ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਹਾਇਤਾ ਦਿੰਦੀ ਰਹੀ ਹੈ ਅਤੇ ਸੰਕਟ ਦੀ ਘੜੀ 'ਚ ਭਾਰਤੀ ਫੌਜ ਜਾਨ ਤਲੀ 'ਤੇ ਰੱਖ ਕੇ ਇਥੋਂ ਦੇ ਲੋਕਾਂ ਦੀ ਸਹਾਇਤਾ ਕਰ ਰਹੀ ਹੈ। ਇਸ ਦੇ ਬਾਵਜੂਦ ਉਥੇ ਭਾਰਤੀ ਫੌਜ ਤੇ ਪੁਲਸ ਮੁਲਾਜ਼ਮਾਂ ਵਿਰੁੱਧ ਮਾਹੌਲ ਬਣਿਆ ਹੀ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਥੇ ਹਰ ਦੂਜੇ ਦਿਨ ਹੋਣ ਵਾਲੇ 'ਬੰਦ' ਅਤੇ ਮੁਜ਼ਾਹਰਿਆਂ ਕਾਰਨ ਸੂਬੇ ਦੇ ਸੈਰ-ਸਪਾਟੇ ਅਤੇ ਕਾਰੋਬਾਰ ਨੂੰ ਕਾਫੀ ਨੁਕਸਾਨ ਹੁੰਦਾ ਰਿਹਾ ਹੈ, ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਚਾਹੇ ਉਹ ਪੁਲਸ 'ਚ ਹੋਣ ਜਾਂ ਫੌਜ 'ਚ, ਕਸ਼ਮੀਰੀ ਬੱਚੇ ਮਾਰੇ ਜਾ ਰਹੇ ਹਨ, ਜਦਕਿ ਵੱਖਵਾਦੀ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਸੂਬੇ ਤੋਂ ਬਾਹਰ ਸੁਰੱਖਿਅਤ ਥਾਵਾਂ 'ਤੇ ਰੱਖਦੇ, ਸ਼ਾਦੀ-ਵਿਆਹ, ਪੜ੍ਹਾਈ ਤੇ ਇਲਾਜ ਆਦਿ ਕਰਵਾਉਂਦੇ ਹਨ। ਇਕ ਪਾਸੇ ਜੰਮੂ-ਕਸ਼ਮੀਰ 'ਚ ਸਰਗਰਮ ਵੱਖਵਾਦੀਆਂ ਵਲੋਂ ਸਥਾਨਕ ਲੋਕਾਂ ਨੂੰ ਰੋਜ਼ਗਾਰ ਨਾ ਦੇਣ ਦੀ ਗੱਲ ਕਹੀ ਜਾਂਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਹੀ ਉਕਸਾਉਣ 'ਤੇ ਅੱਤਵਾਦੀਆਂ ਵਲੋਂ ਆਪਣੇ ਹੀ ਭੈਣਾਂ-ਭਰਾਵਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ।
ਪਾਕਿਸਤਾਨ ਦੀ ਸਥਾਪਨਾ ਦੇ ਸਮੇਂ ਤੋਂ ਹੀ ਇਸ ਦੇ ਪਾਲ਼ੇ ਹੋਏ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਜੰਮੂ-ਕਸ਼ਮੀਰ 'ਚ ਅੱਤਵਾਦ ਭੜਕਾਉਣ, ਬਗਾਵਤ ਲਈ ਲੋਕਾਂ ਨੂੰ ਉਕਸਾਉਣ, ਪੱਥਰਬਾਜ਼ੀ ਅਤੇ ਹਿੰਸਾ ਕਰਵਾਉਣ ਦਾ ਸਿਲਸਿਲਾ ਹੁਣ ਤੇਜ਼ ਕੀਤਾ ਹੋਇਆ ਹੈ।
ਆਖਿਰ ਢਾਈ ਦਹਾਕਿਆਂ ਬਾਅਦ ਹੁਣ ਵਾਦੀ ਦੇ ਲੋਕਾਂ 'ਚ ਗੁੱਸਾ ਭੜਕਣਾ ਸ਼ੁਰੂ ਹੋ ਗਿਆ ਹੈ। ਇਸ ਦਾ ਸਬੂਤ ਬੀਤੇ ਦਿਨੀਂ ਸੁੰਜਵਾਂ ਫੌਜੀ ਕੈਂਪ 'ਤੇ ਹੋਏ ੋਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਅੰਤਿਮ ਸੰਸਕਾਰ ਮੌਕੇ ਦੇਖਣ ਨੂੰ ਮਿਲਿਆ।
ਸੁੰਜਵਾਂ ਫੌਜੀ ਕੈਂਪ 'ਤੇ ਹੋਏ ਹਮਲੇ 'ਚ ਸ਼ਹੀਦ ਹੋਏ 6 ਜਵਾਨਾਂ ਤੇ ਇਕ ਸਿਵਲੀਅਨ 'ਚੋਂ 4 ਕਸ਼ਮੀਰ ਵਾਦੀ ਨਾਲ ਸਬੰਧ ਰੱਖਦੇ ਸਨ। ਸ਼ਹੀਦਾਂ 'ਚ ਜੇ. ਸੀ. ਓ. ਮੁਹੰਮਦ ਅਸ਼ਰਫ ਮੀਰ, ਹਵਲਦਾਰ ਹਬੀਬਉੱਲਾ ਕੁਰੈਸ਼ੀ, ਮੁਹੰਮਦ ਇਕਬਾਲ ਸ਼ੇਖ ਅਤੇ ਨਾਇਕ ਮੰਜ਼ੂਰ ਅਹਿਮਦ ਦੇਵਾ ਸ਼ਾਮਲ ਸਨ।
ਅੱਤਵਾਦੀਆਂ ਦੇ ਗੜ੍ਹ ਤ੍ਰਾਲ 'ਚ ਮੁਹੰਮਦ ਇਕਬਾਲ ਸ਼ੇਖ ਤੇ ਉਸ ਦੇ ਪਿਤਾ ਦੇ ਜਨਾਜ਼ੇ 'ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਇਸ ਦੌਰਾਨ ਲੋਕਾਂ ਨੇ ਸਰਹੱਦੀ ਕੁਪਵਾੜਾ 'ਚ ਸ਼ਹੀਦ ਜੇ. ਸੀ. ਓ. 'ਮੁਹੰਮਦ ਅਸ਼ਰਫ ਜ਼ਿੰਦਾਬਾਦ' ਅਤੇ 'ਪਾਕਿਸਤਾਨ ਮੁਰਦਾਬਾਦ' ਦੇ ਨਾਅਰੇ ਲਾਏ।
ਜੰਮੂ-ਕਸ਼ਮੀਰ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ, ਜਦੋਂ ਪਿੰਡ ਵਾਲਿਆਂ ਅਤੇ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਇਕੱਠਿਆਂ ਸ਼ਰਧਾਂਜਲੀ ਦਿੱਤੀ, ਜੋ ਪਾਕਿਸਤਾਨ ਵਲੋਂ ਚਲਾਏ ਜਾਂਦੇ ਅੱਤਵਾਦ ਵਿਰੁੱਧ ਲੋਕਾਂ ਦੀ ਬਦਲਦੀ ਵਿਚਾਰਧਾਰਾ ਦਾ ਪ੍ਰਤੀਕ ਹੈ।
ਇਸੇ ਦੀ ਪੁਸ਼ਟੀ ਕਰਦਿਆਂ ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੂਦੀਨ ਓਵੈਸੀ ਨੇ ਵੀ ਕਿਹਾ ਹੈ ਕਿ ''ਸੁੰਜਵਾਂ ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਚ 7 'ਚੋਂ 5 ਕਸ਼ਮੀਰੀ ਮੁਸਲਮਾਨ ਸਨ, ਜੋ ਮਾਰੇ ਗਏ ਹਨ। ਜੋ ਲੋਕ ਮੁਸਲਮਾਨਾਂ ਨੂੰ ਅੱਜ ਵੀ ਪਾਕਿਸਤਾਨੀ ਸਮਝਦੇ ਹਨ, ਉਨ੍ਹਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ।''
ਜਿਥੇ ਅਸਦੂਦੀਨ ਓਵੈਸੀ ਨੇ ਮੰਨਿਆ ਹੈ ਕਿ ਜੰਮੂ-ਕਸ਼ਮੀਰ ਦੀ ਹਿੰਸਾ 'ਚ ਸਥਾਨਕ ਮੁਸਲਮਾਨ ਮਾਰੇ ਜਾ ਰਹੇ ਹਨ, ਉਥੇ ਹੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਕਾ ਆਗੂ ਫਾਰੂਕ ਅਬਦੁੱਲਾ ਨੇ 12 ਫਰਵਰੀ ਨੂੰ ਸਾਫ ਸ਼ਬਦਾਂ 'ਚ ਕਿਹਾ ਹੈ ਕਿ ਅੱਤਵਾਦ ਨੂੰ ਸ਼ਹਿ ਦੇ ਕੇ ਪਾਕਿਸਤਾਨ ਕਸ਼ਮੀਰ ਨੂੰ ਹਾਸਲ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ, ''ਭਾਰਤ ਸਰਕਾਰ ਨੂੰ ਵੀ ਆਪਣੇ ਅਗਲੇ ਕਦਮ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਸੂਬੇ 'ਚ ਹਿੰਸਾ ਨਹੀਂ ਛੱਡੇਗਾ। ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਨਾਲ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ ਤੇ ਇਸ ਦਾ ਨਤੀਜਾ ਸਿਰਫ ਮੌਤਾਂ ਅਤੇ ਦੋਹਾਂ ਧਿਰਾਂ 'ਚ ਤਬਾਹੀ ਦੇ ਰੂਪ 'ਚ ਨਿਕਲੇਗਾ।''
''ਉਨ੍ਹਾਂ ਨੂੰ ਸੁਲ੍ਹਾ ਦਾ ਰਾਹ ਅਪਣਾਉਣਾ ਚਾਹੀਦਾ ਹੈ ਤਾਂ ਕਿ ਦੋਵੇਂ ਦੇਸ਼ ਖੁਸ਼ਹਾਲ ਹੋਣ। ਜੇ ਇਥੇ ਅੱਤਵਾਦ ਵਧਦਾ ਹੈ ਤਾਂ ਦੋਹਾਂ ਦੇਸ਼ਾਂ 'ਚ ਖੂਨ ਵਗੇਗਾ ਪਰ ਉਹ (ਪਾਕਿਸਤਾਨੀ) ਬਰਬਾਦ ਹੋ ਜਾਣਗੇ ਅਤੇ ਉਥੇ ਕੁਝ ਵੀ ਨਹੀਂ ਬਚੇਗਾ।''
''ਜੇ ਅੱਤਵਾਦੀ ਹਮਲਿਆਂ ਨੂੰ ਰੋਕਣ ਪ੍ਰਤੀ ਪਾਕਿਸਤਾਨ ਵਾਲੇ ਈਮਾਨਦਾਰ ਹੁੰਦੇ ਤਾਂ ਉਹ ਇਥੇ ਹਮਲੇ ਕਰਨ ਲਈ ਅੱਤਵਾਦੀਆਂ ਨੂੰ ਨਾ ਭੇਜਦੇ।''
ਇਕ ਪਾਸੇ ਜਿਥੇ ਪਾਕਿਸਤਾਨ ਵਲੋਂ ਅੱਤਵਾਦੀ ਐਲਾਨੇ ਗਏ ਜਮਾਤ-ਉਦ-ਦਾਵਾ ਦਾ ਸਰਗਣਾ ਹਾਫਿਜ਼ ਸਈਦ ਆਪਣੇ ਸਕੂਲਾਂ ਤੇ ਮਦਰੱਸਿਆਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਭਾਰਤ ਵਿਰੁੱਧ ਜੇਹਾਦ ਛੇੜਨ ਲਈ ਹਿੰਸਾ ਦਾ ਪਾਠ ਪੜ੍ਹਾ ਰਿਹਾ ਹੈ ਅਤੇ ਉਸ ਨੇ ਪਾਕਿਸਤਾਨ ਦੇ ਛੋਟੇ-ਛੋਟੇ ਬੱਚਿਆਂ ਦੇ ਹੱਥਾਂ 'ਚ ਬੰਦੂਕਾਂ ਫੜਾ ਦਿੱਤੀਆਂ ਹਨ, ਉਥੇ ਹੀ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਲੋਕਾਂ 'ਚ ਅੱਤਵਾਦੀਆਂ ਪ੍ਰਤੀ ਤਬਦੀਲੀ ਆਉਂਦੀ ਦਿਖਾਈ ਦੇ ਰਹੀ ਹੈ।
ਸੁੰਜਵਾਂ ਹਮਲੇ 'ਚ ਸ਼ਹੀਦ ਹੋਏ ਕਸ਼ਮੀਰੀ ਜਵਾਨਾਂ ਦੇ ਅੰਤਿਮ ਸੰਸਕਾਰ ਮੌਕੇ ਪਾਕਿਸਤਾਨ ਵਿਰੋਧੀ ਨਾਅਰੇ ਲੱਗਣਾ ਅਤੇ ਅਸਦੂਦੀਨ ਓਵੈਸੀ ਵਲੋਂ ਮੁਸਲਮਾਨਾਂ ਦੇ ਮਾਰੇ ਜਾਣ ਦੀ ਗੱਲ ਕਹਿਣਾ ਇਸ ਦਾ ਮੂੰਹ ਬੋਲਦਾ ਸਬੂਤ ਹੈ। ਇਸੇ ਤਰ੍ਹਾਂ ਡਾ. ਫਾਰੂਕ ਅਬਦੁੱਲਾ ਵਲੋਂ ਪਾਕਿਸਤਾਨ ਨੂੰ ਦਿੱਤੀ ਗਈ ਇਹ ਸਲਾਹ ਵੀ ਬਿਲਕੁਲ ਸਹੀ ਹੈ ਕਿ ਹਿੰਸਾ ਦੇ ਰਾਹ 'ਤੇ ਚੱਲ ਕੇ ਉਸ ਨੂੰ ਤਬਾਹੀ ਤੋਂ ਇਲਾਵਾ ਕੁਝ ਨਹੀਂ ਮਿਲੇਗਾ।
—ਵਿਜੇ ਕੁਮਾਰ
ਪਾਕਿਸਤਾਨ ਦੀ ਦੁਰਦਸ਼ਾ 'ਤੇ 'ਹੁਣ ਪ੍ਰਵੇਜ਼ ਮੁਸ਼ੱਰਫ ਦਾ ਰੋਣਾ'
NEXT STORY