ਹਾਲਾਂਕਿ ਬੱਚਿਆਂ ਨੂੰ ਸਰੀਰਕ ਸਜ਼ਾ ਦੇਣਾ ਮਨ੍ਹਾ ਹੈ, ਇਸ ਦੇ ਬਾਵਜੂਦ ਕੁਝ ਅਧਿਆਪਕਾਂ-ਅਧਿਆਪਕਾਵਾਂ ਵਲੋਂ ਮਰਿਆਦਾ ਦੀਆਂ ਸਾਰੀਆਂ ਹੱਦਾਂ ਟੱਪ ਕੇ ਉਨ੍ਹਾਂ 'ਤੇ ਅਣਮਨੁੱਖੀ ਅੱਤਿਆਚਾਰ ਕਰਨ ਦੀਆਂ ਖ਼ਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ। ਇਕ ਅਧਿਆਪਕਾ ਵਲੋਂ ਬੱਚੀਆਂ ਨਾਲ ਅਜਿਹਾ ਹੀ ਸ਼ਰਮਨਾਕ ਸਲੂਕ ਕਰਨ ਦਾ ਮਾਮਲਾ ਬੀਤੇ ਦਿਨੀਂ ਯੂ. ਪੀ. ਦੇ ਮੁਜ਼ੱਫਰਨਗਰ ਜ਼ਿਲੇ 'ਚ ਪੈਂਦੇ ਪਿੰਡ ਤਿਗਰੀ 'ਚ ਸਥਿਤ ਕਸਤੂਰਬਾ ਗਾਂਧੀ ਗਰਲਜ਼ ਰੈਜ਼ੀਡੈਂਸ਼ੀਅਲ ਸਕੂਲ 'ਚ ਦੇਖਣ ਨੂੰ ਮਿਲਿਆ। ਇਥੇ ਮੁੱਖ ਤੌਰ 'ਤੇ ਦਲਿਤ ਅਤੇ ਓ. ਬੀ. ਸੀ. ਪਰਿਵਾਰਾਂ ਦੀਆਂ ਬੱਚੀਆਂ ਹੀ ਪੜ੍ਹਦੀਆਂ ਹਨ। ਸਕੂਲ ਦੇ ਹੋਸਟਲ ਦੀ ਵਾਰਡਨ ਸੁਰੇਖਾ ਸਿੰਘ ਤੋਮਰ ਨੇ ਸਕੂਲ ਦੇ ਬਾਥਰੂਮ ਵਿਚ ਖੂਨ ਦੇ ਧੱਬੇ ਨਜ਼ਰ ਆਉਣ 'ਤੇ ਵਿਦਿਆਰਥਣਾਂ ਨੂੰ ਸ਼ਰਮਨਾਕ ਸਜ਼ਾ ਦੇ ਦਿੱਤੀ। ਇਹ ਪਤਾ ਲਾਉਣ ਲਈ ਕਿ ਕਿਸ ਵਿਦਿਆਰਥਣ ਦੀ ਮਾਹਵਾਰੀ ਚੱਲ ਰਹੀ ਹੈ, ਉਸ ਨੇ ਸਾਰੀਆਂ ਮਰਿਆਦਾਵਾਂ ਭੁੱਲ ਕੇ 8ਵੀਂ ਤੋਂ 10ਵੀਂ ਜਮਾਤ ਤਕ ਦੀਆਂ 70 ਵਿਦਿਆਰਥਣਾਂ ਨੂੰ ਸਜ਼ਾ ਵਜੋਂ ਨਿਰਵਸਤਰ ਕਰ ਕੇ ਕਈ ਘੰਟੇ ਸਕੂਲ ਦੇ ਇਕ ਕਮਰੇ 'ਚ ਖੜ੍ਹੀਆਂ ਕਰੀ ਰੱਖਿਆ।
ਵਿਦਿਆਰਥਣਾਂ ਵਲੋਂ ਵਾਰਡਨ ਅੱਗੇ ਕੀਤੀਆਂ ਮਿੰਨਤਾਂ ਦਾ ਵੀ ਉਸ 'ਤੇ ਕੋਈ ਅਸਰ ਨਹੀਂ ਹੋਇਆ। ਵਿਦਿਆਰਥਣਾਂ ਮੁਤਾਬਿਕ ਵਾਰਡਨ ਨੇ ਕਹਿਣਾ ਨਾ ਮੰਨਣ 'ਤੇ ਉਨ੍ਹਾਂ ਨੂੰ ਕੁੱਟਣ ਤੇ ਇਸ ਤੋਂ ਵੀ ਬਦਤਰ ਸਜ਼ਾ ਦੇਣ ਦੀ ਧਮਕੀ ਦਿੱਤੀ।
ਵਿਦਿਆਰਥੀਆਂ-ਵਿਦਿਆਰਥਣਾਂ ਦੇ ਜੀਵਨ ਵਿਚ ਅਧਿਆਪਕਾਂ-ਅਧਿਆਪਕਾਵਾਂ ਦਾ ਅਹਿਮ ਸਥਾਨ ਹੁੰਦਾ ਹੈ ਤੇ ਉਨ੍ਹਾਂ ਤੋਂ ਇਹੋ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਪੂਰੀ ਸਮਰੱਥਾ ਮੁਤਾਬਿਕ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇ ਕੇ ਇਕ ਚੰਗੇ ਨਾਗਰਿਕ ਬਣਨ 'ਚ ਯੋਗਦਾਨ ਦੇਣਗੇ।
ਅਜਿਹੀ ਸਥਿਤੀ 'ਚ ਉਕਤ ਸਕੂਲ ਦੀ ਵਾਰਡਨ ਵਲੋਂ ਸਮਾਜ ਦੇ ਕਮਜ਼ੋਰ ਵਰਗ ਨਾਲ ਸੰਬੰਧ ਰੱਖਣ ਵਾਲੀਆਂ ਬੱਚੀਆਂ ਨੂੰ ਉਨ੍ਹਾਂ ਦੀਆਂ ਸਰੀਰਕ ਕਿਰਿਆਵਾਂ ਬਾਰੇ ਦੱਸਣ ਦੀ ਬਜਾਏ ਉਨ੍ਹਾਂ ਨੂੰ ਅਜਿਹੀ ਸਜ਼ਾ ਦੇਣਾ ਸਰਾਸਰ ਬੇਇਨਸਾਫ਼ੀ ਹੈ।
ਜੇਕਰ ਬਾਥਰੂਮ ਵਿਚ ਖੂਨ ਦੇ ਧੱਬੇ ਖਿੱਲਰ ਹੀ ਗਏ ਸਨ ਤਾਂ ਉਨ੍ਹਾਂ ਨੂੰ ਸਾਫ ਕਰਵਾ ਕੇ ਸਾਰੀਆਂ ਵਿਦਿਆਰਥਣਾਂ ਨੂੰ ਇਕੱਠੀਆਂ ਕਰ ਕੇ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਸਰੀਰਕ ਸਾਫ-ਸਫਾਈ ਤੇ ਜ਼ਰੂਰੀ ਸਾਵਧਾਨੀਆਂ ਬਾਰੇ ਦੱਸਣਾ ਚਾਹੀਦਾ ਸੀ। ਹਾਲਾਂਕਿ ਅਧਿਆਪਕਾ ਨੇ ਆਪਣੇ 'ਤੇ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ ਪਰ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਲਈ ਇਕ 7 ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਹੈ ਤੇ ਜੇਕਰ ਵਾਰਡਨ ਦੋਸ਼ੀ ਸਿੱਧ ਹੋ ਜਾਵੇ ਤਾਂ ਉਸ ਨੂੰ ਉਚਿਤ ਸਜ਼ਾ ਮਿਲਣੀ ਹੀ ਚਾਹੀਦੀ ਹੈ।
—ਵਿਜੇ ਕੁਮਾਰ
ਸੁਰੱਖਿਆ ਪ੍ਰਬੰਧਾਂ ਨੂੰ ਟਿੱਚ ਜਾਣ ਕੇ ਹੁਣ ਹਰਿਆਣਾ ਦੀਆਂ ਜੇਲਾਂ 'ਚ ਮੁਜਰਾ ਵੀ ਹੋਣ ਲੱਗਾ
NEXT STORY