ਰੋਮ- ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਸ਼ੁਰੂ ਹੋਣ ਤੋਂ ਸਿਰਫ 10 ਦਿਨ ਪਹਿਲਾਂ ਰਾਫੇਲ ਨਡਾਲ ਮੁੜ ਸੱਟ ਤੋਂ ਜੂਝ ਰਹੇ ਹਨ। ਇਹ ਧਾਕੜ ਖਿਡਾਰੀ ਇਟਾਲੀਅਨ ਓਪਨ 'ਚ ਵੀਰਵਾਰ ਨੂੰ ਡੈਨਿਸ ਸ਼ਾਪੋਵਾਲੋਵ ਦੇ ਖ਼ਿਲਾਫ਼ ਤੀਜੇ ਦੌਰ ਦੇ ਮੈਚ 'ਚ ਪੈਰ 'ਚ ਦਰਦ ਤੋਂ ਪਰੇਸ਼ਾਨ ਰਿਹਾ ਜਿਸ ਕਾਰਨ ਆਖ਼ਰ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼ਾਪੋਵਾਲੋਵ ਨੇ ਨਡਾਲ ਨੂੰ ਸ਼ੁਰੂਆਤੀ ਬੜ੍ਹਤ ਦਾ ਲਾਹਾ ਨਹੀਂ ਲੈਣ ਦਿੱਤਾ ਤੇ 1-6, 7-5, 6-2 ਨਾਲ ਜਿੱਤ ਦਰਜ ਕੀਤੀ। ਇਸ ਮੈਚ ਦੇ ਦੌਰਾਨ 35 ਸਾਲਾ ਨਡਾਲ ਨੂੰ ਕੁਝ ਮੌਕਿਆਂ 'ਤੇ ਦਰਦ ਕਾਰਨ ਲੜਖੜਾਉਂਦੇ ਹੋਏ ਦੇਖਿਆ ਗਿਆ। ਖੱਬੇ ਪੈਰ 'ਚ ਸੱਟ ਕਾਰਨ ਨਡਾਲ ਪਿਛਲੇ ਸਾਲ ਕਈ ਟੂਰਨਾਮੈਂਟ 'ਚ ਨਹੀਂ ਖੇਡ ਸਕੇ ਸਨ।
ਨਡਾਲ ਨੇ ਕਿਹਾ, 'ਮੇਰਾ ਪੈਰ ਮੁੜ ਤੋਂ ਸੱਟ ਦਾ ਸ਼ਿਕਾਰ ਹੋ ਗਿਆ ਹੈ। ਬਹੁਤ ਦਰਦ ਹੋ ਰਿਹਾ ਹੈ। ਮੈਂ ਅਜਿਹਾ ਖਿਡਾਰੀ ਹਾਂ ਜੋ ਸੱਟਾਂ ਨਾਲ ਜ਼ਿੰਦਗੀ ਗੁਜ਼ਾਰਦਾ ਰਿਹਾ ਹੈ। ਇਹ ਮੇਰੇ ਲਈ ਨਵਾਂ ਨਹੀਂ ਹੈ। ਬਦਕਿਸਮਤੀ ਨਾਲ ਸੱਟਾਂ ਨਾਲ ਮੇਰਾ ਸਾਹਮਣਾ ਹੁੰਦਾ ਰਿਹਾ ਹੈ। ਦਿਨ-ਬ-ਦਿਨ ਇਸ ਨਾਲ ਮੁਸ਼ਕਲ ਹੋ ਰਹੀ ਹੈ।' ਪੈਰ ਦੀ ਸੱਟ ਨਡਾਲ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਫ੍ਰੈਂਚ ਓਪਨ 22 ਮਈ ਤੋਂ ਸ਼ੁਰੂ ਹੋ ਰਿਹਾ ਹੈ ਜਿਸ 'ਚ ਉਨ੍ਹਾਂ ਨੇ ਰਿਕਾਰਡ 13 ਖ਼ਿਤਾਬ ਜਿੱਤੇ ਹਨ। ਨਡਾਲ ਨੇ ਕਿਹਾ, 'ਇਕ ਹਫ਼ਤੇ 'ਚ ਕੀ ਹੋਵੇਗਾ, ਮੈਂ ਅਸਲ 'ਚ ਨਹੀਂ ਜਾਣਦਾ।'
ਬਹੁਤ ਛੇਤੀ ਭਾਰਤ ਦੇ ਆਲ-ਫਾਰਮੈਟ ਖਿਡਾਰੀ ਬਣਨਗੇ ਤਿਲਕ ਵਰਮਾ : ਰੋਹਿਤ ਸ਼ਰਮਾ
NEXT STORY