ਕੇਂਦਰ ਸਰਕਾਰ ਨੇ ਭਾਰਤ ਦੀ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਔਰਤਾਂ ਨੂੰ ਫੌਜ ਵਿੱਚ 'ਕਮਾਂਡ ਪੋਸਟ' ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਸਰੀਰਕ ਯੋਗਤਾ ਦੀਆਂ ਸੀਮਾਵਾਂ ਅਤੇ ਘਰੇਲੂ ਜ਼ਿੰਮੇਵਾਰੀਆਂ ਕਾਰਨ ਫੌਜੀ ਸੇਵਾਵਾਂ ਦੀਆਂ ਚੁਣੌਤੀਆਂ ਅਤੇ ਖ਼ਤਰਿਆਂ ਦਾ ਸਾਹਮਣਾ ਨਹੀਂ ਕਰ ਸਕਣਗੀਆਂ।
ਕਮਾਂਡ ਪੋਸਟ ਦਾ ਅਰਥ ਹੈ ਕਿ ਕਿਸੇ ਫੌਜੀ ਟੁਕੜੀ ਦੀ ਕਮਾਂਡ ਨੂੰ ਸੰਭਾਲਣਾ, ਯਾਨਿ ਉਸ ਟੁਕੜੀ ਦੀ ਅਗਵਾਈ ਕਰਨਾ।
ਸਰਕਾਰ ਨੇ ਅਦਾਲਤ ਵਿੱਚ ਕਿਹਾ, "ਔਰਤਾਂ ਗਰਭ ਅਵਸਥਾ ਕਾਰਨ ਲੰਮੇ ਸਮੇਂ ਤੱਕ ਕੰਮ ਤੋਂ ਦੂਰ ਰਹਿੰਦੀਆਂ ਹਨ। ਉਹ ਮਾਂ ਹੁੰਦੀਆਂ ਹਨ, ਉਨ੍ਹਾਂ ਦੀਆਂ ਪਰਿਵਾਰ ਅਤੇ ਬੱਚਿਆਂ ਪ੍ਰਤੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ, ਖ਼ਾਸਕਰ ਜਦੋਂ ਦੋਵੇਂ ਪਤੀ ਅਤੇ ਪਤਨੀ ਕੰਮ ਕਰ ਰਹੇ ਹੋਣ। ਇਹ ਸਾਡੇ ਲਈ ਵੱਡੀ ਚੁਣੌਤੀ ਹੋਵੇਗੀ।"
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਕੇ ਦਿੱਲੀ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਹਾਈ ਕੋਰਟ ਨੇ ਕਿਹਾ ਸੀ ਕਿ ਫੌਜ ਵਿੱਚ ਔਰਤਾਂ ਨੂੰ ਸਥਾਈ ਕਮਿਸ਼ਨ ਦਿੱਤਾ ਜਾਵੇ।
ਇਸ ਮਾਮਲੇ ਦੀ ਸੁਣਵਾਈ ਦੌਰਾਨ, ਕੇਂਦਰ ਸਰਕਾਰ ਨੇ ਇਹ ਵੀ ਸੁਝਾਅ ਦਿੱਤਾ ਕਿ ਔਰਤਾਂ ਨੂੰ ਸਿੱਧਾ ਲੜਾਈ ਵਿੱਚ ਨਾ ਉਤਾਰਿਆ ਜਾਵੇ, ਕਿਉਂਕਿ ਜੇ ਉਨ੍ਹਾਂ ਨੂੰ ਯੁੱਧ ਬੰਦੀ ਬਣਾਇਆ ਜਾਂਦਾ ਤਾਂ ਇਹ ਉਸ ਵਿਅਕਤੀ, ਸੰਸਥਾ ਅਤੇ ਪੂਰੀ ਸਰਕਾਰ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਣਾਅ ਵਾਲਾ ਹੋਵੇਗਾ।
ਉਦੋਂ ਤੋਂ ਲੈ ਕੇ, ਔਰਤਾਂ ਨੂੰ ਫੌਜ ਵਿੱਚ ਬਰਾਬਰ ਦੇ ਮੌਕੇ ਨਾ ਦੇਣ ਬਾਰੇ ਵਿਚਾਰ ਵਟਾਂਦਰੇ ਚੱਲ ਰਹੇ ਹਨ।
ਇਹ ਵੀ ਪੜ੍ਹੋ
ਮਾਹਰਾਂ ਦੀ ਰਾਏ
ਇਸ ਸਬੰਧ ਵਿੱਚ ਸੇਵਾਮੁਕਤ ਮੇਜਰ ਜਨਰਲ ਰਾਜਿੰਦਰ ਸਿੰਘ ਮਹਿਤਾ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਭਾਰਤੀ ਫੌਜ ਵਿੱਚ ਔਰਤਾਂ ਬਿਲਕੁਲ ਨਹੀਂ ਹੈ। ਪਰ ਅਜੇ ਤੱਕ ਉਨ੍ਹਾਂ ਨੂੰ ਲੜਾਕੂ ਭੂਮਿਕਾ ਵਿੱਚ ਨਹੀਂ ਉਤਾਰਿਆ ਗਿਆ ਹੈ।
ਸੇਵਾਮੁਕਤ ਲੈਫ਼ਟੀਨੈਂਟ ਜਨਰਲ ਐੱਚਐੱਸ ਪਨਾਗ ਵੀ ਇਸ ਨਾਲ ਸਹਿਮਤ ਹਨ। ਉਹ ਕਹਿੰਦੇ ਹਨ ਕਿ ਮੁੱਠੀ ਭਰ ਔਰਤਾਂ ਭਾਰਤੀ ਫੌਜ ਵਿੱਚ ਕੰਬੈਟ ਸਪੋਰਟ ਸਰਵਿਸਿਜ਼ ਵਿੱਚ ਕਮਾਂਡ ਕਰਦੀਆਂ ਹਨ, ਪਰ ਉਨ੍ਹਾਂ ਨੂੰ ਸੁਤੰਤਰ ਤੌਰ 'ਤੇ ਕਮਾਂਡ ਨਹੀਂ ਦਿੱਤੀ ਜਾਂਦੀ।
ਕੰਬੈਟ ਦਾ ਅਰਥ ਹੈ ਦੁਸ਼ਮਣ ਦੇ ਨਾਲ ਆਹਮਣੇ-ਸਾਹਮਣੇ ਦੀ ਗੁੱਥਮ-ਗੁੱਥੀ ਵਾਲੀ ਲੜਾਈ।
ਕੰਬੈਟ ਦਾ ਮਤਲਬ ਹੈ ਗੁੱਥਮ-ਗੁੱਥੀ ਵਾਲੀ ਲੜਾਈ
ਮੇਜਰ ਜਨਰਲ ਰਾਜਿੰਦਰ ਸਿੰਘ ਮਹਿਤਾ ਦੇ ਅਨੁਸਾਰ, ਕੰਬੈਟ ਦਾ ਅਰਥ ਹੈ ਦੁਸ਼ਮਣ ਦੇ ਨਾਲ ਆਹਮੋ-ਸਾਹਮਣੇ ਦੀ ਗੁੱਥਮ-ਗੁੱਥੀ ਵਾਲੀ ਲੜਾਈ।
ਉਹ ਕਹਿੰਦੇ ਹਨ, "ਜੇ ਦੁਸ਼ਮਣ ਨੇ ਚਾਕੂ ਨਾਲ ਹਮਲਾ ਕੀਤਾ ਤਾਂ ਤੁਹਾਨੂੰ ਵੀ ਰਾਈਫ਼ਲ ਦੀ ਥਾਂ ਚਾਕੂ ਨਾਲ ਵਾਰ ਕਰਨਾ ਪਏਗਾ। ਅਜਿਹੀ ਸਥਿਤੀ ਵਿੱਚ ਕਈ ਵਾਰ 20 ਤੋਂ 40 ਮੀਟਰ ਦੀ ਦੂਰੀ 'ਤੇ ਫ਼ਾਇਰ ਕਰਨਾ ਪੈਂਦਾ ਹੈ। ਮਰਨ ਲਈ ਅਤੇ ਜ਼ਖਮੀ ਹੋਣ ਲਈ ਤਿਆਰ ਹੋਣਾ ਪੈਂਦਾ ਹੈ।"
ਸੇਵਾਮੁਕਤ ਲੈਫ਼ਟੀਨੈਂਟ ਜਨਰਲ ਐੱਚਐੱਸ ਪਨਾਗ ਨੇ ਕੰਬੈਟ ਆਰਮੀ ਦੀ ਵਿਆਖਿਆ ਕਰਦਿਆਂ ਕਿਹਾ, "ਫੌਜ 'ਚ ਇੱਕ ਕੰਬੈਟ ਆਰਮੀ ਹੁੰਦੀ ਹੈ - ਜੋ ਲੜਾਈ ਵਿੱਚ ਜਾਂਦੀ ਹੈ। ਇਹ ਪੈਦਲ ਸੇਨਾ ਹੁੰਦੀ ਹੈ ਜਾਂ ਟੈਂਕ ਵਗੈਰ੍ਹਾ 'ਤੇ ਸਵਾਰ ਹੁੰਦੀ ਹੈ। ਦੂਸਰੀ ਹੈ - ਕੰਬੈਟ ਸਪੋਰਟ ਆਰਮੀ, ਜਿਸ 'ਚ ਆਰ੍ਟਿਲਰੀ, ਇੰਜੀਨੀਅਰ, ਸਿਗਨਲ ਆਰਮੀ ਸ਼ਾਮਲ ਹੁੰਦੀ ਹੈ। ਤੀਸਰੀ ਹੁੰਦੀ ਹੈ - ਕੰਬੈਟ ਸਪੋਰਟ ਸਰਵਿਸਿਜ਼, ਜਿਸ ਵਿੱਚ ਸਪਲਾਈ ਕੋਰ, ਇਲੈਕਟ੍ਰੀਕਲ ਅਤੇ ਮਕੈਨੀਕਲ ਰਿਪੇਅਰ ਕਰਨ ਵਾਲੇ ਲੋਕ ਸ਼ਾਮਲ ਹੁੰਦੇ ਹਨ।
ਇਨ੍ਹਾਂ ਤਿੰਨਾਂ ਦੀਆਂ ਵੱਖੋ ਵੱਖਰੀਆਂ ਭੂਮਿਕਾਵਾਂ ਹਨ। ਔਰਤਾਂ ਨੂੰ ਅਜੇ ਵੀ ਕੰਬੈਟ ਆਰਮੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੂੰ ਕੰਬੈਟ ਸਪੋਰਟ ਆਰਮ ਵਿੱਚ ਕੁਝ ਸਮੇਂ ਲਈ ਜਗ੍ਹਾ ਜ਼ਰੂਰ ਦਿੱਤੀ ਗਈ ਹੈ ਅਤੇ ਉਨ੍ਹਾਂ ਲਈ ਕੁਝ ਸੇਵਾਵਾਂ ਵਿੱਚ ਸਥਾਈ ਕਮਿਸ਼ਨ ਲਾਗੂ ਵੀ ਕੀਤਾ ਗਿਆ ਹੈ।"
ਦੇਸ਼ ਦੀਆਂ ਕੁਝ ਔਰਤਾਂ ਹੀ ਲੜਾਈ ਲੜਨ ਦੇ ਯੋਗ ਹਨ?
ਐੱਚਐੱਸ ਪਨਾਗ ਦੇ ਅਨੁਸਾਰ, "ਕੰਬੈਟ ਯਾਨੀ ਯੁੱਧ ਵਿੱਚ ਔਰਤਾਂ ਦੇ ਜਾਣ ਦੀ ਗੱਲ ਇੱਕ ਵੱਖਰਾ ਮਸਲਾ ਹੈ। ਫ਼ਿਲਹਾਲ ਲੜਾਈ ਦੇ ਸਿਪਾਹੀਆਂ ਲਈ ਮਾਪਦੰਡ ਬਹੁਤ ਉੱਚੇ ਹਨ ਅਤੇ ਇਸ ਲਿਹਾਜ਼ ਵਿੱਚ ਔਰਤਾਂ ਦੇ ਮਾਪਦੰਡ ਬਹੁਤ ਘੱਟ ਹਨ।"
ਉਨ੍ਹਾਂ ਅੱਗੇ ਕਿਹਾ, "ਉਦਾਹਰਣ ਵਜੋਂ, ਔਰਤਾਂ ਦੀ ਭਰਤੀ ਦੌਰਾਨ ਇੱਕ ਕਿਲੋਮੀਟਰ ਦੌੜ ਨੂੰ ਟੈਸਟ ਪਾਸ ਕਰਨਾ ਪੈਂਦਾ ਹੈ, ਜਦੋਂ ਕਿ ਪੁਰਸ਼ਾਂ ਨੂੰ ਪੰਜ ਕਿਲੋਮੀਟਰ ਦਾ ਟੈਸਟ ਪਾਸ ਕਰਨਾ ਪੈਂਦਾ ਹੈ। ਜਾਂ ਤਾਂ ਉਨ੍ਹਾਂ ਦੇ ਮਾਪਦੰਡ ਬਰਾਬਰ ਕੀਤੇ ਜਾਣੇ ਚਾਹੀਦੇ ਹਨ।"
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਨੁਸਾਰ, ਦੇਸ਼ ਦੀਆਂ ਕੁਝ ਕੁ ਔਰਤਾਂ ਹੀ ਲੜਾਈ ਲਈ ਫਿੱਟਨੇੱਸ ਟੈਸਟ ਪਾਸ ਕਰਨ ਦੇ ਯੋਗ ਹਨ।
ਜਨਰਲ ਪਨਾਗ ਦੇ ਅਨੁਸਾਰ, ਇੱਕ ਹੋਰ ਸਮੱਸਿਆ ਇਹ ਹੈ ਕਿ ਜਦੋਂ ਮਰਦ ਸੇਵਾ ਕਰਦਾ ਹੈ, ਤਾਂ ਉਸਦੀ ਪਤਨੀ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਅਜਿਹਾ ਔਰਤਾਂ ਦੇ ਮਾਮਲੇ ਵਿੱਚ ਨਹੀਂ ਹੋਵੇਗਾ। ਜੇ ਉਹ ਬੱਚਿਆਂ ਤੋਂ ਦੂਰ ਰਹਿੰਦੀਆਂ ਹਨ ਤਾਂ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੋਵੇਗਾ।
ਉਹ ਕਹਿੰਦੇ ਹਨ, "ਇਹ ਲਿੰਗ ਸਮਾਨਤਾ ਦੀ ਗੱਲ ਨਹੀਂ ਹੈ। ਹਾਂ, ਕੰਮ ਦੀ ਬਰਾਬਰੀ ਵੀ ਹੋਣੀ ਚਾਹੀਦੀ ਹੈ।"
ਔਰਤਾਂ ਕੀ ਚਾਹੁੰਦੀਆਂ ਹਨ?
ਇਸ ਦੇ ਨਾਲ ਹੀ, ਸੁਪਰੀਮ ਕੋਰਟ ਵਿੱਚ ਮਹਿਲਾ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਮੀਨਾਕਸ਼ੀ ਲੇਖੀ ਅਤੇ ਐਸ਼ਵਰਿਆ ਭਾਟੀ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਨੇ ਮੁਸੀਬਤ ਵਿੱਚ ਅਸਾਧਾਰਣ ਦਲੇਰੀ ਦਾ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਫਲਾਈਟ ਕੰਟਰੋਲਰ ਮਿੰਟੀ ਅਗਰਵਾਲ ਹੀ ਸੀ, ਜਿਸ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਉਸ ਵਕਤ ਗਾਈਡ ਕੀਤਾ ਸੀ ਜਦੋਂ ਉਸ ਨੇ 'ਪਾਕਿਸਤਾਨ ਦੇ ਐੱਫ਼ -16' ਨੂੰ ਮਾਰ ਡਿਗਾਇਆ ਸੀ। ਇਸ ਦੇ ਲਈ ਮਿੰਟੀ ਨੂੰ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਮਿਤਾਲੀ ਮਧੁਮਿਤਾ ਨੇ ਕਾਬੁਲ ਵਿੱਚ ਭਾਰਤੀ ਦੂਤਾਵਾਸ 'ਤੇ ਅੱਤਵਾਦੀਆਂ ਦੇ ਹਮਲੇ ਦੌਰਾਨ ਬਹਾਦਰੀ ਦਿਖਾਈ ਸੀ। ਇਸ ਦੇ ਲਈ ਉਸਨੂੰ ਸੈਨਾ ਮੈਡਲ ਦਿੱਤਾ ਗਿਆ ਸੀ।
ਯੁੱਧ ਦੇ ਬਦਲੇ ਤਰੀਕੇ
ਹਾਲਾਂਕਿ, ਐੱਚਐੱਸ ਪਨਾਗ ਇਸ ਬਾਰੇ ਵੱਖਰੀ ਰਾਏ ਰੱਖਦੇ ਹਨ।
ਉਹ ਕਹਿੰਦੇ ਹਨ, "ਏਅਰਫ਼ੋਰਸ ਪਾਇਲਟ ਦਾ ਹਵਾਈ ਜਹਾਜ਼ ਉਡਾਣਾ ਇੱਕ ਤਕਨੀਕੀ ਚੀਜ਼ ਹੈ। ਇਹ ਭਾਰ ਚੁੱਕਣ ਵਾਲੀ ਗੱਲ ਨਹੀਂ ਹੈ। ਇਹ ਜ਼ਮੀਨ 'ਤੇ ਲੇਟ ਕੇ ਰੇਂਗਣ ਵਾਲੀ ਗੱਲ ਨਹੀਂ ਹੈ। ਇਸ ਵਿੱਚ ਲੜਾਈ ਵਾਲੇ ਦਿਨ 10 ਤੋਂ 12 ਘੰਟੇ ਲੱਗੇ ਰਹਿਣ ਦੀ ਗੱਲ ਨਹੀਂ ਹੈ।"
ਉਨ੍ਹਾਂ ਕਿਹਾ, "ਇਸੇ ਤਰ੍ਹਾਂ, ਜੇ ਕੋਈ ਕਹਿੰਦਾ ਹੈ ਕਿ ਮਿਜ਼ਾਈਲ ਬੈਟਰੀ ਵਿੱਚ ਔਰਤਾਂ ਵੀ ਹਨ, ਤਾਂ ਉਹ ਨਿਸ਼ਚਤ ਤੌਰ ਤੇ ਉੱਥੇ ਵੀ ਹੋ ਸਕਦੀਆਂ ਹਨ। ਇਸ ਲਈ ਜਿਸ ਕੰਮ ਵਿੱਚ ਘੱਟ ਸਰੀਰਕ ਤੰਦਰੁਸਤੀ ਦੇ ਮਾਪਦੰਡਾਂ ਨਾਲ ਕੰਮ ਚੱਲ ਸਕਦਾ ਹੈ, ਇਹ ਉੱਥੇ ਹੋ ਸਕਦਾ ਹੈ।"
ਇਸ ਦੇ ਨਾਲ ਹੀ, ਰਾਜਿੰਦਰ ਸਿੰਘ ਮਹਿਤਾ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ ਫਿੱਟਨੇਸ ਸਟੈਂਡਰਡ ਉੱਚੇ ਹਨ, ਪਰ ਇਹ ਵੀ ਵੇਖਣਾ ਹੋਵੇਗਾ ਕਿ ਕੀ ਲੜਾਈ ਜਿਹੜੀ 100 ਸਾਲ ਪਹਿਲਾਂ ਹੁੰਦੀ ਸੀ, ਅਸੀਂ ਅੱਜ ਵੀ ਉਹੀ ਲੜਾਈ ਲੜਨ ਜਾ ਰਹੇ ਹਾਂ?"
ਮਹਿਤਾ ਕਹਿੰਦੇ ਹਨ, "ਅੱਜ ਦੀ ਲੜਾਈ ਇੰਟਰਨੈਟ ਅਤੇ ਟੈਕਨੋਲੋਜੀ ਦੇ ਜ਼ਰੀਏ ਹੋਵੇਗੀ। ਉਨ੍ਹਾਂ ਦਾ ਹਮਲਾ ਫਿਜ਼ੀਕਲ ਟਰੁਪਸ ਨਾਲ ਹੋਣ ਤੋਂ ਰਿਹਾ। ਉਹ ਤੁਹਾਡੇ ਸਿਸਟਮ ਨੂੰ ਕੋਲੈਪਸ (ਖ਼ਤਮ) ਕਰ ਦੇਣਗੇ। ਉਹ ਤੁਹਾਡੇ ਕਮਾਂਡ ਅਤੇ ਕੰਟਰੋਲ ਚੈਨਲਾਂ ਨੂੰ ਬਰਬਾਦ ਕਰ ਦੇਣਗੇ। ਉਹ ਪਾਵਰ ਪਲਾਂਟ੍ਸ 'ਚ ਬਗ ਪਾ ਕੇ ਪਲਾਂਟ੍ਸ ਨੂੰ ਥਮਾ ਦੇਣਗੇ। ਰੇਲ ਗੱਡੀਆਂ ਨੂੰ ਰੋਕਣਗੇ, ਹਵਾਈ ਅੱਡਿਆਂ ਨੂੰ ਰੋਕਣਗੇ।"
ਉਹ ਕਹਿੰਦੇ ਹਨ ਕਿ ਸਿਰਫ਼ 10 ਪ੍ਰਤੀਸ਼ਤ ਫੌਜ ਦੁਸ਼ਮਣ ਦਾ ਸਾਹਮਣਾ ਕਰਨ ਲਈ ਲੜਦੀ ਹੈ।
ਮਹਿਤਾ ਕਹਿੰਦੇ ਹਨ, "ਜੇ ਤੁਹਾਨੂੰ ਇਸ ਨਾਲ ਮੁਸ਼ਕਲ ਹੈ, ਤਾਂ ਸ਼ੁਰੂ ਵਿੱਚ ਔਰਤਾਂ ਨੂੰ ਉੱਥੇਂ ਨਾ ਭੇਜੋ। ਉਨ੍ਹਾਂ ਨੂੰ ਪਹਿਲਾਂ ਹੋਰ ਭੂਮਿਕਾਵਾਂ ਦਿੱਤੀਆਂ ਜਾਣ ਅਤੇ ਫਿਰ ਇਥੇ ਵੀ ਜ਼ਿੰਮੇਵਾਰੀ ਦਿੱਤੀ ਜਾਵੇ।"
ਐੱਚਐੱਸ ਪਨਾਗ ਦਾ ਕਹਿਣਾ ਹੈ ਕਿ ਔਰਤਾਂ ਨੂੰ ਹਰ ਵਿਭਾਗ ਵਿੱਚ ਜਾਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਪਰ ਇਸਦੇ ਲਈ, ਉਹ ਮਾਪਦੰਡਾਂ ਨੂੰ ਪੂਰਾ ਕਰਨ। ਜਿਵੇਂ ਜੇ ਤੁਹਾਨੂੰ ਮਾਉਂਟ ਐਵਰੇਸਟ 'ਤੇ ਚੜਨਾ ਹੈ, ਫਿਰ ਭਾਵੇਂ ਤੁਸੀਂ ਆਦਮੀ ਹੋ ਜਾਂ ਔਰਤ, ਤੁਹਾਨੂੰ ਆਪਣਾ ਆਕਸੀਜਨ ਸਿਲੰਡਰ ਅਤੇ ਸਮਾਨ ਲੈ ਕੇ ਹੀ ਚੜ੍ਹਨਾ ਪਏਗਾ।
ਇਸ ਦੇ ਨਾਲ ਹੀ, ਮਹਿਤਾ ਕਹਿੰਦੇ ਹਨ ਕਿ ਇਹ ਕਹਿਣਾ ਗਲਤ ਹੈ ਕਿ ਔਰਤਾਂ ਦਾ ਵਜ਼ਨ ਘੱਟ ਹੁੰਦਾ ਹੈ ਜਾਂ ਉਹ ਘੱਟ ਭਾਰ ਚੁੱਕ ਸਕਦੀਆਂ ਹਨ, ਉਨ੍ਹਾਂ ਨੂੰ ਫਰੈਕਚਰ ਜਲਦੀ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ।
ਉਹ ਕਹਿੰਦੇ ਹਨ, "ਮੈਂ ਇਹ ਕਹਾਣੀਆਂ 20 ਸਾਲਾਂ ਤੋਂ ਸੁਣ ਰਿਹਾ ਹਾਂ ਅਤੇ ਇਸ ਨੂੰ ਗਲਤ ਦੱਸ ਰਿਹਾ ਹਾਂ।"
ਮਹਿਤਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਆਰਮੀ ਦੀਆਂ ਟੈਂਕਾਂ ਦੀ ਯੂਨਿਟ ਵਿੱਚ ਔਰਤਾਂ ਕਮਾਂਡਿੰਗ ਅਧਿਕਾਰੀ ਨਾਲ ਬੈਠਦੀਆਂ ਹਨ ਅਤੇ ਉਹ ਡਿਸਿਪਲਨ ਟ੍ਰੇਨਿੰਗ ਲਈ ਜ਼ਿੰਮੇਵਾਰ ਹੁੰਦੀਆਂ ਹਨ। ਇਜ਼ਰਾਈਲ, ਪਾਕਿਸਤਾਨ ਅਤੇ ਭਾਰਤ ਸਮੇਤ 30-40 ਦੇਸ਼ਾਂ ਵਿੱਚ ਮਹਿਲਾਵਾਂ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਇਜ਼ਰਾਈਲ ਵਿੱਚ ਜੰਗ ਵਿੱਚ 150 ਤੋਂ ਵੱਧ ਔਰਤਾਂ ਮਾਰੀਆਂ ਜਾ ਚੁੱਕੀਆਂ ਹਨ।
ਮਹਿਤਾ ਦੱਸਦੇ ਹਨ, "ਡੈਨਮਾਰਕ ਅਤੇ ਨਾਰਵੇ ਵਿੱਚ ਮਹਿਲਾ ਅਧਿਕਾਰੀ ਪਣਡੁੱਬੀਆਂ ਦੀਆਂ ਕਪਤਾਨ ਹਨ। ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਪਣਡੁੱਬੀ ਵਿੱਚ ਉਨ੍ਹਾਂ ਦਾ ਮਾਹਵਾਰੀ ਚੱਕਰ ਅਨਿਯਮਿਤ ਹੋ ਜਾਂਦਾ ਹੈ। ਉਨ੍ਹਾਂ ਨੂੰ ਵਧੇਰੇ ਜਗ੍ਹਾ, ਵੱਖਰੇ ਬਾਥਰੂਮਾਂ ਦੀ ਜ਼ਰੂਰਤ ਹੈ। ਪਰ ਇਹ ਸਾਰੀਆਂ ਚੀਜ਼ਾਂ ਨੂੰ ਨਕਾਰ ਕੇ ਨਾਰਵੇ ਅਤੇ ਡੈਨਮਾਰਕ ਵਿਚ, ਉਨ੍ਹਾਂ ਨੇ ਔਰਤਾਂ ਨੂੰ ਜਹਾਜ਼ ਵਿੱਚ ਜਾਣ ਦੀ ਆਗਿਆ ਦਿੱਤੀ, ਮਰਦ ਟਰੂਪਸ ਨੂੰ ਕਮਾਂਡ ਕਰਨ ਦਿੱਤੀ ਅਤੇ ਵੇਖਿਆ ਕਿ ਇਸ ਦਾ ਕੋਈ ਵਿਰੋਧ ਨਹੀਂ ਹੋਇਆ ਕਿ ਔਰਤਾਂ ਉਨ੍ਹਾਂ ਨੂੰ ਕਮਾਂਡ ਕਰ ਰਹੀਆਂ ਹਨ। ਉਨ੍ਹਾਂ ਨੂੰ ਸਿਰਫ਼ ਇਕੋ ਕਾਬਲ ਕਮਾਂਡਿੰਗ ਅਧਿਕਾਰੀ ਚਾਹੀਦਾ ਹੈ ਜੋ ਜ਼ਿੰਮੇਵਾਰੀ ਸੰਭਾਲ ਸਕੇ।"
ਮਹਿਤਾ ਦੱਸਦੇ ਹਨ, "ਔਰਤਾਂ ਬੱਚਿਆਂ ਦੀ ਪਰਵਰਿਸ਼ ਕਰਦੀਆਂ ਹਨ, ਬੱਚਿਆਂ ਨੂੰ ਮਜ਼ਬੂਤ ਬਣਨਾ ਸਿਖਾਉਂਦੀਆਂ ਹਨ। ਜੇ ਅਸੀਂ ਉਨ੍ਹਾਂ ਨੂੰ ਹੀ ਕਮਜ਼ੋਰ ਸਮਝਦੇ ਹਾਂ ਤਾਂ ਇਸ ਦਾ ਬੱਚਿਆਂ 'ਤੇ ਕੀ ਅਸਰ ਪਏਗਾ?"
ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਮਰਦਾਂ ਨੂੰ ਵੀ ਹੋ ਸਕਦੀ ਹੈ। ਯੁੱਧ ਹੋਣ 'ਤੇ ਮਰਦਾਂ ਨਾਲ ਵੀ ਬਲਾਤਕਾਰ ਹੁੰਦੇ ਹਨ।
ਯੁੱਧ ਹੋਣ 'ਤੇ ਮਰਦਾਂ ਨਾਲ ਵੀ ਬਲਾਤਕਾਰ ਹੁੰਦੇ ਹਨ
ਮਹਿਤਾ ਉਨ੍ਹਾਂ ਦਲੀਲਾਂ ਨੂੰ ਵੀ ਰੱਦ ਕਰਦੇ ਹਨ, ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੇ ਔਰਤਾਂ ਨੂੰ ਯੁੱਧ ਬੰਦੀ ਬਣਾਇਆ ਜਾਂਦਾ ਹੈ, ਤਾਂ ਇਹ ਬਹੁਤ ਮੁਸ਼ਕਲ ਸਥਿਤੀ ਹੋਵੇਗੀ। ਇਸ ਦੇ ਪਿੱਛੇ ਆਮ ਤੌਰ 'ਤੇ ਬਲਾਤਕਾਰ ਦੇ ਖ਼ਤਰੇ ਬਾਰੇ ਗੱਲ ਕੀਤੀ ਜਾਂਦੀ ਹੈ, ਪਰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਮਰਦਾਂ ਨੂੰ ਵੀ ਹੋ ਸਕਦੀ ਹੈ। ਯੁੱਧ ਹੋਣ 'ਤੇ ਮਰਦਾਂ ਨਾਲ ਵੀ ਬਲਾਤਕਾਰ ਹੁੰਦੇ ਹਨ।
ਮਹਿਤਾ ਨੇ ਯੂਨਾਈਟਿਡ ਸਟੇਟ ਦੀ ਇਕ ਮਹਿਲਾ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ, "ਅਮਰੀਕਾ ਵਿੱਚ ਇੱਕ ਬ੍ਰਿਗੇਡੀਅਰ ਜਨਰਲ ਸਰਜਨ ਸੀ - ਰੋਂਡਾ। ਰੋਂਡਾ ਨੂੰ ਯੁੱਧ ਦੇ ਦੌਰਾਨ ਬੰਦੀ ਬਣਾ ਲਿਆ ਗਿਆ ਅਤੇ ਉਸ ਦਾ ਬਲਾਤਕਾਰ ਕੀਤਾ ਗਿਆ ਸੀ। ਜਦੋਂ ਉਹ ਬਾਹਰ ਆਈ ਤਾਂ ਉਸਨੇ ਇਹ ਕਹਿ ਕੇ ਆਦਮੀਆਂ ਨੂੰ ਸ਼ਰਮਿੰਦਾ ਕੀਤਾ ਕਿ ਉਸ ਨੇ ਇਸ ਦੌਰਾਨ ਸਭ ਤੋਂ ਛੋਟੀ ਜਿਸ ਮੁਸੀਬਤ ਦਾ ਸਾਹਮਣਾ ਕੀਤਾ ਸੀ ਉਹ ਸੀ ਬਲਾਤਕਾਰ। ਉਸਨੇ ਕਿਹਾ ਕਿ ਸਭ ਤੋਂ ਜ਼ਿਆਦਾ ਜਿਸ ਗੱਲ ਦਾ ਦੁਖ਼ ਉਸ ਨੂੰ ਹੋਇਆ ਉਹ ਸੀ ਮਰਦਾਂ ਦੀ ਮਾਨਸਿਕਤਾ ਜੋ ਮੰਨਦੀ ਸੀ ਕਿ ਔਰਤਾਂ ਯੁੱਧ ਵਿੱਚ ਚੰਗੀ ਭੂਮਿਕਾ ਨਹੀਂ ਨਿਭਾ ਸਕਦੀਆਂ।"
ਇਹਵੀ ਪੜ੍ਹੋ
ਇਹ ਵੀ ਦੇਖੋ
https://www.youtube.com/watch?v=Wm_HT5Tnhoc
https://www.youtube.com/watch?v=gj5UOrzuiCY
https://www.youtube.com/watch?v=m8VHiKQW9Fg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Oscars 2020: ਬੈਸਟ ਫਿਲਮ, ਬੈਸਟ ਐਕਟਰ ਤੇ ਬੈਸਟ ਦਸਤਾਵੇਜ਼ੀ ਫਿਲਮ ਦਾ ਐਵਾਰਡ ਕਿਨ੍ਹਾਂ ਨੂੰ ਮਿਲੇ
NEXT STORY