ਪੀਵੀ ਸਿੰਧੂ 'ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ' ਲਈ ਨਾਮਜ਼ਦ ਹੋਏ ਹਨ
ਹੈਦਰਾਬਾਦ ਦੀ ਪੀ. ਗੋਪੀਚੰਦ ਅਕੈਡਮੀ ਵਿੱਚ ਜਾਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਅਕੈਡਮੀ 'ਚ ਦਾਖਲ ਹੁੰਦੇ ਹੀ ਇੱਕ ਵਿਲੱਖਣ ਜਿਹਾ ਅਹਿਸਾਸ ਹੁੰਦਾ ਹੈ।
ਇੱਕ ਤੋਂ ਬਾਅਦ ਇੱਕ ਅੱਠ ਬੈਡਮਿੰਟਨ ਕੋਰਟ ਜਿੱਥੋਂ ਖੇਡ ਕੇ ਭਾਰਤੀ ਓਲੰਪਿਕ ਚੈਂਪੀਅਨ, ਵਿਸ਼ਵ ਚੈਂਪੀਅਨ ਅਤੇ ਕਈ ਸੁਪਰ ਸੀਰੀਜ਼ ਚੈਂਪੀਅਨ ਨਿਕਲ ਚੁੱਕੇ ਹਨ।
ਖ਼ਿਆਲਾਂ ਦਾ ਇਹ ਸਿਲਸਿਲਾ ਅਚਾਨਕ ਉਦੋਂ ਟੁੱਟਦਾ ਹੈ ਜਦੋਂ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਆਪਣੀ ਕਿੱਟ ਨਾਲ ਕੋਰਟ ਵਿੱਚ ਆਉਂਦੀ ਹੈ। ਆਉਂਦੇ ਹੀ ਉਹ ਸਿੱਧਾ ਆਪਣੇ ਸਾਥੀਆਂ ਨਾਲ ਪ੍ਰੈਕਟਿਸ ਕਰਨ ਲਗਦੀ ਹੈ।
5 ਜੁਲਾਈ, 1995 ਨੂੰ ਹੈਦਰਾਬਾਦ ਵਿੱਚ ਜੰਮੀ ਅਤੇ ਲਗਭਗ 6 ਫੁੱਟ ਲੰਬੀ ਸਿੰਧੂ ਓਲੰਪਿਕ ਵਿੱਚ ਬੈਡਮਿੰਟਨ ਦਾ ਸਿਲਵਰ ਮੈਡਲ ਜਿੱਤ ਚੁੱਕੀ ਹੈ।
ਕੋਰਟ 'ਤੇ ਤਕਰੀਬਨ ਚਾਰ ਘੰਟੇ ਦੇ ਅਭਿਆਸ ਦੌਰਾਨ ਇੱਕ ਵਾਰ ਵੀ ਸਿੰਧੂ ਦਾ ਧਿਆਨ ਭੰਗ ਨਹੀਂ ਹੋਇਆ। ਇੱਕ ਵਾਰ ਵੀ ਉਨ੍ਹਾਂ ਨੇ ਆਪਣੇ ਫੋਨ ਨੂੰ ਨਹੀਂ ਛੂਹਿਆ। ਬਸ! ਕੋਰਟ 'ਤੇ ਲਗਾਤਾਰ ਪ੍ਰੈਕਟਿਸ, ਹਾਂ ਸਾਥੀਆਂ ਨਾਲ ਹਾਸਾ-ਠੱਠਾ ਚੱਲਦਾ ਰਿਹਾ।
ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਸਿੰਧੂ ਦੀ ਕਹਾਣੀ ਸਫ਼ਲਤਾ ਦੀ ਅਨੋਖੀ ਮਿਸਾਲ ਹੈ, ਪਰ ਇਹ ਸਫਲਤਾ ਰਾਤੋ-ਰਾਤ ਨਹੀਂ ਮਿਲੀ।
ਪੀਵੀ ਸਿੰਧੂ ਦੀ ਕਹਾਣੀ ਸਫਲਤਾ ਦੀ ਅਨੋਖੀ ਮਿਸਾਲ ਹੈ ਪਰ ਉਨ੍ਹਾਂ ਨੂੰ ਇਹ ਸਫਲਤਾ ਰਾਤੋ-ਰਾਤ ਨਹੀਂ ਮਿਲੀ
ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਜਦੋਂ ਸਿੰਧੂ ਨਾਲ ਇੰਟਰਵਿਊ ਕਰਨ ਦਾ ਵਕਤ ਮਿਲਿਆ ਤਾਂ ਸਭ ਤੋਂ ਪਹਿਲਾ ਸੁਆਲ ਜ਼ਹਿਨ ਵਿੱਚ ਇਹੀ ਆਇਆ, ''ਬੈਡਮਿੰਟਨ ਦੇ ਇਸ ਸਫ਼ਰ ਦੀ ਸ਼ੁਰੂਆਤ ਕਿਵੇਂ ਹੋਈ?''
ਆਪਣੀ ਟਰੇਡਮਾਰਕ ਮੁਸਕਰਾਹਟ ਨਾਲ ਸਿੰਧੂ ਦੱਸਦੀ ਹੈ, ''ਮੈਂ ਅੱਠ ਸਾਲ ਦੀ ਉਮਰ ਤੋਂ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ। ਮੇਰੇ ਮਾਤਾ-ਪਿਤਾ ਵਾਲੀਬਾਲ ਖਿਡਾਰੀ ਹਨ। ਪਾਪਾ ਨੂੰ ਵਾਲੀਬਾਲ ਲਈ ਅਰਜੁਨ ਐਵਾਰਡ ਮਿਲ ਚੁੱਕਿਆ ਹੈ।''
''ਜਦੋਂ ਉਹ ਰੇਲਵੇ ਗਰਾਊਂਡ 'ਤੇ ਵਾਲੀਬਾਲ ਖੇਡਣ ਜਾਂਦੇ ਸਨ ਤਾਂ ਨਾਲ ਵਾਲੇ ਕੋਰਟ ਵਿੱਚ ਬੈਡਮਿੰਟਨ ਕੋਰਟ ਹੁੰਦਾ ਸੀ। ਮੈਂ ਉੱਥੇ ਖੇਡਣ ਲੱਗੀ ਅਤੇ ਦਿਲਚਸਪੀ ਵਧਣ ਲੱਗੀ।''
''ਮਹਿਬੂਬ ਅਲੀ ਮੇਰੇ ਪਹਿਲੇ ਕੋਚ ਸਨ। 10 ਸਾਲ ਦੀ ਉਮਰ ਵਿੱਚ ਮੈਂ ਗੋਪੀਚੰਦ ਅਕੈਡਮੀ ਆ ਗਈ ਅਤੇ ਹੁਣ ਤੱਕ ਉੱਥੇ ਹੀ ਹਾਂ।''
ਪੀਵੀ ਸਿੰਧੂ ਦੀ ਪ੍ਰਤਿਭਾ ਬਚਪਨ ਤੋਂ ਹੀ ਸਾਫ਼ ਨਜ਼ਰ ਆਉਣ ਲੱਗੀ ਸੀ। 2009 ਵਿੱਚ ਸਬ ਜੂਨੀਅਰ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਸਿੰਧੂ ਨੇ ਜਿਵੇਂ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
18 ਸਾਲ ਦੀ ਉਮਰ ਵਿੱਚ ਸਿੰਧੂ ਵਰਲਡ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤ ਚੁੱਕੀ ਹੈ ਅਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ।
ਉਦੋਂ ਤੋਂ ਲੈ ਕੇ ਹੁਣ ਤੱਕ ਸਿੰਧੂ ਕਈ ਖ਼ਿਤਾਬ ਜਿੱਤ ਚੁੱਕੀ ਹੈ, ਪਰ ਉਨ੍ਹਾਂ ਦਾ ਆਪਣਾ ਪਸੰਦੀਦਾ ਖ਼ਿਤਾਬ ਕਿਹੜਾ ਹੈ?
ਉਸ ਜਿੱਤ ਨੂੰ ਬੇਸ਼ੱਕ ਚਾਰ ਸਾਲ ਹੋ ਗਏ ਹਨ, ਪਰ ਓਲੰਪਿਕ ਦੀ ਗੱਲ ਸੁਣਦੇ ਹੀ ਸਿੰਧੂ ਦਾ ਚਿਹਰਾ ਖਿੜ ਜਾਂਦਾ ਹੈ।
''ਰੀਓ ਓਲੰਪਿਕ ਮੈਡਲ ਮੇਰੇ ਲਈ ਹਮੇਸ਼ਾ ਖ਼ਾਸ ਰਹੇਗਾ। 2016 ਓਲੰਪਿਕ ਤੋਂ ਪਹਿਲਾਂ ਮੈਂ ਜ਼ਖਮੀ ਸੀ। ਛੇ ਮਹੀਨੇ ਲਈ ਬਾਹਰ ਹੋ ਚੁੱਕੀ ਸੀ। ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਨਾ ਹੈ, ਪਰ ਮੇਰੇ ਕੋਚ ਅਤੇ ਮਾਤਾ-ਪਿਤਾ ਨੇ ਮੈਨੂੰ ਭਰੋਸਾ ਦਿਵਾਇਆ।''
''ਮੈਂ ਬਸ ਇੰਨਾ ਹੀ ਸੋਚ ਰਹੀ ਸੀ ਕਿ ਇਹ ਮੇਰਾ ਪਹਿਲਾ ਓਲੰਪਿਕ ਹੈ ਤੇ ਮੈਨੂੰ ਆਪਣਾ ਬੈਸਟ ਦੇਣਾ ਹੈ। ਫਿਰ ਇੱਕ-ਇੱਕ ਕਰਕੇ ਮੈਂ ਮੈਚ ਜਿੱਤਦੀ ਗਈ।”
ਸਿੰਧੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਫਾਈਨਲ ਵਿਚ ਵੀ ਮੈਂ 100 ਫ਼ੀਸਦੀ ਦਿੱਤਾ, ਪਰ ਉਹ ਦਿਨ ਕਿਸੇ ਦਾ ਵੀ ਹੋ ਸਕਦਾ ਸੀ। ਮੈਂ ਸਿਲਵਰ ਮੈਡਲ ਜਿੱਤਿਆ ਜੋ ਮਾਮੂਲੀ ਗੱਲ ਨਹੀਂ ਸੀ। ਜਦੋਂ ਮੈਂ ਭਾਰਤ ਪਰਤੀ, ਗਲੀ-ਗਲੀ ਵਿੱਚ ਲੋਕ ਸਵਾਗਤ ਲਈ ਖੜ੍ਹੇ ਸਨ। ਸੋਚ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ।''
'ਜਦੋਂ ਮੈਂ ਹਾਰੀ ਸੀ ਤਾਂ ਥੋੜ੍ਹਾ ਬੁਰਾ ਤਾਂ ਲੱਗਿਆ ਸੀ, ਪਰ ਸਾਨੂੰ ਹਮੇਸ਼ਾ ਦੁਬਾਰਾ ਮੌਕਾ ਮਿਲਦਾ ਹੈ'
ਜਿਵੇਂ-ਜਿਵੇਂ ਗੱਲਾਂ ਦਾ ਸਿਲਸਿਲਾ ਵਧ ਰਿਹਾ ਸੀ, ਇੱਕ ਗੱਲ ਸਮਝ ਵਿੱਚ ਆਈ ਕਿ ਸਿੰਧੂ ਉਨ੍ਹਾਂ ਲੋਕਾਂ ਵਿੱਚੋਂ ਹੈ ਜੋ ਹਮੇਸ਼ਾ ਆਸ਼ਾਵਾਦੀ ਰਹਿੰਦੇ ਹਨ-ਅਨੰਤ ਆਸ਼ਾਵਾਦੀ।
ਜਦੋਂ ਮੈਂ ਸਿੰਧੂ ਨੂੰ ਪੁੱਛਿਆ ਕਿ ਕਦੇ ਓਲੰਪਿਕ ਫਾਈਨਲ ਵਿੱਚ ਹਾਰਨ ਦਾ ਮਲਾਲ ਹੋਇਆ ਤਾਂ ਉਹ ਤੁਰੰਤ ਜਵਾਬ ਦਿੰਦੀ ਹੈ, ''ਜਦੋਂ ਮੈਂ ਹਾਰੀ ਸੀ ਤਾਂ ਥੋੜ੍ਹਾ ਬੁਰਾ ਤਾਂ ਲੱਗਿਆ ਸੀ, ਪਰ ਸਾਨੂੰ ਹਮੇਸ਼ਾ ਦੁਬਾਰਾ ਮੌਕਾ ਮਿਲਦਾ ਹੈ।''
''ਮੈਂ ਤਾਂ ਇਸ ਗੱਲ ਤੋਂ ਖ਼ੁਸ਼ ਸੀ ਕਿ ਜੋ ਮੈਡਲ ਮੈਂ ਜਿੱਤਣ ਦਾ ਸੋਚਿਆ ਵੀ ਨਹੀਂ ਸੀ, ਉਹ ਹਾਸਲ ਕਰ ਲਿਆ ਹੈ। ਉਦੋਂ ਤੋਂ ਤਾਂ ਜ਼ਿੰਦਗੀ ਹੀ ਬਦਲ ਗਈ। 2019 ਵਿੱਚ ਮੈਂ ਵਿਸ਼ਵ ਚੈਂਪੀਅਨਸ਼ਿਪ ਜਿੱਤੀ, ਇੱਥੇ 2 ਕਾਂਸੀ ਅਤੇ 2 ਚਾਂਦੀ ਦੇ ਮੈਡਲ ਵੀ ਜਿੱਤ ਚੁੱਕੀ ਹਾਂ।''
ਪਰ ਇਹ ਜਿੱਤ ਸੌਖੀ ਨਹੀਂ ਸੀ। ਸਿੰਧੂ ਨੇ ਗੋਪੀਚੰਦ ਦੀ ਕੋਚਿੰਗ ਵਿੱਚ ਨਾ ਸਿਰਫ਼ ਸਖ਼ਤ ਟ੍ਰੇਨਿੰਗ ਕੀਤੀ, 21 ਸਾਲ ਦੀ ਸਿੰਧੂ ਤੋਂ ਫੋਨ ਵੀ ਕਈ ਮਹੀਨਿਆਂ ਤੋਂ ਲੈ ਲਿਆ ਗਿਆ ਸੀ, ਆਈਸਕਰੀਮ ਖਾਣ ਵਰਗੀਆਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਵੀ ਉਸ ਲਈ ਦੂਰ ਦੀ ਗੱਲ ਸੀ।
ਇਹ ਵੀ ਪੜ੍ਹੋ:
ਤੁਹਾਡੇ ਵਿੱਚੋਂ ਕਈਆਂ ਨੂੰ ਉਹ ਵਾਇਰਲ ਵੀਡੀਓ ਯਾਦ ਹੋਵੇਗਾ ਜਦੋਂ ਰੀਓ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ ਸਿੰਧੂ ਆਈਸਕਰੀਮ ਖਾ ਰਹੀ ਸੀ।
ਖਿੜਖਿੜਾਉਂਦੇ ਹੋਏ ਸੰਧੂ ਦੱਸਦੀ ਹੈ, ''ਮੈਂ ਓਲੰਪਿਕ ਮੈਡਲ ਹੀ ਨਹੀਂ ਜਿੱਤਿਆ ਸੀ, ਗੋਪੀ ਸਰ ਤੋਂ ਆਈਸਕਰੀਮ ਖਾਣ ਦਾ ਆਪਣਾ ਹੱਕ ਵੀ ਹਾਸਲ ਕੀਤਾ ਸੀ।''
ਪੀਵੀ ਸਿੰਧੂ ਕੋਚ ਗੋਪੀ ਚੰਦ ਨਾਲ ਰੀਓ ਉਲੰਪਿਕ ਤੋਂ ਵਾਪਸ ਆ ਕੇ ਹੈਦਰਬਾਦ ਵਿੱਚ ਰੈਲੀ ਦੌਰਾਨ
ਪੀਵੀ ਸਿੰਧੂ ਅਤੇ ਕੋਚ ਪੀ ਗੋਪੀਚੰਦ ਦਾ ਬੇਹੱਦ ਖ਼ਾਸ ਰਿਸ਼ਤਾ ਰਿਹਾ ਹੈ। ਇਸੇ ਬਾਰੇ ਸਿੰਧੂ ਕਹਿੰਦੇ ਹਨ, ''ਮੈਂ 10 ਸਾਲ ਦੀ ਸੀ ਜਦੋਂ ਗੋਪੀ ਸਰ ਨਾਲ ਸ਼ੁਰੂਆਤ ਕੀਤੀ ਸੀ ਅਤੇ ਹੁਣ 24 ਸਾਲ ਦੀ ਹਾਂ, ਹੁਣ ਵੀ ਉਨ੍ਹਾਂ ਤੋਂ ਹੀ ਕੋਚਿੰਗ ਲੈ ਰਹੀ ਹਾਂ।''
ਸਿੰਧੂ ਦੀਆਂ ਇਹ ਸਾਧਾਰਨ ਜਿਹੀਆਂ ਗੱਲਾਂ ਦੋਵਾਂ ਦੇ ਗਹਿਰੇ ਰਿਸ਼ਤੇ ਨੂੰ ਦਰਸਾਉਣ ਲਈ ਕਾਫ਼ੀ ਹਨ।
''ਉਹ ਚੰਗੇ ਕੋਚ ਹੀ ਨਹੀਂ, ਚੰਗੇ ਦੋਸਤ ਵੀ ਹਨ। ਬਤੌਰ ਕੋਚ ਉਹ ਸਖ਼ਤ ਹਨ, ਪਰ ਕੋਰਟ ਦੇ ਬਾਹਰ ਦੋਸਤਾਨਾ, ਬਤੌਰ ਖਿਡਾਰੀ ਉਹ ਮੈਨੂੰ ਸਮਝਦੇ ਹਨ ਅਤੇ ਉਨ੍ਹਾਂ ਨਾਲ ਮੇਰੀ ਗੇਮ ਬਿਹਤਰ ਹੋਈ ਹੈ।''
ਸਿੰਧੂ ਦਾ ਹਰ ਜਵਾਬ ਇੱਕ ਮੁਸਕਰਾਹਟ 'ਤੇ ਹੀ ਖ਼ਤਮ ਹੁੰਦਾ ਹੈ ਫਿਰ ਚਾਹੇ ਗੱਲ ਮੁਸ਼ਕਲਾਂ ਜਾਂ ਨਾਕਾਮੀ ਦੀ ਹੀ ਕਿਉਂ ਨਾ ਹੋਵੇ।
ਬੇਸ਼ੁਮਾਰ ਸਫ਼ਲਤਾ ਦੇ ਬਾਵਜੂਦ, ਸਿੰਧੂ ਦੀ ਆਲੋਚਨਾ ਕਰਨ ਵਾਲੇ ਵੀ ਰਹੇ ਹਨ ਜੋ ਵੱਡੇ ਫਾਈਨਲ ਮੈਚਾਂ ਵਿੱਚ ਉਨ੍ਹਾਂ ਦੇ ਹਾਰਨ 'ਤੇ ਸੁਆਲ ਚੁੱਕਦੇ ਰਹੇ ਹਨ, ਪਰ ਸਿੰਧੂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹੈ ਜੋ ਸ਼ਬਦਾਂ ਨਾਲ ਜਵਾਬ ਦਿੰਦੇ ਹਨ।
''ਕਈ ਲੋਕ ਕਹਿੰਦੇ ਸਨ ਕਿ ਇਸ ਨੇ ਫਾਈਨਲ ਵਿੱਚ ਕੀ ਜਾਣਾ ਹੈ, ਸਿੰਧੂ ਨੂੰ ਫਾਈਨਲ ਫੋਬੀਆ ਹੈ, ਪਰ ਮੈਨੂੰ ਲੱਗਿਆ ਕਿ ਮੈਂ ਆਪਣਾ ਜਵਾਬ ਰੈਕੇਟ ਨਾਲ ਦਿਆਂ। ਮੈਂ ਖ਼ੁਦ ਨੂੰ ਸਾਬਤ ਕੀਤਾ ਹੈ।''
ਉਨ੍ਹਾਂ ਦਾ ਇਸ਼ਾਰਾ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤੇ ਗੋਲਡ ਵੱਲ ਸੀ। ਇਸ ਤੋਂ ਪਹਿਲਾਂ ਉਹ 2018 ਅਤੇ 2017 ਵਿੱਚ ਫਾਈਨਲ ਵਿੱਚ ਹਾਰ ਗਈ ਸੀ।
ਸਿੰਧੂ ਨਾ ਸਿਰਫ਼ ਭਾਰਤ ਦੀਆਂ ਸਭ ਤੋਂ ਸਫ਼ਲ ਖਿਡਾਰਨਾਂ ਵਿੱਚੋਂ ਇੱਕ ਹੈ, ਸਗੋਂ ਸਭ ਤੋਂ ਜ਼ਿਆਦਾ ਕਮਾਈ ਵਾਲੀਆਂ ਖਿਡਾਰਨਾਂ ਵਿੱਚ ਵੀ ਸ਼ੁਮਾਰ ਹੈ।
ਫੋਰਬਜ਼ ਨੇ 2018 ਵਿੱਚ ਸਿੰਧੂ ਨੂੰ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਕਮਾਊ ਖਿਡਾਰਨਾਂ ਵਿੱਚ ਸ਼ਾਮਲ ਕੀਤਾ ਸੀ। ਸਿੰਧੂ ਆਪਣੇ ਆਪ ਵਿੱਚ ਇੱਕ ਬਰੈਂਡ ਬਣ ਚੁੱਕੀ ਹੈ ਅਤੇ ਬਰੈਂਡਜ਼ ਦਾ ਚਿਹਰਾ ਹੈ।
ਸਿੰਧੂ ਦੀ ਸਫਲਤਾ ਦਾ ਮੰਤਰ ਕੀ ਹੈ?
2018 ਵਿੱਚ ਕੋਰਟ 'ਤੇ ਖੇਡਦੇ ਹੋਏ ਸਿੰਧੂ ਨੇ ਪੰਜ ਲੱਖ ਡਾਲਰ ਕਮਾਏ ਅਤੇ ਵਿਗਿਆਪਨਾਂ ਤੋਂ ਉਨ੍ਹਾਂ ਨੂੰ 80 ਲੱਖ ਡਾਲਰ ਵਾਧੂ ਮਿਲੇ, ਯਾਨੀ ਹਰ ਹਫ਼ਤੇ ਘੱਟ ਤੋਂ ਘੱਟ ਇੱਕ ਲੱਖ 63 ਹਜ਼ਾਰ ਡਾਲਰ ਦੀ ਕਮਾਈ ਕੀਤੀ ਜੋ ਕਈ ਕ੍ਰਿਕਟਰਾਂ ਤੋਂ ਵੀ ਜ਼ਿਆਦਾ ਹੈ।
ਇੱਕ ਸਫਲ ਖਿਡਾਰੀ ਹੋਣ ਤੋਂ ਪਰੇ, ਗੱਲਬਾਤ ਵਿੱਚ ਸਿੰਧੂ ਇੱਕ ਅਜਿਹੇ ਵਿਅਕਤੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਸ ਨੂੰ ਆਪਣੀ ਯੋਗਤਾ 'ਤੇ ਪੂਰਾ ਭਰੋਸਾ ਹੈ।
ਉਹ ਕੁੜੀ ਜੋ ਆਪਣੇ ਮੋਢਿਆਂ 'ਤੇ ਉਮੀਦਾਂ ਅਤੇ ਜ਼ਿੰਮੇਵਾਰੀਆਂ ਦੇ ਬੋਝ ਨੂੰ ਸਮਝਦੀ ਹੈ ਅਤੇ ਦਬਾਅ ਦੇ ਬਾਵਜੂਦ ਆਪਣੀ ਗੇਮ ਦਾ ਭਰਪੂਰ ਆਨੰਦ ਵੀ ਲੈਂਦੀ ਹੈ।
ਪ੍ਰੈਕਟਿਸ ਦਾ ਸਖ਼ਤ ਸ਼ਡਿਊਲ, ਦੁਨੀਆ ਭਰ ਵਿੱਚ ਖੇਡਣ ਲਈ ਲਗਾਤਾਰ ਆਉਣਾ-ਜਾਣਾ, ਬਿਜ਼ਨਸ, ਵਿਗਿਆਪਨ…
24 ਸਾਲ ਦੀ ਇੱਕ ਕੁੜੀ ਲਈ ਕੀ ਇਹ ਸਭ ਬੋਝ ਤਾਂ ਨਹੀਂ ਬਣ ਜਾਂਦਾ?
ਆਪਣੀ ਗੇਮ ਦੀ ਤਰ੍ਹਾਂ ਸਿੰਧੂ ਆਪਣੀ ਸੋਚ ਵਿੱਚ ਇਕ ਦਮ ਸਪੱਸ਼ਟ ਹੈ, ''ਮੈਂ ਇਸ ਸਭ ਦਾ ਖ਼ੂਬ ਆਨੰਦ ਮਾਣਦੀ ਹਾਂ, ਲੋਕ ਪੁੱਛਦੇ ਰਹੇ ਹਨ ਕਿ ਤੁਹਾਡੀ ਤਾਂ ਕੋਈ ਪਰਸਨਲ ਲਾਈਫ ਬਚਦੀ ਹੀ ਨਹੀਂ ਹੋਵੇਗੀ, ਪਰ ਮੇਰੇ ਲਈ ਤਾਂ ਬਿਹਤਰੀਨ ਵਕਤ ਹੈ।''
''ਮੈਨੂੰ ਇਸ ਦਾ ਪੂਰਾ ਆਨੰਦ ਲੈਣਾ ਚਾਹੀਦਾ ਹੈ। ਕਿਉਂਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਹੀ ਲਾਈਮਲਾਈਟ ਵਿਚ ਰਹੋ, ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਜ਼ਿੰਦਗੀ ਵਿੱਚ ਕੁਝ ਮਿਸ ਕਰ ਰਹੀ ਹਾਂ, ਬੈਡਮਿੰਟਨ ਮੇਰਾ ਜਨੂੰਨ ਹੈ।''
ਤਾਂ ਸਿੰਧੂ ਦੀ ਸਫਲਤਾ ਦਾ ਮੰਤਰ ਕੀ ਹੈ?
ਸਿੰਧੂ ਉਸ ਆਤਮਵਿਸ਼ਵਾਸ ਨਾਲ ਜਵਾਬ ਦਿੰਦੀ ਹੈ ਜੋ ਇੱਕ ਵਿਸ਼ਵ ਚੈਂਪੀਅਨ ਦੇ ਕੋਲ ਹੀ ਹੋ ਸਕਦਾ ਹੈ।
''ਚਾਹੇ ਕੁਝ ਵੀ ਹੋ ਜਾਵੇ, ਹਮੇਸ਼ਾ ਖ਼ੁਦ 'ਤੇ ਭਰੋਸਾ ਰੱਖੋ, ਇਹੀ ਮੇਰੀ ਤਾਕਤ ਹੈ ਕਿਉਂਕਿ ਕਿਸੇ ਹੋਰ ਲਈ ਨਹੀਂ ਖ਼ੁਦ ਲਈ ਖੇਡ ਰਹੇ ਹਾਂ, ਖ਼ੁਦ ਨੂੰ ਕਹੋ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ।''
ਫੈਸ਼ਨ ਆਈਕਨ ਬਣਨ ਬਾਰੇ ਦੱਸਦੇ ਹੋਏ ਸਿੰਧੂ ਬੱਚਿਆਂ ਵਾਂਗ ਉਤਸ਼ਾਹਿਤ ਹੋ ਜਾਂਦੀ ਹੈ
ਪਰ ਜੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਵਿਸ਼ਵ ਚੈਂਪੀਅਨ ਹੋਣ ਦਾ ਮਤਲਬ ਹੈ ਬਹੁਤ ਸਾਰੀ ਮਿਹਨਤ ਅਤੇ ਥੋੜ੍ਹੀ ਜਿਹੀ ਬੋਰੀਅਤ ਤਾਂ ਸਿੰਧੂ ਸਭ ਨੂੰ ਗ਼ਲਤ ਸਾਬਤ ਕਰਦੀ ਹੈ।
ਖੇਡਾਂ ਦੇ ਨਾਲ-ਨਾਲ ਸਿੰਧੂ ਫੈਸ਼ਨ ਆਈਕਨ ਵੀ ਬਣ ਰਹੀ ਹੈ। ਆਪਣੀ ਸ਼ਖ਼ਸ਼ੀਅਤ ਦੇ ਇਸ ਪਹਿਲੂ ਨੂੰ ਦੱਸਦੇ ਹੋਏ ਸਿੰਧੂ ਬੱਚਿਆਂ ਵਾਂਗ ਉਤਸ਼ਾਹਿਤ ਹੋ ਜਾਂਦੀ ਹੈ।
''ਮੈਨੂੰ ਚੰਗੇ ਕੱਪੜੇ ਪਹਿਨਣਾ, ਤਿਆਰ ਹੋਣਾ ਚੰਗਾ ਲੱਗਦਾ ਹੈ।''
ਉਸਦੇ ਨਹੁੰਆਂ 'ਤੇ ਲੱਗੀ ਚਟਕਦਾਰ ਰੰਗ ਵਾਲੀ ਨਹੁੰ ਪਾਲਿਸ਼ ਵੀ ਇਸੀ ਵੱਲ ਇਸ਼ਾਰਾ ਕਰਦੀ ਹੈ।
ਇੱਕ ਵਾਰ ਲਈ ਤਾਂ ਮੈਂ ਇਹ ਪੁੱਛਣ ਲਈ ਬੇਤਾਬ ਹੋ ਰਹੀ ਸੀ ਕਿ ਇਹ ਨਹੁੰ ਪਾਲਿਸ਼ ਕਿੱਥੋਂ ਲਈ ਹੈ। ਖ਼ੈਰ, ਆਪਣੀ ਗੱਲ ਅੱਗੇ ਵਧਾਉਂਦੇ ਹੋਏ ਸਿੰਧੂ ਕਹਿੰਦੀ ਹੈ, ''ਬਿਲਬੋਰਡ 'ਤੇ, ਵਿਗਿਆਪਨਾਂ ਵਿੱਚ ਖ਼ੁਦ ਨੂੰ ਦੇਖਣਾ ਚੰਗਾ ਲੱਗਦਾ ਹੈ।''
ਬੈਡਮਿੰਟਨ ਦੇ ਬਾਹਰ ਸਿੰਧੂ ਨੂੰ ਸੰਗੀਤ ਸੁਣਨ ਦਾ ਬਹੁਤ ਸ਼ੌਕ ਹੈ ਅਤੇ ਨਾਲ ਹੀ ਆਪਣੇ ਭਤੀਜੇ ਨਾਲ ਖੇਡਣਾ ਉਸ ਲਈ ਸਭ ਤੋਂ ਵੱਡਾ ਸਟਰੈੱਸਬਸਟਰ ਹੈ।
ਇੱਕ ਹੈਦਰਾਬਾਦੀ ਹੋਣ ਦੇ ਨਾਤੇ, ਹੈਦਰਾਬਾਦੀ ਬਰਿਆਨੀ ਦੀ ਤਾਂ ਸਿੰਧੂ ਫੈਨ ਹੈ।
ਖਾਣਾ, ਫੈਸ਼ਨ ਅਤੇ ਪਰਿਵਾਰ ਤੋਂ ਅਲੱਗ ਸਿੰਧੂ ਦਾ ਪੂਰਾ ਫੋਕਸ ਟੋਕੀਓ ਓਲੰਪਿਕ 2020 'ਤੇ ਹੈ। ਓਲੰਪਿਕ ਮੈਡਲ (ਦੁਬਾਰਾ) ਜਿੱਤਣਾ ਉਸਦਾ ਸਭ ਤੋਂ ਵੱਡਾ ਸੁਪਨਾ ਹੈ।
ਸਿੰਧੂ ਦੀ ਉਸੀ ਮੁਸਕਰਾਹਟ ਅਤੇ ਇਸ ਸਲਾਹ ਦੇ ਨਾਲ ਗੱਲਬਾਤ ਦਾ ਸਿਲਸਿਲਾ ਖ਼ਤਮ ਹੋਇਆ...
''ਮੈਂ ਖ਼ੁਸ਼ ਹਾਂ ਕਿ ਲੋਕ ਮੈਨੂੰ ਪ੍ਰੇਰਣਾ ਦਾ ਇੱਕ ਜ਼ਰੀਆ ਮੰਨਦੇ ਹਨ। ਬਹੁਤ ਲੋਕ ਬੈਡਮਿੰਟਨ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਗੀ ਕਿ ਇਹ ਮਿਹਨਤ ਕੁਝ ਹਫ਼ਤਿਆਂ ਦੀ ਨਹੀਂ ਹੈ, ਬਲਕਿ ਸਾਲਾਂ ਦੀ ਮਿਹਨਤ ਲੱਗੇਗੀ, ਸਫ਼ਲਤਾ ਕਦੋਂ ਆਸਾਨੀ ਨਾਲ ਮਿਲੀ ਹੈ?''
ਇਹ ਵੀ ਪੜ੍ਹੋ:
ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ
https://www.youtube.com/watch?v=m8Dk9wJxvWA
ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ
https://www.youtube.com/watch?v=HflP-RuHdso
ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ
https://www.youtube.com/watch?v=fWTV2okefoc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਅਮਿਤ ਸ਼ਾਹ ਨੇ ਮੰਨਿਆ, ਅਸੀਂ ਨਫ਼ਰਤ ਵਾਲੇ ਬਿਆਨਾਂ ਕਾਰਨ ਦਿੱਲੀ ਦੀਆਂ ਚੋਣਾਂ ਹਾਰੇ-5 ਅਹਿਮ ਖ਼ਬਰਾਂ
NEXT STORY