ਦੱਖਣੀ ਕੋਰੀਆ ਦੀ ਪੌਪ ਸਟਾਰ ਗੂ ਹਾਰਾ ਦੀ ਮੌਤ ਨੇ ਦੇਸ਼ ਵਿੱਚ ਲੁਕਵੇਂ ਕੈਮਿਰਿਆਂ ਦਾ ਸਦਮਾ ਝੱਲ ਰਹੀਆਂ ਕੁੜੀਆਂ ਦੇ ਦਰਦ ਵੱਲ ਧਿਆਨ ਖਿੱਚਿਆ ਹੈ।
ਜਦੋਂ ਕੋਰੀਆਈ ਪੌਪ ਸੰਗੀਤ (ਕੇ-ਪੌਪ) ਸਟਾਰ ਗੂ ਹਾਰਾ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। ਉਨ੍ਹਾਂ ਦੇ ਬੁਆਏਫਰੈਂਡ ਨੇ ਲੁਕਵੇਂ ਕੈਮਰੇ ਨਾਲ ਉਨ੍ਹਾਂ ਦੀ ਇੱਕ ਵੀਡੀਓ ਬਣਾ ਲਈ ਸੀ। ਉਸ ਤੋਂ ਬਾਅਦ ਗੂ ਹਾਰਾ ਨੇ ਨਿਆਂ ਲਈ ਖੁੱਲ੍ਹ ਕੇ ਲੜਾਈ ਲੜੀ। ਇਸ ਲਈ ਉਨ੍ਹਾਂ ਨੂੰ ਇੰਟਰਨੈਟ 'ਤੇ ਟਰੋਲਿੰਗ ਦਾ ਨਿਸ਼ਾਨਾ ਬਣਾਇਆ ਗਿਆ।
ਦੱਖਣੀ ਕੋਰੀਆ ਵਿੱਚ ਅਜਿਹੀ ਲੁਕਵੀਂ ਪੋਰਨ (‘ਸਪਾਈ ਕੈਮ ਪੋਰਨ’) ਬਣਾਉਣ ਵਾਲਿਆਂ ਲਈ ਬਹੁਤੀਆਂ ਸਖ਼ਤ ਸਜ਼ਾਂਵਾਂ ਨਹੀਂ ਹਨ। ਬੀਬੀਸੀ ਪੱਤਰਕਾਰ ਲੌਰਾ ਬਿਕਰ ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਤੋਂ ਲਿਖਦੇ ਹਨ ਕਿ ਪੀੜਤਾਂ ਨੂੰ ਇੱਕ ਵੱਖਰੀ ਕਿਸਮ ਦੀ ਸਜ਼ਾ ਭੁਗਤਣੀ ਪੈਂਦੀ ਹੈ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਲੜਕੀ ਨੇ ਇੱਕ ਰਾਤ ਅਚਾਨਕ ਆਪਣੇ ਪਿਤਾ ਨੂੰ ਫੋਨ ਕੀਤਾ ਤੇ ਕਿਹਾ, “ਮੈਨੂੰ ਲਗਦਾ ਹੈ ਉਹ ਹਾਲੇ ਵੀ ਮੈਨੂੰ ਦੇਖ ਰਿਹਾ ਹੈ।"
ਉਸ ਦਿਨ ਵੀ ਉਹ ਇੱਕ ਡਰਾਉਣੇ ਸੁਪਨੇ ਤੋਂ ਬਾਅਦ ਉੱਠ ਖੜ੍ਹੀ ਸੀ। ਅਜਿਹੇ ਸੁਪਨੇ ਉਸ ਨੂੰ ਇੱਕ ਤੋਂ ਬਾਅਦ ਇੱਕ, ਹਰ ਰੋਜ਼ ਆਉਂਦੇ ਸਨ।
ਉਹ ਵੀ ਦੱਖਣੀ ਕੋਰੀਆ ਦੇ ਇਸ ਸਪਾਈ ਕੈਮ ਪੋਰਨ ਦੀ ਪੀੜਤਾ ਸੀ। ਅਸੀਂ ਉਸ ਲੜਕੀ ਦਾ ਨਾਮ ਊਨ-ਜੂ ਮੰਨ ਕੇ ਚੱਲਦੇ ਹਾਂ, ਕਿਉਂਕਿ ਉਸ ਦਾ ਅਸਲੀ ਨਾਮ ਲੁਕਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ:
ਊਨ-ਜੂ ਦੇ ਇੱਕ ਸਹਿਕਰਮੀ ਨੇ ਔਰਤਾਂ ਦੇ ਗੁਸਲਖਾਨੇ ਦੀ ਕੰਧ ਵਿੱਚ ਸੁਰਾਖ਼ ਕਰ ਕੇ ਇੱਕ ਕੈਮਰਾ ਫਿੱਟ ਕਰ ਦਿੱਤਾ ਸੀ। ਜਦੋਂ ਪੁਲਿਸ ਨੇ ਉਸ ਨੂੰ ਰੰਗੇ-ਹੱਥੀਂ ਫੜਿਆ ਤਾਂ ਉਸ ਦੇ ਮੋਬਾਈਲ ਵਿੱਚੋਂ ਚਾਰ ਔਰਤਾਂ ਦੀਆਂ ਵੀਡੀਓ ਬਰਾਮਦ ਹੋਈਆਂ।
ਊਨ-ਜੂ ਦੇ ਮਾਪਿਆਂ ਨੇ ਮੈਨੂੰ ਇੱਕ ਫੋਨ ਰਿਕਾਰਡਿੰਗ ਸੁਣਾਈ ਜਿਸ ਤੋਂ ਪਤਾ ਚਲਦਾ ਸੀ ਕਿ ਉਨ੍ਹਾਂ ਦੀ ਧੀ ਦੀ ਮਾਨਸਿਕ ਸਹਿਤ ਉੱਪਰ ਇਸ ਘਟਨਾਕ੍ਰਮ ਦਾ ਕਿੰਨਾ ਅਸਰ ਪਿਆ ਸੀ।
ਊਨ-ਜੂ ਇੱਕ ਦਿਨ ਅਚਾਨਕ ਹਸਪਤਾਲ ਜਾਂਦਿਆਂ ਰਾਹ ਵਿੱਚ ਮੁਲਜ਼ਮ ਨਾਲ ਟਕਰਾ ਗਈ। ਘਬਰਾਹਟ ਵਿੱਚ ਉਸ ਨੇ ਹਸਪਤਾਲ ਦੀ ਯੂਨੀਅਨ ਦੇ ਨੁਮਾਇੰਦੇ ਨੂੰ ਫੋਨ ਕੀਤਾ। ਉਸ ਨੇ ਉਹ ਕਾਲ ਰਿਕਾਰਡ ਕਰ ਲਈ। ਰਿਕਾਰਡਿੰਗ ਵਿੱਚ ਊਨ-ਜੂ ਨੂੰ ਸਾਹ ਚੜ੍ਹਿਆ ਹੋਇਆ ਹੈ ਤੇ ਉਸ ਦੀ ਆਵਾਜ਼ ਮੁਸ਼ਕਲ ਨਾਲ ਹੀ ਸੁਣਾਈ ਦੇ ਰਹੀ ਹੈ।
ਉਸ ਨੁਮਾਇੰਦੇ ਨੇ ਊਨ-ਜੂ ਨੂੰ ਸਮਝਾਇਆ ਕਿ, "ਬਾਹਰ ਆ ਜਾਓ, ਹਸਪਤਾਲ ਤੋਂ ਬਾਹਰ ਨਿਕਲ ਜਾਓ।”
ਇੱਕ ਹੋਰ ਨਰਸ ਨੂੰ ਫੋਨ ਫੜ੍ਹਾਉਣ ਤੋਂ ਪਹਿਲਾਂ ਊਨ-ਜੂ ਇੰਨਾ ਹੀ ਕਹਿ ਸਕੀ, "ਮੈਂ ਨਹੀਂ ਆ ਸਕਦੀ, ਮੈਨੂੰ ਡਰ ਹੈ ਮੈਂ ਉਸ ਨਾਲ ਫਿਰ ਟਕਰਾ ਜਾਵਾਂਗੀ।"
ਰਿਕਾਰਡਿੰਗ ਵਿੱਚ ਉਸ ਦਾ ਡਰ ਮਹਿਸੂਸ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਉਸ ਨੂੰ ਹਰ ਪਲ ਇਹੀ ਲਗਦਾ ਰਹਿੰਦਾ ਕਿ ਉਹ ਕਦੇ ਵੀ ਉਸ ਆਦਮੀ ਦੇ ਸ਼ਿਕੰਜੇ ਤੋਂ ਬਾਹਰ ਨਹੀਂ ਆ ਸਕੇਗੀ।
ਪਿਤਾ ਨੇ ਦੱਸਿਆ, "ਤੁਸੀਂ ਕਿਸੇ ਨੂੰ ਬਿਨਾਂ ਹਥਿਆਰਾਂ ਦੇ ਵੀ ਮਾਰ ਸਕਦੇ ਹੋ। ਬੋਝ ਇੱਕੋ ਜਿਹਾ ਹੋ ਸਕਦਾ ਹੈ ਪਰ ਅਸਰ ਹਰ ਵਿਅਕਤੀ ਤੇ ਇੱਕੋ ਜਿਹਾ ਨਹੀਂ ਹੁੰਦਾ। ਕੁਝ ਇਸ ਵਿੱਚੋਂ ਬਾਹਰ ਆ ਜਾਂਦੇ ਹਨ ਤੇ ਕੁਝ ਬਾਹਰ ਨਹੀਂ ਆ ਪਾਉਂਦੇ।"
"ਉਹ ਕਈ ਅਜਿਹੇ ਲੋਕਾਂ ਨੂੰ ਜਾਣਦਾ ਸੀ ਜੋ ਮੇਰੀ ਧੀ ਦੇ ਵੀ ਜਾਣਕਾਰ ਸਨ। ਮੇਰੀ ਧੀ ਨੂੰ ਡਰ ਸੀ ਕਿ ਉਸ ਨੇ ਉਹ ਵੀਡੀਓ ਜਾਣਕਾਰਾਂ ਨਾਲ ਵੀ ਸਾਂਝੀ ਕਰ ਦਿੱਤੀ ਹੋਵੇਗੀ, ਹਾਲਾਂਕਿ ਉਸ ਨੇ ਉਹ ਵੀਡੀਓ ਇੰਟਰਨੈਟ ਤੇ ਨਹੀਂ ਪਾਈ।"
ਨਵੰਬਰ ਦੇ ਸ਼ੁਰੂ ਵਿੱਚ ਹੀ ਉਸ ਵਿਅਕਤੀ ਨੂੰ 10 ਮਹੀਨਿਆਂ ਲਈ ਜੇਲ੍ਹ ਵਿੱਚ ਭੇਜਿਆ ਗਿਆ। ਉਸ ਦਾ ਨਾਮ ਕਾਨੂੰਨੀ ਕਾਰਨਾਂ ਕਾਰਨ ਅਸੀਂ ਸਾਂਝਾ ਨਹੀਂ ਕਰ ਸਕਦੇ। ਸਰਕਾਰੀ ਪੱਖ ਨੇ ਉਸ ਲਈ ਦੋ ਸਾਲ ਕੈਦ ਦੀ ਮੰਗ ਕੀਤੀ ਜਦਕਿ ਅਜਿਹੇ ਜੁਰਮ ਲਈ ਵੱਧੋ-ਵੱਧ 5 ਸਾਲਾਂ ਦੀ ਕੈਦ ਹੋ ਸਕਦੀ ਹੈ।
ਊਨ-ਜੂ ਦੇ ਮਾਪਿਆਂ ਨੇ ਫ਼ੈਸਲੇ ਖ਼ਿਲਾਫ਼ ਉੱਪਰਲੀ ਅਦਾਲਤ ਵਿੱਚ ਅਪੀਲ ਕਰਨ ਦਾ ਫ਼ੈਸਲਾ ਲਿਆ ਹੈ। ਪਿਤਾ ਨੇ ਦੱਸਿਆ,"ਲੋਕ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਸਜ਼ਾ ਬਹੁਤ ਥੋੜ੍ਹੀ ਹੈ।"
ਦੱਖਣੀ ਕੋਰੀਆਂ ਦੀਆਂ ਹਜ਼ਾਰਾਂ ਔਰਤਾਂ ਇਸ ਗੱਲ ਨਾਲ ਸਹਿਮਤ ਹਨ ਕਿ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਨ੍ਹਾਂ ਔਰਤਾਂ ਨੇ ਰਾਸ਼ਟਰਪਤੀ ਦਫ਼ਤਰ ਦਾ ਧਿਆਨ ਸੈਕਸ ਕਰਾਈਮ ਨਾਲ ਜੁੜੇ ਮਾਮਲਿਆਂ ਵਿੱਚ ਸਖ਼ਤ ਸਜ਼ਾਵਾਂ ਦੀ ਮੰਗ ਵੱਲ ਦੁਆਇਆ ਹੈ। ਦੱਖਣੀ ਕੋਰੀਆ ਵਿੱਚ ਜ਼ਿਆਦਾਤਰ ਜਿਣਸੀ ਅਪਰਾਧ ਲੁਕਵੀਂ ਫਿਲਮਿੰਗ ਨਾਲ ਸਬੰਧਿਤ ਹੁੰਦੇ ਹਨ।
ਗੂ ਹਾਰਾ ਦੇ ਮੌਤ ਤੋਂ ਬਾਅਦ ਅਜਿਹੇ ਅਪਰਾਧਾਂ ਲਈ ਵਧੇਰੇ ਸਖ਼ਤ ਸਜ਼ਾਵਾਂ ਦੀ ਮੰਗ ਨੇ ਹੋਰ ਜ਼ੋਰ ਫੜਿਆ ਹੈ। ਉਹ ਦੇਸ਼ ਦੀਆਂ ਸਭ ਤੋਂ ਪ੍ਰਮੁੱਖ ਗਾਇਕਾਵਾਂ ਵਿੱਚੋਂ ਸਨ ਜੋ ਸਿਰਫ਼ ਕੁੜੀਆਂ ਦੇ ਪੌਪ ਗਰੁੱਪ ਨਾਲ ਸ਼ੋਹਰਤ ਦੇ ਸਿਖ਼ਰਾਂ 'ਤੇ ਪਹੁੰਚੇ ਪਰ ਜ਼ਿੰਦਗੀ ਦੇ ਆਖ਼ਰੀ ਸਾਲ ਵਿੱਚ ਉਹ ਸਟੇਜ ਤੋਂ ਬਾਹਰਲੀਆਂ ਘਟਨਾਵਾਂ ਕਾਰਨ ਚਰਚਾ ਵਿੱਚ ਰਹੇ।
ਕਾਰਾ ਪੌਪ ਬੈਂਡ ਦੀ ਮੈਂਬਰ ਹੋਣ ਦੇ ਨਾਤੇ ਵੀ ਗੂ ਹਾਰਾ ਦੀ ਕੋਰੀਅਨ ਪੌਪ ਸੰਗੀਤ ਵਿੱਚ ਕਾਫ਼ੀ ਚੜ੍ਹਾਈ ਸੀ।
ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਨੇ ਆਪਣੇ ਪੁਰਾਣੇ ਬੁਆਏਫਰੈਂਡ ਚੋਈ ਯੋਂਗ-ਬਮ ਖ਼ਿਲਾਫ ਇੱਕ ਕੇਸ ਦਾਇਰ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਚੋਈ ਨੇ ਉਨ੍ਹਾਂ ਦੀ ਸੈਕਸ ਕਰਦਿਆਂ ਦੀ ਇੱਕ ਵੀਡੀਓ ਸਾਹਮਣੇ ਲਿਆ ਕੇ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ।
ਇਸ ਸਾਲ ਅਗਸਤ ਵਿੱਚ ਅਦਾਲਤ ਨੇ ਚੋਈ ਨੂੰ ਜਿਣਸੀ ਹਿੰਸਾ, ਧਮਕਾਉਣ ਤੇ ਜ਼ਬਰਦਸਤੀ ਤੋਂ ਇਲਵਾ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮੁਲਜ਼ਮ ਕਰਾਰ ਦਿੱਤਾ।
ਫਿਰ ਵੀ ਅਦਾਲਤ ਨੇ ਉਸ ਦੀ ਡੇਢ ਸਾਲ ਦੀ ਸਜ਼ਾ 'ਤੇ ਆਰਜ਼ੀ ਰੋਕ ਲਾ ਦਿੱਤੀ। ਅਦਾਲਤ ਨੇ ਮੰਨਿਆ ਕਿ ਫਿਲਮਿੰਗ ਗੂ ਹਾਰਾ ਦੀ ਮਰਜ਼ੀ ਤੋਂ ਬਿਨਾਂ ਕੀਤੀ ਗਈ ਸੀ ਪਰ ਕਿਉਂਕਿ ਉਹ ਉਸ ਵਿਅਕਤੀ ਨਾਲ ਰਿਸ਼ਤੇ ਵਿੱਚ ਸਨ, ਇਸ ਲਈ ਬੁਆਏਫਰੈਂਡ ਨੂੰ ਲੁਕਵੇਂ ਫਿਲਮਾਂਕਣ ਦਾ ਮੁਜਰਮ ਨਹੀਂ ਮੰਨਿਆ। ਚੋਈ ਤੇ ਗੂ ਹਾਰਾ ਦੋਵੇਂ ਹੀ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰਨ ਜਾ ਰਹੇ ਹਨ। ਚੋਈ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ।
ਇਹ ਵੀ ਪੜ੍ਹੋ:
ਗੂ ਹਾਰਾ ਦੇ ਪ੍ਰਸ਼ੰਸ਼ਕਾਂ ਦੀ ਧਾਰਣਾ ਹੈ ਕਿ ਅਦਾਲਤ ਨੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ। ਇੱਕ ਟਵਿੱਟਰ ਯੂਜ਼ਰ ਨੇ ਅਪੀਲ ਕੀਤੀ ਕਿ ਭਾਵੇਂ ਅਸੀਂ ਗੂ ਹਾਰਾ ਨੂੰ ਬਚਾਉਣ ਵਿੱਚ ਪਛੜ ਗਏ ਹੋਈਏ ਪਰ ‘ਆਓ ਉਨ੍ਹਾਂ ਨੂੰ ਅਤੇ ਉਨ੍ਹਾਂ ਵਰਗੀਆਂ ਹੋਰ ਅਣਗਿਣਤ ਪੀੜਤਾਂ ਨੂੰ ਇਨਸਾਫ਼ ਦੁਆਈਏ’।
ਜਾਸੂਸੀ ਕੈਮਰ ਸਮੱਸਿਆ ਵੱਡੀ ਪਰ ਮੁੱਦਾ ਨਹੀਂ
ਦੱਖਣੀ ਕੋਰੀਆ ਵਿੱਚ ਪੁਲਿਸ ਨੇ ਪਿਛਲੇ ਦੋ ਸਾਲਾਂ ਦੌਰਾਨ ਸਪਾਈ ਕੈਮਰਿਆਂ ਦੇ 11,200 ਮਾਮਲੇ ਦਰਜ ਕੀਤੇ ਹਨ। ਕਾਰਕੁਨਾਂ ਦਾ ਦਾਅਵਾ ਹੈ ਕਿ ਅਸਲ ਆਂਕੜਾ ਇਸ ਤੋਂ ਕਿਤੇ ਜ਼ਿਆਦਾ ਹੋਵੇਗਾ। ਜਿਨ੍ਹਾਂ ਲੋਕਾਂ ਤੇ ਜੁਰਮ ਸਾਬਤ ਹੋ ਜਾਂਦਾ ਹੈ ਉਨ੍ਹਾਂ ਤੇ ਜੁਰਮਾਨਾ ਕੀਤਾ ਜਾਂਦਾ ਹੈ।
ਵਕੀਲ ਆਨ ਸਿਊ-ਯਿਉਨ ਨੇ ਬੀਬੀਸੀ ਨੂੰ ਦੱਸਿਆ ਕਿ ਮੁਕੱਦਮਿਆਂ ਤੋਂ ਦੇਖਿਆ ਜਾ ਸਕਦਾ ਹੈ ਕਿ ਅਦਾਲਤਾਂ ਨੇ ਸਖ਼ਤ ਸਜ਼ਾਵਾਂ ਗੰਭੀਰ ਕੇਸਾਂ ਲਈ ਹੀ ਰਾਖਵੀਂ ਰੱਖੀਆਂ ਹਨ। ਬਹੁਗਿਣਤੀ ਜੱਜ ਪੁਰਸ਼ ਹਨ ਅਤੇ ਗੈਰ-ਕਾਨੂੰਨੀ ਫਿਲਮਾਂਕਣ ਦੇ ਪੀੜਤਾਂ ਦੀ ਬਹੁਗਿਣਤੀ ਔਰਤਾਂ ਹਨ। ਸਿਊ-ਯਿਉਨ ਦੱਸਦੇ ਹਨ ਕਿ ਹਾਲਾਤ ਬਦਲ ਰਹੇ ਹਨ।
'ਸਾਡੀ ਜ਼ਿੰਦਗੀ ਹੈ ਤੁਹਾਡਾ ਪੋਰਨ ਨਹੀਂ ਹੈ' ਦੇ ਬੈਨਰ ਦਿਖਾਉਂਦੀਆਂ ਪ੍ਰਦਰਸ਼ਨਕਾਰੀ
ਕੋਰੀਆ ਦੇ ਖ਼ੁਦਕੁਸ਼ੀ ਰੋਕਣ ਬਾਰੇ ਸੈਂਟਰ ਦੇ ਨਿਰਦੇਸ਼ਕ ਦਾ ਮੰਨਣਾ ਹੈ ਕਿ ਲੁਕਵੇਂ ਫਿਲਮਾਂਕਣ ਰਾਹੀਂ ਕਿਸੇ ਨੂੰ ਗੰਭੀਰ ਸਦਮਾ ਲੱਗ ਸਕਦਾ ਹੈ।
ਸਿਊਲ ਦੀ ਯੂਨੀਵਰਸਿਟੀ ਦੇ ਯੌਂਗ-ਵੂਅ ਪੈਇਕ ਨੇ ਦੱਸਿਆ ਕਿ ਸਪਾਈ ਕੈਮਰੇ ਨਿੱਜਤਾ ਦੀ ਗੰਭੀਰ ਉਲੰਘਣਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਅਜਿਹਾ ਸਮਾਜ ਕਦੇ ਵੀ ਨਹੀਂ ਬਣਨ ਦੇਣਾ ਚਾਹੀਦਾ ਜਿਸ ਵਿੱਚ ਪੀੜਤ ਸ਼ਿਕਾਰ ਵੀ ਬਣ ਜਾਣ।
ਉਨ੍ਹਾਂ ਦੀ ਸਲਾਹ ਹੈ ਕਿ ਜੇ ਕੋਈ ਅਜਿਹੇ ਪੀੜਤ ਨੂੰ ਜਾਣਦਾ ਹੋਵੇ ਤਾਂ ਉਸ ਦਾ ਧਿਆਨ ਰੱਖੇ।
ਕੋਰੀਅਨ ਵੁਮੈਨ ਡਿਵੈਲਪਮੈਂਟ ਇੰਸਟੀਟਿਊਟ ਨੇ ਗੈਰ-ਕਾਨੂੰਨੀ ਫਿਲਮਾਂਕਣ ਤੇ ਜਿਣਸੀ ਜੁਰਮਾਂ ਦੇ 2,000 ਤੋਂ ਵਧੇਰੇ ਪੀੜਤਾਂ ਦਾ ਸਰਵੇਖਣ ਕੀਤਾ। ਉਨ੍ਹਾਂ ਵਿੱਚੋਂ 23 ਫ਼ੀਸਦੀ ਨੇ ਆਪਣੀ ਜਾਨ ਲੈਣ ਬਾਰੇ ਕਿਸੇ ਸਮੇਂ ਸੋਚਿਆ ਸੀ, 16 ਫ਼ੀਸਦੀ ਨੇ ਖ਼ੁਦਕੁਸ਼ੀ ਦੀ ਯੋਜਨਾ ਵੀ ਬਣਾਈ ਸੀ ਤੇ 23 ਨੇ ਅਸਲ ਵਿੱਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ।
"ਮੁਲਜ਼ਮਾਂ ਨੂੰ ਢੁਕਵੀਂ ਸਜ਼ਾ ਦੇਣਾ ਚੰਗੇ ਸਮਾਜ ਦੀ ਬੁਨਿਆਦ ਹੈ।"
ਦੱਖਣੀ ਕੋਰੀਆ ਦੇ ਨਿਆਂ ਮੰਤਰਾਲਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਗੂ ਹਾਰਾ ਦੇ ਕੇਸ ਤੋਂ ਬਾਅਦ ਕਾਨੂੰਨ ਵਿੱਚ ਸੁਧਾਰ ਕੀਤਾ ਹੈ। ਸੁਪਰੀਮ ਕੋਰਟ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਬੋਲਣ ਦੇ ਖ਼ਤਰੇ
ਨਿਆਂ ਹਾਸਲ ਕਰਨਾ ਵੀ ਬਹੁਤ ਥਕਾਉਣ ਵਾਲਾ ਹੋ ਸਕਦਾ ਹੈ। ਗੂ ਹਾਰਾ ਨੂੰ ਕਈ ਵਾਰ ਅਦਾਲਤ ਵਿੱਤ ਗਵਾਹੀ ਦੇਣੀ ਪਈ। ਨਾ ਤਾਂ ਗੂ ਹਾਰਾ ਦੀ ਪਹਿਚਾਣ ਲੁਕਵੀਂ ਰੱਖੀ ਗਈ ਤੇ ਨਾ ਹੀ ਮੁਕੱਦਮੇ ਬਾਰੇ ਕੋਈ ਓਲ੍ਹਾ ਰੱਖਿਆ ਗਿਆ। ਉਸ ਸਮੇਂ ਉਨ੍ਹਾਂ ਦੇ ਨਾਮ ਦੀ ਸੈਕਸ ਟੇਪ ਇੰਟਰਨੈਟ ਦੇ ਟਰੈਂਡਿੰਗ ਮੁੱਦਿਆਂ ਵਿੱਚੋਂ ਇੱਕ ਸੀ।
ਇਸ ਸਭ ਦੇ ਦੌਰਾਨ ਵੀ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਕੋਰੀਅਨ ਪੌਪ ਬਾਰੇ ਟਿੱਪਣੀਕਾਰ ਤਮਰ ਹਰਮਨ ਨੇ ਉਨ੍ਹਾਂ ਦੇ ਜੀਵਨ ਬਾਰੇ ਇੱਕ ਭਾਵੁਕ ਲੇਖ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਸ਼ਾਇਦ ਉਨ੍ਹਾਂ ਦੀ ਮੌਤ ਇੱਕ ਵਧੇਰੇ ਦਿਆਲੂ ਸਮਾਜ ਦੀ ਸਿਰਜਣਾ ਦੀ ਪ੍ਰੇਰਣਾ ਦੇਵੇਗੀ।
ਸੂਲੀ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਕਾਰਨ ਹੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਟਰੋਲਿੰਗ ਦਾ ਨਿਸ਼ਾਨਾ ਬਣਾਇਆ ਗਿਆ।
ਗੂ ਹਾਰਾ ਦੀ ਮੌਤ ਬਾਰੇ ਬਹੁਤ ਸਾਰੀਆਂ ਕਿਆਸ ਲਗਾਏ ਜਾ ਰਹੇ ਹਨ। ਬਹੁਤਿਆਂ ਨੇ ਇਸ ਨੂੰ ਕੋਰੀਅਨ ਪੌਪ ਸੰਗੀਤ ਦੇ ਕਾਲੇ ਪਹਿਲੂ ਨਾਲ ਜੋੜਿਆ, ਜਿਸ ਵਿੱਚ ਬਹੁਤ ਜ਼ਿਆਦਾ ਮੁਕਾਬਲਾ ਹੈ, ਇੰਨੀ ਬੇਰੁਖੀ ਹੈ ਕਿ ਉੱਘੇ ਗਾਇਕਾਂ ਤੋਂ ਨਿੱਜੀ ਜੀਵਨ ਵਿੱਚ ਵੀ ਉੱਚੇ ਆਦਰਸ਼ ਪਾਲਣ ਦੀ ਉਮੀਦ ਕੀਤੀ ਜਾਂਦੀ ਹੈ।
ਸਮੱਸਿਆ ਇਸ ਤੋਂ ਵੱਡੀ ਹੈ।
ਗੂ ਹਾਰਾ ਦੀ ਇੱਕ ਦੋਸਤ ਤੇ ਸਹਿਯੋਗੀ, ਸੂਲੀ ਨੇ ਅਕਤੂਬਰ ਵਿੱਚ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਸੀ। ਸੂਲੀ ਬਹੁਤ ਖੁੱਲ੍ਹ ਕੇ ਬੋਲਣ ਲਈ ਜਾਣੀ ਜਾਂਦੀ ਸੀ। ਜ਼ਿਆਦਾਤਰ ਕੋਰੀਅਨ ਪੌਪ ਸਟਾਰ ਇਸ ਤਰ੍ਹਾਂ ਖੁੱਲ੍ਹੇਆਮ ਆਪਣੇ ਵਿਚਾਰਾਂ ਦਾ ਪ੍ਰਗਟਾਅ ਨਹੀਂ ਕਰਦੇ।
ਸੂਲੀ ਔਰਤਾਂ ਦੇ ਵਿਹਾਰ ਬਾਰੇ ਬਣਾਏ ਗਏ ਢਾਂਚੇ ਵਿੱਚ ਆਪਣੇ ਆਪ ਨੂੰ ਢਾਲ ਨਹੀਂ ਸਕੀ, ਜਿਸ ਕਾਰਨ ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਗਈ।
ਦੱਖਣੀ ਕੋਰੀਆ ਇੱਕ ਰੂੜ੍ਹੀਵਾਦੀ ਤੇ ਪੁਰਸ਼-ਪ੍ਰਧਾਨ ਸਮਾਜ ਹੈ। ਲੋਕਾਂ ਦੇ ਰਵੱਈਏ ਬਦਲ ਰਹੇ ਹਨ ਪਰ ਬਹੁਤ ਹੌਲੀ।
ਨੌਜਵਾਨ ਕੁੜੀਆਂ ਨੂੰ ਹੁਣ ਸਮਝ ਆ ਰਿਹਾ ਹੈ ਕਿ ਉਹ ਇਸ ਬਾਰੇ ਗੱਲ ਕਰ ਸਕਦੀਆਂ ਹਨ। ਹਜ਼ਾਰਾਂ ਔਰਤਾਂ ਨ੍ ਪਿਛਲੇ ਸਾਲ ਦੱਖਣੀ ਕੋਰੀਆ ਦੀਆਂ ਸੜਕਾਂ ਤੇ ਪ੍ਰਦਰਸ਼ਨ ਕੀਤੇ। ਉਨ੍ਹਾਂ ਨੇ ਪੁਲਿਸ ਤੋਂ ਸਪਾਈ ਕੈਮਰਿਆਂ ਬਾਰੇ ਸਖ਼ਤੀ ਨਾਲ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਨਾਅਰੇ ਲਾਏ: "ਇਹ ਸਾਡੀ ਜ਼ਿੰਦਗੀ ਹੈ, ਤੁਹਾਡਾ ਪੋਰਨ ਨਹੀਂ ਹੈ।"
ਵਕੀਲ ਆਨ ਸਿਊ-ਯਿਉਨ ਦਾ ਕਹਿਣਾ ਹੈ ਕਿ ਅਦਾਲਤਾਂ ਦੇ ਅੰਦਰ ਹੁਣ ਔਰਤਾਂ ਪਹਿਲਾਂ ਨਾਲੋਂ ਜ਼ਿਆਦਾ ਮਾਮਲਿਆਂ ਵਿੱਚ ਜਿੱਤ ਹਾਸਲ ਕਰ ਰਹੀਆਂ ਹਨ।
ਵਕੀਲ ਆਹਨ ਸਿਉ-ਯਿਉਨ ਦਾ ਮੰਨਣਾ ਹੈ ਕਿ ਸਮਾਜ ਨੂੰ ਸਿਸਟਮ ਤੋਂ ਵਧੇਰੇ ਮੰਗ ਕਰਨੀ ਪਵੇਗੀ।
ਉਨ੍ਹਾਂ ਨੇ ਕਿਹਾ ਕਿ ਨਿਆਂ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਬਾਅਦ ਦੀ ਗੱਲ ਹੈ। "ਜਦੋਂ ਤੱਕ ਲੋਕ ਤੇ ਸਮਾਜ ਇਕੱਠੇ ਹੋ ਕੇ ਸਵਾਲ ਖੜ੍ਹੇ ਨਹੀਂ ਕਰਦੇ ਤੇ ਮੰਗ ਨਹੀਂ ਕਰਦੇ ਕਾਨੂੰਨਸਾਜ਼ ਤੇ ਪੁਲਿਸ ਤੇ ਅਦਾਲਤਾਂ ਬਹੁਤਾ ਕੁਝ ਨਹੀਂ ਕਰ ਸਕਦੀਆਂ।"

1984 ਕਤਲੇਆਮ: SIT ਵੱਲੋਂ ਜਾਂਚ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਗਈ - 5 ਅਹਿਮ ਖ਼ਬਰਾਂ
NEXT STORY