ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਿਜ਼ ਟਰੱਸ ਦੇ ਅਸਤੀਫੇ ਦੇ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬਣਨ ਦੀ ਦੌੜ ’ਚ ਰਿਸ਼ੀ ਸੁਨਕ ਦੇ ਨਾਂ ’ਤੇ ਅੰਤਿਮ ਮੋਹਰ ਲੱਗੀ ਅਤੇ 24 ਅਕਤੂਬਰ ਨੂੰ ਦੀਵਾਲੀ ਦੇ ਦਿਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਐਲਾਨ ਨਾਲ ਭਾਰਤੀ ਭਾਈਚਾਰੇ ਦੇ ਲੋਕਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਖਾਸ ਗੱਲ ਇਹ ਹੈ ਕਿ 1757 ਤੋਂ 1947 ਦੇ ਦਰਮਿਆਨ ਲਗਭਗ 200 ਸਾਲਾਂ ਤੱਕ ਜਿਹੜੇ ਅੰਗਰੇਜ਼ਾਂ ਨੇ ਭਾਰਤ ’ਤੇ ਸ਼ਾਸਨ ਕੀਤਾ ਅਤੇ 1947 ’ਚ ਭਾਰਤ ਦੀ ਆਜ਼ਾਦੀ ਦੇ ਸਮੇਂ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਜੋ ਖੁਦ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਸਨ, ਨੇ ਕਿਹਾ ਸੀ ਕਿ ‘‘ਭਾਰਤ ਨੂੰ ਬ੍ਰਾਹਮਣਾਂ ਦੇ ਸ਼ਾਸਨ ’ਚ ਛੱਡ ਕੇ ਜਾਣ ਦਾ ਮਤਲਬ ਇਕ ਨਿਰਦਈਪੂਰਨ ਅਤੇ ਮੱਕਾਰ ਲਾਪ੍ਰਵਾਹੀ ਹੋਵੇਗੀ।’’
ਉਨ੍ਹਾਂ ਦੇ ਵਿਚਾਰ ’ਚ ਅੰਗਰੇਜ਼ਾਂ ਦੇ ਭਾਰਤ ਤੋਂ ਜਾਣ ’ਤੇ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ ਪਬਲਿਕ ਸਰਵਿਸਿਜ਼-ਜੁਡੀਸ਼ੀਅਲ, ਮੈਡੀਕਲ, ਰੇਲਵੇ ਅਤੇ ਪਬਲਿਕ ਵਰਕਸ ਖਤਮ ਹੋ ਜਾਣਗੀਆਂ ਅਤੇ ਭਾਰਤ ਸਦੀਆਂ ਪਹਿਲਾਂ ਵਾਲੇ ਜ਼ਾਲਮ ਅਤੇ ਅਸੱਭਿਆ ਮੱਧ ਯੁੱਧ ਦੇ ਪਤਾਲ ’ਚ ਸਮਾ ਜਾਵੇਗਾ ਪਰ ਅੱਜ ਉਸ ਨੂੰ ਝੁਠਲਾਉਂਦੇ ਹੋਏ ਚਰਚਿਲ ਦੀ ਪਾਰਟੀ ਦਾ ਹੀ ਇਕ ਭਾਰਤਵੰਸ਼ੀ ਨੇਤਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣ ਗਿਆ ਹੈ। ਰਿਸ਼ੀ ਸੁਨਕ ਦੇ ਭਾਰਤੀ ਮੂਲ ਦੇ ਪਿਤਾ ਇਕ ਡਾਕਟਰ ਅਤੇ ਮਾਤਾ ਫਾਰਮੇਸੀ ਦਾ ਕੰਮ ਦੇਖਦੀ ਸੀ। ਉਹ ਪਹਿਲਾਂ ਪੂਰਬੀ ਅਫਰੀਕਾ ’ਚ ਰਹਿੰਦੇ ਸਨ ਅਤੇ ਉੱਥੋਂ ਬ੍ਰਿਟੇਨ ਚਲੇ ਆਏ, ਜਿੱਥੇ ਰਿਸ਼ੀ ਸੁਨਕ ਦਾ 1980 ’ਚ ਸਾਊਥੈਂਪਟਨ ’ਚ ਜਨਮ ਹੋਇਆ ਸੀ। ਰਿਸ਼ੀ ਸੁਨਕ ਪੰਜਾਬੀ ਖੱਤਰੀ ਪਰਿਵਾਰ ਤੋਂ ਆਉਂਦੇ ਹਨ। ਇਨ੍ਹਾਂ ਦੇ ਦਾਦਾ ਰਾਮ ਦਾਸ ਸੁਨਕ ਅਤੇ ਨਾਨਾ ਰਘੁਵੀਰ ਬੇਰੀ ਪੰਜਾਬ ਦੇ ਰਹਿਣ ਵਾਲੇ ਸਨ।
ਰਿਸ਼ੀ ਸੁਨਕ ਦੀ ਸਿੱਖਿਆ ਵਿੰਚੈਸਟਰ ਕਾਲਜ, ਆਕਸਫੋਰਡ ਅਤੇ ਸਟੈਨਫੋਰਡ ਯੂਨੀਵਰਸਿਟੀਆਂ ’ਚ ਹੋਈ। ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਪੀ. ਪੀ. ਈ. ਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਐੱਮ.ਬੀ.ਏ. ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਦੌਰਾਨ ਇਹ ਗਰਮੀ ਦੀਆਂ ਛੁੱਟੀਆਂ ’ਚ ‘ਸਾਊਥੈਂਪਟਨ ਕਰੀ ਹਾਊਸ’ ’ਚ ਵੇਟਰ ਦੇ ਤੌਰ ’ਤੇ ਕੰਮ ਕਰਦੇ ਸਨ। ਸਟੈਨਫੋਰਡ ਯੂਨੀਵਰਸਿਟੀ ’ਚ ਪੜ੍ਹਾਈ ਦੇ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਪ੍ਰਸਿੱਧ ਭਾਰਤੀ ਆਈ. ਟੀ. ਕੰਪਨੀ ‘ਇੰਫੋਸਿਸ’ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਨਾਲ ਹੋਈ, ਜਿਨ੍ਹਾਂ ਨਾਲ ਬਾਅਦ ’ਚ ਇਨ੍ਹਾਂ ਦਾ ਵਿਆਹ ਹੋਇਆ। ਰਿਸ਼ੀ ਸੁਨਕ ਦਾ ਕਹਿਣਾ ਹੈ ਕਿ ਹਿੰਦੂ ਹੋਣ ਦੇ ਨਾਤੇ ਉਹ ਹਫਤੇ ਦੇ ਅਖੀਰ ’ਚ ਮੰਦਿਰ ਜਾਂਦੇ ਹਨ ਪਰ ਇਸ ਦੇ ਨਾਲ ਹੀ ਉਹ ਇਸਾਈ ਧਾਰਮਿਕ ਯੱਗਾਂ ’ਚ ਵੀ ਹਿੱਸਾ ਲੈਂਦੇ ਹਨ।
ਰਿਸ਼ੀ ਸੁਨਕ ਦਾ ਕਹਿਣਾ ਹੈ, ‘‘ਮੈਂ ਬ੍ਰਿਟੇਨ ਦਾ ਨਾਗਰਿਕ ਹਾਂ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਮੈਂ ਇਕ ਹਿੰਦੂ ਹਾਂ ਅਤੇ ਹਿੰਦੂ ਹੋਣਾ ਹੀ ਮੇਰੀ ਪਛਾਣ ਹੈ।’’ ਸਾਲ 2020 ’ਚ ਜਦੋਂ ਉਨ੍ਹਾਂ ਨੇ ਭਗਵਦ ਗੀਤਾ ’ਤੇ ਹੱਥ ਰੱਖ ਕੇ ਵਿੱਤ ਮੰਤਰੀ ਦੀ ਸਹੁੰ ਚੁੱਕੀ ਸੀ, ਉਦੋਂ ਹੀ ਉਨ੍ਹਾਂ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਦੱਸਿਆ ਜਾਣ ਲੱਗਾ ਸੀ। ਉਹ ਆਪਣੀ ਮੇਜ਼ ’ਤੇ ਭਗਵਾਨ ਗਣੇਸ਼ ਦੀ ਮੂਰਤੀ ਰੱਖਦੇ ਹਨ। ਰਿਸ਼ੀ ਸੁਨਕ ਲੋਕਾਂ ਨੂੰ ਧਾਰਮਿਕ ਆਧਾਰ ’ਤੇ ਗਊਮਾਸ ਖਾਣਾ ਤਿਆਗਣ ਦੀ ਅਪੀਲ ਵੀ ਕਰ ਚੁੱਕੇ ਹਨ। ਉਹ ਖੁਦ ਵੀ ਗਊਮਾਸ ਦੀ ਵਰਤੋਂ ਨਹੀਂ ਕਰਦੇ ਅਤੇ ਸ਼ਰਾਬ ਵੀ ਨਹੀਂ ਪੀਂਦੇ। ਇਸੇ ਸਾਲ ਅਗਸਤ ’ਚ ਉਨ੍ਹਾਂ ਦੀ ਗਊ ਦੀ ਪੂਜਾ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ।
ਵਿਸ਼ਵ ’ਚ ਭਾਰਤ ਦੇ ਇਲਾਵਾ ਕੋਈ ਅਜਿਹਾ ਦੇਸ਼ ਨਹੀਂ ਹੈ ਜਿਸ ਦੇ ਮੂਲ ਦੇ ਲੋਕ 30 ਤੋਂ ਵੱਧ ਦੇਸ਼ਾਂ ’ਤੇ ਰਾਜ ਕਰਦੇ ਹਨ ਜਾਂ ਕਰ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਮੂਲ ਦਾ ਵਿਅਕਤੀ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਿਆ ਹੈ। ਹੁਣ ਤੱਕ ਵਿਸ਼ਵ ਦੇ ਲਗਭਗ ਇਕ ਦਰਜਨ ਦੇਸ਼ਾਂ ’ਚ ਭਾਰਤੀ ਮੂਲ ਦੇ ਲੋਕ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਜਾਂ ਅਜੇ ਹਨ ਜਿਵੇਂ ਕਿ ਮਾਰੀਸ਼ਸ ’ਚ 7, ਪੁਰਤਗਾਲ ’ਚ 2, ਮਲੇਸ਼ੀਆ ’ਚ 1, ਸਿੰਗਾਪੁਰ ’ਚ 2, ਸੂਰੀਨਾਮ ’ਚ 4, ਤ੍ਰਿਨੀਦਾਦ ਅਤੇ ਟੋਬੈਗੋ ’ਚ 3, ਗੁਆਨਾ ’ਚ 3, ਫਿਜੀ ’ਚ 1, ਆਇਰਲੈਂਡ ’ਚ 1 ਅਤੇ 1 ਸੇਸ਼ੇਲਸ ’ਚ।
ਇਸ ਦੇ ਇਲਾਵਾ ਇਸ ਸਮੇਂ ਆਸਟ੍ਰੇਲੀਆ ’ਚ 11, ਕੈਨੇਡਾ ’ਚ 37, ਫਿਜੀ ’ਚ 35, ਗੁਆਨਾ ’ਚ 14, ਆਇਰਲੈਂਡ ’ਚ 1, ਜਮੈਕਾ ’ਚ 1, ਜਾਪਾਨ ’ਚ 1, ਕੀਨੀਆ ’ਚ 4, ਮਲੇਸ਼ੀਆ ’ਚ 24, ਮਾਰੀਸ਼ਸ ’ਚ 15, ਨੀਦਰਲੈਂਡਸ ’ਚ 1, ਨਿਊਜ਼ੀਲੈਂਡ ’ਚ 4, ਪਾਪੁਆ ਨਿਊ ਗਿਨੀ ’ਚ 5, ਪੁਰਤਗਾਲ ’ਚ 5, ਸਿੰਗਾਪੁਰ ’ਚ 17 , ਸੇਸ਼ੇਲਸ ’ਚ 2, ਦੱਖਣੀ ਅਫਰੀਕਾ ’ਚ 23, ਸਪੇਨ ’ਚ 24, ਸੂਰੀਨਾਮ ’ਚ 8, ਸਵਿਟਜ਼ਰਲੈਂਡ ’ਚ 1, ਤਨਜਾਨੀਆ ’ਚ 15, ਥਾਈਲੈਂਡ ’ਚ 1, ਤ੍ਰਿਨੀਦਾਦ ਅਤੇ ਟੋਬੈਗੋ ’ਚ 31, ਬ੍ਰਿਟੇਨ ’ਚ 19 ਅਤੇ ਅਮਰੀਕਾ ’ਚ 41 ਚੁਣੇ ਹੋਏ ਭਾਰਤੀ ਉਥੋਂ ਦੀਆਂ ਸਰਕਾਰਾਂ ਵਿਚ ਮਹੱਤਵਪੂਰਨ ਅਹੁਦਿਆਂ ’ਤੇ ਬਿਰਾਜਮਾਨ ਹਨ।
ਲੋਕਾਂ ਦਾ ਮੰਨਣਾ ਹੈ ਕਿ ਰਿਸ਼ੀ ਸੁਨਕ ’ਚ ਕੁਝ ਤਾਂ ਹੈ ਕਿ ਕੰਜ਼ਰਵੇਟਿਵ ਪਾਰਟੀ ’ਚ ਰਹਿਣ ਦੇ 7 ਸਾਲ ਦੇ ਅੰਦਰ ਹੀ ਉਹ ਪਾਰਟੀ ਦੇ ਚੋਟੀ ਦੇ ਅਹੁਦੇ ’ਤੇ ਪਹੁੰਚ ਗਏ। ਕੰਜ਼ਰਵੇਟਿਵ ਪਾਰਟੀ ਨੇ ਰਿਸ਼ੀ ਸੁਨਕ ਦੀ ਪ੍ਰਤਿਭਾ ਨੂੰ ਦੇਖਿਆ ਅਤੇ ਉਨ੍ਹਾਂ ’ਚ ਭਰੋਸਾ ਪ੍ਰਗਟ ਕੀਤਾ ਕਿ ਉਹ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਸੁਧਾਰ ਕੇ ਪਟੜੀ ’ਤੇ ਲਿਆ ਸਕਣਗੇ। ਹਾਲਾਂਕਿ ਸੁਨਕ ਦੇ ਲਈ ਵੀ ਅਜਿਹਾ ਕਰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਸਾਰਾ ਯੂਰਪ ਮੰਦੀ ’ਚ ਜਾ ਰਿਹਾ ਹੈ। ਯੂਕ੍ਰੇਨ ਜੰਗ ਦੇ ਕਾਰਨ ਤੇਲ ਸੰਕਟ ਮਹਿੰਗਾਈ ਨੂੰ ਵਧਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਮੰਦੀ ਚੀਨ ਅਤੇ ਅਮਰੀਕਾ ’ਚ ਵੀ ਆਈ ਹੋਈ ਹੈ।
ਅਜਿਹੇ ’ਚ ਜੇਕਰ ਰਿਸ਼ੀ ਸੁਨਕ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਪਟੜੀ ’ਤੇ ਲਿਆ ਸਕੇ ਤਾਂ ਇਹ ਇਕ ਬੜਾ ਵੱਡਾ ਕਦਮ ਹੋਵੇਗਾ, ਜੋ ਭਾਰਤ ਦੇ ਲਈ ਵੀ ਮਾਣ ਦੀ ਗੱਲ ਹੋਵੇਗੀ ਪਰ ਉਹ ਅਜਿਹਾ ਕਰ ਸਕਣਗੇ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
–ਵਿਜੇ ਕੁਮਾਰ
ਬ੍ਰਿਟੇਨ ਦੀ ਅਰਥਵਿਵਸਥਾ ਕਿਵੇਂ ਸੁਧਰੇਗੀ
NEXT STORY