ਦੇਸ਼ ਦੇ ਹਰੇਕ ਖੇਤਰ ਵਿਚ ਜਾਇਜ਼-ਨਾਜਾਇਜ਼ ਢੰਗ ਨਾਲ ਪੈਸਾ ਕਮਾਉਣ ਦੀ ਦੌੜ ਜਿਹੀ ਲੱਗੀ ਹੋਈ ਹੈ ਅਤੇ ਸੁਆਰਥੀ ਅਨਸਰ ਇਸ ਦੇ ਲਈ ਲੋਕਾਂ ਦੀ ਸਿਹਤ ਤਕ ਨਾਲ ਖਿਲਵਾੜ ਕਰ ਰਹੇ ਹਨ। ਬਾਜ਼ਾਰ ਵਿਚ ਨਕਲੀ ਦਵਾਈਆਂ ਅਤੇ ਹਾਨੀਕਾਰਕ ਰਸਾਇਣਕ ਪਦਾਰਥਾਂ ਨਾਲ ਪਕਾਏ ਗਏ ਫਲਾਂ-ਸਬਜ਼ੀਆਂ ਦੀ ਭਰਮਾਰ ਅਤੇ ਵਿਕਰੀ ਇਸੇ ਦਾ ਸਬੂਤ ਹੈ। ਅੰਬ, ਕੇਲੇ ਅਤੇ ਪਪੀਤੇ ਵਰਗੇ ਫਲਾਂ ਨੂੰ ਛੇਤੀ ਪਕਾਉਣ ਲਈ ਕੁਦਰਤੀ ਤਰੀਕਿਆਂ ਦੀ ਬਜਾਏ ਜਾਨਲੇਵਾ ਪਾਬੰਦੀਸ਼ੁਦਾ ਮਸਾਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਯੂ. ਪੀ. ਦੇ ਪਿਪਰੀਆ ਵਿਚ ਅੰਬ ਖਾਣ ਨਾਲ ਇਕ ਬੱਚੀ ਦੀ ਮੌਤ ਹੋ ਗਈ ਤੇ 4 ਹੋਰ ਗੰਭੀਰ ਬੀਮਾਰ ਹੋ ਗਈਆਂ। ਇਹ ਅੰਬ ਕੈਂਸਰਕਾਰਕ ਪਾਬੰਦੀਸ਼ੁਦਾ ਕੈਮੀਕਲ 'ਕੈਲਸ਼ੀਅਮ ਕਾਰਬਾਈਡ' ਦੇ ਪਾਊਡਰ ਅਤੇ ਪਾਬੰਦੀਸ਼ੁਦਾ 'ਐਥੀਲਿਨ ਪਾਊਡਰ' ਨਾਲ ਪਕਾਏ ਗਏ ਸਨ। ਅੰਬਾਂ ਨੂੰ ਕ੍ਰੇਟ ਵਿਚ ਪੈਕ ਕਰਦੇ ਸਮੇਂ ਕਾਰਬਾਈਡ ਜਾਂ ਐਥੀਲਿਨ ਪਾ ਦਿੱਤਾ ਜਾਂਦਾ ਹੈ। ਪਾਣੀ ਵਿਚ ਐਥੀਲਿਨ ਦਾ ਘੋਲ ਬਣਾ ਕੇ ਉਸ ਵਿਚ ਅੰਬਾ ਨੂੰ ਡੁਬੋ ਕੇ ਕੱਢਣ ਤੋਂ ਬਾਅਦ ਸੁਕਾਇਆ ਜਾਂਦਾ ਹੈ। ਇਸ ਨਾਲ ਅੰਬ ਪੀਲੇ ਤੇ ਚਮਕੀਲੇ ਹੋ ਜਾਂਦੇ ਹਨ। ਇਸੇ ਤਰ੍ਹਾਂ ਕੇਲੇ ਕੁਦਰਤੀ ਤੌਰ 'ਤੇ ਪਕਾਉਣ ਦੀ ਬਜਾਏ ਹੁਣ ਰਸਾਇਣਕ ਪਦਾਰਥਾਂ ਨਾਲ ਪਕਾਏ ਜਾਂਦੇ ਹਨ। ਪਪੀਤੇ ਨੂੰ ਵੀ ਲੰਮੇ ਸਮੇਂ ਤਕ ਤਾਜ਼ਾ ਰੱਖਣ ਲਈ 'ਪੈਰਾਈਡ ਕੈਮੀਕਲ' ਦਾ ਲੇਪ ਕੀਤਾ ਜਾਂਦਾ ਹੈ। ਕੈਲਸ਼ੀਅਮ ਕਾਰਬਾਈਡ, ਐਸੀਟੀਲਿਨ, ਐਥੀਲਿਨ, ਪ੍ਰਾਪਲਿਨ, ਇਥਰਿਲ, ਗਲਾਈਕਾਲ ਅਤੇ ਇਥੇਨਾਲ ਆਦਿ ਨੂੰ ਫਲ ਪਕਾਉਣ ਲਈ ਵਰਤਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਕੈਲਸ਼ੀਅਮ ਕਾਰਬਾਈਡ ਬੇਹੱਦ ਹਾਨੀਕਾਰਕ ਹੈ ਤੇ ਇਸ ਦੀ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ਹੈ। ਇਹ ਜ਼ਿਆਦਾ ਮਾਤਰਾ ਵਿਚ ਸਰੀਰ ਅੰਦਰ ਚਲਾ ਜਾਵੇ ਤਾਂ ਫੇਫੜੇ ਨੁਕਸਾਨੇ ਜਾਂਦੇ ਹਨ, ਪੈਪਟਿਕ ਅਲਸਰ ਹੋ ਸਕਦਾ ਹੈ ਅਤੇ ਵਿਅਕਤੀ ਦਾ ਨਾੜੀਤੰਤਰ ਨੁਕਸਾਨਿਆ ਜਾ ਸਕਦਾ ਹੈ, ਗਰਭਵਤੀ ਔਰਤ ਦੇ ਬੱਚੇ 'ਚ ਕਈ ਵਿਕਾਰ ਪੈਦਾ ਹੋ ਸਕਦੇ ਹਨ। ਰਸਾਇਣਾਂ ਨਾਲ ਪੱਕੇ ਫਲਾਂ ਦੇ ਸੇਵਨ ਨਾਲ ਚੱਕਰ ਆਉਣਾ, ਉਲਟੀ, ਖੂਨੀ ਦਸਤ, ਪੇਟ ਤੇ ਸੀਨੇ ਵਿਚ ਸਾੜ, ਗਲ਼ਾ ਸੁੱਕਣਾ, ਕਮਜ਼ੋਰੀ, ਨਿਗਲਣ ਵਿਚ ਤਕਲੀਫ, ਅੱਖਾਂ ਅਤੇ ਚਮੜੀ 'ਤੇ ਸਾੜ, ਅੱਖਾਂ ਨੂੰ ਹਮੇਸ਼ਾ ਲਈ ਗੰਭੀਰ ਨੁਕਸਾਨ, ਮੂੰਹ, ਨੱਕ ਤੇ ਗਲ਼ੇ ਵਿਚ ਸੋਜ, ਛਾਲੇ ਅਤੇ ਸਾਹ ਲੈਣ ਵਿਚ ਤਕਲੀਫ, ਯਾਦਦਾਸ਼ਤ ਖਤਮ ਹੋਣਾ, ਫੂਡ ਪੁਆਇਜ਼ਨਿੰਗ, ਕੈਂਸਰ, ਨਜ਼ਰ ਦਾ ਧੁੰਦਲਾਪਨ, ਮੋਟਾਪਾ, ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ, ਹਮੇਸ਼ਾ ਪੇਟ ਖਰਾਬ ਰਹਿਣਾ ਤੇ ਹੋਰ ਬੀਮਾਰੀਆਂ ਹੋ ਸਕਦੀਆਂ ਹਨ।
ਸਬਜ਼ੀਆਂ ਨੂੰ ਉਗਾਉਣ ਲਈ ਵਰਤੇ ਜਾਂਦੇ ਕੀਟਨਾਸ਼ਕ ਪੇਟ ਵਿਚ ਜਾਣ ਨਾਲ ਦੇਸ਼ ਅੰਦਰ ਡਾਇਬਟੀਜ਼ ਦੇ ਮਾਮਲੇ ਵੀ ਵਧ ਰਹੇ ਹਨ। ਜ਼ਿਆਦਾਤਰ ਸਬਜ਼ੀਆਂ ਤੇ ਫਲਾਂ ਵਿਚ ਖਾਦਾਂ ਦੀ ਵਰਤੋਂ ਹੁੰਦੀ ਹੈ, ਜਿਨ੍ਹਾਂ ਨਾਲ ਪਾਚਨ ਤੰਤਰ 'ਤੇ ਬੁਰਾ ਅਸਰ ਪੈਂਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਸਬਜ਼ੀਆਂ, ਜਿਵੇਂ ਘੀਆ (ਲੌਕੀ), ਕੱਦੂ, ਖੀਰਾ, ਬੈਂਗਣ, ਟਮਾਟਰ ਆਦਿ ਨੂੰ ਘੱਟ ਸਮੇਂ ਵਿਚ ਵੱਡੇ ਕਰ ਕੇ ਬਾਜ਼ਾਰ ਵਿਚ ਲਿਆਉਣ ਲਈ ਹਾਨੀਕਾਰਕ ਕੈਮੀਕਲ ਲੇਪ ਅਤੇ ਆਕਸੀਟੋਸਿਨ ਦੇ ਇੰਜੈਕਸ਼ਨ ਲਾਏ ਜਾ ਰਹੇ ਹਨ। ਆਕਸੀਟੋਸਿਨ ਦਾ ਇੰਜੈਕਸ਼ਨ ਜੇ ਇਕ ਛੋਟੀ ਜਿਹੀ ਲੌਕੀ ਵਿਚ ਲਾ ਦਿੱਤਾ ਜਾਵੇ ਤਾਂ ਸਵੇਰ ਤਕ ਉਹ ਵੱਡੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਕੱਦੂ, ਹਦਵਾਣੇ, ਖਰਬੂਜ਼ੇ, ਕਟਹਲ ਆਦਿ ਦਾ ਆਕਾਰ ਫਟਾਫਟ ਵਧਾਉਣ ਲਈ ਇਸ ਦੀ ਵਰਤੋਂ ਹੁੰਦੀ ਹੈ। ਜਿਵੇਂ ਕਿ ਇੰਨਾ ਹੀ ਕਾਫੀ ਨਹੀਂ ਸੀ, ਹੁਣੇ-ਹੁਣੇ ਇਹ ਖੁਲਾਸਾ ਹੋਇਆ ਹੈ ਕਿ ਗੁਜਰਾਤ, ਓਡਿਸ਼ਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਪਲਾਈ ਕੀਤੀਆਂ ਜਾਣ ਵਾਲੀਆਂ ਮੱਛੀਆਂ ਨੂੰ 'ਤਾਜ਼ਾ' ਰੱਖਣ ਲਈ 'ਫੋਰਮਾਲਿਨ' ਨਾਮੀ ਖਤਰਨਾਕ ਕੈਮੀਕਲ ਦਾ ਲੇਪ ਕੀਤਾ ਜਾ ਰਿਹਾ ਹੈ। ਇਸ ਦੀ ਵਰਤੋਂ ਆਮ ਤੌਰ 'ਤੇ ਲਾਸ਼ਘਰਾਂ ਵਿਚ ਲਾਸ਼ਾਂ ਉਤੇ ਲੇਪ ਕਰਨ ਲਈ ਕੀਤੀ ਜਾਂਦੀ ਹੈ। ਹੁਣੇ ਜਿਹੇ ਚੰਡੀਗੜ੍ਹ ਅਤੇ ਪੰਜਾਬ ਵਿਚ ਵੇਚੀਆਂ ਜਾਣ ਵਾਲੀਆਂ ਮੱਛੀਆਂ ਦੀਆਂ 2 ਹਰਮਨਪਿਆਰੀਆਂ ਕਿਸਮਾਂ ਵਿਚ ਇਸ ਕੈਮੀਕਲ ਦੀ ਮੌਜੂਦਗੀ ਦਾ ਪਤਾ ਲੱਗਾ ਹੈ। ਇਹ ਕੈਮੀਕਲ ਇੰਨਾ ਤੇਜ਼ ਹੈ ਕਿ 5 ਫੀਸਦੀ ਫੋਰਮਾਲਿਨ ਅਤੇ 95 ਫੀਸਦੀ ਪਾਣੀ ਦਾ ਘੋਲ ਮੱਛੀਆਂ ਨੂੰ 100 ਸਾਲਾਂ ਤਕ 'ਸੁਰੱਖਿਅਤ' ਰੱਖ ਸਕਦਾ ਹੈ। ਮਾਹਿਰਾਂ ਅਨੁਸਾਰ ਇਹ ਐਂਜ਼ਾਈਮਜ਼ ਨੂੰ ਗੜਬੜਾ ਕੇ ਅਤੇ ਪਾਚਨ ਪ੍ਰਣਾਲੀ ਨੂੰ ਨਕਾਰਾ ਕਰ ਕੇ ਪੇਟ ਦੀਆਂ ਗੰਭੀਰ ਬੀਮਾਰੀਆਂ ਨੂੰ ਜਨਮ ਦੇ ਸਕਦਾ ਹੈ।
ਇਹ ਸਾਹ ਨਲੀ, ਫੇਫੜਿਆਂ, ਜਿਗਰ, ਕਿਡਨੀ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਐਲਰਜੀ, ਬ੍ਰੋਂਕਾਈਟਿਸ, ਨਿਮੋਨੀਏ ਅਤੇ ਕੈਂਸਰ ਦੀ ਵਜ੍ਹਾ ਵੀ ਬਣ ਸਕਦਾ ਹੈ। ਇਸ ਨਾਲ ਭੋਜਨ ਪੋਸ਼ਕ ਤੱਤ ਗੁਆ ਬੈਠਦਾ ਹੈ। ਇਹ ਭੋਜਨ ਹਜ਼ਮ ਨਹੀਂ ਹੁੰਦਾ ਤੇ ਉਸੇ ਹਾਲਤ ਵਿਚ ਗੰਦਗੀ ਦੇ ਰੂਪ ਵਿਚ ਸਰੀਰ 'ਚੋਂ ਨਿਕਲ ਜਾਂਦਾ ਹੈ।
ਹੁਣ ਤਕ ਤਾਂ ਫਲਾਂ ਅਤੇ ਸਬਜ਼ੀਆਂ ਵਿਚ ਹੀ ਹਾਨੀਕਾਰਕ ਰਸਾਇਣਕ ਪਦਾਰਥ ਪੌਸ਼ਟਿਕ ਆਹਾਰ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਸਨ ਪਰ ਹੁਣ ਮੱਛੀਆਂ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ 'ਤੇ ਹਾਨੀਕਾਰਕ 'ਫੋਰਮਾਲਿਨ' ਦੇ ਲੇਪ ਦਾ ਪਤਾ ਲੱਗਣ ਤੋਂ ਬਾਅਦ ਮੱਛੀ ਪ੍ਰੇਮੀਆਂ ਨੂੰ ਵੀ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ 'ਫੋਰਮਾਲਿਨ' ਦੇ ਲੇਪ ਵਾਲੀ ਮੱਛੀ ਦਾ ਸੇਵਨ ਉਨ੍ਹਾਂ ਨੂੰ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਵੀ ਬਣਾ ਸਕਦਾ ਹੈ।
—ਵਿਜੇ ਕੁਮਾਰ
ਫਰਾਂਸ ਦੇ ਸਕੂਲਾਂ 'ਚ ਸਮਾਰਟ ਫੋਨਜ਼ ਦੀ ਨੋ ਐਂਟਰੀ ਸਰਕਾਰ ਨੇ ਲਾਈ ਪਾਬੰਦੀ
NEXT STORY