ਇਕ ਪਾਸੇ ਵਿਸ਼ਵ ਭਰ ਵਿਚ ਭਾਰਤੀ ਮੂਲ ਦੇ ਲੋਕ ਸਿਆਸੀ, ਸਮਾਜਿਕ ਜੀਵਨ ਵਿਚ ਛਾਏ ਹੋਏ ਹਨ ਤਾਂ ਦੂਜੇ ਪਾਸੇ ਵਿਦੇਸ਼ੀ ਜੇਲਾਂ ਵਿਚ ਕਈ ਭਾਰਤੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਪਰਿਵਾਰਿਕ ਹਿੰਸਾ, ਨਸਲੀ ਹਿੰਸਾ, ਹੱਤਿਆ, ਪਸ਼ੂ ਸਮੱਗਲਿੰਗ ਅਤੇ ਜਬਰ-ਜ਼ਨਾਹ ਵਰਗੇ ਘਿਣੌਨੇ ਅਪਰਾਧਾਂ ਤਹਿਤ ਬੰਦ ਹਨ।
ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 18 ਫਰਵਰੀ ਨੂੰ ਉੱਤਰੀ ਲੰਡਨ (ਇੰਗਲੈਂਡ) ਵਿਚ ਭਾਰਤੀ ਮੂਲ ਦੇ ‘ਡੀਕਨ ਪਾਲ ਸਿੰਘ ਵਿਜ’ ਨਾਮਕ ਵਿਅਕਤੀ ਨੂੰ ‘ਓਲਡ ਬੇਲੀ’ ਅਦਾਲਤ ਨੇ ਆਪਣੇ ਪਿਤਾ ਅਰਜੁਨ ਸਿੰਘ ਵਿਜ ਦੀ ਹੱਤਿਆ ਦੇ ਦੋਸ਼ ਹੇਠ 18 ਸਾਲ ਕੈਦ ਦੀ ਸਜ਼ਾ ਸੁਣਾਈ।
* 1 ਮਾਰਚ ਨੂੰ ਸਿਡਨੀ (ਆਸਟ੍ਰੇਲੀਆ) ਵਿਚ ਰੇਲਵੇ ਸਟੇਸ਼ਨ ’ਤੇ ‘ਮੁਹੰਮਦ ਰਹਿਮਤੁੱਲਾ ਸਈਦ ਅਹਿਮਦ’ ਨਾਮਕ ਮੂਲ ਰੂਪ ਵਿਚ ਤਾਮਿਲਨਾਡੂ ਦੇ ਵਾਸੀ ਨੇ ਇਕ ਰੇਲ ਕਰਮਚਾਰੀ ਨੂੰ ਚਾਕੂ ਮਾਰ ਦਿੱਤਾ, ਜਿਸ ’ਤੇ ਆਸਟ੍ਰੇਲੀਆ ਪੁਲਸ ਨੇ ਉਸ ਨੂੰ ਗੋਲੀ ਮਾਰ ਦਿੱਤੀ।
* 24 ਮਾਰਚ ਨੂੰ ਵਾਸ਼ਿੰਗਟਨ (ਅਮਰੀਕਾ) ਦੀ ਅਦਾਲਤ ਨੇ ਇਕ ਅਮਰੀਕੀ ਕਰੂਜ਼ ਸ਼ਿਪ ’ਤੇ ਬੱਚਿਆਂ ਦੇ ਸੈਕਸ ਸ਼ੋਸ਼ਣ ਸਬੰਧੀ ਸਮੱਗਰੀ ਵੰਡਣ ਅਤੇ ਸੈਕਸ ਸ਼ੋਸ਼ਣ ਲਈ ਬੱਚਿਆਂ ਦਾ ਇੰਤਜ਼ਾਮ ਕਰਨ ਦੇ ਵੀਡੀਓ ਭੇਜਣ ਵਾਲੇ ਕਰੂਜ਼ ਸ਼ਿਪ ਦੇ ਗੋਆ ਵਾਸੀ ਕਰਮਚਾਰੀ ‘ਐਂਜੇਲੋ ਵਿਕਟਰ ਫਰਨਾਂਡੀਜ਼’ ਨੂੰ 188 ਮਹੀਨੇ ਕੈਦ ਦੀ ਸਜ਼ਾ ਸੁਣਾਈ।
* 7 ਮਾਰਚ ਨੂੰ ਵਾਸ਼ਿੰਗਟਨ (ਅਮਰੀਕਾ) ਵਿਚ ਬਜ਼ੁਰਗਾਂ ਨਾਲ ਧੋਖਾਦੇਹੀ ਕਰਨ ਦੇ ਦੋਸ਼ ਹੇਠ ਨੇਵਾਰਕ ਸੰਘੀ ਅਦਾਲਤ ਨੇ ਆਸ਼ੀਸ਼ ਬਜਾਜ ਨਾਮਕ ਿਵਅਕਤੀ ਨੂੰ 33 ਮਹੀਨੇ ਕੈਦ ਅਤੇ 24 ਲੱਖ ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ।
* 12 ਮਾਰਚ ਨੂੰ ਥੇਮਸ ਵੈਲੀ ਪੁਲਸ (ਇੰਗਲੈਂਡ) ਦੀ ਇਕ ਅਦਾਲਤ ਨੇ ਬਰਕਸ਼ਾਇਰ ਵਾਸੀ ਅਮਰੀਕ ਬਾਜਵਾ ਨਾਮਕ ਵਿਅਕਤੀ ਨੂੰ ਸੋਸ਼ਲ ਮੀਡੀਆ ਐਪ ‘ਟਿਕਟਾਕ’ ’ਤੇ ਇਕ ਵਿਸ਼ੇਸ਼ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਵੀਡੀਓ ਸਾਂਝੀ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 18 ਮਹੀਨੇ ਕੈਦ ਅਤੇ 240 ਪੌਂਡ ਜੁਰਮਾਨਾ ਲਾਇਆ।
* 25 ਅਪ੍ਰੈਲ ਨੂੰ ਸਿੰਗਾਪੁਰ ਦੀ ਅਦਾਲਤ ਨੇ ਇਕ ਭਾਰਤੀ ਨੂੰ 26 ਕੁੱਤਿਆਂ ਅਤੇ ਇਕ ਬਿੱਲੀ ਦੀ ਸਮੱਗਲਿੰਗ ਕਰਨ ਦੇ ਦੋਸ਼ ਹੇਠ ਇਕ ਸਾਲ ਕੈਦ ਦੀ ਸਜ਼ਾ ਸੁਣਾਈ।
* 26 ਅਪ੍ਰੈਲ ਨੂੰ ਸਿੰਗਾਪੁਰ ਵਿਚ ਭਾਰਤੀ ਮੂਲ ਦੇ ‘ਤੰਗਾਰਾਜੂ ਸੁਪਈਆ’ ਨੂੰ ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਹੇਠ ਫਾਂਸੀ ਦੇ ਦਿੱਤੀ ਗਈ।
* 29 ਅਪ੍ਰੈਲ ਨੂੰ 138 ਕਰੋੜ ਰੁਪਏ ਦੀ ਧੋਖਾਦੇਹੀ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ‘ਐਪਲ’ ਦੇ ਇਕ ਸਾਬਕਾ ਭਾਰਤੀ ਕਰਮਚਾਰੀ ਧੀਰੇਂਦਰ ਪ੍ਰਸਾਦ ਨੂੰ ਅਮਰੀਕੀ ਨਿਆਂ ਵਿਭਾਗ ਨੇ 3 ਸਾਲ ਕੈਦ ਤੋਂ ਇਲਾਵਾ ਕੰਪਨੀ ਨੂੰ 155 ਕਰੋੜ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।
* 30 ਅਪ੍ਰੈਲ ਨੂੰ ਇਕ ਅਪਰਾਧੀ ਗਿਰੋਹ ਦੇ ਸਰਗਣਾ ਸਰਰੇ (ਇੰਗਲੈਂਡ) ਵਾਸੀ ਰਾਜ ਸਿੰਘ ਨੂੰ ਕੋਕੀਨ ਅਤੇ ਕੇਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ 8 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ।
ਇਸੇ ਤਰ੍ਹਾਂ ਉਸ ਦੇ ਸਾਥੀ ‘ਵਕਾਸ ਇਕਬਾਲ’ ਨੂੰ ਨਸ਼ੀਲੇ ਪਦਾਰਥਾਂ ਦੀ ਦਰਾਮਦ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹੇਠ 12 ਸਾਲ ਜੇਲ ਦੀ ਸਜ਼ਾ ਸੁਣਾਈ ਗਈ।
* 30 ਅਪ੍ਰੈਲ ਨੂੰ ਸਿਡਨੀ (ਆਸਟ੍ਰੇਲੀਆ) ਵਿਚ ਬਾਲੇਸ਼ ਧਨਖੜ ਨੂੰ 5 ਕੋਰੀਆਈ ਔਰਤਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ੀ ਪਾਇਆ ਗਿਆ। ਪੁਲਸ ਨੂੰ ਉਸ ਦੇ ਅਪਾਰਟਮੈਂਟ ਦੀ ਤਲਾਸ਼ੀ ਦੌਰਾਨ ਔਰਤਾਂ ਨਾਲ ਸੈਕਸ ਸੰਬੰਧ ਬਣਾਉਣ ਦੇ 47 ਵੀਡੀਓ ਮਿਲੇ, ਜਿਨ੍ਹਾਂ ਵਿਚੋਂ ਕੁਝ ਵੀਡੀਓ ਵਿਚ ਔਰਤਾਂ ਬੇਹੋਸ਼ ਸਨ ਅਤੇ ਕਈ ਦਰਦ ਨਾਲ ਤੜਫ ਰਹੀਆਂ ਸਨ।
ਇਸ ’ਤੇ ‘ਆਸਟ੍ਰੇਲੀਆ ਵਿਚ ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਨਿਊ ਸਾਊਥ ਵੇਲਸ’ ਦੇ ਬੁਲਾਰੇ ਡਾ. ਯਦੁ ਸਿੰਘ ਨੇ ਕਿਹਾ ‘‘ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਦਾ ਚੰਗਾ ਵੱਕਾਰ ਹੈ ਜਿਸ ਨੂੰ ਇਸ ਘਟਨਾ ਨੇ ਕਲੰਕਿਤ ਕੀਤਾ ਹੈ।’’
* ਅਤੇ ਹੁਣ 1 ਮਈ ਨੂੰ ਥਾਈਲੈਂਡ ਦੇ ਪਟਾਯਾ ਦੇ ਇਕ ਹੋਟਲ ਤੋਂ 83 ਭਾਰਤੀਆਂ ਨੂੰ ਜੂਆ ਖੇਡਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਕੇ 1,60,000 ਭਾਰਤੀ ਰੁਪਏ, 92 ਮੋਬਾਇਲ ਫੋਨ, ਨਸ਼ੇ ਲਈ 4 ਮਾਡਰਨ ਹੁੱਕੇ ਆਦਿ ਜ਼ਬਤ ਕੀਤੇ।
ਜ਼ਿਕਰਯੋਗ ਹੈ ਕਿ ਜੂਨ, 2021 ਵਿਚ ਕੈਨੇਡਾ ਵਿਚ ਦੁਨੀਆ ਦੇ ਸਭ ਤੋਂ ਵੱਡੇ ਕੌਮਾਂਤਰੀ ਨਸ਼ਾ ਸਮੱਗਲਿੰਗ ਘਪਲੇ ਦਾ ਪਰਦਾਫਾਸ਼ ਹੋਇਆ ਸੀ। ਇਸ ਵਿਚ ਟੋਰਾਂਟੋ ਪੁਲਸ ਨੇ 3.68 ਅਰਬ ਰੁਪਏ ਮੁੱਲ ਦੇ 1000 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਨ੍ਹਾਂ ਵਿਚ 40 ਫੀਸਦੀ ਭਾਵ 9 ਪੰਜਾਬੀ ਸਨ। ਇਹੀ ਨਹੀਂ, ਕੈਨੇਡਾ ਵਿਚ 119 ਵਾਹਨ ਚੋਰਾਂ ਦੀ ਸੂਚੀ ਵਿਚ 43 ਪੰਜਾਬੀ ਵੀ ਸ਼ਾਮਲ ਸਨ।
ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਇਕ ਪਾਸੇ ਜਿਥੇ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੇ ਉਥੇ ਜੀਵਨ ਦੇ ਸਾਰੇ ਖੇਤਰਾਂ ਸਿਆਸੀ, ਸਿੱਖਿਆ, ਵਿਗਿਆਨ, ਪੁਲਾੜ ਖੋਜ ਆਦਿ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ, ਉਥੇ ਹੀ ਕੁਝ ਭਾਰਤੀ ਉਥੇ ਸਮਾਜ ਵਿਰੋਧੀ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਹੋ ਕੇ ਭਾਰਤ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਇਸ ਨੂੰ ਦੇਖ ਕੇ ਅਸੀਂ ਤਾਂ ਅਜਿਹੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ, ‘ਵਿਦੇਸ਼ਾਂ ਵਿਚ ਦੇਸ਼ ਦਾ ਨਾਂ ਬਦਨਾਮ ਨਾ ਕਰੋ।’
–ਵਿਜੇ ਕੁਮਾਰ
ਮਜ਼ਦੂਰ ਦਿਵਸ 'ਤੇ ਵਿਸ਼ੇਸ਼- ਚੁੱਪ ਦੀ ਆਵਾਜ਼
NEXT STORY