ਦੁਨੀਆ 'ਚ ਸਭ ਤੋਂ ਜ਼ਿਆਦਾ ਲੋਕ ਭਾਰਤ ਵਿਚ ਹੀ ਆਵਾਰਾ ਕੁੱਤਿਆਂ ਦੇ ਵੱਢਣ ਦੇ ਸ਼ਿਕਾਰ ਹੁੰਦੇ ਹਨ ਅਤੇ ਇਥੇ ਇਨ੍ਹਾਂ ਦੀ ਲਗਾਤਾਰ ਵਧ ਰਹੀ ਗਿਣਤੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਇਨ੍ਹਾਂ ਕਾਰਨ ਹੋਣ ਵਾਲੀ ਭਿਆਨਕ ਬੀਮਾਰੀ 'ਰੈਬੀਜ਼' ਨਾਲ ਦੁਨੀਆ ਭਰ 'ਚ ਹੋਣ ਵਾਲੀਆਂ ਮੌਤਾਂ ਵਿਚੋਂ 36 ਫੀਸਦੀ ਮੌਤਾਂ ਇਕੱਲੇ ਭਾਰਤ 'ਚ ਹੀ ਹੁੰਦੀਆਂ ਹਨ।
'ਰੈਬੀਜ਼' ਦੇ ਜ਼ਿਆਦਾ ਕੇਸ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਹੀ ਹੁੰਦੇ ਹਨ। ਜੇਕਰ 'ਰੈਬੀਜ਼' ਦਾ ਵਾਇਰਸ ਵਿਅਕਤੀ ਦੀ ਕੇਂਦਰੀ ਨਾੜੀ ਪ੍ਰਣਾਲੀ 'ਚ ਦਾਖਲ ਹੋ ਜਾਵੇ ਤਾਂ ਇਸ ਨਾਲ ਹੋਣ ਵਾਲੀ ਇਨਫੈਕਸ਼ਨ ਲੱਗਭਗ ਲਾਇਲਾਜ ਹੁੰਦੀ ਹੈ ਤੇ ਰੋਗੀ ਦੀ ਬਹੁਤ ਹੀ ਦਰਦਨਾਕ ਮੌਤ ਹੁੰਦੀ ਹੈ।
ਆਵਾਰਾ ਕੁੱਤਿਆਂ ਅਤੇ 'ਰੈਬੀਜ਼' ਦੇ ਖਤਰੇ ਵੱਲ ਕੇਂਦਰ ਸਰਕਾਰ ਦਾ ਧਿਆਨ ਦਿਵਾਉਣ ਲਈ ਪਿਛਲੇ ਸਾਲ 19 ਮਾਰਚ ਨੂੰ ਇਕ ਐੱਨ. ਜੀ. ਓ. 'ਸਟ੍ਰੇਅ ਡੌਗ ਫ੍ਰੀ ਮੂਵਮੈਂਟ' (ਐੱਸ. ਡੀ. ਐੱਫ. ਐੱਮ.) ਨੇ ਨਵੀਂ ਦਿੱਲੀ 'ਚ ਜੰਤਰ-ਮੰਤਰ 'ਤੇ ਸੱਤਿਆਗ੍ਰਹਿ ਵੀ ਕੀਤਾ ਸੀ ਪਰ ਇਸ ਦਾ ਕੋਈ ਹਾਂ-ਪੱਖੀ ਨਤੀਜਾ ਸਾਹਮਣੇ ਨਹੀਂ ਆਇਆ।
ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਸਿਰਫ ਆਦਮੀ ਹੀ ਨਹੀਂ ਸਗੋਂ ਪਸ਼ੂ ਤਕ ਹੋ ਰਹੇ ਹਨ ਅਤੇ ਇਥੇ ਪੇਸ਼ ਹਨ ਹਾਲ ਹੀ 'ਚ ਕੁੱਤਿਆਂ ਵਲੋਂ ਵੱਢੇ ਜਾਣ ਦੀਆਂ ਕੁਝ ਘਟਨਾਵਾਂ :
* 22 ਜਨਵਰੀ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ 'ਚ ਕੁੱਤਿਆਂ ਦੇ ਵੱਢਣ ਨਾਲ ਇਨਫੈਕਸ਼ਨ ਦਾ ਸ਼ਿਕਾਰ ਹੋਈ ਗਾਂ ਦਾ ਦੁੱਧ ਪੀਣ ਨਾਲ 80 ਵਿਅਕਤੀ ਬੀਮਾਰ ਹੋ ਗਏ।
* 23 ਜਨਵਰੀ ਨੂੰ ਮੁੰਬਈ 'ਚ ਦੱਖਣ ਭਾਰਤੀ ਫਿਲਮਾਂ ਦੀ ਅਭਿਨੇਤਰੀ ਪਾਰੁਲ ਯਾਦਵ 'ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
* 16 ਫਰਵਰੀ ਨੂੰ ਬੀਕਾਨੇਰ ਦੇ ਦੇਸ਼ਨੋਕ 'ਚ ਕੁੱਤਿਆਂ ਨੇ 41 ਭੇਡਾਂ ਮਾਰ ਦਿੱਤੀਆਂ।
* 17 ਫਰਵਰੀ ਨੂੰ ਕੁੱਤਿਆਂ ਨੇ ਤਰਨਤਾਰਨ ਦੇ ਪਿੰਡ ਕੈਰੋਂਵਾਲ 'ਚ ਇਕ 4 ਸਾਲਾ ਬੱਚੇ ਮਨਿੰਦਰ ਸਿੰਘ ਮੰਨੂ ਨੂੰ ਨੋਚ-ਨੋਚ ਕੇ ਮਾਰ ਦਿੱਤਾ ਤੇ 18 ਫਰਵਰੀ ਨੂੰ ਪਟਿਆਲਾ 'ਚ ਇਕ ਬੱਚੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
* 19 ਫਰਵਰੀ ਨੂੰ ਕਸਬਾ ਸ੍ਰੀ ਗੋਇੰਦਵਾਲ 'ਚ ਵੀ ਇਕ ਵਿਅਕਤੀ ਕੁੱਤਿਆਂ ਦਾ ਸ਼ਿਕਾਰ ਬਣਿਆ ਤੇ ਬਰੇਲੀ ਦੇ ਖਤੌਲਾ ਪਿੰਡ 'ਚ ਇਕ 10 ਸਾਲਾ ਬੱਚੀ ਨੂੰ ਮਾਰ ਦਿੱਤਾ।
* 23 ਫਰਵਰੀ ਨੂੰ ਬਰੇਲੀ ਨੇੜੇ ਹੀ ਛਿਤੌਨੀਆ ਪਿੰਡ 'ਚ ਇਕ ਦਿਨ 'ਚ ਹੀ ਆਵਾਰਾ ਕੁੱਤਿਆਂ ਨੇ 2 ਸਾਲਾ ਬੱਚੇ ਤੇ 19 ਸਾਲਾ ਮੁਟਿਆਰ ਸਮੇਤ 3 ਵਿਅਕਤੀਆਂ ਨੂੰ ਵੱਢਿਆ।
* 24 ਫਰਵਰੀ ਨੂੰ ਬਰੇਲੀ ਨੇੜੇ ਬਹੇੜੀ ਕਸਬੇ 'ਚ ਆਵਾਰਾ ਕੁੱਤਿਆਂ ਨੇ ਇਕ 6 ਸਾਲਾ ਬੱਚੇ 'ਤੇ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ।
* 02 ਮਾਰਚ ਨੂੰ ਕਿਸ਼ਨਗੰਜ ਦੇ ਕਾਲੀਆਗੰਜ 'ਚ ਬਾਈਕ ਤੋਂ ਡਿਗੇ ਵਿਅਕਤੀ 'ਤੇ 6-7 ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
* 02 ਮਾਰਚ ਨੂੰ ਹੀ ਤਰਨਤਾਰਨ ਨੇੜਲੇ ਪਿੰਡ ਸਰਹਾਲੀ ਕਲਾਂ 'ਚ 5 ਸਾਲਾ ਬੱਚੇ ਕਰਨਵੀਰ 'ਤੇ ਆਵਾਰਾ ਕੁੱਤੇ ਨੇ ਹਮਲਾ ਕਰ ਕੇ ਉਸ ਦਾ ਸਿਰ ਤੇ ਕੰਨ ਨੋਚ ਲਏ। ਤਰਨਤਾਰਨ ਹਸਪਤਾਲ 'ਚ ਬੱਚੇ ਦੇ ਮੂੰਹ ਅਤੇ ਸਿਰ 'ਤੇ ਲਾਉਣ ਲਈ ਸੀਰਮ ਵੀ ਮੁਹੱਈਆ ਨਹੀਂ ਸੀ, ਜਿਸ ਕਾਰਨ ਬੱਚੇ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰਨਾ ਪਿਆ।
* 03 ਮਾਰਚ ਨੂੰ ਬੁਰਹਾਨਪੁਰ 'ਚ ਇਕੋ ਦਿਨ 'ਚ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਪੁਲਸ ਦੇ ਇਕ ਜਵਾਨ ਸਮੇਤ 22 ਵਿਅਕਤੀ ਜ਼ਖ਼ਮੀ ਹੋ ਗਏ। ਆਵਾਰਾ ਕੁੱਤਿਆਂ ਨੇ ਇਕ ਮੰਦਿਰ 'ਚ ਵੜ ਕੇ ਪੂਜਾ ਕਰ ਰਹੇ ਪੁਜਾਰੀ ਨੂੰ ਵੀ ਵੱਢ ਲਿਆ। ਬੁਰਹਾਨਪੁਰ 'ਚ 10 ਦਿਨਾਂ ਅੰਦਰ ਆਵਾਰਾ ਕੁੱਤਿਆਂ ਨੇ 100 ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।
ਇਕ ਰਿਪੋਰਟ ਅਨੁਸਾਰ 'ਐਨੀਮਲ ਬਰਥ ਕੰਟਰੋਲ (ਡੌਗ) ਐਕਟ-2001' ਵਿਚ ਦੱਸਿਆ ਗਿਆ ਕਿ ਇਸ ਸਮੱਸਿਆ ਦਾ ਇਕੋ-ਇਕ ਹੱਲ 'ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ' ਲਾਗੂ ਕਰਨ 'ਚ ਸਥਾਨਕ ਸਰਕਾਰਾਂ ਦੇ ਅਸਫਲ ਰਹਿਣ ਕਾਰਨ ਇਹ ਪ੍ਰੋਗਰਾਮ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਅਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਵੀ ਮੰਨਿਆ ਹੈ ਕਿ ''ਇਨ੍ਹਾਂ ਦੇ ਨਸੰਬਦੀ ਆਪ੍ਰੇਸ਼ਨ ਸੰਬੰਧੀ ਯਤਨ ਨਾਕਾਫੀ ਹਨ।''
ਇਸ ਲਈ ਉਕਤ ਨਿਯਮਾਂ 'ਚ ਛੇਤੀ ਤੋਂ ਛੇਤੀ ਸੋਧ ਕਰਨ ਦੀ ਲੋੜ ਹੈ। ਜ਼ਿਆਦਾਤਰ ਮਾਮਲਿਆਂ 'ਚ ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਇੰਜੈਕਸ਼ਨ ਮੁਹੱਈਆ ਨਹੀਂ ਹੁੰਦੇ, ਜਿਸ ਕਾਰਨ ਜਾਂ ਤਾਂ ਪੀੜਤ ਇਲਾਜ ਤੋਂ ਵਾਂਝਾ ਰਹਿ ਜਾਂਦਾ ਹੈ ਜਾਂ ਫਿਰ ਉਸ ਨੂੰ ਪ੍ਰਾਈਵੇਟ ਦੁਕਾਨਾਂ ਤੋਂ ਇਹ ਇੰਜੈਕਸ਼ਨ ਬਹੁਤ ਮਹਿੰਗੇ ਭਾਅ ਖਰੀਦਣੇ ਪੈਂਦੇ ਹਨ। ਕਈ ਵਾਰ ਤਾਂ ਇੰਜੈਕਸ਼ਨ ਨਾ ਖਰੀਦ ਸਕਣ ਜਾਂ ਇੰਜੈਕਸ਼ਨ ਮਿਲਣ 'ਚ ਦੇਰੀ ਕਾਰਨ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਪੀੜਤ ਦੀ ਬੇਵਕਤੀ ਮੌਤ ਵੀ ਹੋ ਜਾਂਦੀ ਹੈ। ਇਸ ਲਈ ਦੇਸ਼ 'ਚ ਇਸ ਦਿਸ਼ਾ 'ਚ ਯਤਨ ਤੇਜ਼ ਕਰਨ ਦੀ ਲੋੜ ਹੈ। ਜਦੋਂ ਤਕ ਕੇਂਦਰ ਤੇ ਸੂਬਾ ਸਰਕਾਰਾਂ ਕੁੱਤਿਆਂ ਦੀ ਵਧਦੀ ਗਿਣਤੀ ਤੇ ਉਨ੍ਹਾਂ ਦੇ ਵੱਢਣ ਨਾਲ ਹੋਣ ਵਾਲੀਆਂ ਬੇਵਕਤੀ ਮੌਤਾਂ 'ਤੇ ਰੋਕ ਲਾਉਣ ਲਈ ਅਸਰਦਾਰ ਕਾਰਵਾਈ ਨਹੀਂ ਕਰਨਗੀਆਂ, ਉਦੋਂ ਤਕ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਣਾ ਮੁਸ਼ਕਿਲ ਹੈ ਤੇ ਇਸ ਸਥਿਤੀ 'ਚ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਵਧਦੀਆਂ ਹੀ ਜਾਣਗੀਆਂ। —ਵਿਜੇ ਕੁਮਾਰ
ਆਰਥਿਕ ਨਾਕਾਬੰਦੀ ਦੀ ਮਾਰ ਉਮੀਦਵਾਰ ਕਰ ਰਹੇ ਹਨ ਪੈਦਲ ਚੋਣ ਪ੍ਰਚਾਰ
NEXT STORY