ਹਿੰਦੂ ਧਰਮ 'ਚ ਗਊ ਵੰਸ਼ ਨੂੰ ਪੂਜਨੀਕ ਮੰਨਿਆ ਜਾਂਦਾ ਹੈ ਅਤੇ ਇਹ ਵੀ ਇਕ ਅਸਲੀਅਤ ਹੈ ਕਿ ਭਾਰਤ 'ਚ ਜਿੰਨੇ ਵੀ ਮੁਸਲਮਾਨ ਸ਼ਾਸਕ ਹੋਏ ਹਨ, ਉਨ੍ਹਾਂ 'ਚੋਂ ਇਕ ਨੇ ਵੀ ਗਊ ਹੱਤਿਆ ਦਾ ਸਮਰਥਨ ਨਹੀਂ ਕੀਤਾ ਸਗੋਂ ਕੁਝ ਕੁ ਨੇ ਤਾਂ ਗਊ ਹੱਤਿਆ ਵਿਰੁੱਧ ਕਾਨੂੰਨ ਵੀ ਬਣਾਏ।
ਪ੍ਰਸਿੱਧ ਦੱਖਣ ਭਾਰਤੀ ਸ਼ਾਸਕ ਹੈਦਰ ਅਲੀ ਨੇ ਗਊ ਦੇ ਕਾਤਲਾਂ ਲਈ ਮੌਤ ਦੀ ਸਜ਼ਾ ਤੈਅ ਕੀਤੀ ਸੀ ਅਤੇ ਉਸ ਨੇ ਗਊ ਹੱਤਿਆ ਕਰਨ ਵਾਲੇ ਸੈਂਕੜੇ ਕਸਾਈਆਂ ਦੀਆਂ ਧੌਣਾਂ ਕਟਵਾਈਆਂ ਸਨ। ਇਹੋ ਨਹੀਂ, ਹੈਦਰ ਅਲੀ ਦੇ ਬੇਟੇ ਟੀਪੂ ਸੁਲਤਾਨ ਨੇ ਵੀ ਗਊ ਹੱਤਿਆ ਦੇ ਦੋਸ਼ੀ ਦੇ ਹੱਥ ਵੱਢ ਦੇਣ ਦਾ ਕਾਨੂੰਨ ਬਣਾਇਆ ਸੀ।
ਅਤੇ ਇਸ ਸਮੇਂ ਵੀ ਜਦੋਂ ਦੇਸ਼ 'ਚ ਗਊ ਹੱਤਿਆ ਅਤੇ ਗਊ ਮਾਸ 'ਤੇ ਪਾਬੰਦੀ ਨੂੰ ਲੈ ਕੇ ਇਕ ਵਿਵਾਦ ਛਿੜਿਆ ਹੋਇਆ ਹੈ, ਵੱਖ-ਵੱਖ ਮੁਸਲਿਮ ਆਗੂਆਂ ਵਲੋਂ ਗਊ ਵੰਸ਼ ਨੂੰ ਹੱਲਾਸ਼ੇਰੀ ਤੇ ਸੁਰੱਖਿਆ ਦੇਣ ਦੀਆਂ ਮੰਗਾਂ ਉਠਾਈਆਂ ਜਾ ਰਹੀਆਂ ਹਨ।
ਇਸੇ ਪਿਛੋਕੜ 'ਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ 1 ਅਗਸਤ ਨੂੰ 'ਮੁਸਲਿਮ ਮਹਾਸਭਾ, ਰਾਜਸਥਾਨ' ਦੇ ਜ਼ਿਲਾ ਪ੍ਰਧਾਨ ਫੈਯਾਜ਼ ਬੁਖਾਰੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪਾਲੀ ਵਿਖੇ ਇਕ ਰੈਲੀ ਕੱਢੀ ਤੇ ਨਾਅਰੇ ਲਾਏ।
ਉਨ੍ਹਾਂ ਨੇ ਜ਼ਿਲਾ ਕਲੈਕਟਰ ਨੂੰ ਰਾਜਪਾਲ ਦੇ ਨਾਂ ਇਕ ਮੈਮੋਰੰਡਮ ਸੌਂਪਿਆ, ਜਿਸ 'ਚ ਗਊ ਨੂੰ ਕੌਮੀ ਪਸ਼ੂ ਐਲਾਨਣ ਅਤੇ ਗਊ ਹੱਤਿਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਲਈ ਭਾਰਤ ਸਰਕਾਰ ਤੋਂ ਕਾਨੂੰਨ ਬਣਵਾਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ 'ਤੇ ਮਹਾਸਭਾ ਦੇ ਸੂਬਾ ਮੀਤ ਪ੍ਰਧਾਨ ਮੁਖਤਿਆਰ ਅਨੀਸ ਚਿਸ਼ਤੀ ਨੇ ਕਿਹਾ ਕਿ ''ਹਿੰਦੁਸਤਾਨ ਗੰਗਾ-ਜਮੁਨੀ ਤਹਿਜ਼ੀਬ ਵਾਲਾ ਦੇਸ਼ ਹੈ ਅਤੇ ਭਾਰਤ 'ਚ ਮੁਸਲਮਾਨ ਹਮੇਸ਼ਾ ਕੌਮੀ ਏਕਤਾ ਤੇ ਹਿੰਦੂ-ਮੁਸਲਿਮ ਏਕਤਾ ਅਤੇ ਭਾਈਚਾਰੇ ਦੇ ਸਮਰਥਕ ਰਹੇ ਹਨ।''
ਇਸੇ ਤਰ੍ਹਾਂ ਪਾਕਿਸਤਾਨ ਵਿਰੁੱਧ ਅਕਸਰ ਆਪਣੇ ਨਿਰਪੱਖ ਅਤੇ ਨਿਡਰ ਵਿਚਾਰ ਪ੍ਰਗਟਾ ਕੇ ਚਰਚਾ 'ਚ ਰਹਿਣ ਵਾਲੇ ਅਜਮੇਰ ਸ਼ਰੀਫ ਦਰਗਾਹ ਦੇ ਦੀਵਾਨ ਜੈਨੁਅਲ ਆਬੇਦੀਨ ਨੇ ਵੀ ਹੁਣੇ-ਹੁਣੇ ਦਿੱਤੀ ਇਕ ਇੰਟਰਵਿਊ 'ਚ ਗਊਆਂ ਦੀ ਸੰਭਾਲ, ਭਾਈਚਾਰੇ ਅਤੇ ਅੱਤਵਾਦ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਆਪਣੀ ਸਪੱਸ਼ਟ ਰਾਏ ਪ੍ਰਗਟਾਈ ਹੈ।
ਉਨ੍ਹਾਂ ਨੇ ਗਊ ਨੂੰ ਪ੍ਰਾਚੀਨ ਕਾਲ ਤੋਂ ਹੀ ਹਿੰਦੂਆਂ ਦੀ ਆਸਥਾ ਦੀ ਪ੍ਰਤੀਕ ਦੱਸਦਿਆਂ ਕਿਹਾ ਕਿ ''ਮੁਸਲਮਾਨਾਂ ਨੂੰ ਗਊ ਵੰਸ਼ ਦੀ ਰੱਖਿਆ 'ਚ ਯੋਗਦਾਨ ਦੇ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਦੇਸ਼ 'ਚ ਗਊ ਨੂੰ ਕੌਮੀ ਪਸ਼ੂ ਐਲਾਨਿਆ ਜਾਵੇ ਤਾਂ ਜੋ ਕੋਈ ਗਊ ਹੱਤਿਆ ਤਾਂ ਕੀ, ਗਊ ਵੱਲ ਅੱਖ ਚੁੱਕ ਕੇ ਵੀ ਨਾ ਦੇਖ ਸਕੇ। ਜੇਕਰ ਕੋਈ ਆਦਮੀ ਗਊ ਮਾਸ ਦਾ ਧੰਦਾ ਕਰ ਰਿਹਾ ਹੋਵੇ ਜਾਂ ਕਿਤਿਓਂ ਵੀ ਗਊ ਮਾਸ ਲੈ ਕੇ ਆ ਰਿਹਾ ਹੋਵੇ ਤਾਂ ਉਸ ਨੂੰ ਉਸੇ ਸਮੇਂ ਜੁਰਮਾਨਾ ਕੀਤਾ ਜਾਵੇ।''
ਉਨ੍ਹਾਂ ਇਹ ਵੀ ਕਿਹਾ ਕਿ ''ਜਿਸ ਤਰ੍ਹਾਂ ਹਿਰਨ, ਮੋਰ ਆਦਿ ਨੂੰ ਸਾਡੇ ਦੇਸ਼ 'ਚ ਮਾਰਨ ਦੀ ਇਜਾਜ਼ਤ ਨਹੀਂ ਹੈ, ਉਸੇ ਤਰ੍ਹਾਂ ਗਊ ਹੱਤਿਆ ਕਰਨ ਵਾਲੇ ਲਈ ਵੀ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ।''
ਇਨ੍ਹੀਂ ਦਿਨੀਂ ਦੇਸ਼ 'ਚ ਬਣੇ ਅਸਹਿਣਸ਼ੀਲਤਾ ਵਾਲੇ ਮਾਹੌਲ ਨੂੰ ਲੈ ਕੇ ਦੀਵਾਨ ਜੈਨੁਅਲ ਆਬੇਦੀਨ ਦਾ ਕਹਿਣਾ ਹੈ ਕਿ ''ਜੇਕਰ ਹਿੰਦੂ ਮੁਸਲਮਾਨ ਤੋਂ ਖੌਫ ਖਾਏਗਾ ਅਤੇ ਮੁਸਲਮਾਨ ਹਿੰਦੂ ਤੋਂ ਡਰੇਗਾ ਤਾਂ ਦੇਸ਼ ਤਬਾਹੀ ਵੱਲ ਹੀ ਜਾਵੇਗਾ।''
ਕਸ਼ਮੀਰ ਦੇ ਮੁੱਦੇ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ''ਕਸ਼ਮੀਰ ਦਾ ਮਾਹੌਲ ਖਰਾਬ ਕਰਨ ਵਾਲੇ ਨੌਜਵਾਨ ਆਪਣੇ ਮਾਂ-ਪਿਓ ਦੇ ਅਰਮਾਨਾਂ 'ਤੇ ਪਾਣੀ ਫੇਰ ਰਹੇ ਹਨ। ਬੁਰਹਾਨ ਵਾਨੀ ਇਕ ਅੱਤਵਾਦੀ ਸੀ। ਉਹ ਸਬੂਤਾਂ ਦੇ ਆਧਾਰ 'ਤੇ ਮਾਰਿਆ ਗਿਆ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀ. ਓ. ਕੇ. ਨੂੰ ਆਪਣੇ ਕਬਜ਼ੇ 'ਚ ਲੈ ਕੇ ਝਗੜੇ ਦੀ ਜੜ੍ਹ ਛੇਤੀ ਤੋਂ ਛੇਤੀ ਮਿਟਾਵੇ।''
''ਸਰਕਾਰ ਨੂੰ ਅੱਤਵਾਦ ਦਾ ਜਵਾਬ 'ਟਿਟ ਫਾਰ ਟੈਟ' (ਜੈਸੇ ਕੋ ਤੈਸਾ) ਨਿਯਮ ਦੇ ਆਧਾਰ 'ਤੇ ਦੇਣਾ ਚਾਹੀਦਾ ਹੈ। ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਣਾ ਪਵੇਗਾ। ਆਈ. ਐੱਸ. ਆਈ. ਐੱਸ. ਦੇ ਸਾਰੇ ਅੱਤਵਾਦੀਆਂ 'ਤੇ ਅਟੈਕ ਕਰ ਕੇ ਉਨ੍ਹਾਂ ਨੂੰ ਜੜ੍ਹੋਂ ਖਤਮ ਕਰ ਦੇਣਾ ਚਾਹੀਦਾ ਹੈ, ਜੋ ਇਸਲਾਮ ਨੂੰ ਬਦਨਾਮ ਕਰਨ 'ਚ ਲੱਗੇ ਹੋਏ ਹਨ।''
'ਮੁਸਲਿਮ ਮਹਾਸਭਾ, ਰਾਜਸਥਾਨ' ਦੇ ਨੇਤਾਵਾਂ ਅਤੇ ਦਰਗਾਹ ਅਜਮੇਰ ਸ਼ਰੀਫ ਦੇ ਦੀਵਾਨ ਜੈਨੁਅਲ ਆਬੇਦੀਨ ਦੇ ਉਕਤ ਵਿਚਾਰ ਕਿਸੇ ਟਿੱਪਣੀ ਦੇ ਮੁਥਾਜ ਨਹੀਂ ਹਨ। ਜੇ ਸੰਬੰਧਤ ਧਿਰਾਂ ਇਨ੍ਹਾਂ ਵਿਚਾਰਾਂ 'ਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਤਾਂ ਜ਼ਰੂਰ ਹੀ ਦੇਸ਼ 'ਚ ਪੈਦਾ ਹੋਏ ਅਸਹਿਣਸ਼ੀਲਤਾ ਵਾਲੇ ਮਾਹੌਲ 'ਤੇ ਲਗਾਮ ਕੱਸਣ ਅਤੇ ਸਿਰਫ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹੀ ਨਹੀਂ ਸਗੋਂ ਸਾਰੇ ਭਾਈਚਾਰਿਆਂ ਦੇ ਲੋਕਾਂ ਦਰਮਿਆਨ ਸਹਿ-ਹੋਂਦ ਦੀ ਭਾਵਨਾ, ਸਦਭਾਵਨਾ ਤੇ ਭਾਈਚਾਰੇ ਨੂੰ ਵਧਾਉਣ 'ਚ ਬਹੁਤ ਵੱਡੀ ਸਹਾਇਤਾ ਮਿਲ ਸਕਦੀ ਹੈ।
—ਵਿਜੇ ਕੁਮਾਰ
'ਜਾਨ ਖ਼ਤਰੇ 'ਚ ਪਾ ਕੇ' 'ਖਸਤਾ' ਪੁਲਾਂ ਉੱਤੇ ਚਲਾਈਆਂ ਜਾ ਰਹੀਆਂ 'ਰੇਲਾਂ ਅਤੇ ਬੱਸਾਂ'
NEXT STORY