ਹਾਲਾਂਕਿ ਭਾਜਪਾ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਅਤੇ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਦੇਸ਼ ਦੇ 19 ਸੂਬਿਆਂ 'ਤੇ ਰਾਜ ਹੈ ਪਰ ਇਸ ਦੇ ਬਾਵਜੂਦ ਇਹ ਇਕ ਤ੍ਰਾਸਦੀ ਹੀ ਹੈ ਕਿ ਭਾਜਪਾ 'ਚ ਸਭ ਠੀਕ ਨਹੀਂ ਚੱਲ ਰਿਹਾ। ਇਸ ਦੇ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਦੇ ਬਗਾਵਤੀ ਸੁਰ ਰਹਿ-ਰਹਿ ਕੇ ਸੁਣਾਈ ਦਿੰਦੇ ਰਹਿੰਦੇ ਹਨ ਤੇ ਉਨ੍ਹਾਂ ਦੀ ਨਾਰਾਜ਼ਗੀ ਵੀ ਲਗਾਤਾਰ ਵਧ ਰਹੀ ਹੈ। ਹਾਸ਼ੀਏ 'ਤੇ ਧੱਕੇ ਗਏ ਭਾਜਪਾ ਆਗੂ ਅਰੁਣ ਸ਼ੋਰੀ, ਯਸ਼ਵੰਤ ਸਿਨ੍ਹਾ, ਸ਼ਤਰੂਘਨ ਸਿਨ੍ਹਾ ਅਤੇ ਵਿਹਿਪ ਆਗੂ ਪ੍ਰਵੀਨ ਤੋਗੜੀਆ ਆਦਿ ਤਾਂ ਆਪਣੀ ਨਾਰਾਜ਼ਗੀ ਪ੍ਰਗਟਾਉਂਦੇ ਹੀ ਰਹਿੰਦੇ ਹਨ। ਹੁਣ ਸਿਰਫ 15 ਦਿਨਾਂ 'ਚ ਹੀ ਪਾਰਟੀ ਦੇ 3 ਆਗੂਆਂ ਦੀ ਨਾਰਾਜ਼ਗੀ ਸਾਹਮਣੇ ਆਈ ਹੈ, ਜਦਕਿ ਇਕ ਸਹਿਯੋਗੀ ਪਾਰਟੀ ਸ਼ਿਵ ਸੈਨਾ ਨਾਲ ਖਟਸ ਵਧਣ ਦੀਆਂ ਖ਼ਬਰਾਂ ਹਨ। ਸਭ ਤੋਂ ਪਹਿਲਾਂ ਹਰਿਆਣਾ 'ਚ 6 ਸਾਲਾਂ ਤੋਂ ਭਾਜਪਾ ਨਾਲ ਜੁੜੇ ਮਾਸਟਰ ਹਰੀ ਸਿੰਘ ਨੇ 11 ਜੁਲਾਈ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਹ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਦੀ ਆਲੋਚਨਾ ਕਰਦੇ ਆ ਰਹੇ ਸਨ।
ਉਨ੍ਹਾਂ ਕਿਹਾ ਕਿ ਉਹ ਇਕ ਸੰਵੇਦਨਸ਼ੀਲ ਵਿਅਕਤੀ ਹਨ ਅਤੇ ਅਜਿਹੇ ਹਾਲਾਤ 'ਚ ਉਨ੍ਹਾਂ ਦਾ ਦਿਲ ਸੱਤਾਧਾਰੀ ਪਾਰਟੀ 'ਚ ਟਿਕੇ ਰਹਿਣ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ,''ਕਿਸਾਨਾਂ ਨੂੰ ਸਿੰਜਾਈ ਲਈ ਦਿੱਤੇ ਜਾਣ ਵਾਲੇ ਪਾਣੀ ਵਿਚ 17 ਫੀਸਦੀ ਕਮੀ ਆ ਗਈ ਹੈ ਅਤੇ ਸੱਤਾ 'ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਦਾ ਉਨ੍ਹਾਂ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ।'' ਮਾਸਟਰ ਹਰੀ ਸਿੰਘ ਨੇ ਕਿਹਾ, ''ਸਬ ਕਾ ਸਾਥ, ਸਬ ਕਾ ਵਿਕਾਸ ਨਾਅਰਾ ਵੀ ਫੇਲ ਹੋ ਗਿਆ ਹੈ। ਭਾਜਪਾ ਆਗੂ ਕਹਿੰਦੇ ਹਨ ਕਿ ਅਗਲੀਆਂ ਸੰਸਦੀ ਚੋਣਾਂ ਵਿਚ ਨਰਿੰਦਰ ਮੋਦੀ ਹੀ ਇਕੋ-ਇਕ ਬਦਲ ਹਨ ਪਰ ਅਸਲੀਅਤ ਇਹ ਹੈ ਕਿ ਇਸ ਵਾਰ ਲੋਕ ਨਰਿੰਦਰ ਮੋਦੀ ਨੂੰ ਹਰਾਉਣ ਲਈ ਵੋਟਿੰਗ ਕਰਨਗੇ।''
ਉਨ੍ਹਾਂ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਤੇ ਸੀਨੀਅਰ ਭਾਜਪਾ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਨੇੜਲੇ ਸਹਿਯੋਗੀ ਤੇ ਦੋ ਵਾਰ ਰਾਜ ਸਭਾ ਮੈਂਬਰ ਰਹੇ ਚੰਦਨ ਮਿੱਤਰਾ ਨੇ ਬੀਤੀ 17 ਜੁਲਾਈ ਨੂੰ ਭਾਜਪਾ ਤੋਂ ਅਸਤੀਫਾ ਦੇ ਕੇ 20 ਜੁਲਾਈ ਨੂੰ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ ਲਿਆ। ਸ਼੍ਰੀ ਮਿੱਤਰਾ ਪਿਛਲੇ ਕੁਝ ਸਮੇਂ ਤੋਂ ਭਾਜਪਾ ਦੀ ਆਲੋਚਨਾ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਨੇ ਮਈ ਵਿਚ ਹੋਈ ਕੈਰਾਨਾ ਉਪ-ਚੋਣ ਵਿਚ ਭਾਜਪਾ ਦੀ ਹਾਰ ਨੂੰ ਇਸ ਦੇ ਲਈ ਬਹੁਤ ਵੱਡਾ ਝਟਕਾ ਕਰਾਰ ਦਿੱਤਾ ਸੀ।
ਸ਼੍ਰੀ ਮਿੱਤਰਾ ਦੇ ਭਾਜਪਾ ਛੱਡਣ ਤੋਂ 5 ਦਿਨਾਂ ਬਾਅਦ ਹੀ ਨੇੜਲੇ ਭਵਿੱਖ ਵਿਚ ਭਾਜਪਾ ਛੱਡਣ ਦਾ ਸਪੱਸ਼ਟ ਸੰਕੇਤ ਦਿੰਦਿਆਂ 22 ਜੁਲਾਈ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਭਾਜਪਾ ਮੰਤਰੀ ਲਾਲ ਸਿੰਘ ਨੇ 'ਡੋਗਰਾ ਸਵਾਭਿਮਾਨ ਸੰਗਠਨ' ਦੇ ਨਾਂ ਨਾਲ ਇਕ ਨਵੇਂ 'ਗੈਰ-ਸਿਆਸੀ' ਸੰਗਠਨ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਸੰਗਠਨ ਦਾ ਉਦੇਸ਼ ਜੰਮੂ ਅਤੇ ਕਸ਼ਮੀਰ 'ਚ ਦਹਾਕਿਆਂ ਤੋਂ ਵਿਤਕਰੇ ਅਤੇ ਮਤਰੇਏ ਵਤੀਰੇ ਦੇ ਸ਼ਿਕਾਰ ਡੋਗਰਾ ਭਾਈਚਾਰੇ ਦੇ ਸਨਮਾਨ ਨੂੰ ਬਹਾਲ ਕਰਨ ਲਈ ਸੰਘਰਸ਼ ਨੂੰ ਤੇਜ਼ ਕਰਨਾ ਹੈ।
ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਸਿਆਸਤਦਾਨਾਂ ਅਤੇ ਸਰਕਾਰਾਂ ਵਲੋਂ ਜੰਮੂ ਤੇ ਇਸ ਦੇ ਲੋਕਾਂ ਦੀ ਹਮੇਸ਼ਾ ਅਣਦੇਖੀ ਕੀਤੀ ਜਾਂਦੀ ਰਹੀ ਹੈ ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਡੋਗਰਾ ਭਾਈਚਾਰਾ ਵਿਤਕਰਾ ਬਰਦਾਸ਼ਤ ਨਹੀਂ ਕਰੇਗਾ।
ਹਾਲਾਂਕਿ ਸ਼੍ਰੀ ਲਾਲ ਸਿੰਘ, ਜੋ ਕਠੂਆ ਜ਼ਿਲੇ ਦੇ ਬਸੋਹਲੀ ਤੋਂ ਐੱਮ. ਪੀ. ਹਨ, ਨੇ ਵਾਰ-ਵਾਰ ਕਿਹਾ ਕਿ ਸੰਗਠਨ ਇਕ ਗੈਰ-ਸਿਆਸੀ ਸਮੂਹ ਹੈ ਪਰ ਇਸ ਨਵੇਂ ਸੰਗਠਨ ਲਈ ਐਲਾਨਿਆ ਗਿਆ ਏਜੰਡਾ ਸਿਆਸੀ ਹੈ।
ਜਿਥੇ ਭਾਜਪਾ ਦੇ ਆਪਣੇ ਬੰਦਿਆਂ ਵਲੋਂ ਪਾਰਟੀ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ, ਉਥੇ ਹੀ ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ 'ਸ਼ਿਵ ਸੈਨਾ' ਨਾਲ ਵੀ ਉਸ ਦਾ '36' ਦਾ ਅੰਕੜਾ ਬਣਿਆ ਹੋਇਆ ਹੈ।
ਇਸ ਦਾ ਤਾਜ਼ਾ ਸਬੂਤ ਉਦੋਂ ਮਿਲਿਆ, ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਮਹਾਰਾਸ਼ਟਰ ਵਿਚ 2019 ਦੀਆਂ ਚੋਣਾਂ ਇਕੱਲਿਆਂ ਲੜਨ ਦੀ ਤਿਆਰੀ ਕਰਨ ਦੇ ਸੱਦੇ ਤੋਂ ਬਾਅਦ ਊਧਵ ਠਾਕਰੇ ਨੇ ਵੀ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਹੈ ਕਿ ਉਹ ਆਮ ਲੋਕਾਂ ਦੇ ਸੁਪਨਿਆਂ ਲਈ ਲੜ ਰਹੇ ਹਨ, ਪ੍ਰਧਾਨ ਮੰਤਰੀ ਦੇ ਸੁਪਨਿਆਂ ਲਈ ਨਹੀਂ। ਕਿਸੇ ਵੀ ਵਿਅਕਤੀ ਵਲੋਂ ਆਪਣੀ ਹੀ ਪਾਰਟੀ ਪ੍ਰਤੀ ਨਾਰਾਜ਼ਗੀ ਭਰੇ ਵਿਚਾਰ ਪ੍ਰਗਟਾਉਣਾ ਅਤੇ ਪਾਰਟੀ ਛੱਡਣਾ ਜਾਂ ਪਾਰਟੀ ਵਿਚ ਰਹਿੰਦੇ ਹੋਏ ਵੀ ਵੱਖਰਾ ਸੰਗਠਨ ਬਣਾਉਣ ਦਾ ਐਲਾਨ ਕਰਨਾ ਤੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਨਾਲ ਚੱਲਦੇ ਆ ਰਹੇ ਸਹਿਯੋਗੀ ਵਲੋਂ ਸਬੰਧ ਤੋੜਨ ਦਾ ਐਲਾਨ ਕਰਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਕਿਤੇ ਨਾ ਕਿਤੇ ਤਾਂ ਕੁਝ ਗੜਬੜ ਜ਼ਰੂਰ ਹੈ।ਇਸ ਲਈ ਭਾਜਪਾ ਲੀਡਰਸ਼ਿਪ ਨੂੰ ਇਸ ਘਟਨਾ 'ਤੇ ਵਿਚਾਰ ਕਰਨ ਦੀ ਲੋੜ ਹੈ ਅਤੇ ਅਜਿਹਾ ਨਾ ਕਰਨਾ ਆਉਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਇਸ ਦੇ ਲਈ ਨੁਕਸਾਨਦੇਹ ਸਿੱਧ ਹੋ ਸਕਦਾ ਹੈ।
—ਵਿਜੇ ਕੁਮਾਰ
'ਬੇਭਰੋਸਗੀ ਮਤੇ' ਕਾਰਨ ਦੇਸ਼ ਤੇ ਪਾਰਟੀਆਂ ਨੂੰ 'ਹੋਇਆ ਫਾਇਦਾ'
NEXT STORY