਧ ਰਹੇ ਭਾਰਤ ਦੇ ਮਾਣਮੱਤੇ ਦਰਜੇ ਦੀ ਵੀ ਪ੍ਰਤੀਕ ਹੈ।
ਜੇ ਵੱਖ-ਵੱਖ ਪਾਰਟੀਆਂ ਤੇ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕ ਆਪੋ-ਆਪਣੇ ਢੰਗ ਨਾਲ ਭਾਰਤ ਦੇ ਵਿਕਾਸ ਦੀ ਨਵੀਂ ਕਹਾਣੀ ਘੜਨ ਲਈ ਸਰਗਰਮ ਹਨ ਤਾਂ ਉਸ 'ਚ ਸਭ ਨੂੰ ਖੁਸ਼ੀ ਕਿਉਂ ਨਹੀਂ ਹੋਣੀ ਚਾਹੀਦੀ ਪਰ ਬਦਕਿਸਮਤੀ ਨਾਲ ਭਾਰਤੀ ਜਨਤਕ ਜੀਵਨ 'ਚ ਅੱਜ ਉਹੋ ਜਿਹਾ ਮਾਹੌਲ ਨਜ਼ਰ ਹੀ ਨਹੀਂ ਆ ਰਿਹਾ।
ਕਈ ਵਾਰ ਤਾਂ ਇਹ ਕਹਿਣ ਨੂੰ ਦਿਲ ਕਰਦਾ ਹੈ ਕਿ ਭਾਰਤ ਦੀ ਤਕਦੀਰ ਮਿੱਟੀ ਤੇ ਮਿਹਨਤ ਦੇ ਪਸੀਨੇ ਨਾਲ ਭਿੱਜੇ ਕਿਸਾਨਾਂ, ਮਜ਼ਦੂਰਾਂ ਨੇ ਹੀ ਲਿਖੀ ਹੈ, ਕਿਸੇ ਕਰੋੜਪਤੀ ਜਾਂ ਅਰਬਪਤੀ ਸਰਮਾਏਦਾਰ ਨੇ ਨਹੀਂ। ਭਾਰਤ ਦੇ 95 ਫੀਸਦੀ ਫੌਜੀ ਜਵਾਨ ਤੇ ਵਿਗਿਆਨੀ ਅੱਜ ਵੀ ਦਰਮਿਆਨੇ ਤੇ ਹੇਠਲੇ ਆਮਦਨ ਵਰਗ ਤੋਂ ਆਉਂਦੇ ਹਨ, ਜਿਨ੍ਹਾਂ ਦੀ ਮਿਹਨਤ ਦੀ ਖੁਸ਼ਬੂ ਭਾਰਤ ਦੇ ਸਿਰ ਦਾ ਤਾਜ ਤੇ ਸੀਨੇ ਦਾ ਕਵਚ ਬਣਦੀ ਹੈ।
(tarunvijay੨@yahoo.com)
ਫਿਰ ਗਰਮਾਇਆ ਰਾਮ ਮੰਦਿਰ ਦੀ ਉਸਾਰੀ ਦਾ ਮੁੱਦਾ
NEXT STORY