ਦਸੰਬਰ 2012 'ਚ ਦੇਸ਼ ਨੂੰ ਝੰਜੋੜ ਦੇਣ ਵਾਲੇ ਨਿਰਭਯਾ ਸਮੂਹਿਕ ਬਲਾਤਕਾਰ ਕਾਂਡ ਨੂੰ 5 ਵਰ੍ਹੇ ਬੀਤ ਗਏ ਹਨ ਪਰ ਅਜੇ ਤਕ ਕੋਈ ਤਬਦੀਲੀ ਦੇਖਣ ਨੂੰ ਨਹੀਂ ਮਿਲੀ। ਪਿਛਲੇ ਹਫਤੇ ਮਲਿਆਲਮ ਫਿਲਮਾਂ ਦੀ ਇਕ ਮੰਨੀ-ਪ੍ਰਮੰਨੀ ਅਭਿਨੇਤਰੀ ਨਾਲ ਕੇਰਲਾ ਦੇ ਕੋਚੀ ਸ਼ਹਿਰ ਨੇੜੇ 7 ਵਿਅਕਤੀਆਂ ਨੇ ਨਾ ਸਿਰਫ ਛੇੜਖਾਨੀ ਕੀਤੀ, ਸਗੋਂ ਚੱਲਦੀ ਕਾਰ 'ਚ ਉਸ ਦੀ ਫੋਟੋਗ੍ਰਾਫੀ ਵੀ ਕੀਤੀ। ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਅਜੇ ਤਕ ਸਿਰਫ 3 ਦੋਸ਼ੀ ਹੀ ਗ੍ਰਿਫਤਾਰ ਕੀਤੇ ਜਾ ਸਕੇ ਹਨ।
ਪਿਛਲੇ ਮਹੀਨੇ ਗੁਜਰਾਤ ਦੇ ਕੱਛ ਜ਼ਿਲੇ 'ਚ 9 ਵਿਅਕਤੀਆਂ ਵਲੋਂ ਇਕ 24 ਸਾਲਾ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਨ੍ਹਾਂ 'ਚੋਂ 4 ਭਾਜਪਾ ਦੇ ਮੈਂਬਰ ਸਨ। ਜਿਵੇਂ ਕਿ ਸੁਭਾਵਿਕ ਸੀ, ਕਾਂਗਰਸ ਨੇ ਸ਼ਹਿਰ 'ਚ ਰੋਸ ਪ੍ਰਗਟਾਇਆ ਤਾਂ ਮੁੱਖ ਮੰਤਰੀ ਰੁਪਾਣੀ ਨੇ ਨਿਆਇਕ ਜਾਂਚ ਦਾ ਹੁਕਮ ਦੇ ਦਿੱਤਾ।
ਜਿਸ ਦੌਰ 'ਚ ਸਿਆਸੀ ਅਕਸ ਵੀ ਸਾਬਣ, ਸੁੰਦਰਤਾ ਵਧਾਊ ਸਾਧਨਾਂ ਆਦਿ ਵਾਂਗ ਇਕ ਬ੍ਰਾਂਡ ਬਣ ਚੁੱਕਾ ਹੋਵੇ, ਉਥੇ ਸਾਡੇ ਨੇਤਾ ਵੀ ਖੋਖਲੀ ਸ਼ਬਦਾਵਲੀ 'ਚ ਘਿਸੇ-ਪਿਟੇ ਢੰਗ ਨਾਲ ਅਫਸੋਸ ਪ੍ਰਗਟਾਉਂਦੇ ਹਨ ਪਰ ਇਸ ਤੱਥ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੰਦੇ ਹਨ ਕਿ ਸਾਡੇ ਸ਼ਹਿਰ ਔਰਤਾਂ ਲਈ ਬਿਲਕੁਲ ਸੁਰੱਖਿਅਤ ਨਹੀਂ ਸਮਝੇ ਜਾਂਦੇ।
ਜ਼ਰਾ ਇਸ ਤੱਥ 'ਤੇ ਗੌਰ ਕਰੋ ਕਿ ਬਲਾਤਕਾਰ ਭਾਰਤ 'ਚ ਔਰਤਾਂ ਵਿਰੁੱਧ ਚੌਥਾ ਸਭ ਤੋਂ ਘਿਨਾਉਣਾ ਅਪਰਾਧ ਹੈ। ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖ਼ੀਆਂ ਚੀਕ-ਚੀਕ ਕੇ ਦੁਹਾਈ ਦਿੰਦੀਆਂ ਹਨ ਕਿ ਫਲਾਣੀ ਜਗ੍ਹਾ 'ਤੇ ਚੱਲਦੀ ਗੱਡੀ/ਰੇਲ ਗੱਡੀ 'ਚ ਨਾਬਾਲਗ ਬੱਚੀਆਂ ਨਾਲ ਦੁਸ਼ਕਰਮ ਕੀਤਾ ਗਿਆ ਸੀ। ਕੀ ਤੁਹਾਨੂੰ ਇਸ ਜਾਣਕਾਰੀ ਨਾਲ ਸਦਮਾ ਲੱਗਦਾ ਹੈ? ਨਹੀਂ ਲੱਗਦਾ ਤਾਂ ਅੱਗੇ ਪੜ੍ਹੋ :
ਪੂਰੇ ਭਾਰਤ 'ਚ ਹਰ ਮਿੰਟ 'ਤੇ 5 ਬਲਾਤਕਾਰ ਹੁੰਦੇ ਹਨ। ਪਿਛਲੇ ਸਾਲ ਕੇਰਲਾ ਵੀ ਨਿਰਭਯਾ ਕਾਂਡ ਵਰਗੇ ਹੀ ਇਕ ਹੋਰ ਘਿਨਾਉਣੇ ਕਾਂਡ ਦੀ ਕੁਰਲਾਹਟ ਨਾਲ ਗੂੰਜ ਉੱਠਿਆ, ਜਦੋਂ ਸਮੂਹਿਕ ਬਲਾਤਕਾਰ ਦੀ ਸ਼ਿਕਾਰ 30 ਸਾਲਾ ਔਰਤ ਦੀ ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਹੋਈ ਮਿਲੀ।
ਯੂ. ਪੀ. ਵਿਚ ਮਾਨਸਿਕ ਤੌਰ 'ਤੇ ਅਪੰਗ ਇਕ 20 ਸਾਲਾ ਲੜਕੀ ਨਾਲ ਚੱਲਦੀ ਰੇਲ ਗੱਡੀ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ, ਜਦਕਿ ਓਡਿਸ਼ਾ 'ਚ ਇਕ 19 ਸਾਲਾ ਔਰਤ ਨੂੰ ਉਸ ਦੇ ਪਤੀ ਸਾਹਮਣੇ ਦਰਿੰਦਗੀ ਦਾ ਸ਼ਿਕਾਰ ਬਣਾਇਆ ਗਿਆ। ਦਿੱਲੀ 'ਚ 5 ਵਿਅਕਤੀਆਂ ਨੇ ਦਿਨ-ਦਿਹਾੜੇ ਚੱਲਦੀ ਕਾਰ ਵਿਚ ਇਕ ਔਰਤ ਨਾਲ ਬਲਾਤਕਾਰ ਕੀਤਾ ਤੇ ਇਕ ਹੋਰ ਔਰਤ ਨੂੰ ਬੱਚਾ ਪੈਦਾ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਹਸਪਤਾਲ 'ਚ ਹੀ ਬਲਾਤਕਾਰ ਦੀ ਸ਼ਿਕਾਰ ਹੋਣਾ ਪਿਆ।
ਇਕ 80 ਸਾਲਾ ਬੁੱਢੇ ਨੇ ਹਰਿਆਣਾ 'ਚ ਸਿਰਫ 5 ਸਾਲਾਂ ਦੀ ਨਾਬਾਲਗ ਬੱਚੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਪਿਛਲੇ ਸਾਲ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਕ 15 ਸਾਲਾ ਲੜਕੀ ਨੂੰ ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜ ਦਿੱਤਾ ਗਿਆ।
ਅਜਿਹੀਆਂ ਘਟਨਾਵਾਂ ਹਰ ਰੋਜ਼ ਤੇ ਸਾਲ ਭਰ ਹੁੰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ 'ਚੋਂ ਬਹੁਤੀਆਂ ਘਟਨਾਵਾਂ ਦੀ ਰਿਪੋਰਟਿੰਗ ਹੀ ਨਹੀਂ ਹੁੰਦੀ। ਦੇਸ਼ ਦੇ ਕਿਸੇ ਵੀ ਗਲੀ-ਮੁਹੱਲੇ 'ਚ ਜਾ ਕੇ ਦੇਖ ਲਓ, ਹਰ ਜਗ੍ਹਾ ਅਜਿਹੀ ਦਰਿੰਦਗੀ ਦੇ ਕਿੱਸੇ ਸੁਣਨ ਨੂੰ ਮਿਲ ਜਾਣਗੇ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2011 'ਚ ਬਲਾਤਕਾਰ ਦੇ 24206 ਮਾਮਲਿਆਂ ਦੀਆਂ ਰਿਪੋਰਟਾਂ ਦਰਜ ਹੋਈਆਂ ਸਨ, ਜਦਕਿ ਉਸ ਤੋਂ ਅਗਲੇ ਸਾਲ ਇਹ ਅੰਕੜਾ 24923 ਸੀ। ਉਸ ਤੋਂ ਬਾਅਦ ਇਸ 'ਚ ਹਰ ਸਾਲ ਲਗਾਤਾਰ ਵਾਧਾ ਹੋ ਰਿਹਾ ਹੈ। 98 ਫੀਸਦੀ ਮਾਮਲਿਆਂ 'ਚ ਦੋਸ਼ੀ ਪੀੜਤਾਂ ਦੇ ਜਾਣਕਾਰ ਹੁੰਦੇ ਹਨ। ਬਲਾਤਕਾਰਾਂ ਦੀ ਇੰਨੀ ਜ਼ਿਆਦਾ ਗਿਣਤੀ ਤੇ ਇਨ੍ਹਾਂ ਦੇ ਇੰਨੇ ਘਿਨਾਉਣੇ ਰੂਪ ਲਈ ਗ਼ੈਰ-ਸੰਤੁਲਿਤ ਲਿੰਗ ਅਨੁਪਾਤ ਨੂੰ ਵੀ ਇਕ ਵਜ੍ਹਾ ਦੱਸਿਆ ਜਾਂਦਾ ਹੈ।
ਪਰ ਚੀਨ 'ਚ ਵੀ ਤਾਂ ਲਿੰਗ ਅਨੁਪਾਤ ਦੀ ਸਥਿਤੀ ਭਾਰਤ ਨਾਲੋਂ ਬਿਹਤਰ ਨਹੀਂ ਪਰ ਉਥੇ ਅਜਿਹੇ ਘਿਨਾਉਣੇ ਮਾਮਲਿਆਂ ਦੀਆਂ ਮਿਸਾਲਾਂ ਬਹੁਤ ਘੱਟ ਹੁੰਦੀਆਂ ਹਨ। ਨਿਰਭਯਾ ਕਾਂਡ ਤੋਂ ਬਾਅਦ ਜਸਟਿਸ ਵਰਮਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਸਿੱਟੇ ਵਜੋਂ ਬਲਾਤਕਾਰ ਨਾਲ ਸੰਬੰਧਿਤ ਕਾਨੂੰਨਾਂ ਨੂੰ ਕਾਫੀ ਸਖ਼ਤ ਬਣਾਇਆ ਗਿਆ ਹੈ ਤੇ ਨਾਲ ਹੀ ਪੁਲਸ ਹੈਲਪਲਾਈਨ ਦੀ ਵਿਵਸਥਾ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਔਰਤਾਂ ਉੱਤੇ ਯੌਨ ਹਮਲਾ ਕਰਨ ਵਾਲੇ ਸ਼ਾਇਦ ਇਸ ਦੇ ਅੰਜਾਮ ਬਾਰੇ ਸੋਚਣ ਦੀ ਜਹਿਮਤ ਨਹੀਂ ਉਠਾਉਂਦੇ।
ਸ਼ਾਇਦ ਇਨ੍ਹਾਂ ਘਿਨਾਉਣੀਆਂ ਘਟਨਾਵਾਂ ਦਾ ਸੰਬੰਧ ਸਿਰਫ ਵਿਗੜੇ ਲਿੰਗ ਅਨੁਪਾਤ ਨਾਲ ਨਹੀਂ, ਸਗੋਂ ਸਾਡੀ ਪੁਰਸ਼ਵਾਦੀ ਸੱਭਿਅਤਾ ਤੇ ਮਰਦ ਪ੍ਰਧਾਨ ਸਮਾਜ ਦੀ ਸੋਚ ਨਾਲ ਹੈ। ਇਹ ਇਕ ਅਜਿਹੀ ਸੱਭਿਅਤਾ ਹੈ, ਜੋ ਇਸ ਮਾਨਤਾ 'ਤੇ ਆਧਾਰਿਤ ਹੈ ਕਿ ਕਿਸੇ ਔਰਤ ਦੀ ਇੱਜ਼ਤ ਨਾਲ ਖਿਲਵਾੜ ਕਰਨ ਦਾ ਸਭ ਤੋਂ ਬਿਹਤਰੀਨ ਤਰੀਕਾ ਬਲਾਤਕਾਰ ਹੀ ਹੈ ਕਿਉਂਕਿ ਬਲਾਤਕਾਰ ਤੋਂ ਬਾਅਦ ਉਸ ਦੇ ਲਈ ਵਿਆਹ ਕਰਵਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਫਿਰ ਸਿਰਫ ਇਕੋ ਰਾਹ ਬਚਦਾ ਹੈ ਕਿ ਉਹ ਬਲਾਤਕਾਰੀ ਨਾਲ ਹੀ ਆਪਣਾ ਘਰ ਵਸਾ ਲਵੇ।
ਲੱਖ ਟਕੇ ਦਾ ਸਵਾਲ ਇਹ ਹੈ ਕਿ ਔਰਤਾਂ ਨੂੰ ਸਿਰਫ ਸੈਕਸ ਖਿਡੌਣੇ ਵਜੋਂ ਕਿਉਂ ਦੇਖਿਆ ਜਾਂਦਾ ਹੈ? ਉਨ੍ਹਾਂ ਨੂੰ ਮਰਦਾਂ ਦੀ ਸੈਕਸ ਦੀ ਭੁੱਖ ਸ਼ਾਂਤ ਕਰਨ ਦਾ ਸਾਧਨ ਹੀ ਕਿਉਂ ਸਮਝਿਆ ਜਾਂਦਾ ਹੈ? ਸਪੱਸ਼ਟ ਹੈ ਕਿ ਫੈਸਲਾਕੁੰਨ ਤੌਰ 'ਤੇ ਮਰਦਾਂ ਦੇ ਪੱਖ 'ਚ ਝੁਕਾਅ ਰੱਖਣ ਵਾਲੇ ਸਾਡੇ ਸਮਾਜ 'ਚ ਕਈ ਔਰਤਾਂ ਨੂੰ ਆਪਣੀਆਂ ਕੰਮ ਵਾਲੀਆਂ ਥਾਵਾਂ 'ਤੇ ਸਿਰਫ ਇਸ ਲਈ ਯੌਨ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਜ਼ਿਆਦਾ ਪ੍ਰੇਸ਼ਾਨੀ ਤੇ ਬੇਵਜ੍ਹਾ ਦੂਜਿਆਂ ਦੀਆਂ ਨਜ਼ਰਾਂ ਦਾ ਕੇਂਦਰ ਬਣਨ ਤੋਂ ਬਚ ਸਕਣ। ਉਹ ਯੌਨ ਸ਼ੋਸ਼ਣ ਵਿਰੁੱਧ ਬੋਲਣ ਤੋਂ ਇਸ ਲਈ ਡਰਦੀਆਂ ਹਨ ਕਿ ਕਿਤੇ ਉਨ੍ਹਾਂ ਨੂੰ 'ਚਰਿੱਤਰਹੀਣ' ਕਰਾਰ ਨਾ ਦੇ ਦਿੱਤਾ ਜਾਵੇ ਜਾਂ ਇਸ ਤੋਂ ਵੀ ਬਦਤਰ ਸਥਿਤੀ 'ਚ ਉਨ੍ਹਾਂ ਦਾ ਸਮਾਜਿਕ ਬਾਈਕਾਟ ਨਾ ਕਰ ਦਿੱਤਾ ਜਾਵੇ।
ਇਸ ਬੁਰਾਈ ਦਾ ਕਿਤੇ ਅੰਤ ਦਿਖਾਈ ਨਹੀਂ ਦੇ ਰਿਹਾ। ਇਹ ਸਿਰਫ ਸਾਡੇ ਸਿਆਸਤਦਾਨਾਂ, ਨੌਕਰਸ਼ਾਹਾਂ ਜਾਂ ਪੁਲਸ ਦੀ ਅਸਫਲਤਾ ਦਾ ਹੀ ਸਿੱਟਾ ਨਹੀਂ, ਸਗੋਂ ਹਰ ਕੋਈ ਇਕ-ਦੂਜੇ 'ਤੇ ਦੋਸ਼ ਮੜ੍ਹ ਰਿਹਾ ਹੈ, ਫਿਰ ਵੀ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਾਡਾ ਸਮਾਜ ਬੁਰੀ ਤਰ੍ਹਾਂ ਗਲ਼-ਸੜ ਚੁੱਕਾ ਹੈ। ਫਿਰ ਵੀ ਪਤਾ ਨਹੀਂ ਕਿਉਂ ਅਸੀਂ ਇਸ ਨੂੰ 'ਸੱਭਿਅਕ ਸਮਾਜ' ਦਾ ਨਾਂ ਦਿੰਦੇ ਹਾਂ।
ਫਿਲਮ ਉਦਯੋਗ ਵਿਚ ਤਾਂ ਯੌਨ ਸ਼ੋਸ਼ਣ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ। ਫਿਲਮਾਂ 'ਚ ਕੰਮ ਲੱਭਣਾ ਅਭਿਨੇਤਰੀਆਂ ਲਈ ਇੰਨਾ ਮੁਸ਼ਕਿਲ ਹੋ ਗਿਆ ਹੈ ਕਿ ਉਨ੍ਹਾਂ ਨੂੰ ਅਕਸਰ 'ਕਾਊਚ ਪੋਟੈਟੋ' ਬਣਨਾ ਪੈਂਦਾ ਹੈ। ਉਨ੍ਹਾਂ ਨੂੰ ਨਾ ਸਿਰਫ ਫਿਲਮਾਂ 'ਚ ਢੇਰ ਸਾਰਾ ਅੰਗ ਪ੍ਰਦਰਸ਼ਨ ਕਰਨਾ ਪੈਂਦਾ ਹੈ, ਸਗੋਂ ਸ਼ੂਟਿੰਗ ਤੋਂ ਬਾਅਦ ਕਦੇ ਡਾਇਰੈਕਟਰ, ਕਦੇ ਪ੍ਰੋਡਿਊਸਰ ਤਾਂ ਕਦੇ ਐਕਟਰ ਕੋਲ ਜਾਣਾ ਪੈਂਦਾ ਹੈ। ਇਸ਼ਤਿਹਾਰੀ ਦੁਨੀਆ 'ਚ ਵੀ ਸਥਿਤੀ ਇੰਨੀ ਹੀ ਬਦਤਰ ਹੈ।
ਫਿਰ ਅੱਗੇ ਵਧਣ ਦਾ ਰਾਹ ਕੀ ਹੋ ਸਕਦਾ ਹੈ? ਇਹ ਤਾਂ ਤੈਅ ਹੈ ਕਿ ਔਰਤਾਂ ਵਿਰੁੱਧ ਸ਼ੋਸ਼ਣ ਘਟਣ ਦੀ ਬਜਾਏ ਹੋਰ ਵੀ ਵਧੇਗਾ। ਅਜਿਹੀ ਸਥਿਤੀ 'ਚ ਸਾਡੇ ਨੇਤਾਵਾਂ ਨੂੰ ਇਸ ਸਮੱਸਿਆ 'ਤੇ ਗੰਭੀਰ ਰੁਖ਼ ਅਪਣਾਉਣਾ ਪਵੇਗਾ। ਸ਼ੁਰੂਆਤੀ ਕਦਮ ਵਜੋਂ ਪੁਲਸ ਕਾਨੂੰਨਾਂ ਨੂੰ ਕੀ ਹੋਰ ਜ਼ਿਆਦਾ ਕਠੋਰ ਨਹੀਂ ਬਣਾਇਆ ਜਾ ਸਕਦਾ? ਬੁਰੇ ਸਮੇਂ 'ਚ ਹੋਰ ਕਾਰਵਾਈ ਕਰਨਾ ਹੀ ਇਕੋ-ਇਕ ਰਾਹ ਹੋ ਸਕਦਾ ਹੈ। ਵੱਡੀਆਂ-ਵੱਡੀਆਂ ਗੱਲਾਂ ਕਰਨ ਨਾਲ ਕੁਝ ਨਹੀਂ ਹੋਣ ਵਾਲਾ, ਲੋੜ ਹੈ ਕ੍ਰਾਂਤੀਕਾਰੀ ਤਬਦੀਲੀ ਦੀ।
ਵਿਕਾਸ ਦੀ ਨਵੀਂ ਸੋਚ ਬਣਾਉਣੀ ਹੋਵੇਗੀ
NEXT STORY