ਦਰਬਾਰਾ ਸਿੰਘ ਕਾਹਲੋਂ
ਕੀ ਵਿਸ਼ਵ ਅੰਦਰ ਵੱਖ-ਵੱਖ ਦੇਸ਼ਾਂ ਦੇ ਸਾਰੇ ਸਿਆਸਤਦਾਨ ਅਤਿ ਦੇ ਢੀਠ, ਬੇਸ਼ਰਮ, ਭ੍ਰਿਸ਼ਟ ਅਤੇ ਆਚਰਣ ਰਹਿਤ ਹੁੰਦੇ ਹਨ? ਕੀ ਸਭ ਬੇਕਿਰਕੀ ਨਾਲ ਆਮ ਲੋਕਾਂ ਦੇ ਟੈਕਸ ਤੋਂ ਇਕੱਤਰ ਧਨ ਆਪਣੀ ਨਿੱਜੀ, ਪਰਿਵਾਰਿਕ ਅਯਾਸ਼ੀ, ਆਪਣੇ ਸੌੜੇ ਸਿਆਸੀ ਮੁਫ਼ਾਦਾਂ ਅਤੇ ਲਾਭਾਂ ਲਈ ਖ਼ਰਚਦੇ ਹਨ? ਜਵਾਬ ਇਹੀ ਹੈ, ਕਿਸੇ ਟਾਵੇਂ-ਟਾਵੇਂ ਨੂੰ ਛੱਡ ਕੇ ਸਭ ਇਕੋ ਥੈਲੀ ਦੇ ਚੱਟੇ-ਵੱਟੇ ਹਨ।
ਇਕ ਤਾਜ਼ਾ ਕਾਰਨਾਮਾ ਕੈਨੇਡਾ ਅੰਦਰ ਜਨਤਾ ਦੇ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਹਾਊਸ ਆਫ ਕਾਮਨਜ਼, ਸੈਨੇਟ, ਪ੍ਰੈੱਸ ਅਤੇ ਪਬਲਿਕ ਵਿਚ ਘਸਮਾਨ ਮਚ ਗਿਆ ਹੈ।
ਕੈਨੇਡਾ ਅੰਦਰ ਖਾਣ-ਪੀਣ ਦੀਆਂ ਵਸਤਾਂ, ਪੈਟਰੋਲ-ਗੈਸ, ਢੋਆ-ਢੁਆਈ, ਘਰਾਂ, ਕਿਰਾਏ ਅਤੇ ਆਮ ਜ਼ਰੂਰਤ ਦੀਆਂ ਵਸਤਾਂ ਦੀਆਂ ਦਰਾਂ ਵਿਚ ਅਸੀਮ ਵਾਧੇ ਕਰ ਕੇ ਹਾਹਾਕਾਰ ਮਚੀ ਪਈ ਹੈ। ਇਹ ਮਹਿੰਗਾਈ ਆਮ ਆਦਮੀ ਦਾ ਲੱਕ ਤੋੜ ਰਹੀ ਹੈ। ਕੁੱਝ ਦਿਨ ਪਹਿਲਾਂ ਸੱਤਾਧਾਰੀ ਲਿਬਰਲ ਪਾਰਟੀ ਦੀ ਉੱਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬੀਬੀ ਕ੍ਰਿਸਟੀਆ ਫਰੀਲੈਂਡ ਨੇ ਦੇਸ਼ ਨੂੰ ਚਿਤਾਵਨੀ ਜਾਰੀ ਕੀਤੀ ਸੀ ਕਿ ਅਸੀਂ ਬਹੁਤ ਵੱਡੇ ਆਰਥਿਕ ਸੰਕਟ ਵੱਲ ਵਧ ਰਹੇ ਹਾਂ। ਕੁੱਝ ਲੋਕਾਂ ਨੂੰ ਇਸ ਸੰਕਟ ਕਾਰਨ ਨੌਕਰੀਆਂ ਅਤੇ ਘਰਾਂ ਤੋਂ ਹੱਥ ਧੋਣਾ ਪੈ ਸਕਦਾ ਹੈ ਕਿਉਂਕਿ ਬੈਂਕ ਆਫ ਕੈਨੇਡਾ ਵਿਆਜ ਦੀਆਂ ਦਰਾਂ ਵਿਚ ਵਾਧਾ ਕਰ ਰਿਹਾ ਹੈ।
ਇਸੇ ਦੌਰਾਨ ਬਰਤਾਨੀਆ ਦੀ ਮਹਾਰਾਣੀ ਅਲਿਜ਼ਾਬੇਥ ਦਾ 8 ਸਤੰਬਰ ਨੂੰ ਦਿਹਾਂਤ ਹੋ ਜਾਂਦਾ ਹੈ। ਕੈਨੇਡਾ ਦੇ ਰਾਜ ਦੀ ਪ੍ਰਮੁੱਖ ਵੀ ਬਰਤਾਨੀਆ ਦੀ ਰਾਣੀ ਜਾਂ ਰਾਜਾ ਚਲੇ ਆ ਰਹੇ ਹਨ। ਇਸ ਲਈ ਇਥੋਂ ਵੀ ਇਕ ਵੱਡਾ ਵਫ਼ਦ ਮਹਾਰਾਣੀ ਦੇ 21 ਸਤੰਬਰ ਨੂੰ ਸਸਕਾਰ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਿਆ।
ਲੰਡਨ ਸ਼ਹਿਰ ਦੇ ਹੋਟਲ ਵਿਸ਼ਵ ਦੇ ਮਹਿੰਗੇ ਹੋਟਲਾਂ ਵਿਚੋਂ ਇਕ ਹਨ। ਇਨ੍ਹਾਂ ਹੋਟਲਾਂ ਵਿਚ ਪਹਿਲਾਂ ਕੀਤੀਆਂ ਬੁਕਿੰਗਾਂ ਵੱਖ-ਵੱਖ ਦੇਸ਼ਾਂ ਵਿਚੋਂ ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਲੋਕਾਂ ਕਰ ਕੇ ਕੈਂਸਲ ਕਰਨੀਆਂ ਪਈਆਂ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਮਹਾਰਾਣੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਹੋਟਲ ਬੁਕਿੰਗ ਪ੍ਰਕਿਰਿਆ ਸ਼ੁਰੂ ਕਰ ਦਿਤੀ।
ਹੈਰਾਨੀ ਦੀ ਗੱਲ ਇਹ ਰਹੀ ਕਿ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਹਾਈ ਕਮਿਸ਼ਨਰ ਅਤੇ ਦੂਤ ਘਰਾਂ ਕੋਲ ਲੰਡਨ ਅੰਦਰ ਵੱਡੀਆਂ ਰਿਹਾਇਸ਼ਾਂ, ਗੈਸਟ ਹਾਊਸ ਅਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਮੌਜੂਦ ਹਨ। ਅਕਸਰ ਵੱਖ-ਵੱਖ ਦੇਸ਼ਾਂ ਦੇ ਵਫਦ ਅਜਿਹੀਅਾਂ ਥਾਵਾਂ ’ਤੇ ਰਹਿੰਦੇ ਹਨ।
ਕੈਨੇਡਾ ਦਾ ਵੱਡਅਕਾਰੀ ਵਫਦ ਜਦੋਂ ਮਹਾਰਾਣੀ ਅਲਿਜ਼ਾਬੇਥ ਦੇ ਸਸਕਾਰ ਸਮਾਰੋਹ ਤੋਂ ਪਰਤਿਆ ਤਾਂ ਉੱਥੇ ਠਹਿਰਨ ਦਾ ਬਿੱਲ ਕੈਨੇਡਾ ਟੈਕਸਦਾਤਾਵਾਂ ’ਤੇ ਕਰੀਬ 4 ਲੱਖ ਡਾਲਰ ਪਾਇਆ ਗਿਆ। ਇਕ ਅਤਿ ਮਹਿੰਗੇ ਕੋਰੰਥੀਆ ਲੰਡਨ ਹੋਟਲ ਦਾ ਬਿੱਲ 2,81,400 ਪੌਂਡ ਭਾਵ 3,56,981.70 ਡਾਲਰ ਸੀ। ਜਦ ਕਿ ਦਰਜਨ ਕੁ ਮਿਲਟਰੀ ਅਤੇ ਪੁਲਸ ਕਰਮਚਾਰੀਆਂ ਦਾ ਜਿਨ੍ਹਾਂ ਸਸਕਾਰ ਵੇਲੇ ਘੋੜ ਚੜਿਆਂ ਵਿਚ ਸ਼ਾਮਲ ਹੋ ਕੇ ਅਗਵਾਈ ਕਰਨੀ ਸੀ, ਦਾ ਖ਼ਰਚ ਸਟੈਂਸਟੈੱਡ ਏਅਰਪੋਰਟ ਨੇੜੇ ਹਿਲਟਨ ਵਿਖੇ ਠਹਿਰਨ ਦਾ 40,000 ਡਾਲਰ ਆਇਆ ਸੀ।
ਦੇਸ਼ ਅੰਦਰ ਆਰਥਿਕ ਸੰਕਟ ਕਾਰਨ, ਇਸ ਸ਼ਰਮਨਾਕ ਫਜ਼ੂਲ ਖਰਚੀ ਦਾ ਪਰਦਾ ਉਦੋਂ ਫਾਸ਼ ਹੋਇਆ ਜਦੋਂ ਹਾਊਸ ਆਫ ਕਾਮਨਜ਼ ਵਿਚ ਵਿਰੋਧੀ ਧਿਰ ਦੇ ਆਗੂ ਕੰਜ਼ਰਵੇਟਿਵ ਪਾਰਟੀ ਦੇ ਪੈਰੇ ਪੋਲੀਵਰ ਨੇ ਖੜ੍ਹੇ ਹੋ ਕੇ ਪੁੱਛਿਆ, ‘‘6000 ਡਾਲਰ ਪ੍ਰਤੀ ਰਾਤ ਵਾਲੇ ਕਮਰੇ ਵਿਚ ਕੌਣ ਠਹਿਰਿਆ ਸੀ?’’
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੀਤੇ ਬੁੱਲ੍ਹਾਂ ਦਾ ਜਵਾਬ ਸੀ ਕਿ ਕੈਨੇਡਾ ਇਕ ਵੱਡੇ ਵਫਦ ਨਾਲ ਸਸਕਾਰ ਸਮਾਰੋਹ ’ਤੇ ਗਿਆ ਸੀ। ਇਸ ਵਿਚ ਦੋ ਗਵਰਨਰ ਜਨਰਲ, ਸਾਬਕਾ ਗਵਰਨਰ ਜਨਰਲ, ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਜੀਨ ਕਰੀਟਨ, ਪਾਲਮਾਰਟਨ, ਕਿਮ ਕੈਂਪਬੈੱਲ ਆਦਿ ਸ਼ਾਮਲ ਸਨ। ਅਸੀਂ ਸਭ ਹੋਟਲ ਵਿਚ ਰਹੇ। ਸਭ ਨੂੰ ਕੈਨੇਡਾ ਤੋਂ ਵੱਡੇ ਵਫਦ ਦੀ ਸ਼ਮੂਲੀਅਤ ਦੀ ਤਵੱਕੋ ਸੀ।
ਜਦੋਂ ਸੈਨੇਟ ਵਿਚ ਟੋਰੀ ਸੈਨੇਟਰ ਡਾਨ ਪਲੈੱਟ ਨੇ ਇਸ ਵੱਡੇ ਬਿੱਲ ਦੀ ਅਦਾਇਗੀ ਬਾਰੇ ਸਵਾਲ ਕੀਤਾ ਤਾਂ ਸੱਤਾਧਾਰੀ ਧਿਰ ਦੇ ਆਗੂ ਮਾਰਕ ਗੋਲਡ ਦਾ ਕਹਿਣਾ ਸੀ ਕਿ ਕੈਨੇਡਾ ਤੋਂ ਮਹਾਰਾਣੀ ਅਲਿਜ਼ਾਬੇਥ ਦੇ ਸਸਕਾਰ ’ਤੇ ਗਵਰਨਰ ਜਨਰਲ ਅਤੇ ਉਸ ਦੇ ਵੱਡੇ ਵਫਦ ਦਾ ਭਾਗ ਲੈਣਾ ਸੁਭਾਵਿਕ ਸੀ।
ਬਹੁਤ ਲੋਕ ਸਮਝਦੇ ਸਨ ਕਿ ਸ਼ਾਇਦ ਗਵਰਨਰ ਜਨਰਲ ਬੀਬੀ ਸਾਇਮੋ, ਪਤੀ ਸਮੇਤ ਉਸ ਹੋਟਲ ਵਿਚ ਠਹਿਰੇ ਹੋਣ ਪਰ ਗਵਰਨਰ ਜਨਰਲ ਹਾਊਸ ਨੇ ਜਵਾਬ ਦਿੱਤਾ ਕਿ ਉਹ ਉਸ ਮਹਿੰਗੇ ਸੁਇਟ ਵਿਚ ਨਹੀਂ ਸਨ ਠਹਿਰੇ। ਉਨ੍ਹਾਂ ’ਤੇ ਇਹ ਦੋਸ਼ ਸੀ ਕਿ ਦੁਬਈ ਯਾਤਰਾ ਸਮੇਂ ਹਵਾਈ ਜਹਾਜ਼ ਅੰਦਰ ਖਾਣੇ ਦਾ ਬਿੱਲ ਉਨ੍ਹਾਂ ਨੇ ਵੀ ਕੈਨੇਡਾ ਟੈਕਸਦਾਤਾਵਾਂ ’ਤੇ ਇਕ ਲੱਖ ਡਾਲਰ ਦਾ ਪਾਇਆ ਸੀ। ਕੀ ਇਹ ਅਨਰਥ ਨਹੀਂ ਸੀ?
ਦਰਅਸਲ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਆਪਣੇ ਹਾਈ ਕਮਿਸ਼ਨਰ ਦੀ ਰਿਹਾਇਸ਼ ਵਿਚ ਰਹਿਣ ਦੀ ਥਾਂ ਲੰਡਨ ਵਿਚ ਸਭ ਤੋਂ ਮਹਿੰਗਾ ਹੋਟਲ ਕੋਰੰਥੀਅ ਲੰਡਨ ਬੁੱਕ ਕੀਤਾ। ਉਸ ਦੇ ਆਮ ਸੁਇਟ ਦਾ ਕਿਰਾਇਆ 2000 ਡਾਲਰ ਪ੍ਰਤੀ ਰਾਤ ਹੈ ਜਦ ਕਿ ਵਿਸ਼ੇਸ਼ ਸੁਇਟ ਦਾ ਕਿਰਾਇਆ 6000 ਡਾਲਰ ਪ੍ਰਤੀ ਰਾਤ ਹੈ ਜਿਸ ਵਿਚ 900 ਵਰਗ ਫੁੱਟ ਰਿਵਰ ਸੁਇਟ ਪੂਰੀ ਬਟਲਰ ਸੇਵਾ, ਮਾਰਬਲ ਬਾਥਰੂਮ, ਬਾਥਰੂਮ ਟੱਬ , ਟੀ.ਵੀ.ਸਮੇਤ ਅਤੇ ਰੇਨ ਸ਼ਾਵਰ ਸੈਂਟਰਲੀ ਹਾਟ ਮੌਜੂਦ ਹੈ। ਇਸੇ ਕਮਰੇ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਠਹਿਰੇ। ਇੱਥੇ ਵਰਨਣਯੋਗ ਹੈ ਕਿ ਬਕਿੰਮਗਮ ਪੈਲੇਸ ਨੇੜੇ ਕਲੇਰਿਜ ਹੋਟਲ ਇਸ ਤੋਂ ਸਸਤਾ ਸੀ।
ਕੈਨੇਡਾ ਦੇ ਕਰਦਾਤਾ, ਵਿਰੋਧੀ ਧਿਰ ਇਸ ਗੱਲੋਂ ਹੈਰਾਨ ਹਨ ਕਿ ਅਮਰੀਕੀ ਪ੍ਰਧਾਨ ਜੋਅ ਬਾਈਡਨ ਵੀ ਆਪਣੇ ਵੱਡੇ ਵਫਦ ਸਮੇਤ ਅਮਰੀਕਾ ਵਲੋਂ ਇਸ ਸਸਕਾਰ ਸਮਾਰੋਹ ਵਿਚ ਸ਼ਾਮਲ ਹੋਏ ਸਨ ਜੋ ਆਪਣੇ ਵਿਨਫੀਲਡ ਦੂਤ ਘਰ ਵਿਚ ਠਹਿਰੇ ਜੋ ਲੰਡਨ ਟਾਊਨ ਹਾਊਸ ਵਜੋਂ ਮਸ਼ਹੂਰ ਹੈ। ਉਨਾਂ ਇਕ ਪੈਸਾ ਵੀ ਵਾਧੂ ਆਪਣੇ ਅਮਰੀਕੀ ਕਰਦਾਤਾਵਾਂ ’ਤੇ ਨਹੀਂ ਪਾਇਆ।
ਕੈਨੇਡਾ ਹਾਈ ਕਮਿਸ਼ਨਰ ਕੋਲ ਟਰਾਫਲਗਾਰ ਚੌਕ ਦੀ ਨੁੱਕਰ ’ਤੇ ਵੱਡੀ ਹਾਈ ਕਮਿਸ਼ਨਰ ਰਿਹਾਇਸ਼ ਗੈਸਟ ਹਾਊਸ ਸਮੇਤ ਮੌਜੂਦ ਹੈ। ਗਵਰਨਰ ਜਨਰਲ ਅਤੇ ਪ੍ਰਧਾਨ ਮੰਤਰੀ ਸਟਾਫ ਅਤੇ ਵਫਦ ਸਮੇਤ ਉੱਥੇ ਠਹਿਰ ਸਕਦੇ ਸਨ।
ਜਿਸ ਸੁਇਟ ਦਾ ਕਿਰਾਇਆ 6000 ਡਾਲਰ ਪ੍ਰਤੀ ਰਾਤ ਹੈ ਇੰਨੀ ਤਾਂ ਆਮ ਕੈਨੇਡੀਅਨਾਂ ਦੀ ਮਹੀਨੇ ਦੀ ਕਮਾਈ ਨਹੀਂ। ਅਜਿਹੀ ਸਰਕਾਰ ਠੀਕ ਨਹੀਂ ਜੋ ਆਮ ਕੈਨੇਡੀਅਨਾਂ ਦਾ ਖੂਨ ਚੂਸ ਕੇ ਐਸ਼ ਕਰਦੀ ਹੈ।
ਇਸ ਦੌਰਾਨ ਇਕ ਸੈਨੇਟਰ ਨੇ ਸੰਤਰਾ ਰਸ ਦੀ ਗੱਲ ਕੀਤੀ। ਇਹ ਇਕ ਦਹਾਕੇ ਪਹਿਲਾਂ ਦਾ ਮਾਜਰਾ ਹੈ, ਫੈਡਰਲ ਲਿਬਰਲ ਕੰਜ਼ਰਵੇਟਿਵ ਕੈਬਨਿਟ ਮੰਤਰੀ ਬੇਵ ਓਡਾ. ਨੇ ਲੰਡਨ ਵਿਚ ਠਾਠ-ਬਾਠ ਵਾਲੇ ਹੋਟਲ ਵਿਚ 16 ਡਾਲਰ ਸੰਤਰਾ ਰਸ ਪ੍ਰਤੀ ਗਲਾਸ ਦਾ ਅਨੰਦ ਮਾਣਿਆ ਅਤੇ 1000 ਡਾਲਰ ਰੋਜ਼ਾਨਾ ਲਿਮੋਜੀਨ ’ਤੇ ਖਰਚੇ ਸਨ। ਸ਼ਾਇਦ ਕੰਜ਼ਰਵੇਟਿਵ ਭੁੱਲ ਗਏ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2012 ਵਿਚ ਚੀਨ ਵਿਚ ਆਰਥਿਕ ਫੋਰਮ ਵਿਚ ਭਾਗ ਲੈਣ ਵੇਲੇ 1 ਮਿਲੀਅਨ ਡਾਲਰ ਦਾ ਮਹਿੰਗਾ ਬਿੱਲ ਕੈਨੇਡੀਅਨ ਕਰਦਾਤਾਵਾਂ ਸਿਰ ਪਾਇਆ ਸੀ।
ਕੀ ਤੁਸੀਂ ਜਾਣਦੇ ਹੋ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਨਿਕਸਨ ਚੀਨੀ ਰਾਸ਼ਟਰਪਤੀ ਮਾਓਜੇ ਤੁੰਗ ਨੂੰ ਬੀਜਿੰਗ ਵਿਖੇ ਫਰਵਰੀ, 1972 ਨੂੰ ਮਿਲੇ ਤਾਂ ਮਾਓ ਨੇ ਟਾਕੀਆਂ ਲੱਗਾ ਕੋਟ-ਪੈਂਟ ਪਾਇਆ ਹੋਇਆ ਸੀ। ਜਦੋਂ ਨਿਕਸਨ ਨੇ ਇਸ ਬਾਰੇ ਸਵਾਲ ਕੀਤਾ ਤਾਂ ਮਾਓ ਬੋਲੇ, ਮੈਂ ਕਿਵੇਂ ਸੂਟ-ਬੂਟ ਪਹਿਨ ਸਕਦਾ ਜਦੋਂ ਕਰੋੜਾਂ ਚੀਨੀ ਗੁਰਬੱਤ ਵਿਚ ਪਿਸ ਰਹੇ ਹਨ। ਇਹ ਹੈ ਰਾਜਨੀਤਕ ਆਚਰਣ ਜੋ ਟਰੂਡੋ ਤੇ ਹੋਰ ਨਹੀਂ ਅਪਣਾ ਸਕੇ। ਜਨਤਕ ਟੈਕਸਦਾਤਾਵਾਂ ਦੇ ਖੂਨ ਪਸੀਨੇ ਦੀ ਕਮਾਈ ਤੋਂ ਸੱਤਾਧਾਰੀਆਂ ਵਲੋਂ ਐਸ਼ੋ ਇਸ਼ਰਤ ਦਾ ਜੋ ਘਮਸਾਨ ਕੈਨੇਡਾ ਵਿਚ ਮਚਿਆ ਹੈ, ਉਸ ਤੋਂ ਭਾਰਤੀ ਨੇਤਾਵਾਂ ਨੂੰ ਵੀ ਸਬਕ ਸਿੱਖਣ ਦੀ ਲੋੜ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕੈਂਬਲਫੋਰਡ-ਕੈਨੇਡਾ 1 2898292929
ਕਸ਼ਮੀਰ ਦੀ ਸੱਚੀ ਆਜ਼ਾਦੀ?
NEXT STORY