82,698 ਵਰਗ ਕਿਲੋਮੀਟਰ ਦੇ ਖੇਤਰਫ਼ਲ ਵਾਲੀ ਹੈਦਰਾਬਾਦ ਰਿਆਸਤ ਹਮੇਸ਼ਾ ਭਾਰਤ ਦੇ ਪ੍ਰਮੁੱਖ ਸ਼ਾਹੀ ਘਰਾਣਿਆਂ ਵਿੱਚ ਗਿਣੀ ਜਾਂਦੀ ਰਹੀ ਸੀ।
ਇਸ ਦਾ ਖੇਤਰਫਲ ਬ੍ਰਿਟੇਨ ਅਤੇ ਸਕਾਟਲੈਂਡ ਦੇ ਖੇਤਰ ਤੋਂ ਵੀ ਜ਼ਿਆਦਾ ਸੀ ਅਤੇ ਆਬਾਦੀ (1 ਕਰੋੜ 60 ਲੱਖ) ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਸੀ।
ਸ਼ਾਇਦ ਇਸ ਦੇ ਵਿਸ਼ੇਸ਼ ਰੁਤਬੇ ਕਾਰਨ ਹੀ ਇਸ ਨੂੰ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ ਲਈ ਤਿੰਨ ਮਹੀਨਿਆਂ ਦਾ ਵਾਧੂ ਸਮਾਂ ਦਿੱਤਾ ਗਿਆ ਸੀ।
ਐਚਵੀਆਰ ਅਯੰਗਰ, ਜੋ ਉਸ ਸਮੇਂ ਭਾਰਤ ਦੇ ਗ੍ਰਹਿ ਸਕੱਤਰ ਸਨ, ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਸਰਦਾਰ ਪਟੇਲ ਦਾ ਸ਼ੁਰੂ ਤੋਂ ਹੀ ਮੰਨਣਾ ਸੀ ਕਿ ਭਾਰਤ ਦੇ ਦਿਲ ਵਿੱਚ ਇੱਕ ਅਜਿਹੇ ਖੇਤਰ ਹੈਦਰਾਬਾਦ ਦਾ ਹੋਣਾ, ਜਿਸ ਦੀ ਵਫ਼ਾਦਾਰੀ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਹੋਵੇ, ਭਾਰਤ ਦੀ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਸੀ।"
ਨਹਿਰੂ ਮੈਮੋਰੀਅਲ ਲਾਇਬ੍ਰੇਰੀ ਵਿੱਚ ਰੱਖੇ ਗਏ ਇਸ ਇੰਟਰਵਿਊ ਵਿੱਚ ਅਯੰਗਰ ਇੱਥੋਂ ਤੱਕ ਕਹਿੰਦੇ ਹਨ ਕਿ ਪਟੇਲ ਦੀ ਦਿਲੀ ਇੱਛਾ ਸੀ ਕਿ ਨਿਜ਼ਾਮ ਦਾ ਵਜੂਦ ਖਤਮ ਹੋ ਜਾਵੇ। ਹਾਲਾਂਕਿ ਨਹਿਰੂ ਅਤੇ ਮਾਊਂਟਬੈਟਨ ਦੇ ਕਾਰਨ ਪਟੇਲ ਆਪਣੀ ਇਹ ਇੱਛਾ ਪੂਰੀ ਨਹੀਂ ਕਰ ਸਕੇ।
ਇਹ ਵੀ ਪੜ੍ਹੋ-
ਨਹਿਰੂ ਹਮੇਸ਼ਾ ਪਟੇਲ ਨੂੰ ਇਹ ਯਾਦ ਕਰਵਾਉਂਦੇ ਰਹੇ ਕਿ ਹੈਦਰਾਬਾਦ ਵਿੱਚ ਵੱਡੀ ਗਿਣਤੀ ਵਿੱਚ ਘੱਟ ਗਿਣਤੀ ਮੁਸਲਿਮ ਰਹਿੰਦੇ ਹਨ। ਨਿਜ਼ਾਮ ਤੋਂ ਖਹਿੜਾ ਛੁਡਾਉਣ ਤੋਂ ਬਾਅਦ ਹੋਣ ਵਾਲੇ ਅਸਰ ਨੂੰ ਸੰਭਾਲਣਾ ਭਾਰਤ ਲਈ ਔਖਾ ਹੋਵੇਗਾ।
ਮਾਊਂਟਬੈਟਨ ਨੂੰ ਇਹ ਖੁਸ਼ਫਹਿਮੀ ਸੀ ਕਿ ਉਹ ਨਹਿਰੂ ਦੀ ਮਦਦ ਨਾਲ ਨਿਜ਼ਾਮ ਨੂੰ ਸੰਭਾਲ ਸਕਦੇ ਸਨ ਪਰ ਪਟੇਲ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਸੀ, "ਤੁਹਾਡਾ ਮੁਕਾਬਲਾ ਇੱਕ ਲੂੰਬੜ ਨਾਲ ਹੈ। ਮੈਨੂੰ ਨਿਜ਼ਾਮ 'ਤੇ ਬਿਲਕੁਲ ਭਰੋਸਾ ਨਹੀਂ ਹੈ। ਮੇਰਾ ਮੰਨਣਾ ਹੈ ਕਿ ਤੁਹਾਨੂੰ ਨਿਜ਼ਾਮ ਤੋਂ ਧੋਖਾ ਹੀ ਮਿਲੇਗਾ।"
ਪਟੇਲ ਦੀਆਂ ਨਜ਼ਰਾਂ ਵਿੱਚ, ਉਸ ਸਮੇਂ ਦਾ ਹੈਦਰਾਬਾਦ "ਭਾਰਤ ਦੇ ਪੇਟ ਵਿੱਚ ਕੈਂਸਰ" ਵਰਗਾ ਸੀ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ।"
ਫ਼ੌਜ ਭੇਜਣ ਨੂੰ ਲੈ ਕੇ ਪਟੇਲ ਅਤੇ ਨਹਿਰੂ ਵਿੱਚ ਮਤਭੇਦ
ਸ਼ੁਰੂ ਵਿੱਚ ਨਹਿਰੂ ਹੈਦਰਾਬਾਦ ਵਿੱਚ ਫ਼ੌਜ ਭੇਜਣ ਦੇ ਪੱਖ ਵਿੱਚ ਨਹੀਂ ਸਨ। ਪਟੇਲ ਦੇ ਜੀਵਨੀਕਾਰ ਰਾਜਮੋਹਨ ਗਾਂਧੀ ਲਿਖਦੇ ਹਨ, "ਨਹਿਰੂ ਦਾ ਮੰਨਣਾ ਸੀ ਕਿ ਹੈਦਰਾਬਾਦ ਵਿੱਚ ਫ਼ੌਜ ਭੇਜਣ ਨਾਲ ਕਸ਼ਮੀਰ ਵਿੱਚ ਭਾਰਤੀ ਫ਼ੌਜੀ ਕਾਰਵਾਈਆਂ ਨੂੰ ਨੁਕਸਾਨ ਪਹੁੰਚੇਗਾ।"
ਮਾਊਂਟਬੈਟਨ ਨੂੰ ਇਹ ਖੁਸ਼ਫਹਿਮੀ ਸੀ ਕਿ ਉਹ ਨਹਿਰੂ ਦੀ ਮਦਦ ਨਾਲ ਨਿਜ਼ਾਮ ਨੂੰ ਸੰਭਾਲ ਸਕਦੇ ਸਨ
ਏਜੀ ਨੂਰਾਨੀ ਆਪਣੀ ਕਿਤਾਬ 'ਦਿ ਡਿਸਟ੍ਰਿਕਸ਼ਨ ਆਫ ਹੈਦਰਾਬਾਦ' ਵਿੱਚ ਲਿਖਦੇ ਹਨ, "ਹੈਦਰਾਬਾਦ ਮੁੱਦੇ 'ਤੇ ਕੈਬਨਿਟ ਬੈਠਕ ਬੁਲਾਈ ਗਈ ਸੀ, ਜਿਸ ਵਿੱਚ ਨਹਿਰੂ ਅਤੇ ਪਟੇਲ ਦੋਵੇਂ ਮੌਜੂਦ ਸਨ।"
"ਨਹਿਰੂ ਸਿਧਾਂਤਕ ਤੌਰ 'ਤੇ ਫੌਜੀ ਕਾਰਵਾਈ ਦੇ ਵਿਰੁੱਧ ਨਹੀਂ ਸਨ, ਪਰ ਉਹ ਇਸ ਨੂੰ ਆਖਰੀ ਵਿਕਲਪ ਵਜੋਂ ਵਰਤਣਾ ਚਾਹੁੰਦੇ ਸਨ। ਉੱਥੇ ਹੀ, ਪਟੇਲ ਲਈ ਫੌਜੀ ਕਾਰਵਾਈ ਪਹਿਲਾ ਵਿਕਲਪ ਸੀ। ਉਨ੍ਹਾਂ ਕੋਲ ਗੱਲਬਾਤ ਕਰਨ ਦਾ ਸਬਰ ਨਹੀਂ ਸੀ।"
"ਨਹਿਰੂ ਨਿਸ਼ਚਤ ਰੂਪ ਨਾਲ ਨਿਜ਼ਾਮ ਦੀਆਂ ਨੀਤੀਆਂ ਦੇ ਵਿਰੁੱਧ ਸਨ ਪਰ ਨਿੱਜੀ ਤੌਰ 'ਤੇ ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਵਿਰੋਧ ਨਹੀਂ ਸੀ।"
"ਉਹ ਹੈਦਰਾਬਾਦ ਦੇ ਸੱਭਿਆਚਾਰ ਦੇ ਪ੍ਰਸ਼ੰਸਕ ਸਨ ਜਿਸਦੀ ਪ੍ਰਤੀਨਿਧਤਾ ਉਨ੍ਹਾਂ ਦੀ ਦੋਸਤ ਸਰੋਜਨੀ ਨਾਇਡੂ ਕਰਦੇ ਸਨ। ਪਰ ਪਟੇਲ ਵਿਅਕਤੀਗਤ ਅਤੇ ਵਿਚਾਰਧਾਰਕ, ਦੋਵਾਂ ਤਰੀਕਿਆਂ ਨਾਲ ਨਿਜ਼ਾਮ ਨੂੰ ਨਫ਼ਰਤ ਕਰਦੇ ਸਨ।"
ਇਸ ਬੈਠਕ ਦਾ ਇੱਕ ਹੋਰ ਵੇਰਵਾ ਪਟੇਲ ਦੇ ਕਰੀਬੀ ਅਤੇ ਉਸ ਸਮੇਂ ਦੇ ਰੇਫੋਰਮਸ ਕਮਿਸ਼ਨਰ ਵੀਪੀ ਮੇਨਨ ਨੇ 1964 ਵਿੱਚ ਐਚ ਵੀ ਹੌਡਸਨ ਨੂੰ ਦਿੱਤੀ ਇੰਟਰਵਿਊ ਵਿੱਚ ਦਿੱਤਾ ਹੈ।
ਨਿਜ਼ਾਮ ਹੈਦਰਾਬਾਦ ਦਾ ਸਭ ਤੋਂ ਵੱਡਾ ਸਮਰਥਕ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ
ਮੇਨਨ ਦੇ ਅਨੁਸਾਰ, "ਮੀਟਿੰਗ ਦੀ ਸ਼ੁਰੂਆਤ ਵਿੱਚ ਹੀ ਨਹਿਰੂ ਨੇ ਮੇਰੇ ਉੱਤੇ ਹਮਲਾ ਬੋਲ ਦਿੱਤਾ। ਅਸਲ ਵਿੱਚ ਉਹ ਮੇਰੇ ਬਹਾਨੇ ਸਰਦਾਰ ਪਟੇਲ ਨੂੰ ਨਿਸ਼ਾਨਾ ਬਣਾ ਰਹੇ ਸਨ।"
"ਪਟੇਲ ਕੁਝ ਚਿਰ ਤਾਂ ਚੁੱਪ ਰਹੇ ਪਰ ਜਦੋਂ ਨਹਿਰੂ ਹੋਰ ਕੌੜੇ ਹੋ ਗਏ ਤਾਂ ਉਹ ਬੈਠਕ ਵਿੱਚੋਂ ਬਾਹਰ ਚਲੇ ਗਏ। ਮੈਂ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਬਾਹਰ ਆ ਗਿਆ ਕਿਉਂਕਿ ਮੇਰੇ ਮੰਤਰੀ ਦੀ ਗੈਰਹਾਜ਼ਰੀ ਵਿੱਚ ਮੇਰੇ ਉੱਥੇ ਰਹਿਣ ਦਾ ਕੋਈ ਮਤਲਬ ਨਹੀਂ ਸੀ।"
"ਇਸ ਤੋਂ ਬਾਅਦ ਰਾਜਾ ਜੀ ਨੇ ਮੇਰੇ ਨਾਲ ਸੰਪਰਕ ਕਰਕੇ ਸਰਦਾਰ ਨੂੰ ਮਨਾਉਣ ਲਈ ਕਿਹਾ। ਫਿਰ ਮੈਂ ਅਤੇ ਰਾਜਾ ਜੀ ਸਰਦਾਰ ਪਟੇਲ ਕੋਲ ਗਏ। ਉਹ ਬਿਸਤਰ 'ਤੇ ਪਏ ਸਨ।"
"ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧੀਆ ਹੋਇਆ ਸੀ। ਸਰਦਾਰ ਗੁੱਸੇ ਵਿੱਚ ਚੀਕੇ, ਨਹਿਰੂ ਆਪਣੇ-ਆਪ ਨੂੰ ਸਮਝਦੇ ਕੀ ਹਨ? ਆਜ਼ਾਦੀ ਦੀ ਲੜਾਈ ਹੋਰ ਲੋਕਾਂ ਨੇ ਵੀ ਲੜੀ ਹੈ।"
ਸਰਦਾਰ ਦਾ ਇਰਾਦਾ ਸੀ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾ ਕੇ ਨਹਿਰੂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਪਰ ਰਾਜਾ ਜੀ ਨੇ ਸਰਦਾਰ ਨੂੰ ਡਿਫੈਂਸ ਕਮੇਟੀ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ।
ਇਸ ਬੈਠਕ ਵਿੱਚ ਨਹਿਰੂ ਸ਼ਾਂਤ ਰਹੇ ਅਤੇ ਹੈਦਰਾਬਾਦ ਉੱਤੇ ਹਮਲਾ ਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ।
ਦੁਨੀਆ ਦੇ ਸਭ ਤੋਂ ਅਮੀਰ ਆਦਮੀ - ਨਿਜ਼ਾਮ
ਕਈ ਸਦੀਆਂ ਤੋਂ, ਹੈਦਰਾਬਾਦ ਦੀਆਂ ਹੀਰਿਆਂ ਦੀਆਂ ਖਾਣਾਂ ਵਿੱਚੋਂ ਦੁਨੀਆ ਦੇ ਇੱਕ ਤੋਂ ਇੱਕ ਮਸ਼ਹੂਰ ਹੀਰੇ ਨਿੱਕਲਦੇ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਕੋਹਿਨੂਰ ਹੀਰਾ ਵੀ ਸੀ।
ਨਿਜ਼ਾਮ ਕੋਲ ਦੁਨੀਆ ਦਾ ਸਭ ਤੋਂ ਵੱਡਾ 185 ਕੈਰਟ ਦਾ ਜੈਕਬ ਹੀਰਾ ਸੀ, ਜਿਸਨੂੰ ਉਹ ਪੇਪਰ-ਵੇਟ ਵਜੋਂ ਇਸਤੇਮਾਲ ਕਰਦੇ ਸਨ।
ਨਿਜ਼ਾਮ ਨੂੰ "ਹਿਜ਼ ਏਕਜ਼ਾਲਟੇਡ" ਕਿਹਾ ਜਾਂਦਾ ਸੀ ਅਤੇ ਉਹ ਜਿੱਥੇ ਵੀ ਜਾਂਦੇ ਸਨ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ।
ਟਾਈਮ ਪਤ੍ਰਿਕਾ ਨੇ ਉਨ੍ਹਾਂ ਨੂੰ 1937 ਵਿੱਚ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਐਲਾਨਿਆ ਸੀ, ਪਰ ਉਦੋਂ ਵੀ ਉਹ ਕਿਸੇ ਕੰਗਾਲ ਵਾਂਗ ਫਟੀ ਹੋਈ ਸ਼ੇਰਵਾਨੀ ਅਤੇ ਪਜਾਮਾ ਪਾਉਂਦੇ ਸਨ।
ਸੈਯਦ ਕਾਸਿਮ ਰਜ਼ਵੀ ਨਿਜ਼ਾਮ ਦੇ ਸਭ ਤੋਂ ਕਰੀਬੀ ਦੋਸਤ ਸਨ। ਉਨ੍ਹਾਂ ਦਾ ਆਪਣਾ ਰਾਜਨੀਤਿਕ ਦਲ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਸੀ।
ਉਨ੍ਹਾਂ ਨੇ ਹੀ ਜੂਨਾਗੜ੍ਹ ਵਿਵਾਦ ਤੋਂ ਬਾਅਦ ਸਰਦਾਰ ਪਟੇਲ 'ਤੇ ਵਿਅੰਗ ਕਰਦਿਆਂ ਕਿਹਾ ਸੀ, "ਸਰਦਾਰ ਕੋਲੋਂ ਛੋਟਾ ਜੂਨਾਗੜ੍ਹ ਤਾਂ ਸੰਭਾਲਿਆ ਨਹੀਂ ਜਾ ਰਿਹਾ, ਉਹ ਹੈਦਰਾਬਾਦ ਬਾਰੇ ਇੰਨਾ ਕਿਉਂ ਗਰਜ ਰਹੇ ਹਨ?
ਜਦੋਂ ਜੂਨਾਗੜ੍ਹ ਨੇ ਆਤਮ ਸਮਰਪਣ ਕਰ ਦਿੱਤਾ ਤਾਂ ਸਰਦਾਰ ਪਟੇਲ ਨੇ ਰਜ਼ਵੀ ਨੂੰ ਜਵਾਬ ਦਿੰਦਿਆਂ ਕਿਹਾ ਸੀ, "ਜੇ ਹੈਦਰਾਬਾਦ ਨੇ ਕੰਧ 'ਤੇ ਲਿਖੀ ਇਬਾਰਤ ਨਹੀਂ ਪੜ੍ਹੀ ਤਾਂ ਉਸ ਦਾ ਵੀ ਉਹੀ ਹਾਲ ਹੋਵੇਗਾ ਜੋ ਜੂਨਾਗੜ੍ਹ ਦਾ ਹੋਇਆ ਹੈ।"
ਜਦੋਂ ਨਿਜ਼ਾਮ ਦੇ ਨੁਮਾਇੰਦੇ ਵਜੋਂ ਸਰਦਾਰ ਪਟੇਲ ਨੂੰ ਮਿਲਣ ਲਈ ਰਜ਼ਵੀ ਦਿੱਲੀ ਆਏ, ਤਾਂ ਪਟੇਲ ਨੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਨਿਜ਼ਾਮ ਕੋਲ ਸਿਰਫ ਦੋ ਹੀ ਵਿਕਲਪ ਹਨ।
ਨੰਬਰ 1 ਭਾਰਤ ਵਿੱਚ ਰਲੇਵਾਂ ਜਾਂ ਜਨਮਤ ਸੰਗ੍ਰਹਿ। ਇਸ 'ਤੇ ਰਜ਼ਵੀ ਦੀ ਟਿੱਪਣੀ ਸੀ, "ਹੈਦਰਾਬਾਦ 'ਚ ਜਨਮਤ ਸੰਗ੍ਰਹਿ ਤਾਂ ਬੱਸ ਤਲਵਾਰ ਦੇ ਬਲ 'ਤੇ ਹੀ ਕਰਵਾਇਆ ਜਾ ਸਕਦਾ ਹੈ।"
ਇਹ ਵੀ ਪੜ੍ਹੋ-
ਪਾਕਿਸਤਾਨ ਨੂੰ ਆਪਣੇ ਨਾਲ ਕਰਨ ਦੀ ਕੋਸ਼ਿਸ਼
ਸੱਤਾ ਦੇ ਤਬਾਦਲੇ ਤੋਂ ਦੋ ਦਿਨ ਬਾਅਦ, ਭਾਵ 17 ਅਗਸਤ 1947 ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨਰ ਕ੍ਰਿਸ਼ਣ ਮੇਨਨ ਨੂੰ ਪਤਾ ਲੱਗ ਗਿਆ ਸੀ ਕਿ ਨਿਜ਼ਾਮ ਅਤੇ ਚੈਕੋਸਲਵਾਕੀਆ ਵਿਚਕਾਰ ਇੱਕ ਗੁਪਤ ਫੌਜੀ ਸਮਝੌਤੇ ਦੀ ਗੱਲ ਚੱਲ ਰਹੀ ਹੈ।
ਹੈਦਰਾਬਾਦ ਦੇ ਯੁੱਧ ਮੰਤਰੀ ਅਲੀ ਯਾਵਰ ਜੰਗ 30 ਲੱਖ ਪੌਂਡ ਦੀਆਂ ਰਾਈਫਲਾਂ, ਲਾਈਟ ਮਸ਼ੀਨ ਗਨ, ਰਿਵਾਲਵਰਾਂ ਅਤੇ ਦੂਸਰੇ ਉਪਕਰਣਾਂ ਦੀ ਖਰੀਦਾਰੀ ਕਰਨ ਵਾਲੇ ਹਨ, ਜਿਨ੍ਹਾਂ ਦਾ ਇਸਤੇਮਾਲ ਪੁਲਿਸ ਨਹੀਂ ਬਲਕਿ ਸੈਨਾ ਲਈ ਕੀਤਾ ਜਾਣ ਵਾਲਾ ਸੀ।
ਇੰਨਾ ਹੀ ਨਹੀਂ, ਨਿਜ਼ਾਮ ਨੇ ਪਾਕਿਸਤਾਨ ਨੂੰ 20 ਕਰੋੜ ਰੁਪਏ ਦਾ ਕਰਜ਼ਾ ਦੇਣ ਅਤੇ ਕਰਾਚੀ ਵਿੱਚ ਇੱਕ ਵਪਾਰਕ ਏਜੰਟ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।
ਪਾਕਿਸਤਾਨ ਪੁਰਤਗਾਲ ਨਾਲ ਹੈਦਰਾਬਾਦ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਵਿੱਚ ਸੀ
ਪਟੇਲ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਹੈਦਰਾਬਾਦ ਪੂਰੀ ਤਰ੍ਹਾਂ ਪਾਕਿਸਤਾਨ ਦੀ ਕਹਿਣੀ ਵਿੱਚ ਸੀ।
ਇੱਥੋਂ ਤੱਕ ਕਿ ਪਾਕਿਸਤਾਨ ਪੁਰਤਗਾਲ ਨਾਲ ਹੈਦਰਾਬਾਦ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਵਿੱਚ ਸੀ, ਜਿਸ ਦੇ ਤਹਿਤ ਹੈਦਰਾਬਾਦ ਗੋਆ ਵਿੱਚ ਇੱਕ ਬੰਦਰਗਾਹ ਬਣਾਏਗਾ ਅਤੇ ਲੋੜ ਪੈਣ ਤੇ ਇਸਦੀ ਵਰਤੋਂ ਕਰ ਸਕੇਗਾ।
ਇੰਦਰ ਮਲਹੋਤਰਾ ਨੇ 31 ਮਈ ਨੂੰ ਇੰਡੀਅਨ ਐਕਸਪ੍ਰੈਸ ਵਿੱਚ ਪ੍ਰਕਾਸ਼ਿਤ ਆਪਣੇ ਲੇਖ 'ਦਿ ਹਾਰਸਜ਼ ਦੈਟ ਲੇਡ ਆਪਰੇਸ਼ਨ ਪੋਲੋ' ਵਿੱਚ ਲਿਖਿਆ ਸੀ, "ਨਿਜ਼ਾਮ ਨੇ ਰਾਸ਼ਟਰਮੰਡਲ ਦਾ ਮੈਂਬਰ ਬਣਨ ਦੀ ਇੱਛਾ ਵੀ ਪ੍ਰਗਟ ਕੀਤੀ ਸੀ, ਜਿਸ ਨੂੰ ਇਟਲੀ ਸਰਕਾਰ ਨੇ ਠੁਕਰਾ ਦਿੱਤਾ ਸੀ।"
"ਨਿਜ਼ਾਮ ਨੇ ਅਮਰੀਕੀ ਰਾਸ਼ਟਰਪਤੀ ਨੂੰ ਵੀ ਦਖਲ ਦੇਣ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਨੇ ਇਹ ਬੇਨਤੀ ਸਵੀਕਾਰ ਨਹੀਂ ਕੀਤੀ ਸੀ।"
11 ਸਤੰਬਰ, 1948 ਨੂੰ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦਾ ਦੇਹਾਂਤ ਹੋ ਗਿਆ। ਇਸ ਦੇ ਨਾਲ ਹੀ, ਨਿਜ਼ਾਮ ਹੈਦਰਾਬਾਦ ਦਾ ਸਭ ਤੋਂ ਵੱਡਾ ਸਮਰਥਕ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ।
22 ਮਈ 1948 ਨੂੰ ਜਦੋਂ ਗੰਗਾਪੁਰ ਸਟੇਸ਼ਨ 'ਤੇ ਟ੍ਰੇਨ ਵਿੱਚ ਸਫ਼ਰ ਕਰ ਰਹੇ ਹਿੰਦੂਆਂ 'ਤੇ ਰਜ਼ਾਕਾਰਾਂ ਨੇ ਹਮਲਾ ਕੀਤਾ, ਤਾਂ ਪੂਰੇ ਭਾਰਤ ਵਿੱਚ ਸਰਕਾਰ ਦੀ ਆਲੋਚਨਾ ਹੋਣ ਲੱਗੀ ਕਿ ਉਹ ਨਿਜ਼ਾਮ ਪ੍ਰਤੀ ਨਰਮ ਰਵੱਈਆ ਆਪਣਾ ਰਹੇ ਹਨ।
ਸਰਦਾਰ ਪਟੇਲ ਨੇ ਹੈਦਰਾਬਾਦ ਵਿਰੁੱਧ ਫੌਜੀ ਕਾਰਵਾਈ ਨੂੰ ਅੰਤਿਮ ਰੂਪ ਦਿੱਤਾ
ਭਾਰਤੀ ਸੈਨਾ ਦੇ ਸਾਬਕਾ ਉਪਸੈਨਾ ਮੁਖੀ ਜਨਰਲ ਐਸਕੇ ਸਿਨ੍ਹਾ ਆਪਣੀ ਸਵੈ-ਜੀਵਨੀ 'ਸਟ੍ਰੇਟ ਫ੍ਰੌਮ ਦਿ ਹਾਰਟ' ਵਿੱਚ ਲਿਖਦੇ ਹਨ, "ਮੈਂ ਜਨਰਲ ਕਰੀਅੱਪਾ ਦੇ ਨਾਲ ਕਸ਼ਮੀਰ ਵਿੱਚ ਸੀ ਕਿ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਸਰਦਾਰ ਪਟੇਲ ਉਨ੍ਹਾਂ ਨੂੰ ਤੁਰੰਤ ਮਿਲਣਾ ਚਾਹੁੰਦੇ ਹਨ।"
"ਦਿੱਲੀ ਪਹੁੰਚਣ 'ਤੇ, ਪਾਲਮ ਹਵਾਈ ਅੱਡੇ ਤੋਂ ਅਸੀਂ ਸਿੱਧਾ ਪਟੇਲ ਦੇ ਘਰ ਗਏ। ਮੈਂ ਵਰਾਂਡੇ ਵਿੱਚ ਰਿਹਾ ਜਦਕਿ ਕਰੀਅੱਪਾ ਉਨ੍ਹਾਂ ਨੂੰ ਮਿਲਣ ਲਈ ਅੰਦਰ ਗਏ ਅਤੇ ਪੰਜ ਮਿੰਟਾਂ ਵਿੱਚ ਬਾਹਰ ਆ ਗਏ।"
"ਬਾਅਦ ਵਿੱਚ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਰਦਾਰ ਨੇ ਉਨ੍ਹਾਂ ਨੂੰ ਸਿੱਧਾ ਸਵਾਲ ਪੁੱਛਿਆ ਕਿ ਜੇ ਹੈਦਰਾਬਾਦ ਮੁੱਦੇ 'ਤੇ ਪਾਕਿਸਤਾਨ ਵੱਲੋਂ ਕੋਈ ਪ੍ਰਤੀਕਿਰਿਆ ਆਉਂਦੀ ਹੈ, ਤਾਂ ਕੀ ਉਹ ਬਿਨਾਂ ਕਿਸੇ ਵਾਧੂ ਸਹਾਇਤਾ ਦੇ ਸਥਿਤੀ ਨਾਲ ਨਜਿੱਠਣ ਦੇ ਯੋਗ ਹੋਣਗੇ?"
ਕਰੀਅੱਪਾ ਨੇ ਇੱਕ ਸ਼ਬਦ ਵਿੱਚ ਜਵਾਬ ਦਿੱਤਾ, "ਹਾਂ" ਅਤੇ ਉਸ ਤੋਂ ਬਾਅਦ ਬੈਠਕ ਖ਼ਤਮ ਹੋ ਗਈ।
ਇਸ ਤੋਂ ਬਾਅਦ ਸਰਦਾਰ ਪਟੇਲ ਨੇ ਹੈਦਰਾਬਾਦ ਵਿਰੁੱਧ ਫੌਜੀ ਕਾਰਵਾਈ ਨੂੰ ਅੰਤਿਮ ਰੂਪ ਦਿੱਤਾ। ਉਨ੍ਹਾਂ ਨੇ ਦੱਖਣੀ ਕਮਾਂਡ ਦੇ ਮੁਖੀ ਰਾਜਿੰਦਰ ਸਿੰਘ ਜੀ ਜਡੇਜਾ ਨੂੰ ਬੁਲਾਇਆ ਅਤੇ ਪੁੱਛਿਆ ਕਿ ਤੁਹਾਨੂੰ ਇਸ ਕਾਰਵਾਈ ਲਈ ਕਿੰਨੇ ਦਿਨਾਂ ਚਾਹੀਦੇ ਹਨ?
ਰਾਜੇਂਦਰ ਜੀ ਨੇ ਜਵਾਬ ਦਿੱਤਾ, "ਸਰ, ਮੇਰੇ ਲਈ ਇੱਕ ਹਫ਼ਤਾ ਕਾਫ਼ੀ ਹੋਵੇਗਾ। ਪਰ ਇਹ ਕਾਰਵਾਈ ਮਾਨਸੂਨ ਦੇ ਦੌਰਾਨ ਨਹੀਂ ਹੋ ਸਕਦੀ। ਸਾਨੂੰ ਮਾਨਸੂਨ ਲੰਘਣ ਦਾ ਇੰਤਜ਼ਾਰ ਕਰਨਾ ਪਏਗਾ।"
ਭਾਰਤ ਦੇ ਤਤਕਾਲੀ ਸੈਨਾ ਮੁਖੀ ਜਨਰਲ ਰਾਬਰਟ ਬੂਚਰ ਇਸ ਫੈਸਲੇ ਦੇ ਵਿਰੁੱਧ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੀ ਫ਼ੌਜ ਇਸ ਦੇ ਜਵਾਬ ਵਿੱਚ ਅਹਿਮਦਾਬਾਦ ਜਾਂ ਬੰਬਈ ਵਿੱਚ ਬੰਬ ਸੁੱਟ ਸਕਦੀ ਹੈ।
ਪਰ ਪਟੇਲ ਨੇ ਉਨ੍ਹਾਂ ਦੀ ਸਲਾਹ ਨਹੀਂ ਮੰਨੀ।
ਹੈਦਰਾਬਾਦ ਵਿੱਚ ਭਾਰਤੀ ਸੈਨਾ
ਇੰਦਰ ਮਲਹੋਤਰਾ ਆਪਣੇ ਲੇਖ ਵਿੱਚ ਲਿਖਦੇ ਹਨ, "ਜਿਵੇਂ ਹੀ ਭਾਰਤੀ ਫੌਜ ਹੈਦਰਾਬਾਦ ਵਿੱਚ ਦਾਖਲ ਹੋਈ, ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਲਿਆਕਤ ਅਲੀ ਨੇ ਆਪਣੀ ਡਿਫੈਂਸ ਕਾਊਂਸਿਲ ਦੀ ਬੈਠਕ ਬੁਲਾਈ ਅਤੇ ਸਵਾਲ ਕੀਤਾ ਕਿ ਕੀ ਪਾਕਿਸਤਾਨ ਹੈਦਰਾਬਾਦ ਵਿੱਚ ਕੋਈ ਕਾਰਵਾਈ ਕਰ ਸਕਦਾ ਹੈ?"
"ਬੈਠਕ ਵਿੱਚ ਮੌਜੂਦ ਸਮੂਹ ਦੇ ਕਪਤਾਨ ਐਲਵਰਦੀ, ਜੋ ਬਾਅਦ ਵਿੱਚ ਏਅਰ ਚੀਫ ਮਾਰਸ਼ਲ ਅਤੇ ਬ੍ਰਿਟੇਨ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ ਬਣੇ, ਨੇ ਕਿਹਾ- ਨਹੀਂ।"
1949 ਨੂੰ ਜਦੋਂ ਸਰਦਾਰ ਪਟੇਲ ਦਾ ਜਹਾਜ਼ ਹੈਦਰਾਬਾਦ ਦੇ ਬੇਗਮਪਟ ਹਵਾਈ ਅੱਡੇ 'ਤੇ ਉਤਰਿਆ ਤਾਂ ਹੈਦਰਾਬਾਦ ਦੇ ਨਿਜ਼ਾਮ ਉੱਥੇ ਮੌਜੂਦ ਸਨ
ਲਿਆਕਤ ਨੇ ਫਿਰ ਜ਼ੋਰ ਦੇ ਕੇ ਪੁੱਛਿਆ, ਕੀ ਅਸੀਂ ਦਿੱਲੀ 'ਤੇ ਬੰਬ ਨਹੀਂ ਸੁੱਟ ਸਕਦੇ? ਐਲਵਰਦੀ ਦਾ ਜਵਾਬ ਸੀ, "ਹਾਂ, ਇਹ ਸੰਭਵ ਤਾਂ ਹੈ ਪਰ ਪਾਕਿਸਤਾਨ ਕੋਲ ਕੁੱਲ ਚਾਰ ਬੰਬਾਰ ਹਨ।"
"ਜਿਨ੍ਹਾਂ 'ਚੋਂ ਸਿਰਫ ਦੋ ਹੀ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਸ਼ਾਇਦ ਦਿੱਲੀ ਪਹੁੰਚ ਕੇ ਬੰਬ ਸੁੱਟ ਵੀ ਦੇਵੇ, ਪਰ ਇਨ੍ਹਾਂ ਵਿੱਚੋਂ ਕੋਈ ਵੀ ਵਾਪਸ ਨਹੀਂ ਆ ਸਕੇਗਾ।"
ਨਿਜ਼ਾਮ ਦੀ ਫ਼ੌਜ ਨੇ ਕੀਤਾ ਆਤਮ-ਸਮਰਪਣ
13 ਸਤੰਬਰ, 1948 ਨੂੰ ਮੇਜਰ ਜਨਰਲ ਜੇਐਨ ਚੌਧਰੀ ਦੀ ਅਗਵਾਈ ਵਿੱਚ ਭਾਰਤੀ ਫੌਜ ਹੈਦਰਾਬਾਦ ਵਿੱਚ ਦਾਖਲ ਹੋਈ। ਐੱਚਵੀਆਰ ਅਯੰਗਰ ਦੱਸਦੇ ਹਨ ਕਿ 13 ਸਤੰਬਰ ਨੂੰ ਨਹਿਰੂ ਨੇ ਸਰਦਾਰ ਪਟੇਲ ਨੂੰ ਫੋਨ ਕਰਕੇ ਜਗਾ ਦਿੱਤਾ ਸੀ।
ਨਹਿਰੂ ਨੇ ਕਿਹਾ, "ਜਨਰਲ ਬੂਚਰ ਨੇ ਮੈਨੂੰ ਫੋਨ ਕਰ ਕੇ ਇਸ ਹਮਲੇ ਨੂੰ ਰੁਕਵਾਉਣ ਦੀ ਬੇਨਤੀ ਕੀਤੀ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?"
ਪਟੇਲ ਦਾ ਜਵਾਬ ਸੀ, "ਤੁਸੀਂ ਸੌਂਣ ਜਾਓ। ਮੈਂ ਵੀ ਇਹੀ ਕਰਨ ਜਾ ਰਿਹਾ ਹਾਂ।"
ਭਾਰਤੀ ਫ਼ੌਜ ਦੀ ਇਸ ਕਾਰਵਾਈ ਨੂੰ "ਆਪਰੇਸ਼ਨ ਪੋਲੋ" ਦਾ ਨਾਂ ਦਿੱਤਾ ਗਿਆ ਕਿਉਂਕਿ ਉਸ ਸਮੇਂ ਹੈਦਰਾਬਾਦ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ 17 ਪੋਲੋ ਮੈਦਾਨ ਸਨ।
108 ਘੰਟਿਆਂ ਤੱਕ ਚੱਲੀ ਇਸ ਕਾਰਵਾਈ ਵਿੱਚ 1,373 ਰਜ਼ਾਕਾਰ ਮਾਰੇ ਗਏ। ਹੈਦਰਾਬਾਦ ਰਿਆਸਤ ਦੇ 807 ਸਿਪਾਹੀ ਵੀ ਮਾਰੇ ਗਏ। ਭਾਰਤੀ ਫੌਜ ਨੇ ਆਪਣੇ 66 ਜਵਾਨ ਗੁਆ ਦਿੱਤੇ, ਜਦਕਿ 97 ਸੈਨਿਕ ਜ਼ਖਮੀ ਹੋਏ।
ਹੈਦਰਾਬਾਦ ਵਿੱਚ ਨਿਜ਼ਾਮ ਨੇ ਕੀਤਾ ਸਰਦਾਰ ਦਾ ਸਵਾਗਤ
ਇਸ ਦੌਰਾਨ, ਹੈਦਰਾਬਾਦ ਵਿੱਚ ਭਾਰਤ ਸਰਕਾਰ ਦੇ ਏਜੰਟ ਜਨਰਲ, ਕੇ ਐਮ ਮੁਨਸ਼ੀ ਨੇ ਪਟੇਲ ਨੂੰ ਇੱਕ ਗੁਪਤ ਤਾਰ ਭੇਜੀ, "ਨਿਜ਼ਾਮ ਨੇ ਆਪਣਾ ਸੰਦੇਸ਼ਵਾਹਕ ਭੇਜ ਕੇ ਭਾਰਤੀ ਫੌਜ ਦੇ ਅੱਗੇ ਆਪਣੇ ਸੈਨਿਕਾਂ ਦੇ ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ ਹੈ। ਮੈਂ ਰੇਡੀਓ ਸੰਦੇਸ਼ ਵਿੱਚ ਇਸ ਪੇਸ਼ਕਸ਼ ਦਾ ਐਲਾਨ ਕਰਨ ਜਾ ਰਿਹਾ ਹਾਂ।"
ਸਰਦਾਰ ਪਟੇਲ ਨੂੰ ਮੁਨਸ਼ੀ ਦੀ ਇਹ ਗੱਲ ਪਸੰਦ ਨਹੀਂ ਆਈ। ਉਨ੍ਹਾਂ ਨੇ ਆਦੇਸ਼ ਦਿੱਤਾ ਕਿ ਮੁਨਸ਼ੀ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਹ ਸੰਦੇਸ਼ ਦੇਣ ਤੋਂ ਰੋਕਿਆ ਜਾਵੇ।
ਪਰ ਜਦੋਂ ਤੱਕ ਮੁਨਸ਼ੀ ਨਾਲ ਸੰਪਰਕ ਹੋ ਪਾਉਂਦਾ, ਉਹ ਪਹਿਲਾਂ ਹੀ ਹੈਦਰਾਬਾਦ ਦੇ ਲੋਕਾਂ ਨੂੰ ਰੇਡੀਓ 'ਤੇ ਸੰਬੋਧਿਤ ਕਰ ਚੁੱਕੇ ਸਨ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਹੁਣ ਭਾਰਤੀ ਫੌਜੀ ਕਮਾਂਡਰਾਂ ਦੀ ਬੈਠਕ ਨਿਜ਼ਾਮ ਦੇ ਪੁੱਤਰ ਅਤੇ ਕ੍ਰਾਉਨ ਪ੍ਰਿੰਸ ਨਾਲ ਹੋਣੀ ਚਾਹੀਦੀ ਹੈ। ਪਟੇਲ ਬਹੁਤ ਨਾਰਾਜ਼ ਹੋਏ।
ਉਨ੍ਹਾਂ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਮੁਨਸ਼ੀ ਨੇ ਆਪਣੇ ਭਾਸ਼ਣ ਵਿੱਚ ਇਹ ਗੱਲ ਕਿਉਂ ਕਹੀ। ਇਹ ਚਾਹ ਦੀ ਪਾਰਟੀ ਨਹੀਂ, ਆਤਮ-ਸਮਰਪਣ ਹੈ। ਮੈਂ ਚਾਹੁੰਦਾ ਹਾਂ ਕਿ ਹੈਦਰਾਬਾਦ ਦੀ ਸੈਨਾ ਰਸਮੀ ਤੌਰ 'ਤੇ ਭਾਰਤੀ ਸੈਨਾ ਦੇ ਅੱਗੇ ਹਥਿਆਰ ਪਾਵੇ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
18 ਸਤੰਬਰ ਨੂੰ, ਜਦੋਂ ਮੁਨਸ਼ੀ ਨੇ ਸਰਦਾਰ ਨੂੰ ਫ਼ੋਨ ਕੀਤਾ, ਤਾਂ ਉਨ੍ਹਾਂ ਨੇ ਫ਼ੋਨ 'ਤੇ ਹੀ ਮੁਨਸ਼ੀ ਨੂੰ ਬਹੁਤ ਝਿੜਕਿਆ।
1949 ਨੂੰ ਜਦੋਂ ਸਰਦਾਰ ਪਟੇਲ ਦਾ ਜਹਾਜ਼ ਹੈਦਰਾਬਾਦ ਦੇ ਬੇਗਮਪਟ ਹਵਾਈ ਅੱਡੇ 'ਤੇ ਉਤਰਿਆ ਤਾਂ ਹੈਦਰਾਬਾਦ ਦੇ ਨਿਜ਼ਾਮ ਉੱਥੇ ਮੌਜੂਦ ਸਨ।
ਇਸ ਤੋਂ ਪਹਿਲਾਂ ਜਦੋਂ ਸਰਦਾਰ ਨੇ ਆਪਣੇ ਜਹਾਜ਼ ਦੀ ਖਿੜਕੀ ਤੋਂ ਨਿਜ਼ਾਮ ਨੂੰ ਵੇਖਿਆ, ਤਾਂ ਉਨ੍ਹਾਂ ਨੇ ਆਪਣੇ ਸਕੱਤਰ ਵੀ ਸ਼ੰਕਰ ਨੂੰ ਕਿਹਾ, 'ਸੋ ਹਿਜ਼ ਏਕਜ਼ਾਸਟੇਡ ਹਾਈਨੇਸ ਇਜ਼ ਹੇਅਰ।'
ਪਰ ਜਦੋਂ ਨਿਜ਼ਾਮ ਉਨ੍ਹਾਂ ਸਾਹਮਣੇ ਆ ਕੇ ਆਪਣਾ ਸਿਰ ਝੁਕਾ ਕੇ ਹੱਥ ਜੋੜੇ ਤਾਂ ਉਨ੍ਹਾਂ ਨੇ ਵੀ ਮੁਸਕਾਉਂਦੇ ਹੋਏ ਉਨ੍ਹਾਂ ਦੇ ਨਮਸਕਾਰ ਦਾ ਜਵਾਬ ਦਿੱਤਾ।
ਇਹ ਵੀ ਪੜ੍ਹੋ:
https://www.youtube.com/watch?v=uSv98EfMAMI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a7eb5509-b966-4ac1-9592-fd5b27e5cfb3','assetType': 'STY','pageCounter': 'punjabi.india.story.58549993.page','title': 'ਸਰਦਾਰ ਵੱਲਭਭਾਈ ਪਟੇਲ ਨੇ ਜਦੋਂ ਹੈਦਰਾਬਾਦ ਨੂੰ ਫੌਜੀ ਕਾਰਵਾਈ ਦੁਆਰਾ ਭਾਰਤ ਨਾਲ ਜੋੜਿਆ- ਵਿਵੇਚਨਾ','author': 'ਰੇਹਾਨ ਫਜ਼ਲ','published': '2021-09-16T11:38:01Z','updated': '2021-09-16T11:38:01Z'});s_bbcws('track','pageView');

ਤਮਿਲਨਾਡੂ ਵਿਚ ਵਿਦਿਆਰਥੀ ਕੀ ''ਨੀਟ ਪ੍ਰੀਖਿਆ'' ਕਾਰਨ ਖੁਦਕੁਸ਼ੀਆਂ ਰਹੇ
NEXT STORY