ਅਸੀਂ ਲਿਖਦੇ ਰਹਿੰਦੇ ਹਾਂ ਕਿ ਵਿਅਕਤੀ ਨੇ ਜਿਸ ਪਾਰਟੀ ’ਚ ਰਹਿ ਕੇ ਆਪਣਾ ਰੁਤਬਾ ਬਣਾਇਆ ਹੈ, ਉਸ ਨੂੰ ਛੱਡ ਕੇ ਜਾਣ ਦੀ ਬਜਾਏ ਉਸੇ ਪਾਰਟੀ ’ਚ ਰਹਿ ਕੇ ਅਤੇ ਆਪਣੇ ਬਰਾਬਰ ਦੇ ਵਿਚਾਰਕ ਸਾਥੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰ ਕੇ ਆਪਣੀ ਗੱਲ ’ਤੇ ਪਾਰਟੀ ਲੀਡਰਸ਼ਿਪ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਪਾਰਟੀ ਦੇ ਆਗੂਆਂ ਦਾ ਵੀ ਫਰਜ਼ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਮਿਹਨਤੀ ਵਰਕਰ ਅਣਡਿੱਠ ਨਾ ਹੋਣ, ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਦਿੱਤਾ ਜਾਵੇ।
ਹੁਣੇ ਜਿਹੇ ਹੀ ਸੰਪੰਨ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਕੁਝ ਅਜਿਹਾ ਹੀ ਘਟਨਾਚੱਕਰ ਵੇਖਣ ਨੂੰ ਮਿਲਿਆ ਜਦੋਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰਵੱਈਏ ਤੋਂ ਕਥਿਤ ਰੂਪ ਨਾਲ ਨਾਰਾਜ਼ ਅਤੇ ਪਾਰਟੀ ’ਚ ਖੁਦ ਨੂੰ ਨਜ਼ਰਅੰਦਾਜ਼ ਮਹਿਸੂਸ ਕਰਨ ਵਾਲੇ 34 ਵਿਧਾਇਕਾਂ, ਦਰਜਨਾਂ ਹੋਰ ਆਗੂਆਂ ਅਤੇ ਕਈ ਅਭਿਨੇਤਾ-ਅਭਿਨੇਤਰੀਆਂ ਨੇ ਪਾਲਾ ਬਦਲ ਕੇ ਭਾਜਪਾ ਦਾ ਪੱਲਾ ਫੜ ਲਿਆ।
ਇਨ੍ਹਾਂ ’ਚ ਸ਼ੁਭੇਂਦੂ ਅਧਿਕਾਰੀ, ਜਿਨ੍ਹਾਂ ਨੇ ਨੰਦੀਗ੍ਰਾਮ ’ਚ ਮਮਤਾ ਬੈਨਰਜੀ ਨੂੰ ਹਰਾਇਆ, ਤੋਂ ਇਲਾਵਾ ‘ਸਾਊਥ ਬੰਗਾਲ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ’ ਦੇ ਮੁਖੀ ਦੀਪਤਾਂਗਸ਼ੂ ਚੌਧਰੀ, ਵਿਧਾਇਕ ਸ਼ੀਲਭਦਰ ਦੱਤ, ਵਿਧਾਇਕ ਬਨਾਸ਼੍ਰੀ ਮੈਤੀ, ਵੈਸ਼ਾਲੀ ਡਾਲਮੀਆ, ਦੀਪਕ ਕੁਮਾਰ ਹਲਦਰ, ਪ੍ਰਬੀਰ ਘੋਸ਼ਾਲ, ਵਿਸ਼ਵਜੀਤ ਕੁੰਡੂ, ਜੰਗਲਾਤ ਮੰਤਰੀ ਰਾਜੀਬ ਬੈਨਰਜੀ ਆਦਿ ਪ੍ਰਮੁੱਖ ਹਨ।
ਇਹੀ ਨਹੀਂ ਭਾਜਪਾ ਨੇ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਅਤੇ ਦੋ ਹੋਰ ਲੋਕ ਸਭਾ ਮੈਂਬਰਾਂ ਲਾਕੇਟ ਚੈਟਰਜੀ ਅਤੇ ਨਿਸ਼ੀਥ ਪ੍ਰਾਮਾਣਿਕ ਅਤੇ ਰਾਜ ਸਭਾ ਦੇ ਮੈਂਬਰ ਸਵਪਨ ਦਾਸ ਗੁਪਤਾ ਨੂੰ ਵੀ ਕੇਂਦਰ ਤੋਂ ਲਿਆ ਕੇ ਚੋਣ ਲੜਵਾਈ ਗਈ ਪਰ ਚਾਰੇ ਹੀ ਹਾਰ ਗਏ। ਹਾਲਾਂਕਿ ਬਾਬੁਲ ਸੁਪਰੀਓ, ਲਾਕੇਟ ਚੈਟਰਜੀ ਅਤੇ ਨਿਸ਼ੀਥ ਪ੍ਰਾਮਾਣਿਕ ਦੀ ਲੋਕ ਸਭਾ ਦੀ ਮੈਂਬਰੀ ਤਾਂ ਕਾਇਮ ਰਹੇਗੀ ਪਰ ਸਵਪਨ ਦਾਸ ਗੁਪਤਾ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ, ਇਸ ਲਈ ਉਹ ਨਾ ਹੀ ਵਿਧਾਇਕ ਬਣ ਸਕੇ ਤੇ ਨਾ ਹੀ ਸੰਸਦ ਮੈਂਬਰ ਰਹੇ।
ਇਕ ਪਾਸੇ ਜਿੱਥੇ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਇਨ੍ਹਾਂ ਦਲ ਬਦਲੂਆਂ ਨੂੰ ਅੱਖਾਂ ਬੰਦ ਕਰ ਕੇ ਪਾਰਟੀ ’ਚ ਸ਼ਾਮਲ ਕਰਦੀ ਗਈ ਤਾਂ ਦੂਜੇ ਪਾਸੇ ਪਾਰਟੀ ਆਗੂਆਂ ਦੇ ਇਕ ਵਰਗ ’ਚ ਇਸ ਵਿਰੁੱਧ ਬਗਾਵਤ ਸ਼ੁਰੂ ਹੋ ਗਈ ਅਤੇ ਭਾਜਪਾ ਦੇ ਪੁਰਾਣੇ ਮੈਂਬਰਾਂ ਅਤੇ ਦਲ ਬਦਲੂਆਂ ਦਰਮਿਆਨ ਖੂਨ-ਖਰਾਬਾ ਵੀ ਹੋਇਆ।
ਤ੍ਰਿਣਮੂਲ ਕਾਂਗਰਸ ਤੋਂ ਆਏ ਦਲ ਬਦਲੂਆਂ ਨੂੰ ਚੋਣ ਲੜਵਾਉਣ ਦਾ ਭਾਜਪਾ ਦਾ ਤਜਰਬਾ ਨਾਕਾਮ ਰਿਹਾ ਅਤੇ 2 ਮਈ ਨੂੰ ਐਲਾਨੇ ਗਏ ਨਤੀਜਿਆਂ ’ਚ 13 ਦਲ ਬਦਲੂ ਵਿਧਾਇਕਾਂ ’ਚੋਂ ਸਿਰਫ 4 ਹੀ ਆਪਣੀ ਸੀਟ ਬਚਾ ਸਕੇ। ਇਕ ਦਲ ਬਦਲੂ ਕਿਸੇ ਹੋਰ ਸੀਟ ਤੋਂ ਜਿੱਤਿਆ ਅਤੇ ਹੋਰਨਾਂ 8 ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
‘ਰਾਸ਼ਟਰੀ ਸਵੈਮਸੇਵਕ ਸੰਘ’ ਦੇ ਕੁਝ ਆਗੂਆਂ ਨੂੰ ਵੀ ਦਲ ਬਦਲੂਆਂ ਨੂੰ ਅੱਖਾਂ ਬੰਦ ਕਰ ਕੇ ਪਾਰਟੀ ’ਚ ਸ਼ਾਮਲ ਕਰਨਾ ਪਸੰਦ ਨਹੀਂ ਸੀ ਕਿਉਂਕਿ ‘ਸੰਘ’ ਦੂਜੀ ਪਾਰਟੀ ਤੋਂ ਆਏ ਨੇਤਾਵਾਂ ਅਤੇ ਉਨ੍ਹਾਂ ਦੇ ਹਮਾਇਤੀਆਂ ’ਤੇ ਭਰੋਸਾ ਕਰਨ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਦਾ ਰਿਹਾ ਹੈ। ਸੰਘ ਦੇ ਨੇਤਾਵਾਂ ਮੁਤਾਬਕ ‘‘ਦਲ ਬਦਲੂਆਂ ਦੀ ਕੋਈ ਵੀ ਵਿਚਾਰਧਾਰਾ ਨਹੀਂ ਹੁੰਦੀ ਅਤੇ ਵਧੀਆ ਸਥਿਤੀ ਜਾਂ ਲਾਲਚ ਮਿਲਣ ’ਤੇ ਉਹ ਪਾਲਾ ਬਦਲ ਸਕਦੇ ਹਨ।’’
ਕਿਉਂਕਿ ਵਧੇਰੇ ਦਲ ਬਦਲੂ ਸੱਤਾ ਦੇ ਸਵਾਰਥ ਦੀ ਖਾਤਿਰ ਹੀ ਦੂਜੀ ਪਾਰਟੀ ’ਚ ਜਾਂਦੇ ਹਨ, ਇਸ ਲਈ ਜੇ ਤ੍ਰਿਣਮੂਲ ਕਾਂਗਰਸ ਦੇ ਇਹ ਦਲ ਬਦਲੂ ਜਿੱਤ ਵੀ ਜਾਂਦੇ ਤਾਂ ਸਰਕਾਰ ’ਚ ਕਿਸੇ ਨਾ ਕਿਸੇ ਅਹੁਦੇ ਲਈ ਭਾਜਪਾ ਦੀ ਲੀਡਰਸ਼ਿਪ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੰਦੇ ਜਿਸ ਕਾਰਨ ਭਾਜਪਾ ’ਚ ਵੀ ਤਣਾਤਣੀ ਵਾਲੀ ਸਥਿਤੀ ਪੈਦਾ ਹੋ ਜਾਂਦੀ।
ਖੈਰ ਜਿੱਥੇ ਭਾਜਪਾ ਦੀ ਲੀਡਰਸ਼ਿਪ ਨੇ ਆਪਣੀ ਚੋਣ ਮੁਹਿੰਮ ’ਚ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਆਏ ਲੋਕਾਂ ਨੂੰ ਪ੍ਰਭਾਵਿਤ ਕਰਨ ’ਚ ਸਫਲਤਾ ਹਾਸਲ ਕੀਤੀ ਪਰ ਉਹ ਔਰਤਾਂ ਅਤੇ ਮੁਸਲਮਾਨਾਂ ਸਮੇਤ ਸਥਾਨਕ ਵੋਟਰਾਂ ਨੂੰ ਪ੍ਰਭਾਵਿਤ ਕਰਨ ’ਚ ਨਾਕਾਮ ਰਹੇ, ਜਿਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ।
ਅਭਿਨੇਤਰੀ ਜਯਾ ਬੱਚਨ ਨੇ ਵੀ ਆਪਣੇ ਪਤੀ ਅਮਿਤਾਭ ਬੱਚਨ ਦੀ ਸਿਆਸੀ ਪ੍ਰਤੀਬੱਧਤਾ (ਕਾਂਗਰਸ) ਨੂੰ ਧਿਆਨ ’ਚ ਰੱਖਦਿਆਂ ਕੋਲਕਾਤਾ ਜਾ ਕੇ 4 ਦਿਨ ਲਈ ਤ੍ਰਿਣਮੂਲ ਕਾਂਗਰਸ ਦੇ ਹੱਕ ’ਚ ਪ੍ਰਚਾਰ ਕੀਤਾ। ਇਸ ਦਾ ਵੀ ਔਰਤਾਂ ’ਤੇ ਢੁੁੱਕਵਾਂ ਅਸਰ ਪਿਆ।
ਖੈਰ ਹੁਣ ਹਾਰੇ ਹੋਏ ਦਲ ਬਦਲੂ ਨੇਤਾਵਾਂ ਲਈ ‘ਨਾ ਇਧਰ ਦੇ ਰਹੇ, ਨਾ ਓਧਰ ਦੇ ਰਹੇ’ ਵਾਲੀ ਹਾਲਤ ਪੈਦਾ ਹੋ ਗਈ ਹੈ ਕਿਉਂਕਿ ਅਗਲੇ 5 ਸਾਲ ਤੱਕ ਉਨ੍ਹਾਂ ਨੂੰ ਭਾਜਪਾ ’ਚ ਕੋਈ ਵੀ ਨਹੀਂ ਪੁੱਛੇਗਾ ਅਤੇ ਖੇਤਰੀ ਲੋਕ ਵੀ ਹੁਣ ਕੰਮ ਕਰਵਾਉਣ ਲਈ ਉਨ੍ਹਾਂ ਕੋਲ ਨਾ ਆ ਕੇ ਤ੍ਰਿਣਮੂਲ ਕਾਂਗਰਸ ਦੇ ਜੇਤੂ ਵਿਧਾਇਕਾਂ ਕੋਲ ਹੀ ਜਾਣਗੇ।
ਹਾਲਾਂਕਿ ਦਲ ਬਦਲੀ ਦਾ ਇਹ ਪਹਿਲਾ ਮੌਕਾ ਨਹੀਂ ਪਰ ਯਕੀਨੀ ਹੀ ਦਲ ਬਦਲੂਆਂ ਨੇ ਆਪਣੀ ਭਰੋਸੇਯੋਗਤਾ ਅਤੇ ਵੱਕਾਰ ਨੂੰ ਮੁੜ ਤੋਂ ਗੁਆਇਆ ਹੈ ਜਿਸ ਦੀ ਉਨ੍ਹਾਂ ਨੂੰ ਕੀਮਤ ਵੀ ਚੋਣ ਹਾਰ ਵਜੋਂ ਚੁਕਾਉਣੀ ਪਵੇਗੀ।
-ਵਿਜੇ ਕੁਮਾਰ
ਮਮਤਾ ਚੁਣੀ ਗਈ ਵਿਧਾਇਕ ਦਲ ਦੀ ਨੇਤਾ, ਤੀਸਰੀ ਵਾਰ ਬਣੇਗੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ
NEXT STORY