ਨਰੇਸ਼ ਕੁਮਾਰੀ
ਇਹ ਦਿਹਾੜਾ ਸਾਡੇ ਦੇਸ਼ ਵਿੱਚ ਮਾਤਾ-ਪਿਤਾ ਨੂੰ ਸਮਰਪਿਤ ਕੀਤਾ ਗਿਆ ਹੈ। ਠੀਕ ਉਸੇ ਤਰ੍ਹਾਂ ਜਿਵੇਂ ਮਾਤਾ ਦਿਵਸ ਤੇ ਪਿਤਾ-ਦਿਵਸ (mothers day, father-day) ਅੱਡ ਅੱਡ ਮਨਾਏ ਜਾਂਦੇ ਹਨ। ਇਹ ਤਿੰਨੇ ਦਿਹਾੜੇ ਮਹੀਨੇ, ਮਹੀਨੇ ਦੇ ਵਕਫੇ ਦੀ ਵਿੱਥ ’ਤੇ ਰੱਖੇ ਗਏ ਹਨ। mothers day-ਮਈ ਵਿੱਚ, father's day-ਜੂਨ ਵਿੱਚ ਤੇ ਜੋੜੇ ਦਾ ਇਕੱਠਾ, parents day-ਜੁਲਾਈ ਵਿੱਚ। ਇਸ ਵਾਰ 2020 ਦਾ ਇਹ ਦਿਹਾੜਾ ਮਹੀਨੇ ਦੇ ਆਖਰੀ ਐਤਵਾਰ ਯਾਨੀ 26 ਜੁਲਾਈ ਨੂੰ ਮਿਥਿਆ ਗਿਆ ਹੈ।
ਵੇਖਿਆ ਜਾਵੇ ਤਾਂ ਰੱਬ ਤੋਂ ਬਾਅਦ ਅਗਲੀ ਪੀੜੀ ਨੂੰ ਸੰਸਾਰ ਵਿੱਚ ਲਿਆਉਣ ਦੀ ਜ਼ਿੰਮੇਵਾਰੀ ਮਾਂ ਅਤੇ ਬਾਪ ਦੀ ਹੁੰਦੀ ਹੈ। ਕਈ ਤੁਰ ਸੋਚ ਦੇ ਮਾਲਕ ਇਸ ਕਾਰਜ ਨੂੰ ਮਜ਼ਾਕ ਹੀ ਸਮਝਦੇ ਅਤੇ ਉਚਾਰਦੇ ਹਨ। ਬੇਸ਼ੱਕ ਮਾਤਾ-ਪਿਤਾ ਦਾ ਬੱਚੇ ਨੂੰ ਜਨਮ ਦੇਣਾ, ਪਾਲਣ-ਪੋਸ਼ਣ, ਹਰ ਲਹਿਜੇ ਨਾਲ ਆਪਣੇ ਪੈਰਾਂ ’ਤੇ ਖੜ੍ਹੇ ਕਰਨਾ ਅਤੇ ਰਹਿੰਦੀ ਉਮਰ ਤੱਕ ਉਨ੍ਹਾਂ ਪ੍ਰਤੀ ਵਫ਼ਾਦਾਰੀ, ਇਮਾਨਦਾਰੀ ਦੀ ਜਿਹੜੀ ਮਿਸਾਲ ਇਸ ਰਿਸ਼ਤੇ ਵਿੱਚ ਮਿਲਦੀ ਹੈ, ਉਹ ਹੋਰ ਕਿਸੇ ਵਿੱਚ ਨਹੀਂ ਮਿਲਦੀ। ਉਹ ਵੱਖਰੀ ਗੱਲ ਹੈ ਕਿ ਦਾਲ ਵਿੱਚ ਕੋਕੜੂਆਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਆਪਣੇ ਜਾਇਆਂ ਨੂੰ ਪਾਲਣ ਸਮੇਂ ਲੱਖਾਂ ਮੁਸ਼ਕਲਾਂ ਨੂੰ ਹੱਸ ਕੇ ਸਹਿਣਾ, ਮਾਪਿਆਂ ਦਾ ਕੁਦਰਤੀ ਸੁਭਾਅ ਹੈ। ਇਸ ਰਿਸ਼ਤੇ ਦੀ ਇਹ ਫਿਤਰਤ ਕੇਵਲ ਇਨਸਾਨਾਂ ਵਿੱਚ ਹੀ ਨਹੀਂ ਸਗੋਂ ਬਹੁਤ ਸਾਰੇ ਜਾਨਵਰਾਂ ਵਿੱਚ ਵੀ ਪਾਈ ਜਾਂਦੀ ਹੈ। ਕਈ ਵਾਰੀ ਵੇਖਣ ਵਿੱਚ ਆਇਆ ਹੈ ਕਿ ਬਾਂਦਰੀ ਆਪਣੇ ਮਰੇ ਹੋਏ ਬੱਚੇ ਨੂੰ ਜਾਂਦੀ ਹੋਈ ਵੀ ਕਈ ਕਈ ਦਿਨ ਆਪਣੀ ਛਾਤੀ ਨਾਲ ਲਾਈ ਰੱਖਦੀ ਹੈ ਤੇ ਸਾਡੇ ਪਾਲਤੂ ਪਸ਼ੂ ਤੇ ਜਾਨਵਰ ਆਪਣੇ ਬੱਚੇ ਦੇ ਮਰ ਜਾਣ ਤੇ ਕਈ ਦਿਨ ਉਸਨੂੰ ਲੱਭਦੇ ਰਹਿੰਦੇ ਹਨ ਤੇ ਖਾਣਾ ਪੀਣਾ ਛੱਡ ਦਿੰਦੇ ਹਨ।
ਇਸ ਦਿਹਾੜੇ ਦੀ ਸ਼ੁਰੂਆਤ :-
‘ਮਾਪੇ’ ਦਿਹਾੜਾ ਵੀ ਬਾਕੀ ਵਿਸ਼ੇਸ਼ ਦਿਨਾਂ ਵਾਂਗ ਪੱਛਮੀ ਸੱਭਿਅਤਾ ਦੀ ਦੇਣ ਹੈ। ਇਸ ਦਿਨ ਦੀ ਸ਼ੁਰੂਆਤ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨੇ 1994 ਵਿੱਚ,” ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਹੋਰ ਵਧੀਆ ਬਣਾਇਆ ਜਾਵੇ ਸਿਰਲੇਖ ਹੇਠ” ਕੀਤੀ। ਇਸ ਦਿਨ ਮਾਪਿਆਂ ਦੇ ਇਕੱਠ ’ਤੇ ਸਮਾਗਮ ਕੀਤੇ ਜਾਂਦੇ ਹਨ। ਬੱਚਿਆਂ ਦੀ ਵਧੀਆ ਪਰਵਰਿਸ਼ ਕਰਨ ਵਾਲੇ ਮਾਪਿਆਂ ਨੂੰ ਵਿਸ਼ੇਸ਼ ਪਛਾਣ ਪੱਤਰਾਂ, ਸਰਟੀਫਿਕੇਟਾਂ ਤੇ ਹੋਰ ਕਈ ਤਰਾਂ ਦੇ ਸਨਮਾਨ ਚਿੰਨਾਂ ਨਾਲ ਨਵਾਜਿਆ ਜਾਂਦਾ ਹੈ। ਅਜਿਹੇ ਸਮਾਗਮ ਪਰਿਵਾਰਕ ਸਤਰ ਤੋਂ ਲੈ ਕੇ ਰਾਸ਼ਟਰੀ ਸਤਰ ਤੱਕ ਮਨਾਏ ਜਾਂਦੇ ਹਨ। ਇਨ੍ਹਾਂ ਇਕੱਠਾਂ ਵਿੱਚ ਮਾਪੇ ਤੇ ਬੱਚਿਆਂ ਦੇ ਨਾਲ-ਨਾਲ ਦਾਦਾ-ਦਾਦੀ/ਪੋਤੇ ਪੋਤੀਆਂ,ਨਾਨਾ – ਨਾਨੀ/ ਦੋਹਤੇ ਦੋਹਤੀਆਂ, ਭੈਣ- ਭਰਾ ਤੇ ਬਾਕੀ ਵੀ ਸਾਰੇ ਪਰਿਵਾਰਕ ਰਿਸ਼ਤੇ ਭਾਗ ਲੈਂਦੇ ਹਨ। ਇਸ ਮੌਕੇ ਵੱਖੋ-ਵੱਖਰੇ ਪਰਿਵਾਰ ਆਪਣੇ ਆਪਣੇ ਤਜਰਬਿਆਂ ਦੀ ਚਰਚਾ ਇੱਕ ਦੂਜੇ ਪਰਿਵਾਰ ਨਾਲ ਸਾਂਝੇ ਕਰਦੇ ਹਨ। ਵਿਚਾਰਨਯੋਗ ਗੱਲ ਹੈ ਕਿ ਇਹ ਲੋਕ ਵੀ ਮਾਤਾ ਦੇ ਤਿਆਗ ਨੂੰ ਸਨਮਾਨ ਬਖਸ਼ਦੇ ਹਨ।
ਇਹ ਦਿਨ ਸਾਡੇ ਦੇਸ਼ ਵਿੱਚ ਵੀ ਕਈਆਂ ਪਰਿਵਾਰਾਂ ਵਿੱਚ ਮਨਾਇਆ ਜਾਂਦਾ ਹੈ। ਮਾਤਾ-ਪਿਤਾ ਨੂੰ ਬੱਚਿਆਂ ਦੁਆਰਾ ਫੁੱਲ, ਗੁਲਦਸਤੇ, ਕੱਪੜੇ ਗਹਿਣੇ ਤੇ ਇਥੋਂ ਤੱਕ ਮਹਿੰਗੀਆਂ ਕਾਰਾਂ ਆਦਿ ਦੇ ਤੋਹਫੇ ਦਿੱਤੇ ਜਾਂਦੇ ਹਨ। ਉਹ ਕੱਟ ਕੇ ਵੱਡੀਆਂ-ਵੱਡੀਆਂ ਪਾਰਟੀਆਂ ਮਨਾਈਆਂ ਜਾਂਦੀਆਂ ਤੇ ਲੋਕਾਂ ਤੋਂ ਖੂਬ ਵਾਹੋ ਵਾਹੀ ਖੱਟੀ ਜਾਂਦੀ ਹੈ। ਇਸਦੇ ਨਾਲ-ਨਾਲ ਸੋਸ਼ਲ ਸਾਈਟਸ ’ਤੇ ਖੂਬ ਵਾਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਕੁਝ ਕੁਝ ਕੇਸਾਂ ਨੂੰ ਛੱਡ ਕੇ ਅਸਲ ਵਿੱਚ ਇਹ ਸਾਰਾ ਡਰਾਮਾ ਹੁੰਦਾ ਤੇ ਮਕਸਦ ਆਪਣੇ ਬੱਚਿਆਂ ਦੀ ਦੇਖਭਾਲ ਕਰਵਾਉਣੀ ਜਾਂ ਮਾਪਿਆਂ ਦੀ ਤਿਜੋਰੀ ’ਤੇ ਹੁੰਦੀ ਹੈ। ਇਸਦਾ ਇਹ ਮਤਲਬ ਨਹੀਂ ਕਿ ਅਜਿਹੇ ਦਿਨ ਮਨਾਉਣੇ ਨਹੀਂ ਚਾਹੀਦੇ। ਜ਼ਰੂਰ ਮਨਾਉਣੇ ਚਾਹੀਦੇ ਹਨ ਪਰ ਪੱਛਮੀ ਤਰਜ ਤੇ ਪੂਰੀ ਇਮਾਨਦਾਰੀ ਨਾਲ।
ਸਾਡੇ ਦੇਸ਼ ਵਿੱਚ ਮਾਤਾ ਪਿਤਾ ਪ੍ਰਤੀ ਜ਼ਮੀਨੀ ਹਕੀਕਤ:
ਬੇਸ਼ੱਕ ਸਾਡੇ ਦੇਸ਼ ਤੇ ਸਮਾਜ ਵਿੱਚ ਅੱਜ ਵੀ ਸਰਵਣ ਜਿਹੇ ਧੀਆਂ-ਪੁੱਤਾਂ ਦੀਆਂ ਉਦਾਹਰਨਾਂ ਮਿਲਦੀਆਂ ਹਨ, ਜੋ ਆਪਣੇ ਮਾਪਿਆਂ ਦੀ ਹਰ ਲੋੜ ਤੇ,ਮੰਗ ਪੂਰੀ ਕਰਦੇ ਹਨ। ਬਦਲੇ ਵਿੱਚ ਫਿਰ ਚਾਹੇ ਉਨ੍ਹਾਂ ਨੂੰ ਦਿਮਾਗੀ ਪ੍ਰੇਸ਼ਾਨੀ ਦੇ ਸ਼ਿਕਾਰ ਮਾਪਿਆਂ ਵੱਲੋਂ ਦੁਰਵਿਹਾਰ ਤੇ ਨਿਖੇਧੀ ਹੀ ਮਿਲਦੀ ਹੋਵੇ। ਦਿਨ ਰਾਤ ਉਨਾਂ ਦੀ ਤੀਮਾਰਦਾਰੀ ਵਿੱਚ ਇਹ ਵੀ ਨਹੀਂ ਸੋਚਦੇ ਕਿ ਕੱਲ੍ਹ ਕੰਮ ’ਤੇ ਵੀ ਜਾਣਾ ਹੈ। ਇਸਦੇ ਨਾਲ-ਨਾਲ ਮਾਇਕ ਤੰਗੀ ਦੇ ਚਲਦਿਆਂ ਕਿਸੇ ਵੀ ਤਰਾਂ ਸਰਕਾਰੀ ਹਸਪਤਾਲ, ਸਮਾਜ ਸੇਵੀ ਸੰਸਥਾਵਾਂ ਦੀ ਮਦਦ ਲੈ ਕੇ ਜਾਂ ਫਿਰ ਗਹਿਣੇ ਗਿਰਵੀ ਰੱਖਕੇ ਜਾਂ ਨਿੱਜੀ ਖਰਚਿਆਂ ਤੇ ਸਮਝੌਤੇ ਕਰਕੇ, ਬੀਮਾਰ ਜਾਂ ਅਪਾਹਿਜ ਮਾਪਿਆਂ ਦਾ ਮਹਿੰਗੇ ਤੋਂ ਮਹਿੰਗਾ ਇਲਾਜ ਕਰਾਉਂਦੇ ਹਨ।
ਦੂਸਰੀ ਸਥਿਤੀ ਇਸਤੋਂ ਬਿਲਕੁਲ ਉਲਟ ਹੈ, ਜੋ ਲੂੰ ਕੰਢੇ ਖੜ੍ਹੇ ਕਰਨ ਵਾਲੀ ਹੈ। ਹਸਪਤਾਲਾਂ ਨਾਲ ਮੇਰਾ ਨਿੱਜੀ ਤਜਰਬਾ ਰਿਹਾ ਹੈ। ਉਪਰੋਕਤ ਸ਼੍ਰੇਣੀ ਦੇ ਬੱਚਿਆਂ ਤੋਂ ਇਲਾਵਾ ਅਜਿਹੇ ਬੱਚੇ ਵੀ ਦੇਖੇ ਨੇ ਜਿਹੜੇ ਆਪਣੇ ਮਾਪਿਆਂ ਨੂੰ ਹਸਪਤਾਲ,ਸੜਕ ਜਾਂ ਬਿਰਧ ਆਸਰਰਮਾਂ ( ਜਿਨ੍ਹਾਂ ਦੀ ਹਾਲਤ ਕਿਸੇ ਪਸ਼ੂ ਵਾੜੇ ਤੋਂ ਵੀ ਬਦਤਰ ਹੁੰਦੀ ਹੈ) ਜਾਂ ਫਿਰ ਕਿਸੇ ਸੁਨਸਾਨ ਤੇ ਅਨਜਾਨ ਥਾਂ ’ਤੇ ਬੇਹੱਦ ਦਰਦਨਾਕ ਹਾਲਤ ਵਿੱਚ ਛੱਡ ਜਾਂਦੇ ਹਨ। ਅਜਿਹੀਆਂ ਦਰਦਨਾਕ ਵੀਡੀਓ ਇੰਟਰਨੈੱਟ ’ਤੇ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਬੋਲਣ, ਚੱਲਣ ਤੇ ਖਾਣ-ਪੀਣ ਤੋਂ ਵੀ ਅਸਮਰਥ ਹੁੰਦੇ ਹਨ। ਇਨ੍ਹਾਂ ਹੀ ਨਹੀਂ, ਇਨ੍ਹਾਂ ਵਿੱਚੋਂ ਕਈ ਅੰਗਹੀਣ ਤੇ ਗਹਿਰੇ ਮਾਨਸਿਕ ਰੋਗਾਂ ਤੋਂ ਪੀੜਤ ਹੁੰਦੇ ਹਨ, ਜਿਨ੍ਹਾਂ ਨੂੰ ਕਪੜੇ ਪਾਉਣ ,ਆਪਣੀ ਸਫਾਈ ਰੱਖਣ ਤੇ ਖਾਣ-ਪੀਣ ਦੀ ਵੀ ਸੁਧ ਨਹੀਂ ਹੁੰਦੀ। ਇਹ ਅਸਲ ਵਿੱਚ ਉਸ ਹਾਲਾਤਾਂ ਵਿੱਚ ਹੁੰਦੇ ਜਿਸਨੂੰ ਰੁਲਣਾ ਕਿਹਾ ਜਾਂਦਾ ਹੈ।
ਇਸੇ ਲੜੀ ਨੂੰ ਅੱਗੇ ਤੋਰਦੀ ਹਾਂ, ਪਿੱਛੇ ਜਿਹੇ ਇੱਕ ਟੀ.ਵੀ. ਚੈਨਲ ਨੇ ਇਕ ਬਿਰਧ ਮਾਤਾ ਦੀ ਇੰਟਰਵਿਊ ਪੇਸ਼ ਕੀਤੀ, ਜੋ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਚੰਗੇ ਰਗੜੇ ਤੇ ਸਾਧਨ ਸੰਪੰਨ ਪਰਿਵਾਰ ਨਾਲ ਸੰਬੰਧਿਤ ਸੀ। ਇਸ ਬਿਰਧ ਨੂੰ ਸੜਕ ਕਿਨਾਰੇ ਬੜੀ ਮਾੜੀ ਹਾਲਤ ਵਿੱਚ ਪਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਗਜ਼ਟਿਡ ਆਫਿਸਰ ਤੇ ਉਚੇ ਅਹੁਦਿਆਂ ’ਤੇ ਤਾਇਨਾਤ ਸਨ। ਜਦੋ ਇਸ ਪਰਿਵਾਰ ਨਾਲ ਸੰਪਰਕ ਕਰਕੇ ਮਾਤਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਉੱਤਰ ਸੀ ਕਿ ਮਾਤਾ ਪਰਿਵਾਰ ਨਾਲ ਲੜਦੀ ਸੀ। ਬੁਜ਼ੁਰਗ ਨਾਲ ਗੱਲਬਾਤ ਕਰਨ ’ਤੇ ਪਤਾ ਚੱਲਿਆ ਕਿ ਉਹ ਦਿਮਾਗੀ ਰੋਗ ਤੋਂ ਪੀੜਤ ਸੀ। ਜਿਸਦਾ ਇਲਾਜ ਕਰਾਉਣ ਦੀ ਲੋੜ ਸੀ।
ਇਸੇ ਤਰਾਂ ਬਹੁਤ ਸਾਰੇ ਲਾਚਾਰ, ਗਰੀਬ ਤੇ ਨਿਹੱਥੇ ਬਜੁਰਗ ਹਸਪਤਾਲਾਂ ਵਿੱਚ ਅਜਿਹੀ ਹਾਲਤ ਵਿੱਚ ਛੱਡ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਜਿਸਮ ਵਿੱਚ ਕੀੜੇ ਜਾਂ ਜੂਆਂ ਪਏ ਹੁੰਦੇ ਹਨ। ਇਸ ਤੋਂ ਇਲਾਵਾ ਲੰਬੀ ਬੀਮਾਰੀ ਦੀ ਅਵਸਥਾ ਵਿਚ ਸਰੀਰ ’ਤੇ ਥਾਂ-ਥਾਂ ਫੋੜਿਆਂ (bed sores) ਦੇ ਕਾਰਣ ਜ਼ਖ਼ਮ ਬਣ ਗਏ ਹੁੰਦੇ ਹਨ। ਜਿਨ੍ਹਾਂ ਕਾਰਣ ਮਰੀਜ ਬੈਠਣ ਉੱਠਣ ਵਿੱਚ ਅਸਮਰਥ ਹੁੰਦਾ ਹੈ। ਚੰਗੇ ਭਲੇ ਹੋਣ ’ਤੇ ਵੀ ਬੱਚੇ ਸਾਥ ਦੇਣ ਤੋਂ ਮੁਨਕਰ ਹੁੰਦੇ ਹਨ। ਖਾਸਕਰ ਅਜਿਹੀ ਹਾਲਤ ਵਿੱਚ ਜਿਥੇ ਮਾਪਿਆਂ ਕੋਲ ਉਨ੍ਹਾਂ ਨੂੰ ਦੇਣ ਲਈ ਧਨ ਦੌਲਤ ਨਹੀਂ ਹੁੰਦਾ ।
ਬੱਚਿਆਂ ਤੇ ਸਰਕਾਰਾਂ ਦੇ ਬਜ਼ੁਰਗਾਂ ਪ੍ਰਤੀ ਅਸਲੀ ਫਰਜ :
ਜਵਾਨੀ ਵੇਲੇ ਹਰ ਕੋਈ ਆਪਣੇ ਜੋਗਾ ਹੁੰਦਾ ਹੈ ਪਰ ਉਹ ਮਾਪੇ ਜਿਨ੍ਹਾਂ ਨੇ ਬੱਚਿਆਂ ਨੂੰ ਬਿਨਾਂ ਕਿਸੇ ਏਵਜ ਦੇ ਪਾਲਿਆ ਤੇ ਉਨ੍ਹਾਂ ਦੇ ਖੂਬਸੂਰਤ ਭਵਿੱਖ ਦੇ ਖਾਬ ਦੇਖੇ ਹੁੰਦੇ ਹਨ, ਜ਼ਰਾ ਮੇਰਾ ਇਹ ਲੇਖ ਪੜ੍ਹਨ ਵਾਲੇ ਸਾਰੇ ਆਪਣੇ ਦਿਲ ’ਤੇ ਹੱਥ ਰੱਖ ਕੇ ਸੋਚੋ, ਕੀ ਉਨ੍ਹਾਂ ਦੇ ਬੁਢਾਪੇ, ਬੀਮਾਰੀ ਤੇ ਲਾਚਾਰੀ ਵੇਲੇ ਤੁਹਾਡੇ, ਉਨ੍ਹਾਂ ਤਾਈਂ ਕੋਈ ਫਰਜ਼ ਨਹੀਂ? ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਤੁਹਾਡੇ ਦੁਖ ਸੁਖ, ਬੀਮਾਰੀ, ਪੜ੍ਹਾਈ ਤੇ ਲੱਖਾਂ ਅਜਿਹੇ ਕੰਮਾਂ ਉੱਤੋਂ ਵਾਰ ਦਿੱਤਾ, ਆਪ ਹਰ ਤਰਾਂ ਦੀ ਚੰਗੀ ਤੁਰਸ਼ੀ ਝੱਲ ਕੇ , ਤੁਹਾਨੂੰ ਤੱਤੀ ਹਵਾ ਵੀ ਨਹੀਂ ਲੱਗਣ ਦਿੱਤੀ। ਜੀਵਨ ਦੀਆਂ ਮੁਸੀਬਤਾਂ ਦੀ ਤੁਹਾਨੂੰ ਭਣਕ ਨਹੀਂ ਲੱਗਣ ਦਿੱਤੀ, ਸਗੋਂ ਅਜਿਹੀ ਸਥਿਤੀ ਵਿੱਚ ਅੱਗੇ ਹੋ ਕੇ ਤੁਹਾਨੂੰ ਉਸ ਤੋਂ ਅਤੇ ਉਸਨੂੰ ਤੁਹਾਡੇ ਤੋਂ ਇਵੇਂ ਲੁਕੋ ਲਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕੀ ਇਸ ਸਭ ਕੁਝ ਦੇ ਬਦਲੇ ਅਸੀਂ ਆਪਣੇ ਜਨਣ ਵਾਲਿਆਂ ਨੂੰ ਥੋੜਾ ਜਿਹਾ ਵਕਤ ਨਹੀਂ ਦੇ ਸਕਦੇ? ਆਪਣੇ ਕੰਮਾਂ ਧੰਦਿਆਂ ਵਿੱਚੋਂ ਉਨ੍ਹਾਂ ਲਈ ਵਕਤ ਕੱਢਣਾ ਲਾਜ਼ਮੀ ਨਹੀਂ ਬਣਾ ਸਕਦੇ? ਦੇ ਇਹ ਨਹੀਂ ਕਰ ਸਕਦੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਉਮੀਦ ਬਿਲਕੁਲ ਤਿਆਗ ਦੇਣੀ ਚਾਹੀਦੀ, ਕਿਉਂਕਿ ਵਕਤ ਦਾ ਪਹੀਆ ਉਨ੍ਹਾਂ ਹੀ ਰਾਹਾਂ ’ਤੇ ਪਰਤਦਾ ਵੀ ਹੈ, ਜਿਥੋਂ ਇੱਕ ਦਿਨ ਲੰਘਿਆ ਹੁੰਦਾ ਹੈ।
ਸਰਕਾਰਾਂ ਤੇ ਕਾਨੂੰਨ ਦੀ ਭੂਮਿਕਾ:
ਭਾਂਵੇ ਬਜ਼ੁਰਗਾਂ ਤੇ ਮਾਪਿਆਂ ਦੇ ਹੱਕਾਂ ਲਈ ਬੜੇ ਕਨੂੰਨ ਬਣੇ ਹਨ ਪਰ ਅਮਲੀ ਤੌਰ ’ਤੇ ਉਸ ਢੰਗ ਨਾਲ ਲਾਗੂ ਨਹੀਂ ਕੀਤੇ ਜਾਂਦੇ, ਜਿਵੇਂ ਹੋਣੇ ਚਾਹੀਦੇ ਹਨ। ਸੋ ਹਰ ਬੱਚੇ (ਲੜਕਾ ਜਾਂ ਲੜਕੀ) ਦਾ ,ਜੇ ਮਾਤਾ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦਾ ਹੱਕ ਹੈ, ਤਾਂ ਫਰਜ਼ ਵੀ ਬਰਾਬਰ ਹਨ। ਇਸਦੇ ਨਾਲ-ਨਾਲ ਸਰਕਾਰਾਂ ਤੇ ਅਦਾਲਤਾਂ ਨੂੰ ਕਾਨੂੰਨਾਂ ਦੀ ਥਾਲੀ ਵਿੱਚ ਰੱਖਕੇ ਪੂਜਾ ਕਰਨ ਦੀ ਬਜਾਏ ,ਸਖ਼ਤੀ ਨਾਲ ਲਾਗੂ ਕਰਨੇ ਚਾਹੀਦੇ ਹਨ। ਬੱਚਿਆਂ ਵੱਲੋਂ ਇਨਕਾਰੀ ਹੋਣ ’ਤੇ ਸਜਾਵਾਂ ਵੀ ਸਖਤ ਅਤੇ ਯਕੀਨੀ ਹੋਣੀਆਂ ਚਾਹੀਦੀਆਂ ਹਨ।
ਕਾਰਗਿਲ ਵਿਜੇ ਦਿਵਸ : ਸ਼ਹਾਦਤ ਦੇ ਪਰਵਾਨਿਆਂ ਨੂੰ ਪ੍ਰਣਾਮ
NEXT STORY