ਨਵੀਂ ਦਿੱਲੀ– ਜਸਪ੍ਰੀਤ ਬੁਮਰਾਹ ਭਵਿੱਖ ਵਿਚ ਰੋਹਿਤ ਸ਼ਰਮਾ ਦੀ ਜਗ੍ਹਾ ਭਾਰਤ ਦਾ ਟੈਸਟ ਕਪਤਾਨ ਬਣਨ ਦੀ ਦੌੜ ਵਿਚ ਸਭ ਤੋਂ ਅੱਗੇ ਹੈ ਪਰ ਆਪਣੀ ਫਿਟਨੈੱਸ ਸਬੰਧੀ ਚਿੰਤਾਵਾਂ ਨੂੰ ਦੇਖਦੇ ਹੋਏ ਉਹ ਲੰਬੇ ਸਮੇਂ ਦਾ ਬਦਲ ਨਹੀਂ ਲੱਗਦਾ ਤੇ ਹਾਲ ਹੀ ਵਿਚ ਕਮਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਦੀ ਸਮੱਸਿਆ ਕਾਰਨ ਉਸਦਾ ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ਵਿਚ ਖੇਡਣਾ ਸ਼ੱਕੀ ਹੈ।
ਭਾਰਤੀ ਚੋਣਕਾਰਾਂ ਨੂੰ ਉਮੀਦ ਹੈ ਕਿ ਚੈਂਪੀਅਨਜ਼ ਟਰਾਫੀ ਵਿਚ ਉਹ ਕੁਝ ਭੂਮਿਕਾ ਨਿਭਾਅ ਸਕਦਾ ਹੈ ਕਿਉਂਕਿ ਅਜੇ ਉਸ ਨੂੰ ਸਿਰਫ ਸੋਜ਼ਿਸ਼ ਹੈ ਪਰ ਸਵਾਲ ਉੱਠਦਾ ਹੈ ਕਿ ਕੀ ਉਸ ਨੂੰ ਟੈਸਟ ਵਿਚ ਸਥਾਈ ਕਪਤਾਨ ਮੰਨਿਆ ਜਾ ਸਕਦਾ ਹੈ ਕਿਉਂਕਿ ਹੁਣ ਜਦਕਿ ਰੋਹਿਤ ਦਾ ਟੈਸਟ ਮੈਚ ਵਿਚ ਭਵਿੱਖ ਲੱਗਭਗ ਤੈਅ ਹੈ।
ਜੇਕਰ ਬੁਮਰਾਹ ਇੰਗਲੈਂਡ ਵਿਚ ਟੈਸਟ ਟੀਮ ਦੀ ਅਗਵਾਈ ਕਰਨ ਲਈ ਫਿੱਟ ਤੇ ਤਿਆਰ ਹੈ ਤੇ ਮੁੱਖ ਚੋਣਕਾਰ ਅਜੀਤ ਅਗਰਕਰ ਤੇ ਉਸਦੇ ਚਾਰ ਸਾਥੀਆਂ ਨੂੰ ਉਪ ਕਪਤਾਨ ਦੇ ਤੌਰ ’ਤੇ ਇਕ ਮਜ਼ਬੂਤ ਨਾਂ ਦੀ ਲੋੜ ਹੈ ਤਾਂ ਕਿ ਕਿਸੇ ਵੀ ਪੈਦਾ ਹੋਣ ਵਾਲੀ ਸਥਿਤੀ ਵਿਚ ਉਪ ਕਪਤਾਨ ਜ਼ਿੰਮੇਵਾਰੀ ਸੰਭਾਲਣ ਲਈ ਸਮਰੱਥ ਹੋਵੇ।
ਫਿਲਹਾਲ ਟੈਸਟ ਵਿਚ ਸਿਰਫ 2 ਨਾਂ ਰਿਸ਼ਭ ਪੰਤ ਤੇ ਯਸ਼ਸਵੀ ਜਾਇਸਵਾਲ ਚਰਚਾ ਵਿਚ ਹਨ। ਇਨ੍ਹਾਂ ਵਿਚੋਂ ਪੰਤ ਇਸ ਭੂਮਿਕਾ ਲਈ ਸਭ ਤੋਂ ਉਪਯੋਗੀ ਦਿਸ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਅਗਰਕਰ, ਮੁੱਖ ਕੋਚ ਗੌਤਮ ਗੰਭੀਰ ਤੇ ਰੋਹਿਤ ਦੇ ਨਾਲ ਬੀ. ਸੀ. ਸੀ. ਆਈ. ਦੀ ਸਮੀਖਿਆ ਮੀਟਿੰਗ ਦੌਰਾਨ ਬੁਮਰਾਹ ਦੀ ਕਮਰ ਦੇ ਹੇਠਲੇ ਹਿੱਸੇ ਦੀ ਸਮੱਸਿਆ ਸਾਹਮਣੇ ਆਈ।
ਸਮੀਖਿਆ ਮੀਟਿੰਗ ਤੋਂ ਬਾਅਦ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਰੋਹਿਤ ਦੇ 5 ਟੈਸਟ ਮੈਚਾਂ ਲਈ ਇੰਗਲੈਂਡ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਜੇਕਰ ਸਭ ਕੁਝ ਠੀਕ ਰਿਹਾ ਹੈ ਤਾਂ 31 ਸਾਲਾ ਬੁਮਰਾਹ ਨਿਸ਼ਚਿਤ ਰੂਪ ਨਾਲ ਹੇਡਿੰਗਲੇ ਵਿਚ ਪਹਿਲੇ ਟੈਸਟ ਵਿਚ ਟੀਮ ਦੀ ਅਗਵਾਈ ਕਰੇਗਾ। ਸਿਰਫ 203 ਮੈਚ ਵਿਚ 443 ਕੌਮਾਂਤਰੀ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਬੁਮਰਾਹ ਨੇ ਹਾਲ ਹੀ ਵਿਚ ਖਤਮ ਹੋਈ ਬਾਰਡਰ-ਗਾਵਸਕਰ ਟਰਾਫੀ ਵਿਚ ਪਰਥ ਤੇ ਸਿਡਨੀ ਵਿਚ ਭਾਰਤ ਦੀ ਅਗਵਾਈ ਕੀਤੀ ਅਤੇ 32 ਵਿਕਟਾਂ ਲੈ ਕੇ ‘ਪਲੇਅਰ ਆਫ ਦਿ ਸੀਰੀਜ਼’ ਰਿਹਾ ਜਿਹੜੇ ਵਿਦੇਸ਼ੀ ਧਰਤੀ ’ਤੇ ਕਿਸੇ ਭਾਰਤੀ ਵੱਲੋਂ ਲਈਆਂ ਸਭ ਤੋਂ ਵੱਧ ਵਿਕਟਾਂ ਹਨ ਪਰ ਆਖਰੀ ਟੈਸਟ ਵਿਚ ਪਿੱਠ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਉਸਦੇ ਲਈ ਚੰਗਾ ਸਾਬਤ ਨਹੀਂ ਹੋਇਆ ਕਿਉਂਕਿ ਉਹ ਦੂਜੀ ਪਾਰੀ ਵਿਚ ਗੇਂਦਬਾਜ਼ੀ ਨਹੀਂ ਕਰ ਸਕਿਆ।
ਹੁਣ ਉਹ ਚੈਂਪੀਅਨਜ਼ ਟਰਾਫੀ ਖੇਡਣ ਲਈ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਰਿਹੈਬਿਲੀਟੇਸ਼ਨ ਵਿਚੋਂ ਲੰਘਣ ਲਈ ਤਿਆਰ ਹੈ। ਇਸ ਸੱਟ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਬੁਮਰਾਹ ਟੈਸਟ ਵਿਚ ਤੇਜ਼ ਗੇਂਦਬਾਜ਼ ਦੇ ਰੂਪ ਵਿਚ ਆਪਣੇ ਕਾਰਜਭਾਰ ਨੂੰ ਦੇਖਦੇ ਹੋਏ ਲੰਬੇ ਸਮੇਂ ਤੱਕ ਫਿੱਟ ਰਹਿ ਸਕਦਾ ਹੈ, ਜਿਸ ਦੀ ਆਈ. ਸੀ. ਸੀ. ਦੇ ਸਫੈਦ ਗੇਂਦ ਦੇ ਟੂਰਨਾਮੈਂਟ ਲਈ ਵੀ ਲੋੜ ਹੈ।
ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਜੂਨ 2025 ਤੋਂ ਜੂਨ 2027 ਤੱਕ ਅਗਲੇ ਡਬਲਯੂ. ਟੀ. ਸੀ. ਪੜਾਅ ਦੌਰਾਨ ਬੁਮਰਾਹ ਨੂੰ ਹੋਰ ਸੱਟ ਨਹੀਂ ਲੱਗੇਗੀ ਤੇ ਹੁਣ ਉਹ 30 ਸਾਲ ਦੀ ਉਮਰ ਦੇ ਪਾਰ ਹੋ ਚੁੱਕਾ ਹੈ। ਇਸ ਲਈ ਚੋਣਕਾਰ ਦੂਜੀ ਯੋਜਨਾ ਤਿਆਰ ਕਰਨ ਲਈ ਉਤਸ਼ਾਹਿਤ ਹੋ ਸਕਦੇ ਹਨ, ਜਿਸ ਵਿਚ ਕਪਤਾਨੀ ਦੇ ਲਈ ਇਕ ਹੋਰ ਸਮਾਨ ਰੂਪ ਨਾਲ ਮਜ਼ਬੂਤ ਉਮੀਦਵਾਰ ਨੂੰ ਰੱਖਣਾ ਸ਼ਾਮਲ ਹੋਵੇ, ਜਿਸ ਨੂੰ ਉਪ ਕਪਤਾਨ ਦੇ ਰੂਪ ਵਿਚ ਤਿਆਰ ਕੀਤਾ ਜਾ ਸਕੇ।
ਸਾਬਕਾ ਰਾਸ਼ਟਰੀ ਚੋਣਕਾਰ ਦੇਵਾਂਗ ਗਾਂਧੀ ਨੇ ਕਿਹਾ, ‘‘ਮੇਰੇ ਲਈ ਇਹ ਬਹੁਤ ਹੀ ਸੌਖਾਲੀ ਗੱਲ ਹੈ। ਤੁਸੀਂ ਡੇਟਾ ਦੇਖੋ ਤੇ ਪਤਾ ਲਗਾਓ ਕਿ ਟੈਸਟ ਕ੍ਰਿਕਟ ਵਿਚ ਕੌਣ ਨਿਸ਼ਚਿਤ ਰੂਪ ਨਾਲ ਚੁਣਿਆ ਜਾ ਸਕਦਾ ਹੈ। ਬੁਮਰਾਹ ਨੇ 45 ਟੈਸਟ ਖੇਡੇ ਹਨ ਤੇ ਪੰਤ ਨੇ 43 ਟੈਸਟ। ਪੰਤ ਅਜੇ 27 ਸਾਲ ਦਾ ਹੈ ਤੇ ਜਦੋਂ ਉਹ ਸਿਰਫ 23 ਸਾਲ ਦਾ ਸੀ ਤਦ ਉਸ ਨੇ ਗਾਬਾ ਵਿਚ ਭਾਰਤ ਨੂੰ ਸਭ ਤੋਂ ਬਿਹਤਰੀਨ ਟੈਸਟ ਜਿੱਤ ਦਿਵਾਈ ਸੀ। ਉਹ ਮੈਚ ਜੇਤੂ ਹੈ ਤੇ ਉਸ ਨੂੰ ਉਪ ਕਪਤਾਨ ਹੋਣਾ ਚਾਹੀਦਾ।’’ਭਾਰਤ ਦੇ ਇਕ ਹੋਰ ਸਾਬਕਾ ਵਿਕਟਕੀਪਰ ਦੀਪ ਦਾਸਗੁਪਤਾ ਨੇ ਸਹਿਮਤੀ ਜਤਾਈ ਹੈ ਕਿ ਬੁਮਰਾਹ ਆਪਣੇ ਗੇਂਦਬਾਜ਼ੀ ਕਾਰਜਭਾਰ ਨੂੰ ਦੇਖਦੇ ਹੋਏ ਟੈਸਟ ਕਪਤਾਨ ਦੇ ਰੂਪ ਵਿਚ ਲੰਬੇ ਸਮੇਂ ਤੱਕ ਹੱਲ ਨਹੀਂ ਹੋ ਸਕਦਾ।
ਗਾਵਸਕਰ ਤੇ ਕਾਂਬਲੀ ਨੂੰ ਐੱਮ. ਸੀ. ਏ. ਨੇ ਕੀਤਾ ਸਨਮਾਨਿਤ
NEXT STORY