ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਦੇਸ਼ ਦੇ ਲਗਭਗ ਸਾਰੇ ਸੂਬੇ ਆਮ ਤੌਰ ’ਤੇ ਇਸ ਦੀ ਲਪੇਟ ’ਚ ਆਏ ਹੋਏ ਹਨ। ਅਮਰੀਕਾ ਦੀ ‘ਗੰਨ ਵਾਇਲੈਂਸ ਵੈੱਬਸਾਈਟ’ ਦੇ ਅਨੁਸਾਰ ਇਸ ਸਾਲ 10 ਅਪ੍ਰੈਲ ਤੱਕ 100 ਦਿਨਾਂ ’ਚ ਉੱਥੇ ਬੰਦੂਕ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ’ਚ 11,500 ਤੋਂ ਵੱਧ ਲੋਕ ਮਾਰੇ ਗਏ ਅਤੇ 8800 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਅਮਰੀਕਾ ’ਚ ਪਿਛਲੇ 100 ਦਿਨਾਂ ’ਚ ਗੋਲੀਬਾਰੀ ਦੀਆਂ 146 ਘਟਨਾਵਾਂ ਵਾਪਰੀਆਂ ਜਦਕਿ ਹਰ ਦਿਨ ਘੱਟੋ-ਘੱਟ ਇਕ ਘਟਨਾ ਸਾਹਮਣੇ ਆਈ।
ਅਮਰੀਕਾ, ਦੁਨੀਆ ’ਚ ਸਭ ਤੋਂ ਖਰਾਬ ਬੰਦੂਕ ਹਿੰਸਾ ਵਾਲਾ ਦੇਸ਼ ਹੈ ਜਿੱਥੇ ਲਗਾਤਾਰ ਹੋ ਰਹੀ ਗੋਲੀਬਾਰੀ ਨੇ ਉੱਥੋਂ ਦੇ ਲੋਕਾਂ ਨੂੰ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਜੀਵਨ ਦੇ ਅਧਿਕਾਰ ਦੀ ਗੰਭੀਰ ਰੂਪ ਨਾਲ ਉਲੰਘਣਾ ਕੀਤੀ ਹੈ।ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਾਲ ਹੀ ’ਚ ਬੰਦੂਕ ਦੀ ਦੁਰਵਰਤੋਂ ’ਤੇ ਰੋਕ ਲਾਉਣ ਲਈ ਇਕ ਕਾਰਜਕਾਰੀ ਹੁਕਮ ’ਤੇ ਹਸਤਾਖਰ ਕੀਤੇ ਹਨ ਜਿਸ ਦੇ ਲਾਗੂ ਹੋਣ ਤੋਂ ਬਾਅਦ ਉੱਥੇ ਬੰਦੂਕ ਖਰੀਦਣ ਵਾਲੇ ਵਿਅਕਤੀ ਦੇ ਪਿਛਲੇ ਪਿਛੋਕੜ ਦੀ ਵੱਧ ਬਾਰੀਕੀ ਨਾਲ ਜਾਂਚ ਕਰਨ ਤੋਂ ਇਲਾਵਾ ਹਥਿਆਰਾਂ ਦੇ ਵਧੀਆ ਅਤੇ ਵੱਧ ਸੁਰੱਖਿਅਤ ਢੰਗ ਨਾਲ ਭੰਡਾਰਨ ਨੂੰ ਉਤਸ਼ਾਹ ਦੇਣਾ ਹੈ।
ਇਸ ਹੁਕਮ ਦਾ ਮਕਸਦ ਇਹ ਯਕੀਨੀ ਬਣਾਉਣਾ ਵੀ ਹੈ ਕਿ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਬੀਤੇ ਸਾਲ ਬਣਾਏ ਗਏ ਬੰਦੂਕ ਕੰਟਰੋਲ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਣ। ਇਹ ਯਤਨ ਬਹੁਤ ਚੰਗਾ ਵਿਖਾਈ ਦਿੰਦਾ ਹੈ ਪਰ ਅਜਿਹਾ ਹੋ ਵੀ ਸਕੇਗਾ ਇਸ ’ਚ ਸ਼ੱਕ ਹੈ। ਅਮਰੀਕਾ ’ਚ ਰਾਈਫਲ ਸ਼ੂਟਿੰਗ ਨੂੰ ਉਤਸ਼ਾਹ ਦੇਣ ਲਈ 1871 ਤੋਂ ਇਕ ‘ਦਿ ਨੈਸ਼ਨਲ ਰਾਈਫਲ ਐਸੋਸੀਏਸ਼ਨ’ (ਐੱਨ. ਆਰ. ਏ.) ਨਾਮਕ ਸੰਗਠਨ ਚਲਦਾ ਆ ਰਿਹਾ ਹੈ। ਇਹ ਅਮਰੀਕਾ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਸਿਆਸੀ ਸੰਗਠਨਾਂ ’ਚੋਂ ਇਕ ਹੈ ਅਤੇ ਸਰਕਾਰ ਦੇ ਬੰਦੂਕ ਕੰਟਰੋਲ ਸਬੰਧੀ ਯਤਨਾਂ ਵਿਰੁੱਧ ਅਤਿਅੰਤ ਮਜ਼ਬੂਤ ਢੰਗ ਨਾਲ ਲਾਬਿੰਗ ਕਰਦਾ ਆ ਰਿਹਾ ਹੈ। ਇਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਮਜ਼ਬੂਤ ਅਤੇ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਬੰਦੂਕਾਂ ਦਾ ਹੋਣਾ ਜ਼ਰੂਰੀ ਹੈ।
ਇਹ ਸੰਗਠਨ ਅਮਰੀਕੀ ਸੰਵਿਧਾਨ ਦੀ ਉਸ ਦੂਜੀ ਸੋਧ ਦੀ ਜ਼ੋਰਦਾਰ ਢੰਗ ਨਾਲ ਹਮਾਇਤ ਕਰਦਾ ਹੈ ਜਿਸ ’ਚ ਹਥਿਆਰ ਰੱਖਣ ਦੇ ਅਮਰੀਕੀ ਨਾਗਰਿਕਾਂ ਦੇ ਅਧਿਕਾਰ ਦੀ ਹਮਾਇਤ ਕੀਤੀ ਗਈ ਹੈ। ਇਨ੍ਹੀਂ ਦਿਨੀਂ ਇਹ ਸੰਗਠਨ ਨਿਊਯਾਰਕ ਦੇ ਅਟਾਰਨੀ ਜਨਰਲ ਦੇ ਨਾਲ ਗੰਭੀਰ ਕਾਨੂੰਨੀ ਵਿਵਾਦ ’ਚ ਉਲਝਿਆ ਹੋਇਆ ਹੈ ਜੋ 2020 ਤੋਂ ਜਾਰੀ ਹੈ। ਇਸ ਸੰਗਠਨ ’ਤੇ ਦੋਸ਼ ਹੈ ਕਿ ਇਸ ਨੇ ਆਪਣੇ ਮੁਖੀ ‘ਲਾ ਪਿਯਰੇ’ ਅਤੇ ਹੋਰਨਾਂ ਲੋਕਾਂ ਦੇ ਨਿੱਜੀ ਲਾਭ ਲਈ ਸੰਗਠਨ ਦੀ ਕਰੋੜਾਂ ਡਾਲਰ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ’ਚ ਪਾ ਦਿੱਤੀ ਹੈ ਜਿਸ ਦੇ ਲਈ ‘ਲਾ ਪਿਯਰੇ’ ਵਿਰੁੱਧ ਮੁਕੱਦਮਾ ਚਲਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2012 ’ਚ ‘ਸੈਂਡੀਹੁਕ’ ਸਥਿਤ ਸਕੂਲ ’ਚ ਸਮੂਹਿਕ ਗੋਲੀਬਾਰੀ ’ਚ 28 ਲੋਕਾਂ ਦੀ ਮੌਤ ਦੀ ਘਟਨਾ ਦੇ ਬਾਅਦ ਤੋਂ ਇਸ ਸੰਗਠਨ ਦੀ ਮੈਂਬਰ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ ਅਤੇ ਇਹ 50 ਲੱਖ ਤੱਕ ਜਾ ਪੁੱਜੀ ਹੈ। ਇਹ ਸੰਗਠਨ ਆਪਣੇ ਅਥਾਹ ਧਨ ਦੀ ਵਰਤੋਂ ਬੰਦੂਕ ਨੀਤੀ ਦੇ ਪੱਖ ’ਚ ਅਮਰੀਕੀ ਸਿਆਸਤਦਾਨਾਂ ਨੂੰ ਪ੍ਰਭਾਵਿਤ ਕਰਨ ਲਈ ਕਰਦਾ ਹੈ। ਸਾਲ 2021 ’ਚ ਇਸ ਨੇ 42 ਲੱਖ ਡਾਲਰ ਇਸ ਮਦ ’ਤੇ ਖਰਚ ਕੀਤੇ ਸਨ। ਕੁਝ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਇਹ ਸੰਗਠਨ ਪਿਛਲੇ 13 ਸਾਲਾਂ ’ਚ ਬੰਦੂਕ ਸੱਭਿਆਚਾਰ ਨੂੰ ਉਤਸ਼ਾਹ ਦੇਣ ਦੇ ਹਮਾਇਤੀ ਚੋਣ ਉਮੀਦਵਾਰਾਂ ’ਤੇ 140 ਮਿਲੀਅਨ ਡਾਲਰ ਦੀ ਭਾਰੀ ਰਕਮ ਖਰਚ ਕਰ ਚੁੱਕਾ ਹੈ।
ਆਪਣੇ ਮੈਂਬਰਾਂ ਰਾਹੀਂ ਵੀ ਇਹ ਸੰਗਠਨ ਬੰਦੂਕ ਸੱਭਿਆਚਾਰ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਇਸ ਦੇ ਵਧੇਰੇ ਮੈਂਬਰ ਬੰਦੂਕ ਸੱਭਿਆਚਾਰ ਨੂੰ ਉਤਸ਼ਾਹ ਦੇਣ ਵਾਲੇ ਉਮੀਦਵਾਰਾਂ ਦੇ ਪੱਖ ’ਚ ਹੀ ਵੋਟਿੰਗ ਕਰਦੇ ਹਨ। ਇਸ ਸੰਗਠਨ ਦਾ ਕਹਿਣਾ ਹੈ ਕਿ ਬੰਦੂਕਾਂ ’ਤੇ ਪਾਬੰਦੀ ਲਗਾਉਣ ਦੀ ਬਜਾਏ ਸਕੂਲਾਂ ’ਚ ਜ਼ਿਆਦਾ ਸੁਰੱਖਿਆ ਵਧਾਉਣ ਦੀ ਲੋੜ ਹੈ। ਅਮਰੀਕਾ ’ਚ ਗੋਲੀਬਾਰੀ ਨਾਲ ਵੱਡੀ ਗਿਣਤੀ ’ਚ ਮੌਤਾਂ ਦੇ ਬਾਵਜੂਦ ਇਹ ਸੰਗਠਨ ਪਿਛਲੇ ਕਈ ਸਾਲਾਂ ਤੋਂ ਬੰਦੂਕਾਂ ’ਤੇ ਕੰਟਰੋਲ ਸਬੰਧੀ ਚੁੱਕੇ ਜਾਣ ਵਾਲੇ ਕਦਮਾਂ ਦਾ ਹਮਲਾਵਰ ਢੰਗ ਨਾਲ ਵਿਰੋਧ ਕਰਦਾ ਆ ਰਿਹਾ ਹੈ। ਇਸ ਸੰਗਠਨ ਦੀ ਬੰਦੂਕਾਂ ਪ੍ਰਤੀ ਆਸਥਾ ਦਾ ਅਨੁਮਾਨ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਸਾਬਕਾ ਪ੍ਰਧਾਨਾਂ ’ਚੋਂ ਇਕ ਸਵ. ਚਾਰਲਟਨ ਹੈਸਟਨ ਨੇ ਕਿਹਾ ਸੀ ਕਿ ‘‘ਮਰਦੇ ਸਮੇਂ ਵੀ ਮੇਰੇ ਹੱਥਾਂ ’ਚ ਬੰਦੂਕ ਹੋਵੇਗੀ।’’
‘ਨਿਆਪਾਲਿਕਾ ਵੱਲੋਂ’ ਸੁਣਾਏ ਗਏ ਕੁਝ ‘ਮਹੱਤਵਪੂਰਨ ਫ਼ੈਸਲੇ’
NEXT STORY