ਭਾਰਤੀ ਸਿਆਸਤਦਾਨ ਕਦੇ-ਕਦਾਈਂ ਆਪਣੀਆਂ ਯਾਦਾਂ ਬਾਰੇ ਲਿਖਦੇ ਹਨ ਅਤੇ ਜੋ ਥੋੜ੍ਹੇ-ਬਹੁਤ ਲੋਕ ਇਹ ਕੰਮ ਕਰਦੇ ਹਨ, ਉਹ ਵੀ ਵਿਅਕਤੀਆਂ ਤੇ ਮੁੱਦਿਆਂ ਨੂੰ ਇੰਝ ਝਾੜ-ਪੂੰਝ ਕੇ ਪੇਸ਼ ਕਰਦੇ ਹਨ ਕਿ ਉਨ੍ਹਾਂ ਦੀਆਂ ਕਿਤਾਬਾਂ ਬਿਲਕੁਲ ਹੀ ਨੀਰਸ ਹੁੰਦੀਆਂ ਹਨ। ਇਸ ਤਰ੍ਹਾਂ ਦੱਬੀ ਜ਼ੁਬਾਨ ਪਿੱਛੇ ਜਿਥੇ ਇਹ ਚਿੰਤਾਵਾਂ ਸਤਾ ਰਹੀਆਂ ਹੁੰਦੀਆਂ ਹਨ ਕਿ ਕਿਤੇ ਕੋਈ ਨਾਰਾਜ਼ ਨਾ ਹੋ ਜਾਵੇ, ਉਥੇ ਹੀ ਇਹ ਡਰ ਵੀ ਹੁੰਦਾ ਹੈ ਕਿ ਸੱਚਾਈ ਖ਼ੁਦ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਿਹਤਰੀਨ ਸਿਆਸੀ ਸਵੈ-ਜੀਵਨੀਆਂ ਦੀ ਭਾਰੀ ਘਾਟ ਹੈ। ਲਾਲ ਕ੍ਰਿਸ਼ਨ ਅਡਵਾਨੀ ਅਤੇ ਪ੍ਰਣਬ ਮੁਖਰਜੀ ਆਪੋ-ਆਪਣੀ ਜਗ੍ਹਾ ਬਹੁਤ ਕੱਦਾਵਰ ਨੇਤਾ ਹਨ ਅਤੇ ਉਨ੍ਹਾਂ ਨੇ ਆਪਣੀਆਂ ਯਾਦਾਂ ਵੀ ਲਿਖੀਆਂ ਹਨ। ਫਿਰ ਵੀ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਇਨ੍ਹਾਂ ਵਿਚ ਕੋਈ ਅਜਿਹੀ ਅਨਮੋਲ ਜਾਣਕਾਰੀ ਹੋਵੇਗੀ, ਜਿਹੜੀ ਅੱਜ ਤਕ ਨਜ਼ਰਾਂ ਤੋਂ ਲੁਕੀ ਰਹੀ ਹੋਵੇ ਤਾਂ ਸਮਝ ਲਓ ਕਿ ਤੁਸੀਂ ਚਲੰਤ ਮਾਮਲਿਆਂ ਬਾਰੇ ਜਾਣਕਾਰੀ ਨਹੀਂ ਰੱਖਦੇ। ਹਾਲ ਹੀ ਦੀਆਂ ਇਤਿਹਾਸਕ ਘਟਨਾਵਾਂ ਨੂੰ ਚੰਗੀ ਤਰ੍ਹਾਂ ਰੰਗ-ਰੋਗਨ ਕਰ ਕੇ ਪੇਸ਼ ਕੀਤਾ ਜਾਵੇ ਤਾਂ ਵੀ ਕੋਈ ਸਵੈ-ਜੀਵਨੀ ਮਹਾਨ ਨਹੀਂ ਬਣ ਸਕਦੀ।
ਪਰ ਹੁਣ ਖਤਮ ਹੋ ਚੁੱਕੀ ਸਮਤਾ ਪਾਰਟੀ ਦੀ ਕਿਸੇ ਜ਼ਮਾਨੇ ਵਿਚ ਪ੍ਰਧਾਨ ਰਹੀ ਜਯਾ ਜੇਤਲੀ ਨੇ ਜਿਸ ਢੰਗ ਨਾਲ ਆਪਣੀਆਂ ਯਾਦਾਂ ਲਿਖੀਆਂ ਹਨ, ਉਹ ਸਾਡੇ ਲਈ ਸੁਖਾਵੀਂ ਹੈਰਾਨੀ ਦੇ ਨਾਲ-ਨਾਲ ਸਿਆਸੀ ਸਵੈ-ਜੀਵਨੀਆਂ ਬਾਰੇ ਚੱਲੇ ਆ ਰਹੇ ਆਮ ਚਲਨ ਦੇ ਨਜ਼ਰੀਏ ਤੋਂ ਇਕ ਸਨਮਾਨਜਨਕ ਅਪਵਾਦ ਹੈ।
'ਲਾਈਫ ਅਮੰਗ ਸਕਾਰਪੀਅਨਜ਼-ਮੈਮੋਅਰਜ਼ ਆਫ ਏ ਵੂਮੈਨ ਇਨ ਇੰਡੀਅਨ ਪਾਲੀਟਿਕਸ' ਨਾਮੀ ਕਿਤਾਬ ਇਸ ਨਜ਼ਰੀਏ ਤੋਂ ਵੀ ਢੁੱਕਵੀਂ ਹੈ ਕਿ ਪਹਿਲੀ ਵਾਰ ਇਸ ਵਿਚ ਇਸ ਬਿੰਦੂ 'ਤੇ ਚਾਨਣਾ ਪਾਇਆ ਗਿਆ ਹੈ ਕਿ ਭਾਰਤੀ ਸਿਆਸੀ ਤੰਤਰ ਕਿਸ ਹੱਦ ਤਕ ਗਲ-ਸੜ ਚੁੱਕਾ ਹੈ ਅਤੇ ਕਿਸ ਤਰ੍ਹਾਂ ਭਾੜੇ ਦੇ ਮੀਡੀਆ ਦਾ ਇਕ ਵਰਗ ਹਮੇਸ਼ਾ ਸਭ ਤੋਂ ਘੱਟ ਬੋਲੀ ਲਾਉਣ ਵਾਲਿਆਂ ਸਾਹਮਣੇ ਖ਼ੁਦ ਨੂੰ ਵੇਚਣ ਲਈ ਉਤਾਵਲਾ ਰਹਿੰਦਾ ਹੈ।
ਉੱਚ ਮੱਧਵਰਗ 'ਚ ਪਲੀ-ਵਧੀ ਜਯਾ ਜੇਤਲੀ ਨੇ ਬਹੁਤ ਸ਼ਾਨਦਾਰ ਢੰਗ ਨਾਲ ਸਿਖਲਾਈ ਲਈ ਹੈ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਵੀ ਸੱਤਾਤੰਤਰ 'ਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ। ਖ਼ੁਦ ਜਯਾ ਨੇ ਹਸਤਕਲਾ ਉਦਯੋਗ ਅਤੇ ਆਦੀਵਾਸੀ ਕਾਰੀਗਰਾਂ ਵਰਗੇ ਹੁਣ ਤਕ ਅਣਗੌਲੇ ਖੇਤਰਾਂ ਦਾ ਮਿਆਰ ਉਤਾਂਹ ਚੁੱਕਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਭਾਰਤ ਦੀ ਸਿਆਸਤ 'ਚ ਅਜਿਹੀ ਔਰਤ ਦਾ ਹੋਣਾ ਬਹੁਤ ਖੁਸ਼ੀ ਵਾਲੀ ਗੱਲ ਹੈ, ਹੋਣੀ ਚਾਹੀਦੀ ਸੀ ਕਿਉਂਕਿ ਸਿਆਸਤ 'ਚ ਔਰਤਾਂ ਦੀ ਗਿਣਤੀ ਅਜੇ ਵੀ ਨਾਮਾਤਰ ਹੈ।
ਪਰ ਅਜਿਹਾ ਹੋਣਾ ਤਾਂ ਦੂਰ, ਜਯਾ ਆਪਣੀ ਹੀ ਪਾਰਟੀ ਦੇ ਕੁਝ ਬੰਦਿਆਂ ਤੋਂ ਇਲਾਵਾ ਹੋਰਨਾਂ ਦੀਆਂ ਅੱਖਾਂ 'ਚ ਵੀ ਰੜਕਣ ਲੱਗੀ ਕਿਉਂਕਿ ਉਹ ਸਾਜ਼ਿਸ਼ ਅਤੇ ਹੇਰਾਫੇਰੀ ਵਾਲੀ ਸਿਆਸੀ ਖੇਡ ਖੇਡਣ ਲਈ ਤਿਆਰ ਨਹੀਂ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਉਹ ਗਲਤ ਕੰਮਾਂ ਦੀ ਕਮਾਈ ਨਾਲ ਆਪਣੇ ਹੱਥ ਗੰਦੇ ਕਰਨ ਲਈ ਤਿਆਰ ਨਹੀਂ ਸੀ।
ਸਾਡੇ ਲਈ ਇਹ ਕਿਤਾਬ ਇਸ ਲਈ ਵੀ ਵਡਮੁੱਲੀ ਹੈ ਕਿਉਂਕਿ ਇਸ ਵਿਚ 'ਤਹਿਲਕਾ' ਦੇ ਸਟਿੰਗ ਆਪ੍ਰੇਸ਼ਨ ਬਾਰੇ ਸਾਡੀਆਂ ਉਨ੍ਹਾਂ ਗੱਲਾਂ ਦੀ ਪੁਸ਼ਟੀ ਕੀਤੀ ਗਈ ਹੈ, ਜੋ ਅਸੀਂ ਲੰਮੇ ਸਮੇਂ ਤੋਂ ਲਿਖਦੇ ਆ ਰਹੇ ਹਾਂ ਕਿ ਇਹ ਵਾਜਪਾਈ ਸਰਕਾਰ ਨੂੰ ਅਸਥਿਰ ਕਰਨ ਲਈ ਬਹੁਤ ਹੀ ਹਾਈ ਪ੍ਰੋਫਾਈਲ ਦਲਾਲਾਂ ਵਲੋਂ ਘੜੀ ਗਈ ਇਕ ਬਹੁਤ ਵੱਡੀ ਸਾਜ਼ਿਸ਼ ਸੀ।
ਉਨ੍ਹਾਂ ਦਲਾਲਾਂ ਨੇ ਤਰੁਣ ਤੇਜਪਾਲ ਨੂੰ ਬਹੁਤ ਢੁੱਕਵਾਂ ਵਿਅਕਤੀ ਸਮਝ ਕੇ ਉਸ ਨਾਲ ਗੰਢਤੁੱਪ ਕਰ ਲਈ ਕਿਉਂਕਿ ਉਹ ਝੱਟਪਟ ਅਰਬਪਤੀ ਬਣਨ ਲਈ ਉਤਾਵਲਾ ਸੀ। ਸਿਆਸੀ ਸੜ੍ਹਾਂਦ ਦਾ ਇਹ ਕਿੱਸਾ ਕੋਈ ਬਹੁਤਾ ਪੁਰਾਣਾ ਨਹੀਂ ਹੈ ਪਰ ਜਯਾ ਜੇਤਲੀ ਨੇ ਇਸ ਨੂੰ ਬਹੁਤ ਹੀ ਮਜ਼ਬੂਤ ਢੰਗ ਨਾਲ ਪੇਸ਼ ਕੀਤਾ ਹੈ।
ਉਮਰ ਭਰ ਨਹਿਰੂ-ਗਾਂਧੀ ਪਰਿਵਾਰ ਅਤੇ ਇਸ ਦੇ ਗੂੜ੍ਹੇ ਮਿੱਤਰ ਇਤਾਲਵੀ ਨੌਸਰਬਾਜ਼ ਕਵਾਤਰੋਚੀ ਦੇ ਆਲੋਚਕ ਰਹੇ ਤੱਤਕਾਲੀ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਹੀ 'ਤਹਿਲਕਾ ਸਟਿੰਗ' ਦਾ ਮੁੱਖ ਨਿਸ਼ਾਨਾ ਸਨ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਨਾ ਸਿਰਫ ਇਕ ਖੁੱਲ੍ਹੀ ਕਿਤਾਬ ਸੀ, ਸਗੋਂ ਉਨ੍ਹਾਂ ਨੇ ਖ਼ੁਦ ਨੂੰ ਬਹੁਤ ਸਲੀਕੇ ਤੇ ਯਤਨਾਂ ਨਾਲ ਬੇਦਾਗ਼ ਰੱਖਿਆ ਸੀ। ਜਯਾ ਜੇਤਲੀ ਕਿਉਂਕਿ ਸਮਤਾ ਪਾਰਟੀ ਦੀ ਪ੍ਰਧਾਨ ਸੀ, ਇਸ ਲਈ ਜਾਰਜ 'ਤੇ ਹੋਏ ਹਮਲੇ ਦੀ ਮਾਰ ਤੋਂ ਉਹ ਵੀ ਨਹੀਂ ਬਚ ਸਕੀ।
ਇਸ ਸਾਜ਼ਿਸ਼ ਲਈ ਅਜਿਹੇ ਸ਼ਕਤੀਸ਼ਾਲੀ ਨੌਸਰਬਾਜ਼ਾਂ ਵਲੋਂ ਪੈਸਾ ਦਿੱਤਾ ਗਿਆ ਸੀ, ਜਿਹੜੇ ਵਾਜਪਾਈ ਦੀ ਸਰਕਾਰ ਬਣਨ ਤੋਂ ਬਾਅਦ ਬੇਰੋਜ਼ਗਾਰ ਹੋ ਗਏ ਸਨ। ਬੇਸ਼ੱਕ ਤਰੁਣ ਤੇਜਪਾਲ ਨੇ ਇਹ ਦਾਅਵਾ ਕੀਤਾ ਸੀ ਕਿ ਸਟਿੰਗ ਆਪ੍ਰੇਸ਼ਨ ਅਤੇ ਵੇਸਵਾਵਾਂ ਸਪਲਾਈ ਕਰਨ ਲਈ ਪੈਸਾ ਉਸ ਦੇ ਸਕੂਲੀ ਜੀਵਨ ਦੇ ਦੋਸਤ ਅਤੇ ਸ਼ੇਅਰ ਦਲਾਲ ਸ਼ੰਕਰ ਸ਼ਰਮਾ ਨੇ ਮੁਹੱਈਆ ਕਰਵਾਇਆ ਸੀ, ਫਿਰ ਵੀ ਜਯਾ ਜੇਤਲੀ ਸਬੂਤਾਂ ਸਮੇਤ ਦੱਸਦੀ ਹੈ ਕਿ ਅਸਲ ਵਿਚ 6 ਕਰੋੜ ਰੁਪਿਆ ਵਿਦੇਸ਼ੀ ਸੋਮਿਆਂ ਤੋਂ ਆਇਆ ਸੀ ਤੇ ਸ਼ੰਕਰ ਸ਼ਰਮਾ ਸਿਰਫ ਦਲਾਲ ਸੀ, ਜਿਸ ਦੇ ਜ਼ਰੀਏ ਇਹ ਪੈਸਾ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਤਰੁਣ ਤੇਜਪਾਲ ਤਕ ਪਹੁੰਚਾਇਆ ਗਿਆ ਸੀ।
ਉਸ ਤੋਂ ਬਾਅਦ ਤਤਕਾਲੀ ਭਾਜਪਾ ਪ੍ਰਧਾਨ ਬੰਗਾਰੂ ਲਕਸ਼ਮਣ ਨੂੰ ਬੜੀ ਆਸਾਨੀ ਨਾਲ ਜਾਲ 'ਚ ਫਸਾਇਆ ਗਿਆ ਕਿਉਂਕਿ ਉਹ ਬਹੁਤ ਸਿੱਧੇ-ਸਾਦੇ ਵਿਅਕਤੀ ਸਨ ਪਰ ਸਾਜ਼ਿਸ਼ ਲਈ ਪੈਸਾ ਦੇਣ ਵਾਲੇ ਦਲਾਲਾਂ ਦਾ ਅਸਲੀ ਨਿਸ਼ਾਨਾ ਤਾਂ ਜਯਾ ਜੇਤਲੀ ਸੀ। ਬੇਸ਼ੱਕ ਉਦੋਂ ਜਯਾ ਆਪਣੀ ਪਾਰਟੀ ਦੀ ਪ੍ਰਧਾਨ ਸੀ ਪਰ ਫਿਰ ਵੀ ਪਾਰਟੀ ਦੀਆਂ ਵਿੱਤੀ ਕਾਰਗੁਜ਼ਾਰੀਆਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ।
'ਤਹਿਲਕਾ' ਨੂੰ ਪੈਸਾ ਦੇਣ ਵਾਲਿਆਂ ਨੇ ਇਹ ਹੁਕਮ ਦਿੱਤਾ ਹੋਇਆ ਸੀ ਕਿ ਜਯਾ ਜੇਤਲੀ ਨੂੰ ਕਿਸੇ ਵੀ ਕੀਮਤ 'ਤੇ ਫਸਾਉਣਾ ਹੈ। ਇਹੋ ਸੋਚ ਕੇ ਸਟਿੰਗ ਆਪ੍ਰੇਟਰਾਂ ਨੇ ਉਨ੍ਹਾਂ ਨੂੰ ਮਿਲਣ ਜਾਣ ਵਾਲੇ ਇਕ ਵਿਅਕਤੀ ਦੇ ਹੱਥ ਵਿਚ ਇਕ ਪੈਕੇਟ ਫੜਾ ਦਿੱਤਾ, ਜਦਕਿ ਉਹ ਉਸ ਵਿਅਕਤੀ ਦਾ ਨਾਂ ਤਕ ਨਹੀਂ ਜਾਣਦੇ ਸਨ। ਉਹ ਵਿਅਕਤੀ ਰਾਜਸਥਾਨ ਨਾਲ ਸੰਬੰਧਿਤ ਪੁਰਾਣਾ ਸਮਾਜਵਾਦੀ ਸੀ ਅਤੇ ਜਾਰਜ ਫਰਨਾਂਡੀਜ਼ ਨੂੰ ਮਿਲਣ ਆਇਆ ਸੀ। ਬਾਅਦ ਵਿਚ 'ਤਹਿਲਕਾ' ਨੇ ਦਾਅਵਾ ਕੀਤਾ ਕਿ ਰੱਖਿਆ ਮੰਤਰੀ ਵਲੋਂ ਜਯਾ ਨੇ ਹੀ ਇਸ ਪੈਕੇਟ ਵਿਚ ਭੇਜਿਆ ਗਿਆ ਪੈਸਾ ਲਿਆ ਸੀ। ਇਸ ਸਬੰਧ ਵਿਚ ਜਾਰੀ ਟੇਪਾਂ ਵਿਚ ਬੇਸ਼ਰਮੀ ਭਰੇ ਢੰਗ ਨਾਲ ਹੇਰਾਫੇਰੀ ਕਰਨ ਅਤੇ 'ਤਹਿਲਕਾ' ਦੇ ਵਿਕਾਊ ਮਾਲਕਾਂ ਦੇ ਸਿਆਸੀ ਇਰਾਦਿਆਂ ਨੂੰ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸੇ ਦਰਮਿਆਨ ਸ਼ੇਅਰ ਦਲਾਲ ਸ਼ਰਮਾ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ 'ਤਹਿਲਕਾ' ਦੇ ਖੁਲਾਸਿਆਂ ਨਾਲ ਵਾਜਪਾਈ ਸਰਕਾਰ ਲੜਖੜਾ ਜਾਵੇਗੀ। ਕਈ ਸਾਲਾਂ ਬਾਅਦ 'ਸੇਬੀ' ਨੇ ਸ਼ਰਮਾ ਨੂੰ 'ਬਲੈਕ ਲਿਸਟ' ਕਰ ਦਿੱਤਾ ਅਤੇ ਬਾਜ਼ਾਰ 'ਚ ਉਸ ਦੇ ਕੰਮਕਾਜ 'ਤੇ ਪਾਬੰਦੀ ਲਾ ਦਿੱਤੀ। ਸੁਪਰੀਮ ਕੋਰਟ ਨੇ ਵੀ ਇਸ ਪਾਬੰਦੀ ਨੂੰ ਜਾਇਜ਼ ਠਹਿਰਾਇਆ ਪਰ ਸ਼ੰਕਰ ਸ਼ਰਮਾ ਦੀ ਨੌਸਰਬਾਜ਼ੀ ਸਿੱਧ ਹੋ ਜਾਣ ਦੇ ਬਾਵਜੂਦ ਉਹ ਲਗਾਤਾਰ ਪਿੰ੍ਰਟ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ ਅਰਥ ਵਿਵਸਥਾ ਬਾਰੇ ਆਪਣੀ ਜ਼ੁਬਾਨ ਚਲਾਉਂਦਾ ਰਹਿੰਦਾ ਹੈ। ਸ਼ਾਇਦ ਹੋਰਨਾਂ ਲੋਕਾਂ ਦੀ ਬਜਾਏ ਨੌਸਰਬਾਜ਼ ਵਿੱਤੀ ਬਾਜ਼ਾਰਾਂ ਬਾਰੇ ਜ਼ਿਆਦਾ ਬਿਹਤਰ ਜਾਣਕਾਰੀ ਰੱਖਦੇ ਹਨ।
ਬਾਅਦ 'ਚ ਜਦੋਂ ਯੂ. ਪੀ. ਏ. ਦੀ ਸਰਕਾਰ ਮੁੜ ਬਣੀ ਤਾਂ ਸੋਨੀਆ ਗਾਂਧੀ ਨੇ ਤੱਤਕਾਲੀ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਹੁਕਮ ਦਿੱਤਾ ਕਿ ਸ਼ੰਕਰ ਸ਼ਰਮਾ ਨਾਲ ਵੀ. ਆਈ. ਪੀ. ਸਲੂਕ ਕੀਤਾ ਜਾਵੇ ਅਤੇ ਪਿਛਲੀ ਸਰਕਾਰ ਵਲੋਂ ਉਸ 'ਤੇ ਲਾਈਆਂ ਪਾਬੰਦੀਆਂ ਹਟਾ ਲਈਆਂ ਜਾਣ। ਆਪਣੀ ਇਕ ਚਿੱਠੀ ਵਿਚ ਤੇਜਪਾਲ ਨੇ 'ਸੋਨੀਆ ਜੀ' ਨੂੰ ਬੇਨਤੀ ਕੀਤੀ ਕਿ ਉਹ ਪ੍ਰਿਅੰਕਾ ਨੂੰ ਰਾਸ਼ਟਰ ਦੀ ਸੇਵਾ ਲਈ ਕੰਮ ਕਰਨ ਦੀ ਇਜਾਜ਼ਤ ਦੇਣ।
ਇਸ ਤੋਂ ਬਾਅਦ ਵੀ ਕਾਂਗਰਸ ਪਾਰਟੀ ਜਾਅਲੀ ਸਟਿੰਗ ਆਪ੍ਰੇਸ਼ਨ 'ਤੇ ਡਟੀ ਰਹੀ। ਜਯਾ ਦੀ ਕਿਤਾਬ ਵਿਚ ਇਸ ਸਬੰਧੀ ਸਭ ਤੋਂ ਸਖ਼ਤ ਟਿੱਪਣੀ ਕਰਦਿਆਂ ਦੱਸਿਆ ਗਿਆ ਹੈ ਕਿ ਕਾਂਗਰਸ ਨੇ ਕਿਸ ਤਰ੍ਹਾਂ ਸੁਪਰੀਮ ਕੋਰਟ ਦੇ ਇਕ ਬਹੁਤ ਹੀ ਸਨਮਾਨਿਤ ਸਾਬਕਾ ਜੱਜ ਦੀ ਪ੍ਰਧਾਨਗੀ ਵਾਲੇ ਜਾਂਚ ਕਮਿਸ਼ਨ 'ਚ ਅੜਿੱਕੇ ਡਾਹੇ ਸਨ।
ਐਨ ਜਿਸ ਸਮੇਂ ਕਮਿਸ਼ਨ ਤੇਜਪਾਲ ਦੇ ਝੂਠੇ ਦਾਅਵਿਆਂ, ਉਸ ਦੀ ਵਿੱਤੀ ਸਹਾਇਤਾ ਅਤੇ ਟੇਪਾਂ ਦੀ ਜਾਅਲਸਾਜ਼ੀ ਦੇ ਨਾਲ-ਨਾਲ ਸਟਿੰਗ ਆਪ੍ਰੇਸ਼ਨ ਦੀ ਸਮੁੱਚੀ ਸਾਜ਼ਿਸ਼ ਦਾ ਭਾਂਡਾ ਭੰਨਣ ਦੇ ਨੇੜੇ ਪਹੁੰਚ ਗਿਆ ਸੀ, ਕਾਂਗਰਸ ਦੇ ਵਕੀਲ ਨੇ ਉਸ ਸਾਬਕਾ ਜੱਜ ਨੂੰ ਅਪਮਾਨਿਤ ਕੀਤਾ ਤੇ ਫਟਾਫਟ ਆਪਣਾ ਬੋਰੀਆ-ਬਿਸਤਰਾ ਬੰਨ੍ਹਣ ਲਈ ਮਜਬੂਰ ਕਰ ਦਿੱਤਾ।
'ਤਹਿਲਕਾ' ਨੂੰ ਪੈਸਾ ਦੇਣ ਵਾਲੇ ਲੋਕ ਇਹੋ ਤਾਂ ਚਾਹੁੰਦੇ ਸਨ ਕਿਉਂਕਿ ਸੱਚਾਈ ਸਾਹਮਣੇ ਆਉਣ 'ਤੇ ਉਨ੍ਹਾਂ ਸਾਰਿਆਂ ਲਈ ਆਪਣਾ ਮੂੰਹ ਲੁਕਾਉਣਾ ਮੁਸ਼ਕਿਲ ਹੋ ਜਾਣਾ ਸੀ। ਹੁਣ ਕੁਝ ਗੱਲਾਂ ਤੇਜਪਾਲ ਦੀ ਪੱਤਰਕਾਰੀ ਦੀ ਵੰਨਗੀ ਬਾਰੇ ਕਰਦੇ ਹਾਂ :
ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਹੁਣ ਦੀਵਾਲੀਆ ਹੋ ਚੁੱਕੇ ਐੱਸ. ਆਰ. ਗਰੁੱਪ ਦੇ ਮਾਲਕ ਰੂਈਆ ਪਰਿਵਾਰ ਨੂੰ ਤੇਜਪਾਲ ਨੇ ਕਲੀਨ ਚਿੱਟ ਦੇ ਦਿੱਤੀ ਸੀ, ਜਦਕਿ ਇਹ ਪਰਿਵਾਰ 2-ਜੀ ਘਪਲੇ ਵਿਚ ਮੁੱਖ ਦੋਸ਼ੀ ਸੀ। ਤੇਜਪਾਲ ਵਰਗੇ ਹੀ ਪੱਤਰਕਾਰੀ ਦੇ ਇਕ ਆਪੇ ਬਣੇ 'ਮਸੀਹਾ' ਆਸ਼ੀਸ਼ ਖੇਤਾਨ ਨੇ ਰੂਈਆ ਪਰਿਵਾਰ ਨੂੰ ਦੁੱਧ ਦਾ ਧੋਤਾ ਬਣਾਉਣ ਵਾਲੀ ਕਹਾਣੀ ਤਿਆਰ ਕੀਤੀ ਸੀ। ਅੱਜ ਇਹੋ ਵਿਅਕਤੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਕਥਿਤ 'ਡਾਇਲਾਗ' ਕਮਿਸ਼ਨ ਦਾ ਮੁਖੀ ਹੈ।
ਬਾਅਦ 'ਚ ਖੁਲਾਸਾ ਹੋਇਆ ਕਿ ਤੇਜਪਾਲ ਨੇ ਗੋਆ 'ਚ ਜੋ ਤਮਾਸ਼ਾ ਕੀਤਾ ਸੀ, ਉਸ ਦੇ ਲਈ ਰੂਈਆ ਪਰਿਵਾਰ ਨੇ 3 ਕਰੋੜ ਰੁਪਏ ਦਿੱਤੇ ਸਨ। ਇਸੇ ਤਮਾਸ਼ੇ ਦੌਰਾਨ ਤੇਜਪਾਲ ਆਪਣੀ ਸਾਥੀ ਪੱਤਰਕਾਰ ਨਾਲ ਛੇੜਖਾਨੀ ਕਰਦਾ ਫੜਿਆ ਗਿਆ ਸੀ।
ਇਕ-ਦੋ ਅਪਵਾਦਾਂ ਨੂੰ ਛੱਡ ਕੇ ਸਿਆਸਤ 'ਚ ਮੁਸ਼ਕਿਲ ਨਾਲ ਹੀ ਅਜਿਹੀਆਂ ਔਰਤਾਂ ਦਿਖਾਈ ਦਿੰਦੀਆਂ ਹਨ, ਜੋ ਆਪਣੇ ਦਮ 'ਤੇ ਸਿਆਸਤ ਵਿਚ ਪੈਰ ਜਮਾ ਸਕੀਆਂ ਹੋਣ ਪਰ ਉਹ ਚੋਟੀ ਤਕ ਪਹੁੰਚਣ ਵਿਚ ਆਮ ਤੌਰ 'ਤੇ ਨਾਕਾਮ ਰਹੀਆਂ ਹਨ। ਉਂਝ ਇਹ ਗੱਲ 10-ਜਨਪਥ ਵਿਚ ਬਿਰਾਜਮਾਨ ਕਾਂਗਰਸ ਦੇ 'ਸ਼ਾਹੀ ਪਰਿਵਾਰ' ਦੀਆਂ ਔਰਤਾਂ 'ਤੇ ਲਾਗੂ ਨਹੀਂ ਹੁੰਦੀ।
ਜਯਾ ਜੇਤਲੀ ਦੀ ਲਿਖੀ ਕਿਤਾਬ ਪੜ੍ਹ ਕੇ ਤੁਸੀਂ ਖ਼ੁਦ ਇਹ ਸਿੱਟਾ ਕੱਢ ਸਕਦੇ ਹੋ ਕਿ ਵਧੀਆ ਪਾਲਣ-ਪੋਸ਼ਣ ਤੇ ਵਧੀਆ ਸੰਸਕਾਰਾਂ ਵਾਲੀ ਇਹ ਔਰਤ ਸਿਆਸਤ ਦੇ ਗੰਦੇ ਕਾਰੋਬਾਰ ਵਿਚ ਬਿਲਕੁਲ ਫਿੱਟ ਨਹੀਂ ਬੈਠ ਸਕਦੀ।
(virendra੧੯੪੬@yahoo.co.in)
ਸਰਦੀਆਂ 'ਚ ਵੀ ਸਬਜ਼ੀਆਂ ਮਹਿੰਗੀਆਂ ਕਿਉਂ
NEXT STORY