ਰੇਲ ਅਤੇ ਸੜਕ ਯਾਤਰਾ ਦੀ ਤੁਲਨਾ ’ਚ ਵੱਧ ਸੁਰੱਖਿਅਤ ਸਮਝੇ ਜਾਣ ਵਾਲੇ ਜਹਾਜ਼ਾਂ ’ਚ ਵੀ ਹੁਣ ਯਾਤਰੀਆਂ ਦੀ ਗੁੰਡਾਗਰਦੀ ਵਧਦੀ ਜਾ ਰਹੀ ਹੈ। ਹਾਲ ਹੀ ’ਚ ‘ਇੰਡੀਗੋ’ ਜਹਾਜ਼ ’ਚ ਇਕ ਯਾਤਰੀ ਤੇ ਏਅਰ ਹੋਸਟੈੱਸ ਦਰਮਿਆਨ ਵਿਵਾਦ ਅਤੇ ‘ਥਾਈ ਸਮਾਈਲ ਏਅਰਵੇਜ਼’ ਦੇ ਜਹਾਜ਼ ’ਚ 2 ਮੁਸਾਫਰਾਂ ’ਚ ਮਾਰਾਮਾਰੀ ਦੇ ਬਾਅਦ ਹੁਣ ‘ਏਅਰ ਇੰਡੀਆ’ ਦੇ ਜਹਾਜ਼ਾਂ ਨਾਲ ਜੁੜੀਆਂ 2 ਨਵੀਆਂ ਘਟਨਾਵਾਂ ਸਾਹਮਣੇ ਆਈਆਂ ਹਨ:
* ਪਹਿਲੀ ਘਟਨਾ ਬੀਤੀ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੇ ‘ਏਅਰ ਇੰਡੀਆ’ ਦੇ ਜਹਾਜ਼ ’ਚ ਦੁਪਹਿਰ ਦੇ ਭੋਜਨ ਦੇ ਬਾਅਦ ਹੋਈ ਜਦੋਂ ਬਿਜ਼ਨੈੱਸ ਕਲਾਸ ’ਚ ਯਾਤਰਾ ਕਰ ਰਹੀ 70 ਸਾਲਾ ਬਜ਼ੁਰਗ ਔਰਤ ਯਾਤਰੀ ’ਤੇ ਨਸ਼ੇ ’ਚ ਧੁੱਤ ਇਕ ਯਾਤਰੀ ਨੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਔਰਤ ਦੇ ਕੱਪੜੇ, ਬੂਟ ਅਤੇ ਬੈਗ ਭਿੱਜ ਗਏ।
ਪੀੜਤ ਔਰਤ ਦੇ ਅਨੁਸਾਰ ਉਸ ਨੇ ਚਾਲਕ ਟੀਮ ਦੇ ਮੈਂਬਰਾਂ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਪੀੜਤਾ ਨੂੰ ਦੂਜੀ ਸੀਟ ’ਤੇ ਜਾਣ ਲਈ ਕਹਿ ਦਿੱਤਾ।
ਬਾਅਦ ’ਚ ਪੀੜਤ ਔਰਤ ਨੂੰ ਫਿਰ ਉਸੇ ਸੀਟ ’ਤੇ ਬੈਠਣ ਲਈ ਕਿਹਾ ਗਿਆ ਜਿੱਥੋਂ ਬਦਬੂ ਆ ਰਹੀ ਸੀ ਹਾਲਾਂਕਿ ਬਿਜ਼ਨੈੱਸ ਕਲਾਸ ’ਚ ਹੋਰ ਸੀਟਾਂ ਖਾਲੀ ਪਈਆਂ ਸਨ।
ਦੋਸ਼ੀ ਯਾਤਰੀ ਜਦੋਂ ਦਿੱਲੀ ਦੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ਉਤਰਿਆ ਤਾਂ ਉਸ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਸ ਨੂੰ ਉੱਥੋਂ ਜਾਣ ਦਿੱਤਾ ਗਿਆ।
ਇਸ ਘਟਨਾ ਬਾਰੇ ਪੀੜਤ ਔਰਤ ਵੱਲੋਂ ‘ਏਅਰ ਇੰਡੀਆ’ ਦੇ ਗਰੁੱੁਪ ਚੇਅਰਮੈਨ ਐੱਨ. ਚੰਦਰਸ਼ੇਖਰਨ ਨੂੰ ਸ਼ਿਕਾਇਤ ਕਰਨ ਦੇ ਬਾਅਦ ‘ਏਅਰ ਇੰਡੀਆ’ ਨੇ 28 ਦਸੰਬਰ ਨੂੰ ਇਸ ਦੀ ਰਪਟ ਦਿੱਲੀ ਪੁਲਸ ਦੇ ਕੋਲ ਲਿਖਵਾਉਣ ਦੇ ਨਾਲ ਹੀ ਦੋਸ਼ੀ ਯਾਤਰੀ ’ਤੇ 30 ਦਿਨਾਂ ਦੀ ਯਾਤਰਾ ਪਾਬੰਦੀ ਲਗਾ ਦਿੱਤੀ ਅਤੇ ਜਾਂਚ ’ਚ ਪਤਾ ਲੱਗਣ ’ਤੇ ਕਿ ਦੋਸ਼ੀ ਮੁੰਬਈ ਦਾ ਰਹਿਣ ਵਾਲਾ ਹੈ, ਦਿੱਲੀ ਪੁਲਸ ਦੀ ਟੀਮ ਉਸ ਨੂੰ ਗ੍ਰਿਫਤਾਰ ਕਰਨ ਲਈ ਮੁੰਬਈ ਪਹੁੰਚ ਗਈ।
* ਉਕਤ ਘਟਨਾ ਦੇ 10 ਦਿਨ ਬਾਅਦ 6 ਦਸੰਬਰ ਨੂੰ ਹੋਈ ਦੂਜੀ ਘਟਨਾ ’ਚ ‘ਏਅਰ ਇੰਡੀਆ’ ਦੇ ਹੀ ਪੈਰਿਸ ਤੋਂ ਆਉਣ ਵਾਲੇ ਜਹਾਜ਼ ’ਚ ਸ਼ਰਾਬ ਦੇ ਨਸ਼ੇ ’ਚ ਧੁੱਤ ਇਕ ਮਰਦ ਯਾਤਰੀ ਵੱਲੋਂ ਚਾਲਕ ਟੀਮ ਦੇ ਮੈਂਬਰਾਂ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਅਤੇ ਇਕ ਔਰਤ ਯਾਤਰੀ ਦੇ ਕੰਬਲ ’ਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਹਾਜ਼ ਦੇ ਪਾਇਲਟ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਏਅਰ ਟ੍ਰੈਫਿਕ ਕੰਟਰੋਲ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਦੇ ਬਾਅਦ ਮਰਦ ਯਾਤਰੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਨੇ ਜਹਾਜ਼ ’ਚੋਂ ਉਤਰਨ ’ਤੇ ਫੜ ਲਿਆ ਪਰ ਬਾਅਦ ’ਚ ਦੋਵਾਂ ਯਾਤਰੀਅਾਂ ਦੇ ਦਰਮਿਆਨ ਆਪਸੀ ਸਮਝੌਤਾ ਹੋ ਜਾਣ ਅਤੇ ਦੋਸ਼ੀ ਵੱਲੋਂ ਲਿਖਤੀ ਮੁਆਫੀ ਮੰਗ ਲੈਣ ਦੇ ਬਾਅਦ ਉਸ ਦੇ ਵਿਰੁੱਧ ਕੋਈ ਸਜ਼ਾ ਵਾਲੀ ਕਾਰਵਾਈ ਨਹੀਂ ਕੀਤੀ ਗਈ।
ਇਸ ਤਰ੍ਹਾਂ ਦੇ ਹਾਲਾਤ ’ਚ ਹਵਾਬਾਜ਼ੀ ਜਗਤ ਨਾਲ ਜੁੜੇ ਲੋਕਾਂ ਨੇ ਅਮਰੀਕਾ ’ਚ ਜਹਾਜ਼ਾਂ ’ਚ ਘਟੀਆ ਆਚਰਣ ਕਰਨ ਵਾਲੇ ਯਾਤਰੀਆਂ ਨੂੰ ਉਸੇ ਸਮੇਂ ਗ੍ਰਿਫਤਾਰ ਕਰਨ ਦੀ ਵਿਵਸਥਾ ਵੱਲ ਧਿਆਨ ਦਿਵਾਉਂਦੇ ਹੋਏ ਸੁਝਾਅ ਦਿੱਤਾ ਹੈ ਕਿ ਜੇਕਰ ਉਸੇ ਤਰਜ਼ ’ਤੇ ਸਾਡੇ ਜਹਾਜ਼ ਯਾਤਰੀਆਂ ਦੇ ਲਈ ਕੋਈ ਜ਼ਾਬਤਾ ਤੈਅ ਕਰ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ’ਚ ਕਿਸੇ ਹੱਦ ਤੱਕ ਕਮੀ ਲਿਆਉਣ ’ਚ ਸਹਾਇਤਾ ਮਿਲ ਸਕਦੀ ਹੈ।
ਇੱਥੇ ਵਰਨਣਯੋਗ ਹੈ ਕਿ ਉਕਤ ਦੋਵੇਂ ਘਟਨਾਵਾਂ ਜਿੱਥੇ ਜਹਾਜ਼ ਸੇਵਾ ‘ਏਅਰ ਇੰਡੀਆ’ ਨਾਲ ਸਬੰਧ ਰੱਖਦੀਆਂ ਹਨ ਉੱਥੇ ਹੀ ਇਸ ਤੋਂ ਪਹਿਲਾਂ ਹੋਈਅਾਂ 2 ਘਟਨਾਵਾਂ ‘ਇੰਡੀਗੋ’ ਅਤੇ ‘ਥਾਈ ਸਮਾਈਲ ਏਅਰਵੇਜ਼’ ਦੇ ਜਹਾਜ਼ਾਂ ’ਚ ਹੋਈਆਂ। ਇਸ ਤੋਂ ਸਪੱਸ਼ਟ ਹੈ ਕਿ ਲਗਭਗ ਸਾਰੀਆਂ ਜਹਾਜ਼ ਸੇਵਾਵਾਂ ’ਚ ਕਿਤੇ ਨਾ ਕਿਤੇ ਘਟੀਆ ਪ੍ਰਬੰਧਨ ਦੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਹਨ।
ਇਸ ਲਈ ਇਸ ਸਮੱਸਿਆ ਨਾਲ ਨਜਿੱਠਣ ਲਈ ਜਹਾਜ਼ ਸੇਵਾਵਾਂ ਨੂੰ ਆਪਣੀਆਂ ਕੌਮਾਂਤਰੀ ਉਡਾਣਾਂ ’ਚ ਯਾਤਰੀਆਂ ਨੂੰ ਵੱਧ ਤੋਂ ਵੱਧ ਸ਼ਰਾਬ ਪਰੋਸਣ ਸਬੰਧੀ ਕੋਈ ਫੈਸਲਾ ਲੈਣਾ ਚਾਹੀਦਾ ਹੈ ਤਾਂ ਕਿ ਯਾਤਰੀਆਂ ਦੇ ਨਸ਼ੇ ’ਚ ਧੁੱਤ ਹੋਣ ਦੇ ਕਾਰਨ ਇਸ ਤਰ੍ਹਾਂ ਦੀ ਹੰਗਾਮੇਬਾਜ਼ੀ ਤੇ ਗੁੰਡਾਗਰਦੀ ਦੀ ਨੌਬਤ ਨਾ ਆਵੇ।
ਮੌਜੂਦਾ ਹਾਲਤਾਂ ’ਚ ਜਿੱਥੇ ਪ੍ਰਸ਼ਾਸਨ ਤੇ ਜਹਾਜ਼ ਸੇਵਾਵਾਂ ਦੇ ਪ੍ਰਬੰਧਕਾਂ ਨੂੰ ਜਹਾਜ਼ ਯਾਤਰਾਵਾਂ ਬਿਨਾਂ ਕਿਸੇ ਰੋਕ-ਟੋਕ ਦੇ ਸੰਪੰਨ ਕਰਨ ਲਈ ਵੱਧ ਸੁਚੇਤ ਹੋਣ ਦੀ ਲੋੜ ਹੈ, ਉੱਥੇ ਹੀ ਜਹਾਜ਼ ਯਾਤਰੀਆਂ ਨੂੰ ਵੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਸ਼ਿਸ਼ਟਾਪੂਰਨ ਢੰਗ ਨਾਲ ਆਚਰਣ ਕਰਨਾ ਚਾਹੀਦਾ ਹੈ ਤਾਂ ਕਿ ਉਹ ਹੋਰ ਤਰੀਆਂ ਲਈ ਪ੍ਰੇਸ਼ਾਨੀ ਦਾ ਸਬੰਬ ਨਾ ਬਣਨ।
–ਵਿਜੇ ਕੁਮਾਰ
ਪਾਕਿ ਦੇ ਹੱਕ ’ਚ ਨਾਅਰੇ ਲਗਾਉਣ ਵਾਲਿਆਂ ਦੇ ਵਿਰੁੱਧ ਕਾਰਵਾਈ ਹੋਵੇ
NEXT STORY