ਭਾਰਤ ਵੰਨ-ਸੁਵੰਨਤਾਵਾਂ ਦਾ ਦੇਸ਼ ਹੈ ਅਤੇ ਤਿਉਹਾਰਾਂ ਨਾਲ ਇਸ ਦੀ ਸੱਭਿਆਚਾਰਕ ਵਿਰਾਸਤ ਅਤੇ ਧਾਰਮਿਕ ਭਾਈਚਾਰੇ ਦੀ ਭਾਵਨਾ ਦਾ ਪਤਾ ਲੱਗਦਾ ਹੈ। ਅੱਜ ਵੀ ਦੇਸ਼ ’ਚ ਅਜਿਹੇ ਲੋਕ ਮੌਜੂਦ ਹਨ ਜੋ ਧਾਰਮਿਕ ਜਨੂੰਨ ਅਤੇ ਕੱਟੜਵਾਦ ਤੋਂ ਉਪਰ ਉੱਠ ਕੇ ਭਾਈਚਾਰੇ ਤੇ ਸਦਭਾਵਨਾ ਦਾ ਝੰਡਾ ਬੁਲੰਦ ਕਰ ਰਹੇ ਹਨ। ਧੌਲਪੁਰ ਦੇ ਮਚਕੁੰਡ ਸਥਿਤ ‘ਸ਼੍ਰੀ ਲਾਡਲੀ ਜਗਮੋਹਨ ਜੂ ਸਰਕਾਰ’ ਮੰਦਿਰ ’ਚ ਠਾਕੁਰ ਜੀ ਤੇ ਰਾਧਾ ਜੀ ਦੀ ਵਿਸ਼ੇਸ਼ ਪੋਸ਼ਾਕ ਵ੍ਰਿੰਦਾਵਨ ਦੇ ਮੁਸਲਿਮ ਕਾਰੀਗਰ ਤਿਆਰ ਕਰਦੇ ਹਨ ਅਤੇ ਇਸ ਕੰਮ ’ਚ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ।
ਲਖਨਊ ਦੇ ਅਮੀਨਾਬਾਦ ’ਚ 65 ਸਾਲਾ ਇਰਫਾਨ 32 ਸਾਲਾਂ ਤੋਂ ਹਿੰਦੂ ਦੇਵੀ-ਦੇਵਤਿਆਂ ਦੇ ਪਹਿਰਾਵਿਆਂ ਦੀ ਸਿਲਾਈ ਅਤੇ ਸਜਾਵਟ ਕਰ ਰਹੇ ਹਨ। ਉਹ ਮੰਦਿਰ ’ਚ ਜਾ ਕੇ ਦੇਖਦੇ ਵੀ ਹਨ ਕਿ ਸ਼੍ਰੀ ਰਾਧਾ-ਕ੍ਰਿਸ਼ਨ ’ਤੇ ਉਨ੍ਹਾਂ ਦੇ ਸਿਉਂਤੇ ਹੋਏ ਕੱਪੜੇ ਕਿਹੋ-ਜਿਹੇ ਦਿਖਾਈ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਖਰੀ ਸਾਹ ਤੱਕ ਉਹ ਭਗਵਾਨ ਦੇ ਵਸਤਰ ਬਣਾਉਂਦੇ ਰਹਿਣਗੇ। ਮਥੁਰਾ ਦੇ ਸਦਰ ਬਾਜ਼ਾਰ ’ਚ 50 ਤੋਂ ਵੱਧ ਸਾਲਾਂ ਤੋਂ ਲੱਡੂ ਗੋਪਾਲ ਦੀਆਂ ਮੂਰਤੀਆਂ ਸਜਾਉਣ ਦਾ ਕੰਮ ਕਰ ਰਿਹਾ ਇਕ ਮੁਸਲਿਮ ਪਰਿਵਾਰ ਗੋਕੁਲ ’ਚ ਹੋਣ ਵਾਲੇ ਨੰਦ ਉਤਸਵ ’ਚ 8 ਪੀੜ੍ਹੀਆਂ ਤੋਂ ਲਗਾਤਾਰ ਵਧਾਈ ਗਾਉਂਦਾ ਆ ਰਿਹਾ ਹੈ। ਝੁੰਝੁਨੂੰ ਜ਼ਿਲੇ ਦੇ ਚਿਰਵਾ ਸਥਿਤ ‘ਨਰਹਰ ਦਰਗਾਹ’ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ 3 ਦਿਨਾਂ ਦਾ ਉਤਸਵ ਮਨਾਇਆ ਜਾਂਦਾ ਹੈ। ਇੱਥੇ ਵੱਡੀ ਗਿਣਤੀ ’ਚ ਦੁਕਾਨਾਂ ਸਜਦੀਆਂ ਹਨ ਤੇ ਮੰਦਿਰਾਂ ਵਾਂਗ ਹੀ ਵੱਖ-ਵੱਖ ਪ੍ਰੋਗਰਾਮ ਆਯੋਜਿਤ ਹੁੰਦੇ ਹਨ।
ਭਾਰਤ ਦੀ ਗੰਗਾ-ਜਮੁਨੀ ਤਹਿਜ਼ੀਬ ਦੀਆਂ ਅਜਿਹੀ ਹੀ ਕੁਝ ਝਲਕੀਆਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤਿਉਹਾਰ ’ਤੇ ਦੇਖਣ ਨੂੰ ਮਿਲੀਆਂ :
* ਹਿਮਾਚਲ ਪ੍ਰਦੇਸ਼ ਦੇ ਊਨਾ ਸਥਿਤ ਅੰਬੋਟਾ ਪਿੰਡ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪਾਲਕੀ ਦਾ ਸਿੱਖ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ‘ਦੇਵੀ ਟਿਆਲਾ ਮੰਦਿਰ’ ਤੋਂ ਸ਼ੁਰੂ ਹੋਈ ਸ਼ੋਭਾਯਾਤਰਾ ਪਹਿਲਾਂ ਗੁਰਦੁਆਰਾ ਸਿੰਘ ਸਭਾ ਅਤੇ ਉਸ ਦੇ ਬਾਅਦ ਨਾਗਨਾਥ ਮੰਦਿਰ ’ਚ ਪਹੁੰਚੀ ਜਿੱਥੇ ਸ਼੍ਰੀ ਕ੍ਰਿਸ਼ਨ ਭਗਤਾਂ ਦੇ ਨਾਲ-ਨਾਲ ਮੁਸਲਿਮ ਭਰਾ ਵੀ ਸੰਗੀਤ ਦੀਆਂ ਧੁਨਾਂ ’ਤੇ ਥਿਰਕਦੇ ਦਿਖਾਈ ਦਿੱਤੇ।
* ਸ਼੍ਰੀਨਗਰ ’ਚ ਹੱਬਾਕਦਲ ਦੇ ਮੰਦਿਰ ਤੋਂ ਸ਼ੁਰੂ ਹੋਈ ਸ਼ੋਭਾਯਾਤਰਾ ’ਚ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸੂਬੇ ’ਚ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਦੀ ਕਾਮਨਾ ਕੀਤੀ।
ਸ਼ੋਭਾਯਾਤਰਾ ਲਾਲ ਚੌਕ ਤੋਂ ਹੋ ਕੇ ਜਹਾਂਗੀਰ ਚੌਕ ਅਤੇ ਫਿਰ ਵਾਪਸ ਹੱਬਾਕਦਲ ਸਥਿਤ ਮੰਦਿਰ ’ਚ ਪਹੁੰਚੀ।
ਸ਼ੋਭਾਯਾਤਰਾ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਫੁੱਲਾਂ ਨਾਲ ਸਜੀ ਝਾਕੀ ਕੱਢੀ ਗਈ ਅਤੇ ਰਵਾਇਤੀ ਕਸ਼ਮੀਰੀ ਭਜਨ ਗਾਏ ਗਏ।
* ਇਟਾਵਾ ਦੇ ਥਾਣਾ ਸਿਵਲ ਲਾਈਨ ਮੁਖੀ ਮੁਹੰਮਦ ਕਾਮਿਲ ਨੇ ਆਪਣੀ ਦੇਖ-ਰੇਖ ’ਚ 2 ਦਿਨਾ ਜਨਮ ਅਸ਼ਟਮੀ ਸਮਾਰੋਹ ਦਾ ਆਯੋਜਨ ਸੰਪੰਨ ਕਰਵਾਇਆ।
* ਦੱਖਣੀ ਅਫਰੀਕਾ ਦੇ ਇਸਲਾਮੀ ਰਾਜਘਰਾਣੇ ’ਚ ਜਨਮੇ ਮੁਹੰਮਦ ਇਸਮਾਈਲ ਨੂੰ ਕ੍ਰਿਸ਼ਨ ਭਗਤੀ ਦੀ ਅਜਿਹੀ ਲਗਨ ਲੱਗੀ ਕਿ ਉਹ ਮੁਹੰਮਦ ਇਸਮਾਈਲ ਤੋਂ ਸੰਤ ਈਸ਼ਵਰ ਦਾਸ ਬਣ ਗਏ। ਉਨ੍ਹਾਂ ਨੇ ਇਸ ਜਨਮ ਅਸ਼ਟਮੀ ’ਤੇ ਖਾਸ ਤੌਰ ’ਤੇ ਇੰਦੌਰ ਸਥਿਤ ਇਸਕਾਨ ਮੰਦਿਰ ’ਚ ਪਹੁੰਚ ਕੇ ਭਗਵਾਨ ਰਾਧਾ-ਗੋਵਿੰਦ ਦੀ ਪੂਜਾ ਅਰਚਨਾ ਕੀਤੀ।
* ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੇਲ ’ਚ ਜਨਮ ਲੈਣ ਕਾਰਨ ਉਨ੍ਹਾਂ ਦੇ ਜੀਵਨ ’ਚ ਜੇਲ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਵੀ ਇਕ ਸੰਜੋਗ ਹੀ ਹੈ ਕਿ ਮਥੁਰਾ ਦੀ ਜੇਲ ’ਚ ਮੁਸਲਿਮ ਕੈਦੀਆਂ ਨੂੰ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਲੱਡੂ ਗੋਪਾਲ ਦੀਆਂ 5000 ਪੋਸ਼ਾਕਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ।
* ਸਰਬਧਰਮ ਸਦਭਾਵਨਾ ਦੀ ਇਕ ਮਿਸਾਲ ਬੇਲਗਾਵੀ (ਕਰਨਾਟਕ) ਸਥਿਤ ਦਸਤਗੀਰ ਮੋਕਾਸ਼ੀ ਦਾ ਪਰਿਵਾਰ ਵੀ ਕਈ ਸਾਲਾਂ ਤੋਂ ਪੇਸ਼ ਕਰ ਰਿਹਾ ਹੈ। ਦਸਤਗੀਰ ਮੋਕਾਸ਼ੀ ਦੇ ਪੋਤੇ ਅਦਨਾਨ ਦੇ ਚਿੱਤਰ 19 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਛਾਏ ਰਹੇ ਜਿਨ੍ਹਾਂ ’ਚ ਨੰਨ੍ਹੇ ਅਦਨਾਨ ਨੂੰ ਬਾਲ ਕ੍ਰਿਸ਼ਨ ਵਰਗੇ ਪਹਿਰਾਵੇ ’ਚ ਸਜਾਇਆ ਗਿਆ ਸੀ।
ਇਸ ਪਰਿਵਾਰ ਦੇ ਮੁਖੀ ਦਸਤਗੀਰ ਮੋਕਾਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਗੋਕੁਲ ਅਸ਼ਟਮੀ, ਰਾਮਨੌਮੀ ਵਰਗੇ ਤਿਉਹਾਰ ਆਪਣੇ ਹਿੰਦੂ ਮਿੱਤਰਾਂ ਨਾਲ ਮਨਾਉਂਦਾ ਹੈ ਅਤੇ ਉਹ ਈਦ ਅਤੇ ਬਕਰੀਦ ਵਰਗੇ ਤਿਉਹਾਰਾਂ ’ਚ ਸ਼ਾਮਲ ਹੋਣ ਲਈ ਆਉਂਦੇ ਹਨ।
ਦਸਤਗੀਰ ਮੋਕਾਸ਼ੀ ਦਾ ਕਹਿਣਾ ਹੈ ਕਿ ‘‘ਸਾਰੇ ਧਰਮ ਇਕ ਸਮਾਨ ਹਨ ਅਤੇ ਇਕ ਹੀ ਰਸਤਾ ਦਿਖਾਉਂਦੇ ਹਨ। ਮੈਨੂੰ ਅਤੇ ਮੇਰੀ ਪਤਨੀ ਨੂੰ ਆਪਣੇ ਪੋਤੇ ਨੂੰ ਇਸ ਰੂਪ ’ਚ ਸਜਾਉਣਾ ਚੰਗਾ ਲੱਗਦਾ ਹੈ ਅਤੇ ਇਸ ’ਚ ਅਦਨਾਨ ਦੀ ਮਾਂ ਵੀ ਸਾਡਾ ਸਾਥ ਦਿੰਦੀ ਹੈ।
* ਇਸੇ ਦਰਮਿਆਨ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ’ਚ ਇਕ ਮੁਸਲਿਮ ਔਰਤ ਆਪਣੇ ਪੁੱਤਰ ਦਾ ਸ਼੍ਰੀ ਕ੍ਰਿਸ਼ਨ ਵਾਂਗ ਸ਼ਿੰਗਾਰ ਕਰ ਕੇ ਉਨ੍ਹਾਂ ਦੇ ਵਰਗੀ ਪੋਸ਼ਾਕ ਪਹਿਨਾ ਕੇ ਉਸ ਨੂੰ ਮੰਦਿਰ ’ਚ ਲਿਜਾਂਦੀ ਦਿਖਾਈ ਦੇ ਰਹੀ ਹੈ।
ਅੱਜ ਜਿੱਥੇ ਕੁਝ ਅਰਾਜਕ ਸ਼ਕਤੀਆਂ ਵੱਖ-ਵੱਖ ਭਾਈਚਾਰਿਆਂ ਨੂੰ ਆਪਸ ’ਚ ਲੜਾ ਕੇ ਦੇਸ਼ ’ਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਥੇ ਹੀ ਪ੍ਰੇਮ-ਪਿਆਰ ਅਤੇ ਭਾਈਚਾਰੇ ਦੀਆਂ ਉਪਰੋਕਤ ਉਦਾਹਰਣਾਂ ਇਸ ਗੱਲ ਦੀਆਂ ਗਵਾਹ ਹਨ ਕਿ ਦੇਸ਼ ਵਿਰੋਧੀ ਸ਼ਕਤੀਆਂ ਸਾਡੇ ਅੰਦਰ ਭਾਵੇਂ ਜਿੰਨੀ ਫੁੱਟ ਪਾਉਣ ਦੀ ਕੋਸ਼ਿਸ਼ ਕਰ ਲੈਣ, ਉਹ ਆਪਣੇ ਇਰਾਦਿਆਂ ’ਚ ਕਦੀ ਕਾਮਯਾਬ ਨਹੀਂ ਹੋ ਸਕਣਗੀਆਂ। ਅਸੀਂ ਇਕ ਸੀ, ਇਕ ਹਾਂ ਅਤੇ ਇਕ ਹੀ ਰਹਾਂਗੇ।
ਵਿਜੇ ਕੁਮਾਰ
ਹਿਮਾਚਲ ਪ੍ਰਦੇਸ਼ ਦੀਆਂ ਸੜਕਾਂ ਵਧੀਆ ਅਤੇ ਪੰਜਾਬ ਦੀਆਂ ਉੱਬੜ-ਖਾਬੜ
NEXT STORY