ਦੇਸ਼ ਵਿਚ ਇਨ੍ਹੀਂ ਦਿਨੀਂ ਚੋਣਾਂ ਦਾ ਮੌਸਮ ਚੱਲ ਰਿਹਾ ਹੈ। ਇਸੇ ਸਾਲ ਦੇ ਅਖੀਰ 'ਚ ਹੋਣ ਵਾਲੀਆਂ 4 ਸੂਬਿਆਂ ਦੀਆਂ ਚੋਣਾਂ ਨੂੰ ਦੇਖਦਿਆਂ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਆਪਸੀ ਗੱਠਜੋੜਾਂ ਆਦਿ ਦੇ ਯਤਨ ਸ਼ੁਰੂ ਕਰ ਦਿੱਤੇ ਹਨ, ਉਥੇ ਹੀ ਮੰਦਰਾਂ ਆਦਿ ਵਿਚ ਉਹ ਦਰਸ਼ਨਾਂ ਲਈ ਵੀ ਜਾ ਰਹੇ ਹਨ, ਜਿਵੇਂ ਕਿ ਪਿਛਲੇ ਸਾਲ ਗੁਜਰਾਤ ਦੀਆਂ ਚੋਣਾਂ ਦੌਰਾਨ ਦੇਖਣ ਨੂੰ ਮਿਲਿਆ ਸੀ। ਇਨ੍ਹਾਂ ਵਿਚ ਭਾਜਪਾ ਦੇ ਸ਼ਾਸਨ ਵਾਲੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ਸਭ ਤੋਂ ਅਹਿਮ ਹਨ, ਜਿਥੇ ਵਸੁੰਧਰਾ ਰਾਜੇ ਅਤੇ ਸ਼ਿਵਰਾਜ ਸਿੰਘ ਚੌਹਾਨ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ। ਦੋਹਾਂ ਹੀ ਸੂਬਿਆਂ ਵਿਚ ਭਾਜਪਾ ਨੇ ਆਪਣੀਆਂ ਸਰਕਾਰਾਂ ਬਚਾਉਣ ਲਈ ਅਤੇ ਕਾਂਗਰਸ ਨੇ ਭਾਜਪਾ ਤੋਂ ਸੱਤਾ ਖੋਹਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਦੋਹਾਂ ਹੀ ਪਾਰਟੀਆਂ ਦੇ ਚੋਟੀ ਦੇ ਨੇਤਾ ਹੋਰਨਾਂ ਉਪਾਵਾਂ ਤੋਂ ਇਲਾਵਾ ਵੱਖ-ਵੱਖ ਮੰਦਰਾਂ ਤੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰ ਕੇ ਲੋਕਾਂ ਵਿਚ ਆਪਣੀ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਆਪਣੀ 'ਜਨ ਸੰਵਾਦ ਯਾਤਰਾ' ਦੇ ਸਿਲਸਿਲੇ ਵਿਚ 16 ਜੁਲਾਈ ਨੂੰ ਡੂੰਗਰਗੜ੍ਹ ਦੇ ਪ੍ਰਸਿੱਧ ਸ਼੍ਰੀਨਾਥ ਮੰਦਰ ਵਿਚ ਗਈ, ਜਿੱਥੇ ਉਨ੍ਹਾਂ ਨੇ 50 ਸੰਤਾਂ ਨੂੰ ਸ਼ਾਲ ਅਤੇ ਸ਼੍ਰੀਫਲ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ 'ਮਹਾਰੇ ਊਪਰ ਪੂਰੋ ਆਸ਼ੀਰਵਾਦ ਰਕਜੂ' ਕਹਿੰਦਿਆਂ ਉਨ੍ਹਾਂ ਤੋਂ ਆਸ਼ੀਰਵਾਦ ਮੰਗਿਆ ਅਤੇ ਸੰਤਾਂ ਨੇ ਕਿਹਾ 'ਵਿਜਯੀ ਭਵ:'। ਵਸੁੰਧਰਾ ਨੇ ਸੂਬੇ ਦੇ 16 ਜ਼ਿਲਿਆਂ ਵਿਚ 50 ਤੋਂ ਜ਼ਿਆਦਾ ਜਨ ਸੰਵਾਦ ਸਭਾਵਾਂ ਕੀਤੀਆਂ ਹਨ। ਇਸ ਦੌਰਾਨ ਉਹ ਹਰ ਜਗ੍ਹਾ ਘੱਟੋ-ਘੱਟ ਇਕ ਮੰਦਰ ਵਿਚ ਜ਼ਰੂਰ ਗਈ ਅਤੇ ਹੁਣ 4 ਅਗਸਤ ਨੂੰ ਉਨ੍ਹਾਂ ਨੇ ਚੋਣਾਂ ਵਿਚ ਪਿਛਲੀ ਸਫਲਤਾ ਦੁਹਰਾਉਣ ਲਈ ਰਾਜਸਮੰਦ ਵਿਖੇ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਚਾਰਭੁਜਾ ਮੰਦਰ ਤੋਂ 'ਰਾਜਸਥਾਨ ਗੌਰਵ ਯਾਤਰਾ' ਸ਼ੁਰੂ ਕੀਤੀ ਹੈ, ਜਿਸ ਦਾ ਉਦਘਾਟਨ ਅਮਿਤ ਸ਼ਾਹ ਨੇ ਕੀਤਾ। ਵਸੁੰਧਰਾ ਦਾ ਇਸ ਯਾਤਰਾ ਦੌਰਾਨ ਸੂਬੇ ਦੀਆਂ ਸਾਰੀਆਂ 7 ਡਵੀਜ਼ਨਾਂ ਵਿਚ ਸਥਿਤ ਮੰਦਰਾਂ 'ਚ ਜਾਣ ਦਾ ਪ੍ਰੋਗਰਾਮ ਹੈ।
ਰਾਜਸਥਾਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕੁਝ ਮਹੀਨਿਆਂ ਦੌਰਾਨ ਕਈ ਮੰਦਰਾਂ ਦੀ ਯਾਤਰਾ ਕੀਤੀ ਹੈ ਤੇ ਰਾਹੁਲ ਗਾਂਧੀ ਵੀ ਰਾਜਸਥਾਨ ਦੇ ਮੰਦਰਾਂ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹਨ।
ਕੁਝ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਪਾਰਟੀ ਨੇਤਾ ਅਤੀਤ ਵਿਚ ਹਮੇਸ਼ਾ ਹੀ ਮੰਦਰਾਂ ਵਿਚ ਦਰਸ਼ਨਾਂ ਲਈ ਜਾਂਦੇ ਰਹੇ ਹਨ ਪਰ ਕਿਉਂਕਿ ਰਾਹੁਲ ਗਾਂਧੀ ਨੇ 25 ਸਤੰਬਰ 2017 ਨੂੰ ਗੁਜਰਾਤ ਦਾ ਚੋਣ ਦੌਰਾ ਦੁਆਰਕਾ ਦੇ ਦੁਆਰਕਾਧੀਸ਼ ਮੰਦਰ ਤੋਂ ਸ਼ੁਰੂ ਕੀਤਾ ਸੀ, ਇਸ ਲਈ ਹੁਣ ਇਨ੍ਹਾਂ ਯਾਤਰਾਵਾਂ ਨੂੰ ਜ਼ਿਆਦਾ ਹੀ ਉਭਾਰਿਆ ਜਾ ਰਿਹਾ ਹੈ। ਢਾਈ ਮਹੀਨਿਆਂ ਦੀ ਪ੍ਰਚਾਰ ਮੁਹਿੰਮ ਦੌਰਾਨ ਰਾਹੁਲ ਗਾਂਧੀ 27 ਮੰਦਰਾਂ 'ਚ ਗਏ ਸਨ। ਅਸਲ ਵਿਚ ਰਾਹੁਲ ਗਾਂਧੀ ਤੋਂ ਲੈ ਕੇ ਅਮਿਤ ਸ਼ਾਹ, ਵਸੁੰਧਰਾ ਰਾਜੇ ਅਤੇ ਸ਼ਿਵਰਾਜ ਸਿੰਘ ਚੌਹਾਨ ਤਕ ਸਾਰਿਆਂ ਨੇ ਮੰਦਰਾਂ ਵਿਚ ਦਰਸ਼ਨਾਂ ਨੂੰ ਆਪਣੀਆਂ ਪ੍ਰਚਾਰ ਯਾਤਰਾਵਾਂ ਦਾ ਅਟੁੱਟ ਹਿੱਸਾ ਬਣਾ ਲਿਆ ਹੈ।
ਇਨ੍ਹੀਂ ਦਿਨੀਂ ਸ਼ਿਵਰਾਜ ਸਿੰਘ ਚੌਹਾਨ ਦੀ 'ਜਨ ਆਸ਼ੀਰਵਾਦ ਯਾਤਰਾ' ਜਾਰੀ ਹੈ। ਆਪਣੀ ਇਸ ਪ੍ਰਚਾਰ ਮੁਹਿੰਮ ਦੌਰਾਨ ਉਹ ਉਸ ਖੇਤਰ ਦੇ ਸਭ ਤੋਂ ਅਹਿਮ ਮੰਦਰ ਵਿਚ ਜ਼ਰੂਰ ਜਾਂਦੇ ਹਨ ਅਤੇ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ਵਿਚ ਬਹੁਤ ਆਸਥਾ ਰੱਖਦੇ ਹਨ।
ਰਾਹੁਲ ਗਾਂਧੀ ਇਸੇ ਮਹੀਨੇ ਸੀਕਰ ਵਿਚ ਸਥਿਤ ਖਾਟੂ ਸ਼ਿਆਮ ਜੀ ਮੰਦਰ ਤੋਂ ਆਪਣੀ ਪਾਰਟੀ ਦੀ ਰਾਜਸਥਾਨ ਚੋਣ ਮੁਹਿੰਮ ਸ਼ੁਰੂ ਕਰਨ ਵਾਲੇ ਹਨ, ਜਦਕਿ ਸਤੰਬਰ ਦੇ ਪਹਿਲੇ ਹਫਤੇ ਉਹ ਖੰਡਵਾ ਜ਼ਿਲੇ ਵਿਚ ਪੈਂਦੇ ਓਂਕਾਰੇਸ਼ਵਰ ਮੰਦਰ ਤੋਂ ਮੱਧ ਪ੍ਰਦੇਸ਼ ਵਿਚ ਚੋਣ ਮੁਹਿੰਮ ਦਾ ਸ਼੍ਰੀਗਣੇਸ਼ ਕਰਨਗੇ।
ਕਾਂਗਰਸੀ ਨੇਤਾਵਾਂ ਵਿਚ ਵੀ ਮੱਧ ਪ੍ਰਦੇਸ਼ ਦੇ ਮੰਦਰ ਕਾਫੀ ਹਰਮਨਪਿਆਰੇ ਹਨ। ਹੁਣੇ ਜਿਹੇ ਕਾਂਗਰਸ ਦੇ ਸੂਬਾਈ ਪ੍ਰਧਾਨ ਕਮਲਨਾਥ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਜਯੋਤਿਰਾਦਿੱਤਿਆ ਸਿੰਧੀਆ ਸਮੇਤ ਕਈ ਨੇਤਾ ਇਥੇ ਦਰਸ਼ਨਾਂ ਲਈ ਆ ਚੁੱਕੇ ਹਨ।
1 ਮਈ ਨੂੰ ਕਾਂਗਰਸ ਦੇ ਸੂਬਾਈ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਅਗਲੇ ਹੀ ਦਿਨ ਕਮਲਨਾਥ ਮਹਾਕਾਲੇਸ਼ਵਰ ਮੰਦਰ ਵਿਚ ਗਏ ਅਤੇ ਵਾਪਸੀ ਮੌਕੇ ਦਤੀਆ ਦੇ ਪਿਤਾਂਬਰਾ ਸ਼ਕਤੀਪੀਠ ਵਿਚ ਵੀ ਉਨ੍ਹਾਂ ਨੇ ਮੱਥਾ ਟੇਕਿਆ। ਪਹਿਲੀ ਅਗਸਤ ਨੂੰ ਉਨ੍ਹਾਂ ਨੇ ਵਿੰਧ ਖੇਤਰ ਦਾ ਦੌਰਾ 'ਮਲਹਾਰ' ਵਿਚ ਸਥਿਤ ਮਾਂ ਸ਼ਾਰਦਾ ਮੰਦਰ ਤੋਂ ਸ਼ੁਰੂ ਕੀਤਾ।
ਇਸੇ ਤਰ੍ਹਾਂ ਜਯੋਤਿਰਾਦਿੱਤਿਆ ਸਿੰਧੀਆ ਨੇ ਵੀ 11 ਮਈ ਨੂੰ ਆਪਣੀ ਇਕ ਹਫਤੇ ਤਕ ਚੱਲਣ ਵਾਲੀ 'ਪਰਿਵਰਤਨ ਯਾਤਰਾ' ਮਹਾਕਾਲ ਮੰਦਰ ਵਿਚ 2 ਘੰਟੇ ਚੱਲੀ ਪੂਜਾ ਤੋਂ ਬਾਅਦ ਸ਼ੁਰੂ ਕੀਤੀ ਅਤੇ ਧਾਰ, ਇੰਦੌਰ ਅਤੇ ਸੀਹੋਰ ਜ਼ਿਲਿਆਂ ਦੀ ਯਾਤਰਾ ਦੌਰਾਨ ਉਥੇ ਸਥਿਤ ਮੰਦਰਾਂ 'ਚ ਵੀ ਗਏ।
ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਜੈ ਸਿੰਘ ਨੇ ਕਾਂਗਰਸ ਦੇ ਸੂਬਾਈ ਪ੍ਰਧਾਨ ਅਰੁਣ ਯਾਦਵ ਨਾਲ ਆਪਣੀ 'ਨਿਆਏ ਯਾਤਰਾ' ਦਾ ਦੂਜਾ ਪੜਾਅ ਚਿੱਤਰਕੂਟ ਵਿਚ ਭਗਵਾਨ ਰਾਮ ਨੂੰ ਸਮਰਪਿਤ ਕਾਮਤਾਨਾਥ ਮੰਦਰ ਵਿਚ ਦਰਸ਼ਨਾਂ ਤੋਂ ਬਾਅਦ ਸ਼ੁਰੂ ਕੀਤਾ ਸੀ।
ਉਕਤ ਦ੍ਰਿਸ਼ ਤੋਂ ਇਹੋ ਸਿੱਟਾ ਨਿਕਲਦਾ ਹੈ ਕਿ ਜਦੋਂ ਵੀ ਕੋਈ ਮੁਸ਼ਕਿਲ ਜਾਂ ਇਮਤਿਹਾਨ ਦੀ ਘੜੀ ਆਉਂਦੀ ਹੈ ਤਾਂ ਨੇਤਾ ਵੀ ਆਮ ਲੋਕਾਂ ਵਾਂਗ ਭਗਵਾਨ ਦੀ ਪਨਾਹ ਵਿਚ ਜਾਣਾ ਹੀ ਬਿਹਤਰ ਮੰਨਦੇ ਹਨ।
—ਵਿਜੇ ਕੁਮਾਰ
ਰਸਾਇਣਾਂ ਨਾਲ ਜ਼ਹਿਰੀਲੇ ਹੋਏ ਫਲਾਂ-ਸਬਜ਼ੀਆਂ ਤੋਂ ਬਾਅਦ ਹੁਣ ਜ਼ਹਿਰੀਲੀਆਂ ਮੱਛੀਆਂ
NEXT STORY