ਦੂਜੀ ਸੰਸਾਰ ਜੰਗ ਖਤਮ ਹੋਣ 'ਤੇ ਅਮਰੀਕਾ ਤੇ ਸੋਵੀਅਤ ਰੂਸ ਨੇ ਕੋਰੀਆ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਅਤੇ 1948 ਵਿਚ ਇਸ ਦੇਸ਼ ਦੀਆਂ 2 ਵੱਖ-ਵੱਖ ਸਰਕਾਰਾਂ ਬਣ ਗਈਆਂ। ਕੋਰੀਅਨ ਲੜਾਈ (1950-53) ਨੇ ਦੋਹਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਦਾ ਪਾੜਾ ਹੋਰ ਵਧਾ ਦਿੱਤਾ। ਉੱਤਰੀ ਕੋਰੀਆ ਦੇ ਮੌਜੂਦਾ ਸਨਕੀ ਸ਼ਾਸਕ ਕਿਮ-ਜੋਂਗ-ਉਨ ਦੇ ਦਾਦੇ ਕਿਮ-ਇਲ-ਸੁੰਗ ਇਸ ਦੇਸ਼ ਦੇ ਪਹਿਲੇ ਚੋਟੀ ਦੇ ਨੇਤਾ ਸਨ।
ਆਰਥਿਕ ਨਜ਼ਰੀਏ ਤੋਂ ਇਹ ਦੁਨੀਆ ਦੇ ਘੱਟ ਖੁਸ਼ਹਾਲ ਦੇਸ਼ਾਂ 'ਚੋਂ ਇਕ ਹੈ ਅਤੇ ਜਾਪਾਨ, ਅਮਰੀਕਾ ਤੇ ਹੋਰਨਾਂ ਦੇਸ਼ਾਂ ਨੂੰ ਆਪਣਾ ਦੁਸ਼ਮਣ ਤਾਂ ਚੀਨ ਨੂੰ ਆਪਣਾ ਦੋਸਤ ਮੰਨਦਾ ਹੈ। ਖ਼ਬਰਾਂ ਮੁਤਾਬਿਕ ਉੱਤਰੀ ਕੋਰੀਆ ਅਗਲੇ 2 ਸਾਲਾਂ ਵਿਚ ਅਮਰੀਕਾ 'ਤੇ ਹਮਲਾ ਕਰਨ ਦੀ ਸਥਿਤੀ ਵਿਚ ਹੋ ਸਕਦਾ ਹੈ, ਜਿਸ ਨਾਲ ਨਜਿੱਠਣ ਲਈ ਅਮਰੀਕਾ ਤੇ ਦੱਖਣੀ ਕੋਰੀਆ ਮਿਲ ਕੇ ਤਾਕਤ ਦੀ ਵਰਤੋਂ ਕਰ ਸਕਦੇ ਹਨ।
ਦੱਖਣੀ ਕੋਰੀਆ ਤੇ ਅਮਰੀਕਾ ਵਿਚਾਲੇ ਇਕ ਫੌਜੀ ਭਾਈਵਾਲੀ ਹੈ, ਜਿਸ ਦੇ ਤਹਿਤ ਦੱਖਣੀ ਕੋਰੀਆ ਦੀ ਸੁਰੱਖਿਆ ਲਈ ਅਮਰੀਕੀ ਫੌਜੀ ਇਸ ਇਲਾਕੇ 'ਚ ਤਾਇਨਾਤ ਹਨ। ਉੱਤਰੀ ਕੋਰੀਆ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਕਾਰਨ ਅਮਰੀਕਾ, ਜਾਪਾਨ ਅਤੇ ਹੋਰਨਾਂ ਪੱਛਮੀ ਦੇਸ਼ਾਂ ਲਈ ਸਿਰਦਰਦ ਬਣਿਆ ਹੋਇਆ ਹੈ ਤੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਲਗਾਤਾਰ ਪ੍ਰਮਾਣੂ ਪ੍ਰੀਖਣ ਕਰਦਾ ਆ ਰਿਹਾ ਹੈ।
ਇਸੇ ਲੜੀ ਵਿਚ ਬੀਤੀ 3 ਸਤੰਬਰ ਨੂੰ ਉਸ ਨੇ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ, ਜਿਸ ਨਾਲ ਸਾਰੀ ਦੁਨੀਆ ਵਿਚ ਉਸ ਵਿਰੁੱਧ ਰੋਸ ਭੜਕ ਉੱਠਿਆ ਹੈ। ਇਸ 'ਤੇ ਸੁਰੱਖਿਆ ਪ੍ਰੀਸ਼ਦ ਨੇ ਬੀਤੇ ਸੋਮਵਾਰ ਸਰਬਸੰਮਤੀ ਨਾਲ ਉੱਤਰੀ ਕੋਰੀਆ ਦੀ ਕੱਪੜਾ ਬਰਾਮਦ ਅਤੇ ਕੱਚੇ ਤੇਲ ਦੀ ਦਰਾਮਦ 'ਤੇ ਪਾਬੰਦੀ ਲਾ ਦਿੱਤੀ ਹੈ। ਸੰਯੁਕਤ ਰਾਸ਼ਟਰ ਵਲੋਂ 2006 ਤੋਂ ਬਾਅਦ ਉੱਤਰੀ ਕੋਰੀਆ 'ਤੇ ਲਾਈ ਗਈ ਇਹ 9ਵੀਂ ਪਾਬੰਦੀ ਹੈ।
ਇਸ 'ਤੇ ਭੜਕੇ ਉੱਤਰੀ ਕੋਰੀਆ ਦੇ ਸਨਕੀ ਤਾਨਾਸ਼ਾਹ ਕਿਮ-ਜੋਂਗ-ਉਨ ਨੇ 14 ਸਤੰਬਰ ਨੂੰ ਧਮਕੀ ਦਿੱਤੀ ਕਿ ਉਹ ਜਾਪਾਨ ਨੂੰ ਡੁਬੋ ਦੇਵੇਗਾ ਅਤੇ ਅਮਰੀਕਾ ਨੂੰ ਸਾੜ ਕੇ ਸੁਆਹ ਕਰ ਦੇਵੇਗਾ।
ਉੱਤਰੀ ਕੋਰੀਆ ਨੇ ਸੁਰੱਖਿਆ ਪ੍ਰੀਸ਼ਦ ਵਲੋਂ ਉਸ 'ਤੇ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਦਾ ਸਖਤ ਵਿਰੋਧ ਕਰਦਿਆਂ ਕਿਹਾ, ''ਸਾਡੇ ਦੇਸ਼ 'ਤੇ ਪਾਬੰਦੀ ਲਾਉਣ 'ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਅਮਰੀਕਾ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਚਾਹੀਦਾ ਹੈ।''
''ਜਾਪਾਨ ਵੀ ਅਮਰੀਕਾ ਦੀ ਹਾਂ ਵਿਚ ਹਾਂ ਮਿਲਾ ਰਿਹਾ ਹੈ ਤੇ ਉਸ ਦੇ ਇਸ਼ਾਰਿਆਂ 'ਤੇ ਨੱਚ ਰਿਹਾ ਹੈ। ਪ੍ਰਮਾਣੂ ਹਮਲਾ ਕਰ ਕੇ ਜਾਪਾਨ ਦੇ 4 ਟਾਪੂਆਂ ਨੂੰ ਸਮੁੰਦਰ ਵਿਚ ਡੋਬ ਦੇਣਾ ਚਾਹੀਦਾ ਹੈ। ਸਾਡੇ ਨੇੜੇ ਜਾਪਾਨ ਦੇ ਬਣੇ ਰਹਿਣ ਦੀ ਕੋਈ ਲੋੜ ਨਹੀਂ ਹੈ।''
ਅਜੇ ਇਸ ਚਿਤਾਵਨੀ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਉੱਤਰੀ ਕੋਰੀਆ ਨੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੀ ਅਣਦੇਖੀ ਕਰਦਿਆਂ 15 ਸਤੰਬਰ ਨੂੰ ਸਵੇਰੇ 6.57 ਵਜੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੇ ਬਾਵਜੂਦ ਇਕ ਬੈਲਿਸਟਿਕ ਮਿਜ਼ਾਈਲ ਦਾਗ਼ ਦਿੱਤੀ, ਜੋ ਜਾਪਾਨ 'ਚੋਂ ਹੋ ਕੇ ਲੰਘਣ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਵਿਚ ਜਾ ਕੇ ਡਿਗੀ।
ਜਿਥੇ ਇਸ ਸੰਬੰਧ ਵਿਚ ਦੱਖਣੀ ਕੋਰੀਆ ਨੇ ਹੁਣ ਉੱਤਰੀ ਕੋਰੀਆ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਾ ਕਰਨ ਦਾ ਫੈਸਲਾ ਕੀਤਾ ਹੈ, ਉਥੇ ਹੀ ਅਮਰੀਕਾ ਨੇ ਚੀਨ ਅਤੇ ਰੂਸ ਨੂੰ ਇਸ ਸੰਬੰਧ ਵਿਚ ਸਖ਼ਤ ਕਦਮ ਚੁੱਕਣ ਦੀ ਅਪੀਲ ਕਰਦਿਆਂ ਪਿਓਂਗਯਾਂਗ ਵਿਰੁੱਧ ਸਿੱਧੇ ਤੌਰ 'ਤੇ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਚੀਨ ਨੂੰ ਕਿਹਾ ਹੈ ਕਿ ਉਸ ਨੂੰ ਉੱਤਰੀ ਕੋਰੀਆ ਵਲੋਂ ਲਾਪਰਵਾਹੀ ਨਾਲ ਮਿਜ਼ਾਈਲਾਂ ਦਾਗਣ ਵਿਰੁੱਧ ਆਪਣੀ ਅਸਹਿਣਸ਼ੀਲਤਾ ਪ੍ਰਗਟਾਉਣੀ ਚਾਹੀਦੀ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਉੱਤਰੀ ਕੋਰੀਆ ਦੇ ਇਸ ਕਦਮ ਨੂੰ ਉਕਸਾਉਣ ਵਾਲੀ ਕਾਰਵਾਈ ਦੱਸਦਿਆਂ ਕਿਹਾ ਹੈ ਕਿ ''ਇਸ ਨੂੰ ਹੁਣ ਹੋਰ ਸਹਿਣ ਨਹੀਂ ਕੀਤਾ ਜਾ ਸਕਦਾ। ਉੱਤਰੀ ਕੋਰੀਆ 'ਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਯਤਨਾਂ ਦੀਆਂ ਧੱਜੀਆਂ ਉਡਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਨੂੰ ਸਬਕ ਸਿਖਾਉਣ ਲਈ ਤੁਰੰਤ ਪਾਬੰਦੀਆਂ ਲਾਗੂ ਕਰਨ ਦਾ ਸਮਾਂ ਆ ਗਿਆ ਹੈ।'' ਇਸੇ ਦਰਮਿਆਨ ਸੰਯੁਕਤ ਰਾਸ਼ਟਰ ਨੇ ਵੀ ਇਸ ਮੁੱਦੇ 'ਤੇ ਆਪਣੀ ਹੰਗਾਮੀ ਮੀਟਿੰਗ ਸੱਦ ਲਈ ਹੈ।
ਅੱਜ ਜਦੋਂ ਦੁਨੀਆ ਪਹਿਲਾਂ ਹੀ ਕੌਮਾਂਤਰੀ ਅੱਤਵਾਦ ਵਰਗੀਆਂ ਭਿਆਨਕ ਸਮੱਸਿਆਵਾਂ ਨਾਲ ਜੂਝ ਰਹੀ ਹੈ, ਉੱਤਰੀ ਕੋਰੀਆ ਵਲੋਂ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਵਿਰੁੱਧ ਜੰਗ ਦੇ ਜਨੂੰਨ ਵਿਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਫੌਰਨ ਰੋਕਣ ਦੀ ਲੋੜ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੀਆਂ ਇਹ ਸਰਗਰਮੀਆਂ ਦੁਨੀਆ ਨੂੰ ਤੀਜੀ ਜੰਗ ਵੱਲ ਤੇਜ਼ੀ ਨਾਲ ਧੱਕ ਰਹੀਆਂ ਹਨ।
—ਵਿਜੇ ਕੁਮਾਰ
ਬੁਲੇਟ ਟ੍ਰੇਨ ਦੇ ਚੱਕਰ 'ਚ ਹੋਰ ਰੇਲਗੱਡੀਆਂ ਨੂੰ ਨਾ ਭੁੱਲ ਜਾਣਾ
NEXT STORY