ਸੇਲਾਯਾਂਗ (ਮਲੇਸ਼ੀਆ)– ਲਗਾਤਾਰ ਦੂਜੀ ਵਾਰ ਏ. ਐੱਫ. ਸੀ. ਅੰਡਰ-17 ਮਹਿਲਾ ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੀ ਦਹਿਲੀਜ਼ ’ਤੇ ਖੜ੍ਹੀ ਭਾਰਤੀ ਟੀਮ ਸਾਹਮਣੇ ਐਤਵਾਰ ਨੂੰ ਮੇਜ਼ਬਾਨ ਮਲੇਸ਼ੀਆ ਦੀ ਸਖਤ ਚੁਣੌਤੀ ਹੋਵੇਗੀ। ਗਰੁੱਪ-ਈ ਦੇ ਇਸ ਫੈਸਲਾਕੁੰਨ ਮੁਕਾਬਲੇ ’ਚ ਭਾਰਤ ਨੂੰ ਕੁਆਲੀਫਿਕੇਸ਼ਨ ਪੱਕੀ ਕਰਨ ਲਈ ਸਿਰਫ ਹਾਰ ਤੋਂ ਬਚਣਾ ਹੈ, ਜਦਕਿ ਮਲੇਸ਼ੀਆ ਨੂੰ ਅਗਲੇ ਦੌਰ ’ਚ ਪਹੁੰਚਣ ਲਈ ਹਰ ਹਾਲ ’ਚ ਜਿੱਤ ਦਰਜ ਕਰਨੀ ਪਵੇਗੀ।
ਦੋਵਾਂ ਟੀਮਾਂ ਨੇ ਆਪਣੇ ਸ਼ੁਰੂਆਤੀ 2 ਮੈਚ ਜਿੱਤੇ ਹਨ ਅਤੇ ਉਨ੍ਹਾਂ ਦੇ ਖਾਤੇ ’ਚ 6-6 ਅੰਕ ਹਨ। ਭਾਰਤ ਦੀ ਸਥਿਤੀ ਹਾਲਾਂਕਿ 16 ਗੋਲ ਕਰਨ ਕਾਰਨ ਮਜ਼ਬੂਤ ਹੈ। ਮਲੇਸ਼ੀਆ ਦੇ ਖਾਤੇ ’ਚ 5 ਗੋਲ ਹਨ। ਮੁੱਖ ਕੋਚ ਜੋਕਿਮ ਅਲੈਕਜ਼ੈਂਡਰਸਨ ਦੀ ਟੀਮ ਨੂੰ ਗਰੁੱਪ ’ਚ ਚੋਟੀ ਦੇ ਸਥਾਨ ਨਾਲ ਕੁਆਲੀਫਾਈ ਕਰਨ ਲਈ ਸਿਰਫ ਹਾਰ ਤੋਂ ਬਚਣਾ ਹੈ। ਕੁਆਲੀਫਾਇਰ ਦੇ 8 ਗਰੁੱਪਾਂ ਦੀਆਂ ਜੇਤੂ ਟੀਮਾਂ ਹੀ ਏ. ਐੱਫ. ਸੀ. ਅੰਡਰ-17 ਮਹਿਲਾ ਏਸ਼ੀਆਈ ਕੱਪ ਚੀਨ 2027 ’ਚ ਜਗ੍ਹਾ ਬਣਾਉਣਗੀਆਂ। ਉਨ੍ਹਾਂ ਦੇ ਨਾਲ ਮੌਜੂਦਾ ਚੈਂਪੀਅਨ ਉੱਤਰ ਕੋਰੀਆ, ਜਾਪਾਨ, ਆਸਟ੍ਰੇਲੀਆ ਅਤੇ ਮੇਜ਼ਬਾਨ ਚੀਨ ਵੀ ਟੂਰਨਾਮੈਂਟ ’ਚ ਖੇਡਣਗੇ। ਇਨ੍ਹਾਂ 4 ਟੀਮਾਂ ਨੇ 2026 ਸੀਜ਼ਨ ’ਚ ਚੋਟੀ ਦੇ 4 ’ਚ ਰਹਿਣ ਦੇ ਕਾਰਨ ਸਿੱਧਾ ਪ੍ਰਵੇਸ਼ ਹਾਸਲ ਕੀਤਾ ਹੈ।
ਭਾਰਤ ਨੇ ਪਿਛਲੇ ਸੀਜ਼ਨ ’ਚ ਕੁਆਰਟਰ ਫਾਈਨਲ ਤੱਕ ਪਹੁੰਚ ਕੇ ਇਤਿਹਾਸ ਰਚਿਆ ਸੀ। ਐਤਵਾਰ ਨੂੰ ਜਿੱਤ ਜਾਂ ਡਰਾਅ ਹਾਸਲ ਕਰਨ ’ਤੇ ਭਾਰਤੀ ਟੀਮ ਇਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਂ ਕਰ ਸਕਦੀ ਹੈ। ਅਜਿਹਾ ਹੋਣ ’ਤੇ ਭਾਰਤ ਕਿਸੇ ਵੀ ਉਮਰ ਵਰਗ ’ਚ, ਸੀਨੀਅਰ ਪੱਧਰ ਸਮੇਤ, ਲਗਾਤਾਰ 2 ਮਹਿਲਾ ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਟੀਮ ਬਣ ਜਾਵੇਗਾ।
ਕੋਚ ਅਲੇਕਜ਼ੈਂਡਰਸਨ ਨੇ ਖਿਡਾਰੀਆਂ ਨੂੰ ਸਿਰਫ ਡਰਾਅ ਦੇ ਟੀਚੇ ਨਾਲ ਮੈਦਾਨ ’ਚ ਉਤਰਨ ਦੀ ਜਗ੍ਹਾ ਜਿੱਤ ਦੀ ਮਾਨਸਿਕਤਾ ਨਾਲ ਮੁਕਾਬਲਾ ਕਰਨ ਦੀ ਸਲਾਹ ਦਿੱਤੀ ਹੈ। ਉਸ ਨੇ ਕਿਹਾ, ‘‘ਸਾਨੂੰ ਮੈਚ ’ਚ ਜਿੱਤ ਦੇ ਇਰਾਦੇ ਨਾਲ ਉਤਰਨਾ ਪਵੇਗਾ। ਨੌਜਵਾਨ ਖਿਡਾਰੀਆਂ ਨੂੰ ਇਹ ਕਹਿਣਾ ਮੁਸ਼ਕਿਲ ਹੈ ਕਿ ਡਰਾਅ ਵੀ ਕਾਫੀ ਹੋਵੇਗਾ। ਅਸੀਂ ਮੁਕਾਬਲਾ ਜਿੱਤਣ ਦੀ ਕੋਸ਼ਿਸ਼ ਕਰਾਂਗੇ ਪਰ ਨਾਲ ਹੀ ਸਾਨੂੰ ਹਮਲਾ ਕਰਦੇ ਸਮੇਂ ਜ਼ਿਆਦਾ ਸਮਝਦਾਰੀ ਦਿਖਾਉਣੀ ਪਵੇਗੀ ਅਤੇ ਸਹੀ ਸੰਤੁਲਨ ਬਣਾਉਣਾ ਪਵੇਗਾ।’’
ਜਾਫਰ ਨੇ ਜਾਇਸਵਾਲ ਦੇ ਵਿਕਟਕੀਪਿੰਗ ਕਰਨ ’ਤੇ ਚੁੱਕੇ ਸਵਾਲ ਕਿਹਾ-ਬੱਲੇਬਾਜ਼ੀ ’ਤੇ ਧਿਆਨ ਦੇਣ ਦੀ ਲੋੜ
NEXT STORY