ਮੈਂ ਇਹ ਸ਼ਬਦ ਇਸਤਾਂਬੁਲ 'ਚ ਬੈਠ ਕੇ ਲਿਖ ਰਿਹਾ ਹਾਂ, ਜਿਥੇ ਮੈਂ ਅੱਤਵਾਦ ਨਾਲ ਸਬੰਧਤ ਇਕ ਮੁਕੱਦਮੇ ਤਹਿਤ ਅਦਾਲਤ 'ਚ ਇਕ ਆਬਜ਼ਰਵਰ ਦੀ ਹੈਸੀਅਤ ਨਾਲ ਹਾਜ਼ਰ ਰਹਿੰਦਾ ਹਾਂ। ਇਹ ਮੁਕੱਦਮਾ ਤੁਰਕੀ ਦੀ ਐਮਨੈਸਟੀ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਡਾਇਰੈਕਟਰ ਦਾ ਹੈ। ਕੁਝ ਪਾਠਕ ਸ਼ਾਇਦ ਇਹ ਜਾਣਦੇ ਹੋਣਗੇ ਕਿ ਮੈਂ ਇਸ ਸੰਸਾਰਕ ਅੰਦੋਲਨ ਦਾ ਹਿੱਸਾ ਵੀ ਹਾਂ ਅਤੇ ਮੈਂ ਐਮਨੈਸਟੀ ਇੰਡੀਆ ਦਾ ਕਾਰਜਕਾਰੀ ਡਾਇਰੈਕਟਰ ਹਾਂ। ਮੇਰੇ ਦੋ ਸਹਿਕਰਮੀ ਇਦਲ ਆਸੇਰ ਅਤੇ ਤਨੇਰ ਕਿਲੀਸ ਲੋਕਾਂ ਦੇ ਉਸ ਸਮੂਹ ਦਾ ਹਿੱਸਾ ਹਨ, ਜੋ ਇਕ ਅੱਤਵਾਦੀ ਸੰਗਠਨ ਦੇ ਮੈਂਬਰ ਹੋਣ ਦੇ ਦੋਸ਼ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।
ਬੀਬੀ ਇਦਲ ਨੂੰ ਕੁਝ ਹਫਤੇ ਪਹਿਲਾਂ ਜ਼ਮਾਨਤ ਮਿਲ ਗਈ ਸੀ ਅਤੇ ਮੈਂ ਉਸ ਨੂੰ ਅਦਾਲਤ ਦੇ ਬਾਹਰ ਮਿਲਿਆ ਸੀ ਪਰ ਤਨੇਰ ਅਜੇ ਵੀ ਇਜਮੀਰ ਸ਼ਹਿਰ ਦੀ ਜੇਲ 'ਚ ਬੰਦ ਹੈ, ਜੋ ਇਸਤਾਂਬੁਲ ਤੋਂ ਲੱਗਭਗ 500 ਕਿਲੋਮੀਟਰ ਦੂਰ ਹੈ ਅਤੇ ਮੈਂ ਵੀਡੀਓ ਲਿੰਕ ਰਾਹੀਂ ਉਸ ਦੀ ਪੇਸ਼ੀ ਦੀ ਕਾਰਵਾਈ 'ਚ ਹਿੱਸਾ ਲਿਆ। ਤਨੇਰ ਜੂਨ ਮਹੀਨੇ ਤੋਂ ਜੇਲ 'ਚ ਬੰਦ ਹੈ।
ਦੋਹਾਂ ਐਕਟੀਵਿਸਟਾਂ ਨੂੰ ਇਕ ਹੋਟਲ 'ਚ ਡਿਜੀਟਲ ਸੁਰੱਖਿਆ ਦੇ ਵਿਸ਼ੇ 'ਤੇ ਆਯੋਜਿਤ ਵਰਕਸ਼ਾਪ ਤੋਂ ਬਾਅਦ ਮੁਲਜ਼ਮ ਬਣਾਇਆ ਗਿਆ ਸੀ। ਸਰਕਾਰ ਦਾ ਇਹ ਬੇਹੂਦਾ ਦਾਅਵਾ ਹੈ ਕਿ ਇਹ ਇਕ ਖੁਫੀਆ ਮੀਟਿੰਗ ਸੀ, ਜੋ ਜਾਸੂਸੀ ਕਰਨ ਅਤੇ ਰਾਜਪਲਟੇ 'ਚ ਹਿੱਸਾ ਲੈਣ ਲਈ ਆਯੋਜਿਤ ਕੀਤੀ ਗਈ ਸੀ। ਦੋ ਵਿਦੇਸ਼ੀ ਨਾਗਰਿਕ (ਇਕ ਜਰਮਨ ਅਤੇ ਦੂਜਾ ਸਵੀਡਿਸ਼) ਵੀ ਇਸ ਮੁਕੱਦਮੇ 'ਚ ਇਸੇ ਦੋਸ਼ ਵਿਚ ਸ਼ਾਮਿਲ ਹਨ ਪਰ ਉਹ ਜ਼ਮਾਨਤ 'ਤੇ ਹਨ।
ਵਿਸ਼ਾ-ਵਸਤੂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਸ ਮਾਮਲੇ ਵਿਚ ਕੋਈ ਜਾਨ ਨਹੀਂ ਅਤੇ ਤਨੇਰ ਦੇ ਵਿਰੁੱਧ ਮੁੱਖ ਦੋਸ਼ ਇਹ ਹੈ ਕਿ ਉਸ ਨੇ ਆਪਣੇ ਫੋਨ 'ਚ ਇਕ ਐਪ ਡਾਊਨਲੋਡ ਕੀਤੀ ਸੀ। 'ਬਾਈਲਾਕ' ਨਾਂ ਦੀ ਇਹ ਐਪ ਵ੍ਹਟਸਐਪ ਵਰਗੇ ਭਾਸ਼ਾ ਸੰਚਾਰ ਲਈ ਵਰਤੀ ਜਾਂਦੀ ਹੈ। ਤੁਰਕੀ ਦੀ ਸਰਕਾਰ ਦਾ ਦਾਅਵਾ ਹੈ ਕਿ ਬੀਤੇ ਸਾਲ ਰਾਜਪਲਟੇ ਦੇ ਯਤਨ ਤੋਂ ਪਹਿਲਾਂ ਇਸ ਦੇ ਸਮਰਥਕਾਂ ਨੇ ਇਕ-ਦੂਜੇ ਦੇ ਨਾਲ ਖੁਫੀਆ ਢੰਗ ਨਾਲ ਸੰਪਰਕ ਸਾਧਣ ਲਈ 'ਬਾਈਲਾਕ' ਦੀ ਵਰਤੋਂ ਕੀਤੀ ਸੀ। ਤਨੇਰ ਦੇ ਵਿਰੁੱਧ ਇਸ ਦਾਅਵੇ ਦਾ ਕੋਈ ਆਧਾਰ ਨਹੀਂ। ਐਮਨੈਸਟੀ ਨੇ ਤਨੇਰ ਦੇ ਫੋਨ ਦੇ ਦੋ ਫੋਰੈਂਸਿਕ ਪ੍ਰੀਖਣ ਕੀਤੇ ਸਨ। ਇਨ੍ਹਾਂ 'ਚੋਂ ਇਕ ਤਾਂ ਕੌਮਾਂਤਰੀ ਟੈਕਨਾਲੋਜੀ ਫਰਮ 'ਸਕਿਓਰ ਵਰਕਸ' ਵਲੋਂ ਵਰਤਿਆ ਜਾਂਦਾ ਹੈ ਅਤੇ ਸਾਨੂੰ ਉਸ ਦੇ ਫੋਨ 'ਤੇ 'ਬਾਈਲਾਕ' ਵਰਤੇ ਜਾਣ ਦਾ ਇਕ ਵੀ ਸੰਕੇਤ ਨਹੀਂ ਮਿਲਿਆ। ਅਦਾਲਤ 'ਚ ਸੁਣਵਾਈ ਦੌਰਾਨ ਮੇਰੇ ਵਲੋਂ ਪੇਸ਼ ਕੀਤੇ ਗਏ ਇਕ ਮਾਹਿਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਅਤੇ ਮੈਂ ਇਸ ਮਾਮਲੇ 'ਚ ਕੁਝ ਜ਼ਿਆਦਾ ਵੇਰਵਾ ਦੇਣਾ ਚਾਹਾਂਗਾ।
ਸਾਡਾ ਦਿਨ ਸੂਰਜ ਚੜ੍ਹਨ ਤੋਂ ਜਲਦ ਹੀ ਬਾਅਦ ਸ਼ੁਰੂ ਹੋ ਗਿਆ, ਜਦੋਂ ਸਾਡੇ 'ਚੋਂ ਇਕ ਧੜੇ ਨੇ ਨਿਆਂ ਮਹੱਲ (ਜਸਟਿਸ ਪੈਲੇਸ) ਦੇ ਬਾਹਰ ਇਕ ਰੋਸ ਪ੍ਰਦਰਸ਼ਨ ਆਯੋਜਿਤ ਕੀਤਾ। ਇਹ ਇਕ ਗੋਲਾਕਾਰ ਇਮਾਰਤ ਹੈ, ਜਿਸ ਵਿਚ ਕਈ ਅਦਾਲਤੀ ਕਮਰੇ ਹਨ। ਇਸ ਰੋਸ ਪ੍ਰਦਰਸ਼ਨ 'ਚ ਸਿਵਲ ਸੋਸਾਇਟੀ ਦੇ ਵੱਖ-ਵੱਖ ਧੜਿਆਂ ਅਤੇ ਵਿਅਕਤੀਆਂ ਦੀ ਚੰਗੀ-ਖਾਸੀ ਹਾਜ਼ਰੀ ਸੀ, ਹਾਲਾਂਕਿ ਉਸ ਦਿਨ ਕੜਾਕੇ ਦੀ ਠੰਡ ਸੀ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਵਿਦੇਸ਼ੀ ਆਬਜ਼ਰਵਰਾਂ 'ਚ ਬ੍ਰਾਜ਼ੀਲ ਅਤੇ ਯੂ. ਕੇ. ਦੇ ਐਮਨੈਸਟੀ ਪ੍ਰਧਾਨਾਂ ਦੇ ਨਾਲ-ਨਾਲ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਦੇ ਡਿਪਲੋਮੈਟ ਵੀ ਹਾਜ਼ਰ ਸਨ।
ਮਨੁੱਖੀ ਅਧਿਕਾਰ ਦੇ ਪੱਖੀਆਂ ਦੇ ਸਮਰਥਨ ਵਿਚ ਇਕ ਬਿਆਨ ਪੜ੍ਹਿਆ ਗਿਆ ਸੀ। ਇਸ ਮੌਕੇ 'ਤੇ ਤਨੇਰ ਦੀ 19 ਸਾਲਾ ਬੇਟੀ ਗੁਲਨਿਹਾਲ ਵੀ ਸਾਡੇ ਨਾਲ ਮੌਜੂਦ ਸੀ ਅਤੇ ਅਸੀਂ ਚੜ੍ਹਦੀ ਕਲਾ 'ਚ ਸੀ।
ਅਦਾਲਤ 'ਚ ਵਕੀਲਾਂ ਅਤੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਲੱਗਭਗ 120 ਲੋਕਾਂ ਲਈ ਜਗ੍ਹਾ ਸੀ ਤੇ ਕੋਈ ਵੀ ਕੁਰਸੀ ਖਾਲੀ ਨਹੀਂ ਸੀ। ਬਾਹਰ ਵੀ ਅਨੇਕ ਲੋਕ ਖੜ੍ਹੇ ਸਨ, ਜਿਨ੍ਹਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਸੀ।
ਅਦਾਲਤ 'ਚ 3 ਜੱਜ ਸਨ—2 ਮਰਦ ਅਤੇ 1 ਮਹਿਲਾ। ਉਨ੍ਹਾਂ ਨੇ ਕਾਲੇ ਗਾਊਨ ਪਹਿਨੇ ਹੋਏ ਸਨ, ਜਿਨ੍ਹਾਂ 'ਤੇ ਲੱਗੇ ਹੋਏ ਲਾਲ ਕਾਲਰ ਉਨ੍ਹਾਂ ਨੇ ਉਪਰ ਚੁੱਕੇ ਹੋਏ ਸਨ। ਉਹ ਇਕ ਉੱਚੇ ਚਬੂਤਰੇ 'ਤੇ ਬਿਰਾਜਮਾਨ ਸਨ, ਜਿਵੇਂ ਕਿ ਭਾਰਤ ਦੇ ਜੱਜ ਹੁੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਮੁਕੱਦਮਾ ਕਰਨ ਵਾਲਾ ਵੀ ਉਨ੍ਹਾਂ ਦੇ ਨਾਲ ਇਕ ਪਾਸੇ ਬੈਠਾ ਸੀ। ਇਸ ਆਦਮੀ ਨੂੰ ਪੂਰੀ ਸੁਣਵਾਈ ਦੌਰਾਨ ਮੈਂ ਸਿਰਫ ਇਕ ਵਾਰ ਹੀ ਮਾਮੂਲੀ ਜਿਹੀ ਗੱਲ ਕਰਦੇ ਦੇਖਿਆ, ਹਾਲਾਂਕਿ ਇਹ ਸੁਣਵਾਈ ਇਕ ਘੰਟੇ ਤੋਂ ਵੀ ਘੱਟ ਸਮੇਂ ਤਕ ਚੱਲੀ ਸੀ।
ਇਸ 'ਚੋਂ ਜ਼ਿਆਦਾਤਰ ਸਮਾਂ ਤਨੇਰ ਦੇ ਬਚਾਅ ਵਿਚ ਹੀ ਲੱਗਾ। ਉਸ ਦੇ ਪੱਖ ਵਿਚ ਇਕ ਮਾਹਿਰ ਗਵਾਹ ਸੀ, ਜੋ 'ਬਾਈਲਾਕ' ਐਪ ਦੇ ਮੁੱਦੇ 'ਤੇ ਕਾਫੀ ਲੰਮੇ ਸਮੇਂ ਤਕ ਬੋਲਿਆ। ਪੁਲਸ ਨੇ ਤਨੇਰ ਦੇ ਫੋਨ ਦੇ ਸਾਫਟਵੇਅਰ ਦੀ ਕਾਪੀ ਬਣਾਉਣ ਤੋਂ ਬਾਅਦ ਇਹ ਫੋਨ ਉਸ ਨੂੰ ਵਾਪਿਸ ਦੇ ਦਿੱਤਾ। ਮਾਹਿਰ ਨੇ ਇਹ ਸਿੱਟਾ ਕੱਢਿਆ ਕਿ ਅਜਿਹੀ ਕੋਈ ਸੰਭਾਵਨਾ ਹੀ ਨਹੀਂ ਸੀ ਕਿ ਤਨੇਰ ਨੇ ਕਦੇ 'ਬਾਈਲਾਕ' ਡਾਊਨਲੋਡ ਕੀਤੀ ਹੋਵੇ। ਆਪਣੀ ਗਵਾਹੀ ਦੇ ਬਿਆਨ ਵਿਚ ਤਨੇਰ ਨੇ ਕਿਹਾ ਕਿ ਜਿਸ ਦਿਨ ਰਾਜਪਲਟੇ ਦਾ ਯਤਨ ਹੋਇਆ, ਉਸ ਦਿਨ ਤਾਂ ਉਸ ਨੇ 'ਬਾਈਲਾਕ' ਐਪ ਬਾਰੇ ਕਦੇ ਸੁਣਿਆ ਹੀ ਨਹੀਂ ਸੀ। ਇਸ ਦੇ ਬਾਵਜੂਦ ਪਹਿਲੀ ਸੁਣਵਾਈ ਦੌਰਾਨ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ। ਉਸ ਸੁਣਵਾਈ ਤੋਂ ਬਾਅਦ ਮੇਰੇ ਸਹਿਕਰਮੀ ਜੌਨ ਡਲਹੁਈਸੇਨ ਨੇ ਕਿਹਾ ਕਿ ''3 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤਕ ਮੁਕੱਦਮੇਬਾਜ਼ ਮਗਜ਼ਮਾਰੀ ਕਰਦਾ ਰਿਹਾ ਪਰ ਉਹ ਇਕ ਵੀ ਦਲੀਲ ਪੇਸ਼ ਨਹੀਂ ਕਰ ਸਕਿਆ। ਤਨੇਰ ਦੇ ਵਿਰੁੱਧ ਅਜਿਹੇ ਮੁਕੱਦਮੇ ਨੂੰ ਖਾਰਿਜ ਕਰਨ ਵਿਚ ਜੱਜ ਨੂੰ ਅੱਧੇ ਘੰਟੇ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ।''
ਪਰ ਮੁਕੱਦਮਾ ਖਾਰਿਜ ਨਹੀਂ ਕੀਤਾ ਗਿਆ ਅਤੇ ਦੂਜੀ ਸੁਣਵਾਈ ਵੀ ਜਾਰੀ ਰਹੀ, ਜਿਸ ਦਾ ਮੈਂ ਵਰਣਨ ਕਰ ਰਿਹਾ ਹਾਂ। ਸੀਨੀਅਰ ਜੱਜ, ਜੋ ਕੇਂਦਰ ਵਿਚ ਬੈਠਾ ਹੋਇਆ ਸੀ, ਨੇ ਮਾਹਿਰ ਤੋਂ ਕੁਝ ਸਵਾਲ ਪੁੱਛੇ ਅਤੇ ਪੂਰਾ ਸਮਾਂ ਸਾਨੂੰ ਇਹ ਅਹਿਸਾਸ ਹੁੰਦਾ ਰਿਹਾ ਕਿ ਉਸ ਦਿਨ ਦੀ ਸੁਣਵਾਈ ਨਿਰਣਾਇਕ ਰੂਪ 'ਚ ਸੱਚਾਈ ਦੇ ਪੱਖ 'ਚ ਗਈ ਸੀ। ਆਈ. ਪੀ. ਐਡਰੈੱਸ ਅਤੇ 'ਬਾਈਲਾਕ' ਵਰਗੇ ਕੁਝ ਇਕ ਅੰਗਰੇਜ਼ੀ ਸ਼ਬਦਾਂ ਨੂੰ ਛੱਡ ਕੇ ਮੁਕੱਦਮੇ ਦੀ ਸੁਣਵਾਈ ਪੂਰੀ ਤਰ੍ਹਾਂ ਤੁਰਕ ਭਾਸ਼ਾ 'ਚ ਹੀ ਹੋਈ ਸੀ ਪਰ ਸਾਡੇ ਲਈ ਇਹ ਮਹਿਸੂਸ ਕਰਨਾ ਮੁਸ਼ਕਿਲ ਨਹੀਂ ਸੀ ਕਿ ਮਾਹਿਰ ਵਲੋਂ ਪੇਸ਼ ਸਬੂਤਾਂ ਨੇ ਕਿੰਨਾ ਡੂੰਘਾ ਪ੍ਰਭਾਵ ਪੈਦਾ ਕੀਤਾ ਸੀ। ਤਨੇਰ ਨੇ ਜ਼ਮਾਨਤ 'ਤੇ ਰਿਹਾਅ ਕੀਤੇ ਜਾਣ ਦੀ ਸਿੱਧੀ ਅਤੇ ਭਾਵਹੀਣ ਅਪੀਲ ਕੀਤੀ ਸੀ ਕਿਉਂਕਿ ਉਸ ਦੇ ਵਿਰੁੱਧ ਹੋਰ ਕੋਈ ਸਬੂਤ ਨਹੀਂ ਸੀ। ਮੁਕੱਦਮੇਬਾਜ਼ ਨੇ ਸਿਰਫ ਇਕ ਹੀ ਲਾਈਨ ਬੋਲੀ, ਜੋ ਉਸ ਪੂਰੇ ਦਿਨ ਵਿਚ ਉਸ ਦੇ ਮੂੰਹ 'ਚੋਂ ਨਿਕਲਿਆ ਇਕੋ-ਇਕ ਵਾਕ ਸੀ। ਉਸ ਨੇ ਕਿਹਾ ਕਿ ਸਰਕਾਰ ਇਸ ਜ਼ਮਾਨਤ ਦਾ ਵਿਰੋਧ ਕਰਦੀ ਹੈ।
6 ਘੰਟੇ ਬਾਅਦ ਵਕੀਲਾਂ ਅਤੇ ਮੁਲਜ਼ਮਾਂ ਤੋਂ ਸਿਵਾਏ ਸਾਰੇ ਲੋਕ ਅਦਾਲਤ ਦੇ ਕਮਰੇ 'ਚੋਂ ਬਾਹਰ ਚਲੇ ਗਏ। ਸਾਨੂੰ ਵੀ ਬਾਹਰ ਖੜ੍ਹੇ ਹੋ ਕੇ ਉਡੀਕ ਕਰਨ ਲਈ ਕਿਹਾ ਗਿਆ। ਸਾਨੂੰ ਬਾਅਦ 'ਚ ਸੂਚਿਤ ਕੀਤਾ ਗਿਆ ਕਿ ਜ਼ਮਾਨਤ ਤੋਂ ਇਨਕਾਰ ਹੋ ਗਿਆ ਹੈ ਅਤੇ ਇਹ ਖ਼ਬਰ ਸਾਡੇ ਸਾਰਿਆਂ ਲਈ ਇਕ ਸਦਮੇ ਵਾਂਗ ਸੀ ਪਰ ਨੌਜਵਾਨ ਗੁਲਨਿਹਾਲ ਤਾਂ ਇਸ ਨਾਲ ਬਿਲਕੁਲ ਟੁੱਟ ਹੀ ਗਈ ਸੀ।
ਮੈਂ ਅਨੇਕ ਸਾਲਾਂ ਤੋਂ ਅਦਾਲਤੀ ਸੁਣਵਾਈਆਂ ਦੀ ਰਿਪੋਰਟਿੰਗ ਕਰ ਰਿਹਾ ਹਾਂ ਅਤੇ ਮੈਂ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਕਿਸੇ ਵਿਅਕਤੀ ਦੇ ਅਧਿਕਾਰਾਂ ਦਾ ਅੱਤਵਾਦ ਨਾਲ ਸਬੰਧਤ ਹੋਣ ਦੇ ਨਾਂ 'ਤੇ ਇਸ ਤਰ੍ਹਾਂ ਬੇਸ਼ਰਮੀ ਵਾਲਾ ਘਾਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਦਮਨ ਹੁੰਦਾ ਨਹੀਂ ਦੇਖਿਆ। ਕਾਸ਼! ਭਾਰਤ ਸਰਕਾਰ ਨੇ ਵੀ ਇਸ ਸੁਣਵਾਈ 'ਚ ਆਪਣਾ ਕੋਈ ਪ੍ਰਤੀਨਿਧੀ ਭੇਜਿਆ ਹੁੰਦਾ। ਫਿਰ ਵੀ ਮੈਨੂੰ ਉਮੀਦ ਹੈ ਕਿ ਅਗਲੀ ਸੁਣਵਾਈ ਵਿਚ ਭਾਰਤ ਸਰਕਾਰ ਅਜਿਹਾ ਕਰੇਗੀ। ਇਹ ਇਕ ਅਜਿਹਾ ਮੁੱਦਾ ਹੈ, ਜੋ ਸਾਨੂੰ ਤੁਰਕੀ ਦੇ ਸਾਹਮਣੇ ਉਠਾਉਣਾ ਚਾਹੀਦਾ ਹੈ।
ਇਕ ਭਾਰਤੀ ਤੇ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਉਸ ਸਭ ਕੁਝ ਤੋਂ ਨਿਰਾਸ਼ ਹੋਇਆ ਹਾਂ, ਜੋ ਮੈਂ ਤੁਰਕੀ 'ਚ ਦੇਖਿਆ। ਤੁਰਕੀ ਦੇ ਲੋਕਾਂ ਦੇ ਨਾਲ ਸਾਡੇ ਗੂੜ੍ਹੇ ਸੱਭਿਆਚਾਰਕ ਸਬੰਧ ਹਨ ਅਤੇ ਇਹ ਸਬੰਧ ਤੁਰਕਾਂ ਦੇ ਅਸਲੀ ਰੂਪ ਵਿਚ ਤੁਰਕੀ 'ਚ ਆਉਣ ਤੋਂ ਵੀ ਲੱਗਭਗ ਇਕ ਹਜ਼ਾਰ ਸਾਲ ਪੁਰਾਣੇ ਹਨ। ਭਾਰਤ ਦੇ ਜ਼ਿਆਦਾਤਰ ਮੁਸਲਿਮ ਸ਼ਾਸਕ ਅਸਲ 'ਚ ਤੁਰਕ ਹੀ ਸਨ। ਮਹਿਮੂਦ ਗਜ਼ਨਵੀ ਤੁਰਕ ਮੂਲ ਦਾ ਸੀ, ਜਦਕਿ ਬਾਬਰ ਇਕ ਚੁਗਤਈ ਤੁਰਕ ਸੀ। ਮੈਸੂਰ ਦਾ ਟੀਪੂ ਵੀ ਖ਼ੁਦ ਨੂੰ ਸਿਰਫ ਇਸ ਲਈ 'ਸੁਲਤਾਨ' ਕਹਿੰਦਾ ਸੀ ਕਿ ਉਹ ਖੁਦ ਨੂੰ ਤੁਰਕ ਪੁਰਖਾਂ ਦਾ ਵੰਸ਼ਜ ਮੰਨਦਾ ਸੀ।
ਕਾਸ਼! ਇੰਨੇ ਲੰਮੇ ਇਤਿਹਾਸ ਵਾਲੇ ਅਤੇ ਮਹਾਨ ਰਾਸ਼ਟਰ ਦੀ ਪ੍ਰਤੀਨਿਧਤਾ ਕਰਨ ਵਾਲੀ ਤੁਰਕ ਸਰਕਾਰ ਨੇ ਤੁਰਕ ਲੋਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਮੇਰੇ ਸਹਿਕਰਮੀਆਂ ਦੇ ਮੁਕੱਦਮੇ ਦੇ ਮਾਮਲੇ 'ਚ ਕੁਝ ਬਿਹਤਰ ਢੰਗ ਨਾਲ ਕੰਮ ਕੀਤਾ ਹੁੰਦਾ।
ਅੱਜ ਗਰੀਬ ਸਮਰਥਕ ਏਜੰਡੇ ਦੀ ਥਾਂ 'ਚਲਾਕੀ ਭਰੇ' ਨਾਅਰਿਆਂ ਨੇ ਲੈ ਲਈ ਹੈ
NEXT STORY