ਅਜੇ ਕੁਝ ਹੀ ਦਿਨ ਪਹਿਲਾਂ ਦੇਸ਼ ਦੇ ਕੁਝ ਮੰਨੇ-ਪ੍ਰਮੰਨੇ ਸਮਾਜਿਕ ਵਰਕਰਾਂ, ਬੁੱਧੀਜੀਵੀਆਂ, ਫਿਲਮਕਾਰਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦੇ ਕੇ ਪ੍ਰਾਰਥਨਾ ਕੀਤੀ ਹੈ ਕਿ ਅਯੁੱਧਿਆ ਵਿਚ ਰਾਮ ਮੰਦਿਰ ਜਾਂ ਮਸਜਿਦ ਨਾ ਬਣਾ ਕੇ ਇਕ ਧਰਮ-ਨਿਰਪੱਖ ਇਮਾਰਤ ਦਾ ਨਿਰਮਾਣ ਕੀਤਾ ਜਾਵੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਤੋਂ ਰਾਮ ਜਨਮ ਭੂਮੀ ਅੰਦੋਲਨ ਚੱਲਿਆ ਹੈ, ਇਸ ਤਰ੍ਹਾਂ ਦਾ ਵਿਚਾਰ ਸਮਾਜ ਦਾ ਇਕ ਵਰਗ, ਖਾਸ ਕਰਕੇ ਉਹ ਲੋਕ, ਜਿਨ੍ਹਾਂ ਦਾ ਝੁਕਾਅ ਖੱਬੇਪੱਖੀ ਵਿਚਾਰਧਾਰਾ ਵੱਲ ਹੈ, ਦਿੰਦਾ ਆਇਆ ਹੈ, ਜਦਕਿ ਮੇਰਾ ਵਿਚਾਰ ਹੈ ਕਿ ਇਸ ਸੁਝਾਅ ਨਾਲ ਸਮਾਜ 'ਚ ਸੁਹਿਰਦਤਾ ਨਹੀਂ, ਸਗੋਂ ਵਿਰੋਧ ਹੀ ਪੈਦਾ ਹੋਵੇਗਾ।
ਬੀਤੇ 20 ਸਾਲਾਂ ਤੋਂ ਰਾਮ ਜਨਮ ਭੂਮੀ ਦੇ ਮੁੱਦੇ 'ਤੇ ਮੇਰਾ ਸਪੱਸ਼ਟ ਇਹ ਮੱਤ ਰਿਹਾ ਹੈ ਕਿ ਸਿਰਫ ਅਯੁੱਧਿਆ ਹੀ ਨਹੀਂ, ਮਥੁਰਾ ਅਤੇ ਕਾਸ਼ੀ ਵਿਚ ਜੋ ਸ਼੍ਰੀ ਕ੍ਰਿਸ਼ਨ ਅਤੇ ਭਗਵਾਨ ਸ਼ਿਵ ਨਾਲ ਜੁੜੇ ਸਥਾਨ ਹਨ, ਉਨ੍ਹਾਂ 'ਤੇ ਮਸਜਿਦ ਦੀ ਮੌਜੂਦਗੀ ਪਿਛਲੀਆਂ ਕੁਝ ਸਦੀਆਂ ਤੋਂ ਪੂਰੇ ਵਿਸ਼ਵ ਦੇ ਹਿੰਦੂਆਂ ਦੇ ਦਿਲ ਵਿਚ ਕਿੱਲ ਵਾਂਗ ਚੁੱਭਦੀ ਹੈ। ਜਦੋਂ ਤਕ ਇਹ ਮਸਜਿਦਾਂ ਕਾਸ਼ੀ, ਅਯੁੱਧਿਆ ਅਤੇ ਮਥੁਰਾ 'ਚ ਰਹਿਣਗੀਆਂ, ਉਦੋਂ ਤਕ ਕਦੇ ਵੀ ਫਿਰਕੂ ਸੁਹਿਰਦਤਾ ਪੈਦਾ ਨਹੀਂ ਹੋ ਸਕਦੀ ਕਿਉਂਕਿ ਇਹ ਮਸਜਿਦਾਂ ਹਮੇਸ਼ਾ ਉਸ ਅਤੀਤ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ, ਜਦੋਂ ਜਾਬਰ ਹਮਲਾਵਰਾਂ ਨੇ ਆ ਕੇ ਹਿੰਦੂ ਧਰਮ ਅਸਥਾਨਾਂ ਨੂੰ ਤੋੜਿਆ ਅਤੇ ਉਨ੍ਹਾਂ ਦੇ ਸਵੈਮਾਣ ਨੂੰ ਕੁਚਲਣ ਲਈ ਜ਼ਬਰਦਸਤੀ ਉਨ੍ਹਾਂ ਸਥਾਨਾਂ 'ਤੇ ਮਸਜਿਦਾਂ ਦਾ ਨਿਰਮਾਣ ਕਰਵਾਇਆ।
ਇਹ ਸਹੀ ਹੈ ਕਿ ਅਜਿਹੀਆਂ ਘਟਨਾਵਾਂ ਇਤਿਹਾਸ 'ਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਚਾਲੇ ਹੀ ਨਹੀਂ, ਸਗੋਂ ਹਿੰਦੂ-ਹਿੰਦੂ ਰਾਜਿਆਂ ਵਿਚਾਲੇ ਵੀ ਹੋਈਆਂ ਅਤੇ ਕਈ ਇਤਿਹਾਸਕਾਰ ਇਸ ਦੇ ਬਹੁਤ ਸਾਰੇ ਸਬੂਤ ਵੀ ਦਿੰਦੇ ਹਨ ਕਿ ਜਦੋਂ ਇਕ ਹਿੰਦੂ ਰਾਜਾ ਦੂਜੇ ਹਿੰਦੂ ਰਾਜੇ ਵਿਰੁੱਧ ਲੜਾਈ ਕਰ ਕੇ ਜਿੱਤਦਾ ਸੀ, ਉਦੋਂ ਉਹ ਉਸ ਦੇ ਸਵੈਮਾਣ ਦੇ ਪ੍ਰਤੀਕਾਂ ਨੂੰ ਤੋੜਦਾ, ਕੁਚਲਦਾ ਹੋਇਆ ਅੱਗੇ ਵਧਦਾ ਸੀ। ਇਥੋਂ ਤਕ ਕਿ ਮੰਦਿਰਾਂ ਤਕ ਨੂੰ ਤੋੜਿਆ ਜਾਂਦਾ ਸੀ ਪਰ ਇਹ ਵੀ ਸਹੀ ਹੈ ਕਿ ਅਜਿਹੇ ਮੰਦਿਰ ਤੋੜੇ ਗਏ ਤਾਂ ਬਾਅਦ ਦੇ ਰਾਜਿਆਂ ਨੇ ਉਨ੍ਹਾਂ ਦੇ ਮੁੜ-ਨਿਰਮਾਣ ਵੀ ਕਰਵਾਏ ਪਰ ਅਜਿਹਾ ਨਹੀਂ ਹੋਇਆ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਧਰਮ ਦੇ ਧਰਮ ਅਸਥਾਨਾਂ ਦਾ ਨਿਰਮਾਣ ਹੋਇਆ ਹੋਵੇ, ਜਦਕਿ ਕਾਸ਼ੀ, ਮਥੁਰਾ ਅਤੇ ਅਯੁੱਧਿਆ ਵਿਚ, ਜੋ ਕਿ ਹਿੰਦੂਆਂ ਦੀ ਆਸਥਾ ਦੇ ਸਭ ਤੋਂ ਵੱਡੇ ਕੇਂਦਰ ਹਨ, ਉਥੋਂ ਦੇ ਧਰਮ ਅਸਥਾਨਾਂ 'ਤੇ ਵਿਸ਼ਾਲ ਮਸਜਿਦਾਂ ਦਾ ਨਿਰਮਾਣ ਕਰਵਾ ਕੇ ਮੁਗਲ ਰਾਜਿਆਂ ਨੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਵਿਰੋਧ ਦਾ ਇਕ ਅਸਥਾਈ ਬੀ ਬੀਜ ਦਿੱਤਾ ਹੈ।
ਜਿਸ ਤਰ੍ਹਾਂ ਦੀ ਰਾਜਨੀਤੀ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਹੋ ਰਹੀ ਹੈ, ਉਸ ਨਾਲ ਫਿਰਕੂ ਸੁਹਿਰਦਤਾ ਹੋਣੀ ਤਾਂ ਦੂਰ, ਫਿਰਕੂ ਵਿਰੋਧ ਅਤੇ ਹਿੰਸਾ, ਇਹੋ ਲਗਾਤਾਰ ਵਧ ਰਹੀ ਹੈ।
ਮੇਰਾ ਕਿਸੇ ਸਿਆਸੀ ਦਲ ਨਾਲ ਕੋਈ ਨਾਤਾ ਨਹੀਂ ਰਿਹਾ ਹੈ। ਮੈਂ ਹਰ ਸਿਆਸੀ ਦਲ ਤੋਂ ਬਰਾਬਰ ਦੂਰੀ ਬਣਾ ਕੇ ਰੱਖੀ ਹੈ। ਜੋ ਸਹੀ ਲੱਗਾ, ਉਸ ਦੀ ਹਮਾਇਤ ਕੀਤੀ ਤੇ ਜੋ ਗਲਤ ਲੱਗਾ, ਉਸ ਦੀ ਆਲੋਚਨਾ ਕੀਤੀ। ਇਹੀ ਇਕ ਪੱਤਰਕਾਰ ਦਾ ਧਰਮ ਹੈ। ਸਮਾਜ ਨੂੰ ਸ਼ੀਸ਼ਾ ਦਿਖਾਉਣਾ ਸਾਡਾ ਕੰਮ ਹੈ, ਨਾ ਕਿ ਵਹਾਅ ਵਿਚ ਵਹਿ ਜਾਈਏ।
ਪਰ ਇਕ ਆਸਥਾਵਾਨ ਹਿੰਦੂ ਹੋਣ ਦੇ ਨਾਤੇ ਨਿੱਜੀ ਤੌਰ 'ਤੇ ਇਹ ਗੱਲ ਹਮੇਸ਼ਾ ਮੇਰੇ ਦਿਮਾਗ ਵਿਚ ਰਹੀ ਹੈ ਕਿ ਕਿਉਂ ਜ਼ਰੂਰੀ ਹੈ ਕਿ ਮਥੁਰਾ, ਅਯੁੱਧਿਆ ਅਤੇ ਕਾਸ਼ੀ ਵਿਚ ਇਹ ਮਸਜਿਦਾਂ ਖੜ੍ਹੀਆਂ ਰਹਿਣ।
ਜਦਕਿ ਮੁਸਲਮਾਨਾਂ ਦਾ ਵੀ ਇਕ ਬਹੁਤ ਵੱਡਾ ਪਰ ਖਾਮੋਸ਼ ਹਿੱਸਾ ਇਹ ਮੰਨਦਾ ਹੈ ਕਿ ਇਸ ਤੁਅੱਸਬ ਦਾ ਕੋਈ ਧਾਰਮਿਕ ਕਾਰਨ ਨਹੀਂ ਹੈ। ਇਸ ਨਾਲ ਮੁਸਲਮਾਨਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ। ਇਨ੍ਹਾਂ ਮਸਜਿਦਾਂ ਦੇ ਉਥੇ ਰਹਿਣ ਅਤੇ ਹਟ ਜਾਣ ਨਾਲ ਇਸਲਾਮ ਖਤਰੇ ਵਿਚ ਪੈਣ ਵਾਲਾ ਨਹੀਂ ਹੈ। ਪੱਛਮੀ ਏਸ਼ੀਆ ਵਿਚ ਆਧੁਨਿਕ ਤਕਨੀਕਾਂ ਨਾਲ ਮਸਜਿਦਾਂ ਨੂੰ ਉਨ੍ਹਾਂ ਦੇ ਪਹਿਲੇ ਵਾਲੇ ਸਥਾਨਾਂ ਤੋਂ ਹਟਾ ਕੇ ਨਵੇਂ ਸਥਾਨਾਂ 'ਤੇ ਮੁੜ ਸਥਾਪਿਤ ਕੀਤਾ ਗਿਆ ਹੈ, ਤਾਂ ਇਹ ਕੰਮ ਜਦ ਮੁਸਲਿਮ ਦੇਸ਼ਾਂ ਵਿਚ ਹੋ ਸਕਦਾ ਹੈ ਤਾਂ ਭਾਰਤ ਵਿਚ ਬਹੁਗਿਣਤੀ ਹਿੰਦੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਕਿਉਂ ਨਹੀਂ ਹੋ ਸਕਦਾ? ਇਸ ਵਿਸ਼ੇ 'ਚ ਮੇਰਾ ਮੰਨਣਾ ਹੈ ਕਿ ਸੁਪਰੀਮ ਕੋਰਟ ਵਿਚ ਮਾਣਯੋਗ ਜੱਜ ਬਹੁਤ ਗੰਭੀਰਤਾ ਨਾਲ ਵਿਚਾਰ ਕਰਨਗੇ ਅਤੇ ਬਿਨਾਂ ਕਿਸੇ ਸਿਆਸੀ ਪ੍ਰਭਾਵ ਵਿਚ ਆਏ ਫੈਸਲਾ ਦੇਣਗੇ, ਜਿਸ ਨਾਲ ਸਮਾਜ ਦਾ ਭਲਾ ਹੋਵੇ। ਜਿਥੋਂ ਤਕ ਗੱਲ ਰਾਮ ਮੰਦਿਰ ਦੇ ਮੁੱਦੇ ਨੂੰ ਭਾਜਪਾ ਵਲੋਂ ਸਿਆਸੀ ਤੌਰ 'ਤੇ ਭੁਲਾਉਣ ਦੀ ਹੈ, ਜਿਵੇਂ ਕਿ ਦੋਸ਼ ਵਿਰੋਧੀ ਦਲ ਭਾਜਪਾ 'ਤੇ ਲਾਉਂਦੇ ਹਨ, ਤਾਂ ਇਸ ਵਿਚ ਕੁਝ ਝੂਠ ਨਹੀਂ ਹੈ।
ਭਾਰਤੀ ਜਨਤਾ ਪਾਰਟੀ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸੰਘ ਨਾਲ ਜੁੜੀਆਂ ਸੰਸਥਾਵਾਂ ਨੇ ਰਾਮ ਜਨਮ ਭੂਮੀ ਨਾਲ ਜੁੜੇ ਇਸ ਮੁੱਦੇ ਦੀ ਵਰਤੋਂ ਆਪਣੇ ਸਿਆਸੀ ਉਦੇਸ਼ਾਂ ਲਈ ਕੀਤੀ ਹੈ ਪਰ ਨਾਲ ਹੀ ਇਹ ਗੱਲ ਵੀ ਸਪੱਸ਼ਟ ਹੈ ਕਿ ਰਾਜਨੀਤੀ ਦੀ ਇਹ ਲੋੜ ਹੁੰਦੀ ਹੈ ਕਿ ਅਜਿਹੇ ਮੁੱਦਿਆਂ ਨੂੰ ਫੜੇ, ਜਿਸ ਨਾਲ ਵਿਆਪਕ ਸਮਾਜ ਦੀ ਭਾਵਨਾ ਜੁੜ ਸਕੇ, ਤਾਂ ਹੀ ਸਿਆਸੀ ਵਾਧਾ ਹੁੰਦਾ ਹੈ, ਸੰਗਠਨ ਦਾ ਵਿਸਤਾਰ ਹੁੰਦਾ ਹੈ, ਜਨ-ਆਧਾਰ ਦਾ ਵਿਸਤਾਰ ਹੁੰਦਾ ਹੈ ਅਤੇ ਰਾਜਨੀਤੀ ਇਸੇ ਤਰ੍ਹਾਂ ਹੀ ਕੀਤੀ ਜਾਂਦੀ ਹੈ, ਸੱਤਾ ਪ੍ਰਾਪਤੀ ਲਈ, ਤਾਂ ਜੇਕਰ ਭਾਜਪਾ ਨੇ ਰਾਮ ਮੰਦਿਰ ਦੇ ਮੁੱਦੇ ਨੂੰ ਸੱਤਾ ਪ੍ਰਾਪਤੀ ਲਈ ਇਕ ਯੰਤਰ ਦੇ ਰੂਪ ਵਿਚ ਵਰਤਿਆ ਹੈ ਤਾਂ ਇਸ ਵਿਚ ਕੋਈ ਅਨੈਤਿਕ ਕੰਮ ਨਹੀਂ ਹੈ।
ਕਿਉਂਕਿ ਜਿਸ ਤਰ੍ਹਾਂ ਕਾਂਗਰਸ ਨੇ ਗਾਂਧੀ ਜੀ ਨੂੰ ਅਤੇ ਖੱਬੇਪੱਖੀਆਂ ਨੇ ਮਾਰਕਸ ਅਤੇ ਮਾਓ ਦੀ ਵਰਤੋਂ ਕੀਤੀ ਹੈ ਅਤੇ ਉਨ੍ਹਾਂ ਦੀਆਂ ਵਿਚਾਰਧਾਰਾਵਾਂ ਤੋਂ ਬਹੁਤ ਦੂਰ ਰਹਿ ਕੇ ਆਚਰਣ ਕੀਤਾ ਤਾਂ ਜੇਕਰ ਭਾਜਪਾ ਇਨ੍ਹਾਂ ਮੰਦਿਰਾਂ ਦੇ ਨਿਰਮਾਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਸ਼ਾਸਨਕਾਲ ਵਿਚ ਅਯੁੱਧਿਆ ਵਿਚ ਰਾਮ ਮੰਦਿਰ ਦਾ ਨਿਰਮਾਣ ਹੋਵੇ ਤਾਂ ਇਹ ਇਕ ਬਹੁਤ ਹੀ ਸਹਿਜ, ਸੁਭਾਵਿਕ ਖਾਹਿਸ਼ ਹੈ। ਜਿਸ ਵਿਚ ਬਹੁਗਿਣਤੀਆਂ ਦੀਆਂ ਆਸਾਂ ਵੀ ਜੁੜੀਆਂ ਹੋਈਆਂ ਹਨ। ਤਾਂ ਮੈਂ ਸਮਝਦਾ ਹਾਂ ਕਿ ਇਸ ਮੁੱਦੇ 'ਤੇ ਬਹੁਤ ਚਰਚਾ ਹੋ ਗਈ, 2 ਦਹਾਕੇ ਖਰਾਬ ਹੋ ਗਏ, ਕਾਫੀ ਖੂਨ-ਖਰਾਬਾ ਸਦੀਆਂ ਤੋਂ ਹੁੰਦਾ ਆਇਆ ਹੈ।
ਵਿਵਾਦ ਜੇਕਰ ਇਥੇ ਰੁਕਿਆ ਨਹੀਂ ਅਤੇ ਚੱਲਦਾ ਰਿਹਾ ਤਾਂ ਨਾ ਕਿਤੇ ਸੁਹਿਰਦਤਾ ਹੋਵੇਗੀ, ਨਾ ਕਦੇ ਸ਼ਾਂਤੀ ਹੋਵੇਗੀ ਅਤੇ ਨਾ ਹੀ ਸਦਭਾਵਨਾ ਵਧੇਗੀ। ਇਸ ਲਈ ਮੈਂ ਤਾਂ ਮੰਨਦਾ ਹਾਂ ਕਿ ਮੁਸਲਿਮ ਸਮਾਜ ਦੇ ਕੁਝ ਜਾਗਰੂਕ ਪੜ੍ਹੇ-ਲਿਖੇ ਲੋਕਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਇਕ ਉਦਾਰ ਭਰਾ ਵਾਂਗ ਵਤੀਰਾ ਕਰਦੇ ਹੋਏ ਖ਼ੁਦ ਅੱਗੇ ਆ ਕੇ ਕਹਿਣਾ ਚਾਹੀਦਾ ਹੈ ਕਿ ''ਮਥੁਰਾ, ਕਾਸ਼ੀ ਅਤੇ ਅਯੁੱਧਿਆ ਤੁਹਾਡੇ ਧਰਮ ਅਸਥਾਨ ਹਨ। ਤੁਸੀਂ ਇਨ੍ਹਾਂ 'ਤੇ ਆਪਣੀ ਸ਼ਰਧਾ ਅਨੁਸਾਰ ਮੰਦਿਰਾਂ ਦਾ ਨਿਰਮਾਣ ਕਰੋ ਅਤੇ ਸਾਡੀਆਂ ਮਸਜਿਦਾਂ ਨੂੰ ਇਕ ਬਦਲਵੀਂ ਜਗ੍ਹਾ ਦੇ ਕੇ ਇਨ੍ਹਾਂ ਨੂੰ ਮੁੜ ਸਥਾਪਿਤ ਕਰ ਦਿਓ, ਜਿਸ ਨਾਲ ਅਸੀਂ ਲੋਕ ਸਮਾਜ ਵਿਚ ਪ੍ਰੇਮ ਅਤੇ ਭਾਈਚਾਰੇ ਨਾਲ ਰਹਿ ਸਕੀਏ।''
ਗੁਜਰਾਤ ਚੋਣਾਂ 'ਚ ਹੋਈਆਂ ਗਲਤੀਆਂ ਕਾਂਗਰਸ ਭਵਿੱਖ 'ਚ ਨਾ ਦੁਹਰਾਏ
NEXT STORY