ਮੋਦੀ ਸਰਕਾਰ ਵਿਚ ਕੁਝ ਰੁਕੇ ਹੋਏ ਫੈਸਲਿਆਂ ਨੂੰ ਨਵਾਂ ਚਿਹਰਾ ਮਿਲ ਸਕਦਾ ਹੈ। ਸੁਬਰਾਮਣੀਅਮ ਸਵਾਮੀ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਨੇ ਕਦੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਆਪਣੀ ਕੈਬਨਿਟ 'ਚ ਸ਼ਾਮਿਲ ਕਰਨਗੇ ਪਰ ਸਮਾਂ ਬੀਤਦਾ ਗਿਆ ਅਤੇ ਫੈਸਲਾ ਟਲਦਾ ਰਿਹਾ। ਸੂਤਰ ਦੱਸਦੇ ਹਨ ਕਿ ਸਵਾਮੀ ਦੀ ਪਿਛਲੇ ਦਿਨੀਂ ਪੀ. ਐੱਮ. ਨਾਲ ਇਕ ਅਹਿਮ ਮੁਲਾਕਾਤ ਹੋਈ ਅਤੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਨਿਆਂ ਪਾਲਿਕਾ ਦੇ ਰਿਸ਼ਤਿਆਂ 'ਚ ਆਈ ਖਟਾਸ ਨੂੰ ਦੂਰ ਕਰਨਾ ਹੈ।
ਇਸ ਗੱਲ ਦੇ ਪਹਿਲਾਂ ਤੋਂ ਸਾਫ ਸੰਕੇਤ ਮਿਲ ਰਹੇ ਹਨ ਕਿ ਅਟਾਰਨੀ ਜਨਰਲ ਤੇ ਉਨ੍ਹਾਂ ਦੀ ਟੀਮ ਦੇ ਕੰਮਕਾਜ ਤੋਂ ਪੀ. ਐੱਮ. ਓ. ਬਿਲਕੁਲ ਖੁਸ਼ ਨਹੀਂ। ਨਵੇਂ ਅਟਾਰਨੀ ਜਨਰਲ ਲਈ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਪਸੰਦੀਦਾ ਇਕ ਵਿਅਕਤੀ ਦੇ ਨਾਂ ਨੂੰ ਲੱਗਭਗ ਹਰੀ ਝੰਡੀ ਮਿਲ ਚੁੱਕੀ ਹੈ। ਬਸ ਇੰਤਜ਼ਾਰ ਸਹੀ ਸਮੇਂ ਦਾ ਹੈ, ਜਦੋਂ ਮੌਜੂਦਾ ਅਟਾਰਨੀ ਜਨਰਲ ਨੂੰ ਬਾਹਰਲਾ ਰਸਤਾ ਦਿਖਾਇਆ ਜਾ ਸਕੇ।
ਕਿਹਾ ਜਾਂਦਾ ਹੈ ਕਿ ਨਿਆਂ ਪਾਲਿਕਾ ਦੇ ਨਵੇਂ ਨਿਜ਼ਾਮ ਨਾਲ ਸਾਬਕਾ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਦੀ ਕਾਫੀ ਬਣਦੀ ਹੈ ਅਤੇ ਭਾਰਦਵਾਜ ਨਾਲ ਸਵਾਮੀ ਦੀ ਦੋਸਤੀ ਬਹੁਤ ਪੁਰਾਣੀ ਹੈ। ਇਸ ਲਈ ਸਵਾਮੀ ਨਵੇਂ ਨਿਜ਼ਾਮ ਦਾ ਭਰੋਸਾ ਜਿੱਤਣ ਲਈ ਆਪਣੇ ਪੁਰਾਣੇ ਦੋਸਤ ਭਾਰਦਵਾਜ ਦੀ ਸਹਾਇਤਾ ਲੈ ਸਕਦੇ ਹਨ। ਉਂਝ ਵੀ ਕੇਂਦਰ ਸਰਕਾਰ ਤੇ ਨਿਆਂ ਪਾਲਿਕਾ ਵਿਚਾਲੇ ਕੁਝ ਮੱਤਭੇਦਾਂ ਕਾਰਨ ਕਿਤੇ ਨਾ ਕਿਤੇ ਜੱਜਾਂ ਦੀਆਂ ਨਿਯੁਕਤੀਆਂ 'ਤੇ ਰੋਕ ਲੱਗ ਗਈ ਹੈ। ਸੁਪਰੀਮ ਕੋਰਟ ਵਿਚ ਅਜੇ ਵੀ ਜੱਜਾਂ ਦੇ 7 ਅਹੁਦੇ ਖਾਲੀ ਪਏ ਹਨ, ਜਦਕਿ ਹਾਈਕੋਰਟ ਵਿਚ ਤਾਂ ਲੱਗਭਗ 50 ਅਹੁਦੇ ਖਾਲੀ ਹਨ। ਸਵਾਮੀ ਜੇਕਰ ਇਨ੍ਹਾਂ ਰੁਕਾਵਟਾਂ 'ਤੇ ਪਾਰ ਪਾਉਣ 'ਚ ਸਫਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਦੇ ਅਗਲੇ ਕਾਨੂੰਨ ਮੰਤਰੀ ਵਜੋਂ ਦੇਖਿਆ ਜਾ ਸਕਦਾ ਹੈ।
ਨਵੇਂ ਰਾਜ ਦੇ ਆਗ਼ਾਜ਼ 'ਚ ਸਵਰਾਜ- ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਆਪਣੀ ਕਿਡਨੀ ਸਫਲਤਾਪੂਰਵਕ ਬਦਲਵਾਉਣ ਤੋਂ ਬਾਅਦ ਹੁਣ ਇਕ ਨਵੀਂ ਸਿਆਸੀ ਪਾਰੀ ਖੇਡਣ ਲਈ ਤਿਆਰ ਦੱਸੀ ਜਾਂਦੀ ਹੈ। ਸਿਆਸੀ ਹਲਕਿਆਂ 'ਚ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਮੈਡਮ ਸਵਰਾਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਸੰਵਿਧਾਨਿਕ ਅਹੁਦੇ 'ਤੇ ਬਿਠਾਉਣਾ ਚਾਹੁੰਦੇ ਹਨ। ਸੰਘ ਦੇ ਦੋ ਚੋਟੀ ਦੇ ਨੇਤਾ ਭਈਆਜੀ ਜੋਸ਼ੀ ਅਤੇ ਦੱਤਾਤ੍ਰੇ ਹੋਸਬੋਲੇ ਲਗਾਤਾਰ ਸੁਸ਼ਮਾ ਦੇ ਨਾਂ ਨੂੰ ਦੇਸ਼ ਦੀ ਅਗਲੀ ਰਾਸ਼ਟਰਪਤੀ ਵਜੋਂ ਪੇਸ਼ ਕਰਨ 'ਚ ਲੱਗੇ ਹੋਏ ਹਨ ਅਤੇ ਸੰਘ ਦੇ ਇਨ੍ਹਾਂ ਦੋਹਾਂ ਨੇਤਾਵਾਂ ਦੀ ਮੁਹਿੰਮ ਨੂੰ ਸਰਸੰਘਚਾਲਕ ਦਾ ਖਾਮੋਸ਼ ਸਮਰਥਨ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਭਾਜਪਾ ਦਾ ਇਕ ਧੜਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦਾ ਨਾਂ ਅਗਲੇ ਰਾਸ਼ਟਰਪਤੀ ਲਈ ਉਛਾਲ ਰਿਹਾ ਹੈ। ਪਾਰਟੀ ਦੇ ਕੁਝ ਸੀਨੀਅਰ ਦੱਖਣ ਭਾਰਤੀ ਨੇਤਾਵਾਂ ਦੀ ਰਾਏ ਹੈ ਕਿ ਭਾਜਪਾ ਨੂੰ ਕਿਸੇ ਦੱਖਣ ਭਾਰਤੀ ਨੇਤਾ ਦਾ ਨਾਂ ਰਾਸ਼ਟਰਪਤੀ ਦੇ ਅਹੁਦੇ ਲਈ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਦੱਖਣੀ ਖੇਤਰ 'ਚ ਵੀ ਆਪਣੇ ਪੈਰ ਪਸਾਰ ਸਕੇ। ਇਸ ਕੜੀ 'ਚ 2 ਸਾਬਕਾ ਮੁੱਖ ਜੱਜਾਂ ਦੇ ਨਾਂ ਲਏ ਜਾ ਰਹੇ ਹਨ। ਇਨ੍ਹਾਂ 'ਚੋਂ ਇਕ ਹਨ ਕੇਰਲਾ ਦੇ ਗਵਰਨਰ ਪੀ. ਸਦਾਸ਼ਿਵਮ ਤੇ ਦੂਜਾ ਨਾਂ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਨ ਦਾ ਹੈ। ਇਨ੍ਹਾਂ ਨਾਵਾਂ 'ਚੋਂ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਦਾਅਵੇਦਾਰੀ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਸਿਹਤ, ਤਰਜੀਹ ਤੇ ਬੜਬੋਲੇਪਣ ਨੂੰ ਦੇਖਦਿਆਂ ਸੰਘ ਇਸ ਵਾਰ ਸੁਸ਼ਮਾ ਸਵਰਾਜ ਦੇ ਨਾਂ ਦੀ ਖੁੱਲ੍ਹ ਕੇ ਵਕਾਲਤ ਕਰ ਰਿਹਾ ਹੈ, ਤਾਂ ਕੀ ਇਸ ਤੋਂ ਇਹ ਸਮਝਿਆ ਜਾਵੇ ਕਿ ਦੇਸ਼ ਨੂੰ ਹੁਣ ਇਕ ਹੋਰ ਮਹਿਲਾ ਰਾਸ਼ਟਰਪਤੀ ਮਿਲਣ ਵਾਲੀ ਹੈ।
ਅਗਲਾ ਵਿੱਤ ਮੰਤਰੀ ਕੌਣ- ਯੂ. ਪੀ. ਦੀਆਂ ਚੋਣਾਂ ਤੋਂ ਤੁਰੰਤ ਬਾਅਦ ਮੋਦੀ ਮੰਤਰੀ ਮੰਡਲ 'ਚ ਇਕ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ। ਖਰਾਬ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਕਈ ਮੰਤਰੀਆਂ ਦੀ ਕੈਬਨਿਟ 'ਚੋਂ ਛੁੱਟੀ ਹੋ ਸਕਦੀ ਹੈ, ਸ਼ਿਵ ਸੈਨਾ ਦੀ ਜਗ੍ਹਾ ਰਾਕਾਂਪਾ ਮੋਦੀ ਸਰਕਾਰ 'ਚ ਸ਼ਾਮਿਲ ਹੋ ਸਕਦੀ ਹੈ ਤੇ ਜੇ ਸੁਸ਼ਮਾ ਸਵਰਾਜ ਨੂੰ ਦੇਸ਼ ਦੀ ਅਗਲੀ ਰਾਸ਼ਟਰਪਤੀ ਬਣਾਉਣ ਲਈ ਸੰਘ ਦੀ ਪਹਿਲ ਨੂੰ ਮੋਦੀ ਦੀ ਮਨਜ਼ੂਰੀ ਮਿਲ ਗਈ ਤਾਂ ਉਨ੍ਹਾਂ ਦੀ ਜਗ੍ਹਾ ਅਰੁਣ ਜੇਤਲੀ ਲੈ ਸਕਦੇ ਹਨ ਅਤੇ ਦੇਸ਼ ਦੇ ਨਵੇਂ ਵਿਦੇਸ਼ ਮੰਤਰੀ ਬਣ ਸਕਦੇ ਹਨ।
ਨਵੇਂ ਵਿੱਤ ਮੰਤਰੀ ਲਈ ਦੋ ਨਾਂ ਚਰਚਾ 'ਚ ਹਨ—ਨਿਤਿਨ ਗਡਕਰੀ ਤੇ ਸੁਰੇਸ਼ ਪ੍ਰਭੂ। ਇਹ ਕਿਆਸ ਵੀ ਲਗਾਇਆ ਜਾ ਰਿਹਾ ਹੈ ਕਿ ਕਿਸੇ ਨਾਮੀ ਟੈਕਨੋਕ੍ਰੇਟ ਨੂੰ ਵਿੱਤ ਮਾਮਲਿਆਂ ਬਾਰੇ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਸੂਤਰ ਦੱਸਦੇ ਹਨ ਕਿ ਪਹਿਲਾਂ ਪਿਊਸ਼ ਗੋਇਲ ਦਾ ਨਾਂ ਵੀ ਚਰਚਾ 'ਚ ਸੀ ਪਰ ਗੋਇਲ ਦੇ ਨਾਂ ਨੂੰ ਅਜੇ ਤਕ ਸੰਘ ਦੀ ਹਰੀ ਝੰਡੀ ਨਹੀਂ ਮਿਲ ਸਕੀ ਹੈ।
ਬਾਬਾ ਰਾਮਦੇਵ ਦੀ ਬਦਲੀ ਹਵਾ- ਬਾਬਾ ਰਾਮਦੇਵ ਦੇ ਬਦਲੇ ਹੋਏ ਹਾਵ-ਭਾਵ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਕਿਤੇ ਕੁਝ ਠੀਕ ਨਹੀਂ ਚੱਲ ਰਿਹਾ। ਕੀ ਮਮਤਾ ਬੈਨਰਜੀ ਨੂੰ 'ਪੀ. ਐੱਮ. ਮਟੀਰੀਅਲ' ਕਹਿਣਾ ਬਾਬਾ ਰਾਮਦੇਵ ਦੀ ਇਸੇ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਸੀ? ਸੂਤਰਾਂ ਮੁਤਾਬਿਕ ਬਾਬਾ ਰਾਮਦੇਵ ਦੀ ਹਮਲਾਵਰ ਵਪਾਰ ਨੀਤੀ ਨੂੰ ਲੈ ਕੇ ਸੰਘ ਹਾਈਕਮਾਨ ਕੁਝ ਨਾਰਾਜ਼ ਜਿਹੀ ਹੈ। ਸੰਘ ਦੀ ਤਿੱਕੜੀ ਭਾਗਵਤ, ਭਈਆਜੀ ਜੋਸ਼ੀ ਅਤੇ ਦੱਤਾਤ੍ਰੇ ਤਾਂ ਰਾਮਦੇਵ ਨੂੰ ਭਗਵਾ ਕੱਪੜਿਆਂ 'ਚ ਵਪਾਰੀ ਹੀ ਮੰਨਦੇ ਹਨ।
ਖੁਦ ਪੀ. ਐੱਮ. ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਧਾਰਨਾ ਦੇ ਉਲਟ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਨਿਤਿਨ ਗਡਕਰੀ ਰਾਮਦੇਵ ਨਾਲ ਕੁਝ ਵਾਧੂ ਸਨੇਹ ਰੱਖਦੇ ਹਨ ਅਤੇ ਆਨੇ-ਬਹਾਨੇ ਦੋਵੇਂ ਨੇਤਾ ਸੰਘ ਹਾਈਕਮਾਨ ਸਾਹਮਣੇ ਰਾਮਦੇਵ ਦਾ ਪੱਖ ਮਜ਼ਬੂਤੀ ਨਾਲ ਰੱਖਦੇ ਆਏ ਹਨ ਪਰ ਹੌਲੀ-ਹੌਲੀ ਸਿਆਸੀ ਹਵਾ ਦਾ ਰੁਖ਼ ਬਦਲ ਰਿਹਾ ਹੈ, ਜੋ ਰਾਮਦੇਵ ਨੂੰ ਵੀ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਰਿਹਾ ਹੈ।
ਕੀ ਹੈ ਬਹਿਰਾਈਚ ਦਾ ਸੱਚ
ਇਸ ਗੱਲ 'ਤੇ ਹੁਣ ਕਾਫੀ ਸਿਆਸੀ ਹੰਗਾਮਾ ਹੋ ਰਿਹਾ ਹੈ ਕਿ ਬਹਿਰਾਈਚ ਵਾਲੀ ਰੈਲੀ 'ਚ ਮੋਦੀ ਨੇ ਠੰਡੇ ਮੌਸਮ ਤੇ ਧੁੰਦ ਦੀ ਵਜ੍ਹਾ ਕਰਕੇ ਨਹੀਂ, ਸਗੋਂ ਸਿਆਸੀ ਧੁੰਦ ਦੀ ਵਜ੍ਹਾ ਕਰਕੇ ਜਾਣ ਤੋਂ ਤੌਬਾ ਕੀਤੀ। ਸੂਤਰ ਦੱਸਦੇ ਹਨ ਕਿ ਜਦੋਂ ਮੋਦੀ ਲਖਨਊ 'ਚ ਉਤਰੇ ਤਾਂ ਐੱਸ. ਪੀ. ਜੀ. ਦਾ ਇਕ ਹੈਲੀਕਾਪਟਰ ਭੀੜ ਦਾ ਮੁਆਇਨਾ ਕਰਨ ਲਈ ਬਹਿਰਾਈਚ ਚਲਾ ਗਿਆ ਤੇ ਉਥੋਂ ਜੋ ਰਿਪੋਰਟ ਭੇਜੀ ਗਈ, ਉਹ ਹੈਰਾਨ ਕਰਨ ਵਾਲੀ ਸੀ।
ਦੱਸਿਆ ਜਾਂਦਾ ਹੈ ਕਿ ਬੜੀ ਮੁਸ਼ਕਿਲ ਨਾਲ 10 ਕੁ ਹਜ਼ਾਰ ਲੋਕਾਂ ਦੀ ਭੀੜ ਸੀ। ਇਸੇ ਕਰਕੇ ਮੋਦੀ ਨੇ ਉਥੇ ਨਾ ਜਾਣ ਦਾ ਫੈਸਲਾ ਕੀਤਾ ਤੇ ਤੈਅ ਹੋਇਆ ਕਿ ਮੋਦੀ ਫੋਨ ਰਾਹੀਂ ਹੀ ਆਪਣਾ ਭਾਸ਼ਣ ਦੇਣਗੇ। ਭਾਜਪਾ ਦੇ ਸੂਬਾ ਪ੍ਰਧਾਨ ਮੌਰਿਆ ਨੇ ਆਪਣਾ ਫੋਨ ਮਾਈਕ ਨਾਲ ਲਗਾਈ ਰੱਖਿਆ ਤੇ ਮੋਦੀ ਭਾਸ਼ਣ ਦਿੰਦੇ ਰਹੇ।
50 ਦਿਨ ਪੂਰੇ ਹੋਣ ਪਿੱਛੋਂ ਵੀ ਨਵੀਂ ਕਰੰਸੀ ਮੁਹੱਈਆ ਨਾ ਹੋਈ ਤਾਂ...
NEXT STORY