ਕਿਹਾ ਜਾਂਦਾ ਹੈ ਕਿ ਬੱਚੇ ਨੂੰ ਜਨਮ ਦੇਣਾ ਮਾਂ ਲਈ ਵੀ ਨਵੇਂ ਜਨਮ ਤੋਂ ਘੱਟ ਨਹੀਂ ਹੁੰਦਾ। ਮਾਵਾਂ ਉਸ ਪ੍ਰਕਿਰਿਆ ਦੌਰਾਨ ਇੱਕ ਅਕਹਿ ਅਤੇ ਅਸਹਿ ਕਸ਼ਟ ਵਿੱਚੋਂ ਗੁਜ਼ਰਦੀਆਂ ਹਨ ਜਿਸ ਦੀ ਛਾਪ ਉਨ੍ਹਾਂ ਉੱਪਰ ਪੂਰੀ ਜ਼ਿੰਦਗੀ ਰਹਿੰਦੀ ਹੈ।
ਮਾਵਾਂ ਦੀ ਇਹ ਪੀੜਾ ਅਕਸਰ ਉਨ੍ਹਾਂ ਵੱਲੋਂ ਬੱਚਿਆਂ ਪ੍ਰਤੀ ਲਾਪਰਵਾਹ ਬੰਦਿਆਂ ਨੂੰ ਦਿੱਤੇ ਉਲਾਂਭੇ ਵਿੱਚ ਝਲਕਦੀ ਹੈ- 'ਬੱਚੇ ਜੰਮਣੇ ਪੈਣ ਤਾਂ ਫੇਰ ਪਤਾ ਲੱਗੇ'।
ਭਾਰਤ ਤੋਂ ਬਾਹਰ ਕਈ ਦੇਸ਼ਾਂ ਵਿੱਚ ਅਜਿਹਾ ਰਿਵਾਜ ਹੈ ਅਤੇ ਕਈ ਥਾਈਂ ਅਜਿਹਾ ਬਦਲ ਵੀ ਹੈ ਕਿ ਬਾਪ, ਬੱਚੇ ਦੇ ਜਨਮ ਸਮੇਂ ਜਣੇਪਾ ਦਾ ਦਰਦ ਸਹਿ ਰਹੀ ਆਪਣੀ ਪਤਨੀ ਦੇ ਕੋਲ ਰਹਿ ਸਕਦਾ ਹੈ, ਬੱਚੇ ਦੇ ਜਨਮ ਦਾ ਗਵਾਹ ਬਣ ਸਕਦਾ ਹੈ।
ਇਸ ਦੌਰਾਨ ਉਹ ਆਪਣੇ ਸਾਥੀ ਵੱਲੋਂ ਝੱਲੀ ਜਾ ਰਹੀ ਪੀੜਾ ਨੂੰ ਵੀ ਉਸ ਦੇ ਨਾਲ ਮਹਿਸੂਸ ਕਰਦਾ ਹੈ ਅਤੇ ਇਹ ਤਜਰਬਾ ਜੋੜੇ ਦੇ ਰਿਸ਼ਤੇ ਨੂੰ ਨਵੀਆਂ ਅਤੇ ਡੂੰਘੀਆਂ ਸਿਖਰਾਂ 'ਤੇ ਲੈ ਜਾਂਦਾ ਹੈ।
ਇਹ ਵੀ ਪੜ੍ਹੋ:
ਇਲੀਅਟ ਰੇਅ ਅਜਿਹੇ ਹੀ ਇੱਕ ਪਤੀ ਹਨ, ਜੋ ਉਸ ਮੁਸ਼ਕਲ ਸਮੇਂ ਵਿੱਚ ਆਪਣੀ ਪਤਨੀ ਦੇ ਨਾਲ ਸਨ। ਉਨ੍ਹਾਂ ਦੇ ਦਿਲ ਉੱਪਰ ਇਸ ਦਾ ਡੂੰਘਾ ਅਸਰ ਹੋਇਆ ਅਤੇ ਉਹ ਪੋਸਟ ਟਰੌਮੈਟਿਕ ਸਟਰੈਸ ਡਿਸਆਰਡਰ ਦੇ ਸ਼ਿਕਾਰ ਹੋ ਗਏ।
ਇਸ ਮਾਨਸਿਕ ਸੰਤਾਪ ਵਿੱਚੋਂ ਨਿਕਲਣ ਲਈ ਇੱਕ ਸਾਲ ਤੱਕ ਉਹ ਕੋਈ ਮਦਦ ਹਾਸਲ ਨਾ ਕਰ ਸਕੇ ਅਤੇ ਇਕੱਲੇ ਹੀ ਜੂਝਦੇ ਰਹੇ। ਵਜ੍ਹਾ- ਮਰਦ ਕੋ ਦਰਦ ਨਹੀਂ ਹੋਤਾ ਅਤੇ ਲੋਕ ਕੀ ਕਹਿਣਗੇ।
ਹੁਣ ਉਹ ਆਪਣੇ ਵਰਗੇ ਪਤੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਸ ਬਾਰੇ ਮਨੋਚਕਿਤਸਕ ਦੀ ਸਹਾਇਤਾ ਜ਼ਰੂਰ ਲੈਣ।
ਆਓ ਹੁਣ ਉਤਰਦੇ ਹਾਂ ਉਨ੍ਹਾਂ ਦੀ ਕਹਾਣੀ ਵਿੱਚ-
ਗਰਮੀਆਂ ਦਾ ਇੱਕ ਆਮ ਦਿਨ ਸੀ ਇਲੀਅਟ ਲੰਡਨ ਦੀ ਮੈਟਰੋ ਜਿਸ ਨੂੰ ਟਿਊਬ ਕਿਹਾ ਜਾਂਦਾ ਹੈ ਵਿੱਚ ਸਨ। ਅਚਾਨਕ ਉਹ ਫੁੱਟ-ਫੁੱਟ ਕੇ ਰੋਣ ਲੱਗ ਪਏ।
ਇਲੀਅਟ ਦਾ ਕਹਿਣਾ ਹੈ ਕਿ ਉਸ ਦਿਨ ਅਜਿਹਾ ਕੁਝ ਵੀ ਨਹੀਂ ਸੀ ਹੋਇਆ ਜਿਸ ਨਾਲ ਉਨ੍ਹਾਂ ਦੀਆਂ ਉਹ ਦੁੱਖਦਾਈ ਯਾਦਾਂ ਤਾਜ਼ਾ ਹੋ ਜਾਂਦੀਆਂ।
ਸਗੋਂ ਉਸ ਦਿਨ ਤਾਂ ਉਹ ਹਰ ਰੋਜ਼ ਵਾਂਗ ਹੀ ਉੱਠੇ ਸਨ ਆਪਣੀ ਪਤਨੀ ਸੋਨੈਨੀ ਅਤੇ ਨੌਂ ਮਹੀਨਿਆਂ ਦੀ ਧੀ ਨਾਲ ਨਾਸ਼ਤਾ ਕੀਤਾ ਸੀ। ਫਿਰ ਉਹ ਵੈਸਟਮਿਨਸਟਰ ਦੇ ਟਰਾਂਸਪੋਰਟ ਵਿਭਾਗ ਦੀ ਆਪਣੀ ਡਿਊਟੀ ਲਈ ਘਰੋਂ ਨਿਕਲ ਪਏ ਸਨ।
ਲੋਕਾਂ ਤੇ ਨਜ਼ਦੀਆਂ ਨੂੰ ਲੱਗ ਰਿਹਾ ਸੀ ਕਿ ਇਲੀਅਟ ਨਵੇਂ-ਨਵੇਂ ਪਿਤਾ ਬਣੇ ਹਨ ਇਸ ਲਈ ਥੱਕੇ ਰਹਿੰਦੇ ਹਨ ਅਤੇ ਇਹ ਸਭ ਜਲਦੀ ਹੀ ਠੀਕ ਹੋ ਜਾਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਇੱਕ ਕਦੇ ਨਾ ਪਿੱਛਾ ਛੱਡਣ ਵਾਲਾ ਸੰਘਰਸ਼ ਬਣ ਗਿਆ ਸੀ। ਇਸ ਦੀ ਜੜ੍ਹ ਸੀ ਉਨ੍ਹਾਂ ਦੀ ਧੀ ਦਾ ਦੁੱਖਦਾਈ ਜਨਮ।
ਇਲੀਅਟ ਅਤੀਤ ਵਿੱਚ ਉਸ ਘਟਨਾ ਨਾਲ ਅਤੇ ਉਸ ਤੋਂ ਮਗਰਲੇ ਤਣਾਅਪੂਰਨ ਹਫ਼ਤਿਆਂ ਨਾਲ ਜੁੜ ਗਏ ਸਨ। ਕਈ ਵਾਰ ਸਹਿਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਵੀ ਉਨ੍ਹਾਂ ਦਾ ਗਲ਼ਾ ਭਰ ਆਉਂਦਾ।
ਹੁਣ ਇਲੀਅਟ ਨੇ ਇਸ ਬਾਰੇ 19 ਹੋਰ ਪਿਤਾ ਨਾਲ ਮਿਲ ਕੇ ਆਪਣੇ ਇਸ ਅਨੁਭਵ ਬਾਰੇ ਕਿਤਾਬ ਲਿਖੀ ਹੈ।
38 ਸਾਲਾ ਇਲੀਅਟ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਮਾਨਸਿਕ ਸਿਹਤ ਦੀ ਕੋਈ ਸਮੱਸਿਆ ਹੋ ਸਕਦੀ ਹੈ ਅਤੇ ਕਾਊਂਸਲਿੰਗ ਦੀ ਲੋੜ ਪੈ ਸਕਦੀ ਹੈ।
ਸਾਲ 2015 ਵਿੱਚ ਜਦੋਂ ਉਨ੍ਹਾਂ ਦੀ ਪਤਨੀ ਸੋਨੈਨੀ ਗਰਭਵਤੀ ਹੋਈ ਤਾਂ ਉਹ ਖੁਸ਼ੀ ਵਿੱਚ ਫੁੱਲੇ ਨਹੀਂ ਸਮਾ ਰਹੇ ਸਨ।
ਸੋਨੈਨੀ ਦੀਆਂ ਜੰਮਣ ਪੀੜਾ ਇੱਕ ਹਸਪਤਾਲ ਦੀ ਬਰਥਿੰਗ ਪੂਲ ਵਿੱਚ ਸ਼ੁਰੂ ਹੋਈਆਂ। ਇਸ ਮੌਕੇ ਯੋਜਨਾ ਮੁਤਾਬਕ ਇਲੀਅਟ ਦੀ ਸੱਸ ਵੀ ਮਦਦ ਲਈ ਉੱਥੇ ਮੌਜੂਦ ਸੀ।
ਕੁਝ ਘੰਟਿਆਂ ਵਿੱਚ ਹੀ ਸੋਨੈਨੀ ਦਾ ਬਲੱਡ ਪ੍ਰੈਸ਼ਰ ਚੜ੍ਹਨ ਲੱਗਿਆ ਅਤੇ ਬੱਚੀ ਦੇ ਦਿਲ ਦੀ ਧੜਕਨ ਡਿੱਗਣ ਲੱਗ ਪਈ। ਸੋਨੈਨੀ ਨੂੰ ਨਾਲ ਦੇ ਕਮਰੇ ਵਿੱਚ ਲੈ ਜਾਇਆ ਗਿਆ।
ਇਲੀਅਟ ਕਹਿੰਦੇ ਹਨ,"ਇਹ ਕਮਰਾ ਹਨੇਰਾ ਸੀ ਅਤੇ ਬਹੁਤ ਸਾਰੇ ਸਾਜ਼ੋ-ਸਮਾਨ ਨਾਲ ਭਰਿਆ ਹੋਇਆ ਸੀ। ਇਹ ਪਹਿਲਾਂ ਵਾਲੇ ਨਾਲੋਂ ਕਾਫ਼ੀ ਵੱਖਰਾ ਲੱਗ ਰਿਹਾ ਸੀ।"
ਉੱਥੇ ਕੁਝ ਵੀ ਇਲੀਅਟ ਦੀ ਕਲਪਨਾ ਮੁਤਾਬਕ ਨਹੀਂ ਹੋ ਰਿਹਾ ਸੀ।
ਟੈਸਟਾਂ ਵਿੱਚ ਪਤਾ ਚੱਲਿਆ ਸੀ ਕਿ ਸੋਨੈਨੀ ਨੂੰ ਗਰੁੱਪ ਬੀ ਸਟਰੈਪਟੋਕੋਕਸ ਇਨਫੈਕਸ਼ਨ ਸੀ, ਐਂਟੀਬਾਇਓਟਿਕਸ ਦੇ ਟੀਕੇ ਲਗਾਏ ਜਾ ਰਹੇ ਸਨ ਤਾਂ ਜੋ ਜਨਮ ਲੈ ਰਹੀ ਬੱਚੀ ਨੂੰ ਲਾਗ ਤੋਂ ਬਚਾਇਆ ਜਾ ਸਕੇ।
ਜ਼ਿਆਦਾਤਰ ਇਸ ਇਨਫ਼ੈਕਸ਼ਨ ਨਾਲ ਜੱਚਾ ਜਾਂ ਬੱਚਾ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਪਰ ਇਸ ਵਾਰ, ਖ਼ਤਰਾ ਸੀ।
ਜਦੋਂ ਚੌਵੀ ਘੰਟਿਆਂ ਦੀਆਂ ਜੰਮਣ ਪੀੜਾਂ ਤੋਂ ਬਾਅਦ ਬੱਚੀ ਦਾ ਜਨਮ ਹੋਇਆ ਤਾਂ ਉਹ ਘਸਮੈਲੇ ਰੰਗ ਦੀ ਸੀ ਅਤੇ ਉਸ ਨੇ ਕਈ ਘੰਟਿਆਂ ਤੱਕ ਕੋਈ ਆਵਾਜ਼ ਨਹੀਂ ਕੀਤੀ।
"ਦਾਈ ਨੇ ਬੱਚੀ ਮੇਰੀ ਪਤਨੀ ਦੀ ਛਾਤੀ ਉੱਪਰ ਲਿਟਾ ਦਿੱਤੀ ਅਤੇ ਉਸ ਤੋਂ ਬਾਅਦ ਸਾਰੇ ਪਾਸੇ ਚੁੱਪ ਪਸਰ ਗਈ। ਮੈਨੂੰ ਲੱਗਿਆ ਜਿਵੇਂ ਸਭ ਕੁੱਝ ਥੰਮ ਗਿਆ ਹੋਵੇ।"
‘ਜਿਵੇਂ ਫਿਲਮ ਦੇਖ ਰਿਹਾ ਹੋਵਾਂ’
ਉਨ੍ਹਾਂ ਦੇ ਸਾਹਮਣੇ ਕਮਰੇ ਦੇ ਦੂਜੇ ਖੂੰਜੇ ਵਿੱਚ ਡਾਕਟਰ ਬੱਚੀ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਦੀ ਪਤਨੀ ਸੀ ਜਿਸ ਦਾ ਬਹੁਤ ਜ਼ਿਆਦਾ ਖੂਨ ਵਹਿ ਚੁੱਕਿਆ ਸੀ।
"ਮੈਨੂੰ ਇੰਝ ਲ਼ੱਗ ਰਿਹਾ ਸੀ ਜਿਵੇਂ ਮੈਂ ਕੋਈ ਫਿਲਮ ਦੇਖ ਰਿਹਾ ਹੋਵਾਂ ਅਤੇ ਇਹ ਸਭ ਕੁਝ ਕਿਸੇ ਹੋਰ ਨਾਲ ਹੋ ਰਿਹਾ ਹੋਵੇ।"
ਅਵਾਜ਼ਾਂ ਇੱਕ ਦੂਜੇ ਵਿੱਚ ਇਸ ਤਰ੍ਹਾਂ ਰਲ-ਗੱਡ ਹੋ ਰਹੀਆਂ ਸਨ ਜਿਵੇਂ ਉਹ ਪਾਣੀ ਦੇ ਥੱਲੇ ਖਲੋਤੇ ਇਹ ਸਭ ਸੁਣ ਦੇਖ ਰਹੇ ਹੋਣ।
"ਜਨਮ ਦੌਰਾਨ ਤਾਂ ਮੇਰੀ ਕੋਈ ਭੂਮਿਕਾ ਸੀ ਪਰ ਹੁਣ ਤਾਂ ਮੈਂ ਸਦਮੇ ਵਿੱਚ ਅਤੇ ਮਜਬੂਰ ਖੜ੍ਹਾ ਸੀ। ਮੈਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਇਨ੍ਹਾਂ ਲੋਕਾਂ ਉੱਪਰ ਨਿਰਭਰ ਸੀ।"
"ਮੇਰੀ ਬੱਚੀ ਮਹਿਜ਼ ਪੰਜ ਮਿੰਟਾਂ ਦੀ ਸੀ ਅਤੇ ਮੈਂ ਉਸ ਕੋਲ ਜਾਣਾ ਚਾਹੁੰਦਾ ਸੀ ਪਰ ਨਹੀਂ ਜਾ ਸਕਦਾ ਸੀ। ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਮੈਂ ਕੀ ਕਰਾਂ"
ਆਉਣ ਵਾਲੇ ਦਿਨਾਂ ਵਿੱਚ ਇਲੀਅਟ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਆਪਣੀ ਪਤਨੀ ਦੀ ਦੇਖਭਾਲ ਵਿੱਚ ਸਮਰਪਿਤ ਕਰ ਦਿੱਤਾ।
ਉਹ ਰੋਏ ਨਹੀਂ -ਟੁੱਟੇ ਨਹੀਂ, ਇਸ ਦਾ ਸਮਾਂ ਹੀ ਨਹੀਂ ਸੀ। ਜਦੋਂ ਇਲੀਅਟ ਪਹਿਲੀ ਰਾਤ ਘਰ ਵਾਪਸ ਆਏ ਅਤੇ ਉਨ੍ਹਾਂ ਦੇ ਨਾਲ ਨਾ ਤਾਂ ਉਨ੍ਹਾਂ ਦੀ ਪਤਨੀ ਸੀ ਅਤੇ ਨਾ ਹੀ ਬੱਚੀ, ਤਾਂ ਇਹ ਉਨ੍ਹਾਂ ਲਈ ਬੇਹੱਦ ਅਸਹਿ ਸੀ।
ਹਸਪਤਾਲ ਵਿੱਚ ਉਨ੍ਹਾਂ ਦੀ ਬੱਚੀ ਨੂੰ ਇਨਕਿਊਬੇਟਰ ਵਿੱਚ ਰੱਖਿਆ ਗਿਆ ਸੀ। ਉੱਥੇ ਉਹ ਕੁਝ ਸਮੇਂ ਲਈ ਬੱਚੀ ਨੂੰ ਝੂਲਾ ਝੁਲਾ ਸਕਦੇ ਸਨ। ਉਸ ਤੋਂ ਬਾਅਦ ਬੱਚੀ ਨੂੰ ਵਾਪਸ ਤਾਰਾਂ ਵਿੱਚ ਲਿਪਟੀ ਨੂੰ ਉੱਥੇ ਛੱਡ ਕੇ ਆਉਣਾ ਇਲੀਅਟ ਲਈ ਬੜਾ ਮੁਸ਼ਕਲ ਸੀ।
ਕੁਝ ਦਿਨਾਂ ਬਾਅਦ ਤਿੰਨ ਜਣਿਆਂ ਦਾ ਇਹ ਪਰਿਵਾਰ ਇਕੱਠੇ ਰਹਿਣ ਦੇ ਯੋਗ ਹੋ ਗਿਆ ਅਤੇ ਬੱਚੀ ਦੀ ਇਨਫੈਕਸ਼ਨ ਨੂੰ ਵੀ ਮੋੜ ਪੈਣ ਲੱਗਿਆ।
ਕੁਝ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੀਆਂ ਤਿਆਰੀਆਂ ਹੋਣ ਲੱਗੀਆਂ ਅਤੇ ਆਸ ਬੱਝ ਗਈ ਕਿ ਉਹ ਘਰ ਜਾ ਸਕਣਗੇ। ਸਭ ਠੀਕ ਹੋ ਜਾਵੇਗਾ।
ਫਿਰ ਅਚਾਨਕ ਬੱਚੀ ਦੇ ਸਿਰ ਤੇ ਇੱਕ ਗੁੰਮਾ ਨਿਕਲ ਆਇਆ ਜੋ ਵੱਡਾ ਹੀ ਹੁੰਦਾ ਜਾ ਰਿਹਾ ਸੀ। ਡਾਕਟਰ ਚਿੰਤਤ ਸਨ ਅਤੇ ਐੱਮਆਰਆਈ ਕਰਨਾ ਚਾਹੁੰਦੇ ਸਨ।
ਸਾਰੀ ਰਾਤ ਕੀਤੀਆਂ ਅਰਸਦਾਸਾਂ
ਹੁਣ ਇਲੀਅਟ ਨੂੰ ਲੱਗਿਆ ਕਿ ਸਭ ਕੁਝ ਇੱਕ ਵਾਰ ਫਿਰ ਵੱਸੋਂ ਬਾਹਰ ਹੁੰਦਾ ਜਾ ਰਿਹਾ ਸੀ। ਸਕੈਨ ਤੋਂ ਪਹਿਲਾਂ ਸਾਰੀ ਰਾਤ ਜਾਗ ਕੇ ਉਹ ਬਸ ਸਭ ਠੀਕ ਹੋਣ ਦੀਆਂ ਅਰਦਾਸਾਂ ਹੀ ਕਰਦੇ ਰਹੇ।
ਇਲੀਅਟ ਕਹਿੰਦੇ ਹਨ,"ਮੈਨੂੰ ਨਹੀਂ ਪਤਾ ਇਹ ਸਾਰੇ ਅਥੱਰੂ ਕਿੱਥੋਂ ਆ ਰਹੇ ਸਨ। ਮੈਂ ਸਾਰੀ ਰਾਤ ਰੋਂਦਾ ਰਿਹਾ ਸੀ।"
ਆਖ਼ਰ ਇੱਕ ਨਰਸ ਨਤੀਜਾ ਲੈ ਕੇ ਆਈ। ਉਸ ਨੇ ਪਰਿਵਾਰ ਨੂੰ ਕਲਾਵੇ ਵਿੱਚ ਲਿਆ ਅਤੇ ਕਿਹਾ ਕਿ ਗੁੰਮਾ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਸੀ ਅਤੇ ਉਹ ਘਰ ਜਾ ਸਕਦੇ ਸਨ।
ਇਸ ਰੋਲਰਕੋਸਟਰ ਵਰਗੇ ਤਜ਼ਰਬੇ ਨੇ ਉਨ੍ਹਾਂ ਨੂੰ ਨਚੋੜ ਦਿੱਤਾ ਸੀ। ਉਹ ਹਸਪਤਾਲ ਦੇ ਧੰਨਵਾਦੀ ਸਨ ਅਤੇ ਬੱਚੀ ਨੂੰ ਆਪਣੇ ਕੋਲ ਦੇਖ ਕੇ ਖ਼ੁਸ਼ ਸਨ ਪਰ ਉਸ ਦੇ ਭਵਿੱਖ ਬਾਰੇ ਫਿਕਰਮੰਦ ਵੀ ਸਨ।
ਪਹਿਲੇ ਕੁਝ ਮਹੀਨੇ ਬੜੀ ਖਿੱਚੋ-ਤਾਣ ਦੇ ਸਨ। ਪਰਿਵਾਰ ਪਹਿਲੇ ਤਿੰਨ ਮਹੀਨੇ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ।
ਇਸ ਦੌਰਾਨ ਇਲੀਅਟ ਦੀਆਂ ਜਣੇਪਾ ਛੁੱਟੀਆਂ ਵੀ ਮੁੱਕ ਗਈਆਂ। ਸਹਿਕਰਮੀਆਂ ਨੇ ਉਨ੍ਹਾਂ ਦਾ ਬੜੇ ਜੋਸ਼ ਨਾਲ ਸਵਾਗਤ ਕੀਤਾ।
ਉਹ ਸਭ ਉਨ੍ਹਾਂ ਨੂੰ ਬੱਚੀ ਲਈ ਵਧਾਈਆਂ ਦੇ ਰਹੇ ਸਨ ਪਰ ਇਲੀਅਟ ਕਦੇ ਵੀ ਆਪਣੀ ਮਨੋਸਥਿਤੀ ਉਨ੍ਹਾਂ ਨੂੰ ਸਮਝਾ ਨਹੀਂ ਸਕੇ, ਕਿ ਉਹ ਕਿਸ ਦੌਰ ਵਿੱਚੋਂ ਗੁਜ਼ਰ ਰਹੇ ਸਨ।
ਜੋ ਇਲੀਅਟ ਨਾਲ ਹੋ ਰਿਹਾ ਸੀ ਨਾ ਤਾਂ ਉਨ੍ਹਾਂ ਨੇ ਆਪ ਉਸ ਬਾਰੇ ਕਦੇ ਸੋਚਿਆ ਸੀ ਅਤੇ ਨਾ ਹੀ ਕਦੇ ਕਿਸੇ ਹੋਰ ਨੇ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਸੀ।
ਸੋਨੈਨੀ ਨੂੰ ਹਾਲਾਂਕਿ ਬੱਚੀ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਮਹਿਸੂਸ ਹੋਇਆ ਕਿ ਉਸ ਨੂੰ ਮਦਦ ਦੀ ਲੋੜ ਹੈ ਅਤੇ ਉਹ ਜਣੇਪੇ ਤੋਂ ਮਗਰੋਂ ਮਹਿਸੂਸ ਹੋਣ ਵਾਲੀ ਚਿੰਤਾ ਵਿੱਚੋਂ ਗੁਜ਼ਰ ਰਹੀ ਸੀ।
ਉਹ ਹਮੇਸ਼ਾ ਸੋਚਦੀ ਰਹਿੰਦੀ ਕਿ ਬੁਰੇ ਤੋਂ ਬੁਰਾ ਕੀ ਹੋ ਸਕਦਾ ਹੈ।
ਇਸੇ ਦੌਰਾਨ ਉਨ੍ਹਾਂ ਦੀ ਬੇਟੀ ਨੂੰ ਕਣਕ ਦੀ ਅਲਰਜੀ ਦਾ ਗੰਭੀਰ ਦੌਰਾ ਪਿਆ ਅਤੇ ਹਸਪਤਾਲ ਲਿਜਾਣੀ ਪਈ।
"ਸੋਨੈਨੀ ਨੇ ਇਹ ਸਭ ਕੁਝ ਬਾਖੂਬੀ ਸੰਭਾਲਿਆ ਪਰ ਮੈਨੂੰ ਇਸ ਨੇ ਜਣੇਪੇ ਵਾਲੀ ਉਸੇ ਬੇਬਸੀ ਵਾਲੇ ਸਮੇਂ ਵਿੱਚ ਵਾਪਸ ਭੇਜ ਦਿੱਤਾ।"
ਇਹੀ ਸਮਾਂ ਸੀ ਜਦੋਂ ਇਲੀਅਟ ਵਿੱਚ ਪੋਸਟ ਟਰੌਮੈਟਿਕ ਸਟਰੈਸ ਡਿਸਆਰਡਰ ਦੇ ਲੱਛਣ- ਉਨੀਂਦਰਾ, ਚਿੰਤਾ ਅਤੇ ਅਤੀਤ ਦੇ ਝਲਕਾਰੇ ਦਿਸਣੇ ਸ਼ੁਰੂ ਹੋਏ।
ਸੋਨੈਨੀ ਦੱਸਦੇ ਹਨ,"ਜਦੋਂ ਉਨ੍ਹਾਂ ਨੇ ਮੈਨੂੰ ਆਪਣੇ ਤਜ਼ਰਬਿਆਂ ਬਾਰੇ ਦਸਿਆ ਤਾਂ ਮੈਂ ਫਿਕਰ ਕਰਨੀ ਸ਼ੁਰੂ ਕਰ ਦਿੱਤੀ।"
ਕਿਵੇਂ ਪਤਾ ਲੱਗਿਆ ਕਿ ਮਦਦ ਦੀ ਲੋੜ ਹੈ
ਸਾਲ 2017 ਵਿੱਚ ਇੱਕ ਪੱਤਰਕਾਰ ਨੇ ਜਦੋਂ ਉਨ੍ਹਾਂ ਦੀ ਬੇਟੀ ਦੇ ਜਨਮ ਬਾਰੇ ਸਵਾਲ ਪੁੱਛਿਆ ਤਾਂ ਇਲੀਅਟ ਨੂੰ ਮਹਿਸੂਸ ਹੋਇਆ ਕਿ ਉਹ ਇਸ ਬਾਰੇ ਪ੍ਰੇਸ਼ਾਨ ਹੋਏ ਬਿਨਾਂ ਗੱਲ ਨਹੀਂ ਕਰ ਪਾ ਰਹੇ ਸਨ।
ਪੱਤਰਕਾਰ ਨੇ ਉਨ੍ਹਾਂ ਨੂੰ ਮਸ਼ਵਰਾ ਦਿੱਤਾ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਕਰਨ ਅਤੇ ਤਣਾਅ ਅਤੇ ਟਰੌਮਾ ਨਾਲ ਜੁੜੇ ਇੱਕ ਡਾਕਟਰ ਨਾਲ ਰਾਬਤਾ ਕਰਵਾਇਆ।
ਉਸ ਸਮੇਂ ਤੱਕ ਮੈਨੁੰ ਲਗਦਾ ਸੀ ਕਿ PTS ਤਾਂ ਸਿਰਫ਼ ਜੰਗ ਤੋਂ ਵਾਪਸ ਆਏ ਫੌਜੀਆਂ ਨੂੰ ਹੁੰਦਾ ਹੈ। ਹੁਣ ਮੈਂ ਜਾਣਦਾ ਹਾਂ ਕਿ ਇਹ ਕਿਸੇ ਨੂੰ ਵੀ ਹੋ ਸਕਦਾ ਹੈ।
ਸਾਲ 2016 ਵਿੱਚ ਉਨ੍ਹਾਂ ਨੇ ਨਵੇਂ ਬਣੇ ਪਿਤਾਵਾਂ ਲਈ ਇੱਕ ਪਲੇਟਫਾਰਮ ਮਿਊਜ਼ਿਕ ਫੁੱਟਬਾਲ ਫਾਦਰਹੁੱਡ ਸ਼ੁਰੂ ਕੀਤਾ। ਹੌਲੀ-ਹੌਲੀ ਨਵੇਂ ਪਿਤਾ ਇੱਥੇ ਇਕੱਠੇ ਹੋਣ ਲੱਗੇ ਅਤੇ ਆਪਸ ਵਿੱਚ ਗੱਲਬਾਤ ਕਰਨ ਲੱਗੇ।
ਇਨ੍ਹਾਂ ਗੱਲਬਾਤ ਤੋਂ ਹੀ ਇਲੀਅਟ ਨੂੰ ਆਪਣੀ ਕਿਤਾਬ ਲਈ ਵਿਚਾਰ ਆਇਆ।
"ਮੈਨੂੰ ਲਗਦਾ ਹੈ ਕਿ ਨਵੇਂ ਬਣੇ ਪਿਤਾ ਕਿਸੇ ਨਾ ਕਿਸੇ ਤਰ੍ਹਾਂ ਜੂਝਦੇ ਹਨ ਅਤੇ ਇਹ ਸਧਾਰਣ ਹੈ।"
"ਇਸ ਬਾਰੇ ਕਹਾਣੀਆਂ ਹਨ ਅਤੇ ਅਸੀਂ ਇਸ ਬਾਰੇ ਬਹੁਤੀ ਗੱਲ ਵੀ ਨਹੀਂ ਕਰਦੇ। ਅੱਧੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਕੀ ਹੋਣ ਜਾ ਰਿਹਾ ਹੈ।"
ਇਲੀਅਟ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਕਿਤਾਬ ਨਵੀਂ ਚਰਚਾ ਸ਼ੁਰੂ ਕਰੇਗੀ।
ਇਸ ਵਿੱਚ ਕਹਾਣੀਆਂ ਹਨ ਇੱਕ ਅਜਿਹੇ ਪਿਤਾ ਦੀਆਂ ਜਿਸ ਦਾ ਲੋਕਾਂ ਨੇ ਮਜ਼ਾਕ ਉਡਾਇਆ, ਜਿਸ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਬੱਚੇ ਨੂੰ ਪਾਲਿਆ, ਜਿਸ ਦੇ ਬੱਚੇ ਦੀ ਮੌਤ ਹੋ ਗਈ।
"ਮਰਦ ਅਤੇ ਇੱਕ ਪਿਤਾ ਵਜੋਂ ਮਾਨਸਿਕ ਸਿਹਤ ਬਾਰੇ ਗੱਲ ਕਰਨਾ ਅਹਿਮ ਹੈ ਪਰ ਫਿਰ ਵੀ ਇਸ ਨੂੰ ਹਾਲੇ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾਂਦਾ।"
ਨਵੇਂ ਪਿਤਾ ਬਣਨ ਵਾਲੇ ਪਿਤਾਵਾਂ ਵਿੱਚ ਮਾਨਸਿਕ ਸਿਹਤ
- ਦਸਾਂ ਵੱਚੋਂ ਇੱਕ ਪੁਰਸ਼ ਨੂੰ ਪਿਤਾ ਬਣਨ ਦੇ ਪਹਿਲੇ ਛੇ ਮਹੀਨਿਆਂ ਦੇ ਅੰਦਰ ਤਣਾਅ ਅਤੇ ਚਿੰਤਾ ਰਹਿੰਦੀ ਹੈ।
- ਪੰਜਾਂ ਵਿੱਚ ਪਿਤਾ ਬਣਨ ਜਾ ਇੱਕ ਰਿਹਾ ਇੱਕ ਪੁਰਸ਼ ਸਾਥੀ ਦੀ ਗਰਭ ਅਵਸਥਾ ਦੌਰਾਨ ਅਤੇ ਜਨਮ ਦੇ ਪਹਿਲੇ ਸਾਲ ਦੌਰਾਨ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ।
- ਅਜਿਹੇ ਪਿਤਾ ਜੋ ਕਿ ਡਿਪਰੈਸ਼ਨ ਦੇ ਸ਼ਿਕਾਰ ਸਾਥੀ ਨਾਲ ਰਹਿੰਦੇ ਹਨ ਉਨ੍ਹਾਂ ਦੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਦੀ ਸੰਭਾਵਨਾ 24-50 ਫ਼ੀਸਦੀ ਜ਼ਿਆਦਾ ਹੁੰਦੀ ਹੈ।
- ਬ੍ਰਿਟੇਨ ਵਿੱਚ ਖ਼ੁਦਕੁਸ਼ੀ 50 ਸਾਲ ਤੋਂ ਛੋਟੀ ਉਮਰ ਦੇ ਪੁਰਸ਼ਾਂ ਦਾ ਸਭ ਤੋਂ ਵੱਡਾ ਕਾਤਲ ਹੈ। ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਬੱਚੇ ਦੇ ਜਨਮ ਦੇ ਅੱਗੜ-ਪਿੱਛੜ ਮਾਨਸਿਕ ਤਣਾਅ ਵਿੱਚ ਰਹਿਣ ਵਾਲੇ ਪਿਤਾਵਾਂ ਦੇ ਖ਼ੁਦਕੁਸ਼ੀ ਕਰਨ ਦੀ 50 ਫ਼ੀਸਦੀ ਤੋਂ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਇਲੀਅਟ ਨੂੰ ਲਗਦਾ ਹੈ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਦਾ ਤਜ਼ਰਬਾ ਇੰਨਾ ਤੀਬਰ ਨਹੀਂ ਸੀ ਜਿੰਨਾ ਹੋਰ ਕਈਆਂ ਦਾ ਹੁੰਦਾ ਹੈ।
ਫਿਰ ਵੀ ਉਹ ਮਹਿਸੂਸ ਕਰਦੇ ਹਨ ਕਿ ਅਜਿਹੇ ਕਈ ਮੌਕੇ ਸਨ ਜਦੋਂ ਇਸ ਬਾਰੇ ਗੱਲ ਹੋ ਸਕਦੀ ਸੀ ਜਾਂ ਹੋਣੀ ਚਾਹੀਦੀ ਸੀ ਪਰ ਹੋਈ ਨਹੀਂ
ਉਨ੍ਹਾਂ ਨੂੰ ਉਮੀਦ ਹੈ ਕਿ ਆਪਣੀ ਕਿਤਾਬ ਰਾਹੀਂ ਇਹ ਪਿਤਾ ਬਣਨ ਜਾ ਰਹੇ ਲੋਕਾਂ ਦੀ ਮਦਦ ਕਰ ਸਕਣਗੇ ਅਤੇ ਉਨ੍ਹਾਂ ਲਈ ਇੱਕ ਨਵੀਂ ਭੂਮਿਕਾ ਵਿੱਚ ਖ਼ੁਦ ਨੂੰ ਢਾਲ ਸਕਣ ਲਈ ਤਿਆਰ ਕਰ ਸਕਣ ਵਿੱਚ ਸਹਾਈ ਹੋਣਗੇ।
ਉਨ੍ਹਾਂ ਦੀ ਬੇਟੀ ਹੁਣ ਖ਼ੁਸ਼ ਹੈ। ਉਸ ਨੂੰ ਸੰਗੀਤ ਦਾ ਲਗਾਅ ਅਪਣੇ ਪਿਤਾ ਤੋਂ ਮਿਲਿਆ ਹੈ। ਉਹ ਪੰਜ ਸਾਲਾਂ ਦੀ ਹੋ ਚੁੱਕੀ ਹੈ।
ਹਾਲਾਂਕਿ ਬੇਟੀ ਨੂੰ ਨਹਾਉਂਦੇ ਸਮੇਂ ਗਾਣੇ ਗਾਉਣਾ ਪਸੰਦ ਹੈ ਪਰ ਜਦੋਂ ਤੋਂ ਉਸ ਦੇ ਪਿਤਾ ਕਿਤਾਬ ਲਿਖਣ ਲੱਗੇ ਹਨ ਉਸ ਨੇ ਵੀ ਕੁਝ ਨਾ ਕੁਝ ਲਿਖਣਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ:
https://www.youtube.com/watch?v=Um9ACWrTz4w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd8681723-b1f1-4434-a112-f9a0cb9359ec','assetType': 'STY','pageCounter': 'punjabi.international.story.57788087.page','title': 'ਪਤਨੀ ਦਾ ਜਣੇਪਾ ਤੇ ਧੀ ਦਾ ਦੁਖਦਾਈ ਜਨਮ ਵੇਖ ਇਹ ਸ਼ਖ਼ਸ ਕਿਉਂ ਹੋਇਆ ਇਸ ਬਿਮਾਰੀ ਦਾ ਸ਼ਿਕਾਰ','published': '2021-07-11T07:30:08Z','updated': '2021-07-11T07:30:08Z'});s_bbcws('track','pageView');

ਭਾਜਪਾ ਨੂੰ ਚਾਪਲੂਸਾਂ ਦੀ ਲੋੜ ਹੈ ਤੇ ਪ੍ਰਧਾਨ ਆਪਣੀ ਕੁਰਸੀ ਬਚਾਉਣ ਦੀ ਫਿਰਾਕ ''ਚ ਹੈ- ਅਨਿਲ ਜੋਸ਼ੀ
NEXT STORY