ਸਵਰਗੀ ਮੁਲਾਇਮ ਸਿੰਘ ਯਾਦਵ ਨੂੰ ਪਦਮਵਿਭੂਸ਼ਣ ਸਨਮਾਨ ਕੀ ਮਿਲਿਆ, ਦੇਸ਼ ’ਚ ਬਹਿਸ ਛਿੜ ਗਈ ਹੈ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਹੈਰਾਨੀ ਇਹ ਹੋਈ ਕਿ ਮੁਲਾਇਮ ਨੂੰ ਇਹ ਸਨਮਾਨ ਉਸ ਭਾਜਪਾ ਦੀ ਸਰਕਾਰ ਨੇ ਦਿੱਤਾ ਹੈ, ਜਿਸ ਨੂੰ ਦੇਸ਼ ’ਚ ਸਭ ਤੋਂ ਜੇਕਰ ਵੱਧ ਕਿਸੇ ਨੇ ਤੰਗ ਕੀਤਾ ਹੈ ਤਾਂ ਯੂ. ਪੀ. ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਕੀਤਾ ਹੈ। ਰਾਮ ਮੰਦਿਰ ਦੇ ਲਈ ਹੋਏ ਰੋਸ ਵਿਖਾਵਿਆਂ ’ਚ ਭਾਜਪਾ ਨੇਤਾਵਾਂ ਅਤੇ ਵਰਕਰਾਂ ਦੀ ਜਿਹੋ ਜਿਹੀ ਕੁੱਟ-ਮਾਰ ਮੁਲਾਇਮ ਨੇ ਕੀਤੀ, ਕੀ ਕਿਸੇ ਹੋਰ ਮੁੱਖ ਮੰਤਰੀ ਨੇ ਕੀਤੀ?
ਸ਼ੰਕਰਾਚਾਰੀਆ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਕੀ ਅੱਜ ਤਕ ਕਿਸੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੀ ਹੋਈ? ਜੇਕਰ ਮੁਲਾਇਮ ਸਿੰਘ ਦੀ ਸਿਹਤ ਉਨ੍ਹਾਂ ਦਾ ਸਾਥ ਦਿੰਦੀ ਤਾਂ ਉਹੀ ਇਕੋ-ਇਕ ਅਜਿਹੇ ਨੇਤਾ ਸਨ ਜੋ ਨਰਿੰਦਰ ਮੋਦੀ ਦੀ ਹਵਾ ਖਿਸਕਾ ਸਕਦੇ ਸਨ। ਉਨ੍ਹਾਂ ਦੇ ਪ੍ਰਸ਼ੰਸਕ ਸਾਰੇ ਦੇਸ਼ ’ਚ ਮੌਜੂਦ ਸਨ ਪਰ ਉਹ ਇੰਨੇ ਦਰਿਆਦਿਲ ਵੀ ਸਨ ਕਿ ਸੰਸਦ ’ਚ ਉਨ੍ਹਾਂ ਖੁੱਲ੍ਹੇਆਮ ਮੋਦੀ ਦੀ ਪ੍ਰਸ਼ੰਸਾ ਵੀ ਕੀਤੀ ਪਰ ਕੀ ਇਸ ਲਈ ਮੁਲਾਇਮ ਨੂੰ ਭਾਜਪਾ ਨੇ ਸਨਮਾਨਿਤ ਕਰ ਦਿੱਤਾ ਹੈ? ਸ਼ਾਇਦ ਨਹੀਂ।
ਜੇਕਰ ਮੋਦੀ ’ਤੇ ਕੀਤੇ ਗਏ ਅਹਿਸਾਨਾਂ ਦਾ ਸਵਾਲ ਹੈ ਤਾਂ ਅਜਿਹੇ ਦੋ-ਚਾਰ ਲੋਕ ਅਜੇ ਵੀ ਜ਼ਿੰਦਾ ਹਨ, ਜਿਨ੍ਹਾਂ ਨੂੰ ਭਾਰਤ ਰਤਨ ਵੀ ਦਿੱਤਾ ਜਾਵੇ ਤਾਂ ਉਹ ਵੀ ਘੱਟ ਹੀ ਰਹੇਗਾ ਤਾਂ ਮੁਲਾਇਮ ਨੂੰ ਕਿਉਂ ਦਿੱਤਾ ਗਿਆ ਹੈ, ਇਹ ਸਨਮਾਨ? ਮੇਰੀ ਰਾਏ ’ਚ ਇਹ ਸਨਮਾਨ ਨਹੀਂ ਹੈ, ਇਹ ਸਰਕਾਰੀ ਰਿਓੜੀ ਹੈ, ਜੋ ਮਰਨ ਉਪਰੰਤ ਤੇ ਜਿਊਂਦੇ ਜੀਅ ਵੀ ਵੰਡੀ ਜਾਂਦੀ ਹੈ। ਗਰੀਬ ਜਨਤਾ ਨੂੰ ਵੰਡੀਆਂ ਗਈਆਂ ਰਿਓੜੀਆਂ ਅਤੇ ਇਸ ਤਰ੍ਹਾਂ ਦੇ ਸਨਮਾਨਾਂ ਦੀਆਂ ਰਿਓੜੀਆਂ ’ਚ ਜ਼ਿਆਦਾ ਫਰਕ ਨਹੀਂ ਹੈ।
ਸ਼੍ਰੀਮਤੀ ਇੰਦਰਾ ਗਾਂਧੀ ਨੇ ਇਸ ਰਿਓੜੀ ਨੂੰ ਆਪਣਾ ਰਿਓੜਾ ਬਣਾ ਕੇ ਸਭ ਤੋਂ ਪਹਿਲਾਂ ਇਸ ਨੂੰ ਖੁਦ ਦੇ ਹਵਾਲੇ ਕਰ ਲਿਆ ਸੀ।
ਹੁਣ ਮੁਲਾਇਮ ਜੀ ਨੂੰ ਦਿੱਤੀ ਗਈ ਇਸ ਰਿਓੜੀ ਦੀ ਉਨ੍ਹਾਂ ਨੂੰ ਬਿਲਕੁਲ ਵੀ ਲੋੜ ਨਹੀਂ ਸੀ। ਜੇਕਰ ਉਹ ਜ਼ਿੰਦਾ ਹੁੰਦੇ ਤਾਂ ਕਹਿ ਦਿੰਦੇ ਕਿ ਉਨ੍ਹਾਂ ਨੇ ਮਿੱਠਾ ਖਾਣਾ ਛੱਡ ਦਿੱਤਾ ਹੈ। ਅਜੇ ਤਕ ਜਿੰਨੇ ਵੀ ਲੋਕਾਂ ਨੂੰ ਭਾਰਤ ਰਤਨ ਮਿਲਿਆ ਹੈ, ਉਨ੍ਹਾਂ ’ਚ ਦੋ-ਤਿੰਨ ਵਿਅਕਤੀਆਂ ਨੂੰ ਮੈਂ ਨਿੱਜੀ ਤੌਰ ’ਤੇ ਖੂਬ ਜਾਣਦਾ ਰਿਹਾ ਹਾਂ। ਉਹ ਲੋਕ ਭਾਈ ਮੁਲਾਇਮ ਸਿੰਘ ਦੇ ਪਾਸਕੂ ਦੇ ਬਰਾਬਰ ਵੀ ਨਹੀਂ ਸਨ।
ਇਸ ਲਈ ਸਮਾਜਵਾਦੀ ਪਾਰਟੀ ਦੇ ਕੁਝ ਨੇਤਾਵਾਂ ਦਾ ਇਹ ਕਥਨ ਥੋੜ੍ਹਾ ਬਿਹਤਰ ਹੈ ਕਿ ਜੇਕਰ ਮੋਦੀ ਜੀ ਨੇ ਮੁਲਾਇਮ ਜੀ ਨੂੰ ਕੁਝ ਦੇਣਾ ਹੀ ਸੀ ਤਾਂ ਭਾਰਤ ਰਤਨ ਹੀ ਦੇਣਾ ਸੀ। ਇਨ੍ਹਾਂ ਸਮਾਜਵਾਦੀਆਂ ਨੂੰ ਜਾਪਦਾ ਹੈ ਕਿ ਇਹ ਮੁਲਾਇਮ ਜੀ ਦਾ ਸਨਮਾਨ ਨਹੀਂ, ਯੂ. ਪੀ. ਦੀਆਂ ਯਾਦਵ ਵੋਟਾਂ ਨੂੰ ਬਟੋਰਨ ਦਾ ਪੈਂਤੜਾ ਹੈ।
ਜੇਕਰ ਅਖਿਲੇਸ਼ ਜਾਂ ਉਨ੍ਹਾਂ ਦੀ ਪਤਨੀ ਇਹ ਸਨਮਾਨ ਲੈਣ ਪਹੁੰਚ ਗਈ ਤਾਂ ਭਾਜਪਾ ਦੀ ਇਹ ਰਿਓੜੀ ਉਸ ਦਾ ਰਸਗੁੱਲਾ ਬਣੇ ਬਿਨਾਂ ਨਹੀਂ ਰਹੇਗੀ। ਅਖਿਲੇਸ਼ ਦੇ ਲਈ ਭਾਜਪਾ ਨੇ ਇਹ ਬੜੀ ਦੁਵਿਧਾ ਪੈਦਾ ਕਰ ਦਿੱਤੀ ਹੈ। ਭਾਜਪਾ ਦੇ ਕੁਝ ਨੇਤਾਵਾਂ ਨੂੰ ਅਜਿਹਾ ਵੀ ਲੱਗ ਰਿਹਾ ਹੈ ਕਿ ਜੇਕਰ ਮੁਲਾਇਮ ਸਿੰਘ ਨੂੰ ਉਹ ਆਪਣਾ ਬਣਾ ਲੈਣ ਤਾਂ ਅਖਿਲੇਸ਼ ਨੂੰ ਹਾਸ਼ੀਏ ’ਤੇ ਸਰਕਾਉਣਾ ਉਨ੍ਹਾਂ ਦੇ ਖੱਬੇ ਹੱਥ ਦੀ ਖੇਡ ਹੋਵੇਗੀ।
ਉਨ੍ਹਾਂ ਦੀ ਇਕ ਰਣਨੀਤੀ ਇਹ ਵੀ ਹੋ ਸਕਦੀ ਹੈ ਕਿ ਅਗਲੀਆਂ ਚੋਣਾਂ ’ਚ ਭਾਜਪਾ ਅਤੇ ਸਪਾ ਦਾ ਗਠਜੋੜ ਬਣ ਜਾਵੇ। ਜਿਥੋਂ ਤੱਕ ਅਖਿਲੇਸ਼ ਦਾ ਸਵਾਲ ਹੈ, ਉਸ ਨੂੰ ਡਾ. ਲੋਹੀਆ ਦੇ ਸਮਾਜਵਾਦੀ ਸਿਧਾਂਤਾਂ ਦਾ ਕੋਈ ਖਾਸ ਸੁਚੇਤਪੁਣਾ ਅਤੇ ਜਾਣਕਾਰੀ ਵੀ ਨਹੀਂ ਹੈ, ਇਸ ਲਈ ਭਾਜਪਾ ਦੇ ਨਾਲ ਸਪਾ ਨੂੰ ਕੋਈ ਜ਼ਿਆਦਾ ਔਕੜ ਵੀ ਨਹੀਂ ਹੋਵੇਗੀ। ਇਹ ਸਨਮਾਨ ਗਜਬ ਦਾ ਪੈਂਤੜਾ ਵੀ ਸਿੱਧ ਹੋ ਸਕਦਾ ਹੈ।
-ਡਾ. ਵੇਦਪ੍ਰਤਾਪ ਵੈਦਿਕ
ਆਖਰੀ ਸਾਹਾਂ ਤੱਕ ਸੱਤਾ ’ਤੇ ਕਾਬਜ਼ ਰਹਿਣਾ ਚਾਹੁੰਦੇ ਹਨ ਮੌਜੂਦਾ ਆਗੂ
NEXT STORY