ਭਾਰਤ ਵਿੱਚ ਵੇਚੇ ਜਾਣ ਵਾਲੇ ਸੈਨੇਟਰੀ ਪੈਡਾਂ ਵਿੱਚ ਥੈਲੇਟ ਤੇ ਵਾਲੇਟਾਈਲ ਆਰਗੈਨਿਕ ਕੰਮਪਾਉਂਡ (ਵੀਓਸੀ) ਵਰਗੇ ਜ਼ਹਿਰੀਲੇ ਰਸਾਇਣ ਪਾਏ ਜਾਂਦੇ ਹਨ ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦੇ ਹਨ।
ਇਹ ਦਾਅਵਾ ਦਿੱਲੀ ''ਚ ਵਾਤਾਵਰਨ ''ਤੇ ਕੰਮ ਕਰਨ ਵਾਲੀ ਸੰਸਥਾ ‘ਟੌਕਸਿਕਸ ਲਿੰਕ’ ਅਦਾਰੇ ਵਲੋਂ ਕੀਤੀ ਗਈ ਇੱਕ ਖੋਜ ਦੇ ਆਧਾਰ ’ਤੇ ਕੀਤਾ ਗਿਆ ਹੈ।
ਇਸ ਸੰਸਥਾ ਨੇ ਦੇਸ ਵਿੱਚ ਵਿਕਣ ਵਾਲੇ ਸੈਨੇਟਰੀ ਪੈਡਾਂ ਦੇ 10 ਬ੍ਰਾਂਡਾਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਉਨ੍ਹਾਂ ਵਿੱਚ ਅਜਿਹੇ ਰਸਾਇਣ ਹਨ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
ਟੌਕਸਿਕਸ ਲਿੰਕ ਦੀ ਮੁੱਖ ਪ੍ਰੋਗਰਾਮ ਕੋਆਰਡੀਨੇਟਰ ਪ੍ਰੀਤੀ ਮਹੇਸ਼ ਦਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲਾਂਕਿ ਇਨ੍ਹਾਂ ਪੈਡਾਂ ਵਿੱਚ ਵਰਤੇ ਜਾਣ ਵਾਲੇ ਥੈਲੇਟ ਤੇ ਵੀਓਸੀ ਯੂਰਪੀਅਨ ਯੁਨੀਅਨ ਦੇ ਮਾਪਦੰਡਾਂ ਮੁਤਾਬਕ ਹਨ, ਪਰ ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਇਨ੍ਹਾਂ ਰਸਾਇਣਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ।
ਛੋਟੇ ਪੱਧਰ ’ਤੇ ਹੋਇਆ ਅਧਿਐਨ
ਤਾਨਿਆ ਮਹਾਜਨ ਕਹਿੰਦੇ ਹਨ ਟੌਕਸਿਕਸ ਲਿੰਕ ਨੇ ਔਰਤਾਂ ਦੀ ਸਿਹਤ ਨੂੰ ਲੈ ਕੇ ਸਹੀ ਮੁੱਦਾ ਚੁੱਕਿਆ ਹੈ ਪਰ ਇਹ ਖੋਜ ਮੁਕੰਮਲ ਹੋਣੀ ਚਾਹੀਦੀ ਹੈ ਕਿਉਂਕਿ ਇਸ ਦਾ ਸੈਂਪਲ ਸਾਈਜ਼ ਬਹੁਤ ਘੱਟ ਹੈ।
ਅਜਿਹੀ ਸਥਿਤੀ ਵਿੱਚ ਇਹ ਸੰਕੇਤ ਜ਼ਰੂਰ ਦਿੰਦਾ ਹੈ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪ੍ਰਤੀਨਿਧਤਾ ਨਹੀਂ ਕਰਦਾ। ਇਸ ਬਾਰੇ ਵਿਆਪਕ ਖੋਜ ਹੋਣੀ ਚਾਹੀਦੀ ਹੈ।
ਤਾਨਿਆ ਮਹਾਜਨ ''ਦਿ ਪੈਡ'' ਪ੍ਰੋਜੈਕਟ ''ਚ ਕੰਮ ਕਰਦੇ ਹਨ। ਇਹ ਅਮਰੀਕਾ ਅਧਾਰਤ ਗ਼ੈਰ-ਸਰਕਾਰੀ ਸੰਸਥਾ ਹੈ ਅਤੇ ਉਹ ਇਸਦੇ ਕੌਮਾਂਤਰੀ ਪ੍ਰੋਗਰਾਮ ਨਿਰਦੇਸ਼ਕ ਹਨ।
ਇਸ ਸੰਸਥਾ ਦਾ ਕੰਮ ਦੱਖਣੀ ਏਸ਼ੀਆ ਅਤੇ ਅਫ਼ਰੀਕਾ ਵਿੱਚ ਮਾਹਵਾਰੀ ਤੇ ਸਿਹਤ ਬਾਰੇ ਜਾਗਰੂਕਤਾ ਫੈਲਾਉਣਾ ਹੈ।
ਪ੍ਰੀਤੀ ਮਹੇਸ਼ ਦਾ ਵੀ ਮੰਨਣਾ ਹੈ ਕਿ ਖੋਜ ਦਾ ਸੈਂਪਲ ਸਾਈਜ਼ ਛੋਟਾ ਹੈ, ਪਰ ਇੱਕ ਗ਼ੈਰ-ਸਰਕਾਰੀ ਸੰਸਥਾ ਹੋਣ ਦੇ ਨਾਤੇ ਉਨ੍ਹਾਂ ਦਾ ਕੰਮ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਵੱਡਾ ਸੈਂਪਲ ਲੈਣਾ ਕਿਸੇ ਇੱਕ ਸੰਸਥਾ ਦੀ ਪਹੁੰਚ ਤੋਂ ਬਾਹਰ ਹੈ।
ਅਧਿਐਨ ਵਿੱਚ ਸਾਹਮਣੇ ਆਏ ਤੱਥ
ਟੌਕਸਿਕਸ ਲਿੰਕ ਨੇ ਆਪਣੀ ਖੋਜ ਵਿੱਚ, ਸੈਨੇਟਰੀ ਪੈਡਾਂ ਵਿੱਚ 12 ਵੱਖ-ਵੱਖ ਕਿਸਮਾਂ ਦੇ ਥੈਲੇਟ ਦੀ ਮੌਜੂਦਗੀ ਹੋਣ ਦਾ ਪਤਾ ਲਾਇਆ।
ਥੈਲੇਟ ਅਸਲ ਵਿੱਚ ਪਲਾਸਟਿਕ ਦੀ ਇੱਕ ਕਿਸਮ ਹੈ ਜਿਸ ਕਾਰਨ ਪੈਡਾਂ ਵਿੱਚ ਲਚਕ ਆਉਂਦੀ ਹੈ ਅਤੇ ਪੈਡਾਂ ਨੂੰ ਟਿਕਾਊ ਬਣਾਉਣ ਲਈ ਵਰਤੀ ਜਾਂਦੀ ਹੈ।
''ਰੈਪਡ ਇਨ ਸੀਕਰੇਸੀ: ਟੌਕਸਿਕ ਕੈਮੀਕਲਸ ਇੰਨ ਮੈਸਟ੍ਰੁਅਲ ਪ੍ਰੋਡਕਟਸ (ਮਾਹਵਾਰੀ ਉਤਪਾਦਾਂ ਵਿਚ ਜ਼ਹਿਰੀਲੇ ਰਸਾਇਣ) ਨਾਮ ਦੀ ਸੰਸਥਾ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਖੋਜ ਲਈ ਵਰਤੇ ਗਏ ਨਮੂਨਿਆਂ ਵਿਚ 24 ਕਿਸਮਾਂ ਦੇ ਵੀਓਸੀ ਪਾਏ ਗਏ, ਜਿਨ੍ਹਾਂ ਵਿਚ ਜ਼ਾਇਲੀਨ, ਬੈਂਜੀਨ, ਕਲੋਰੋਫਾਰਮ ਆਦਿ ਸ਼ਾਮਲ ਹਨ।
ਇਹਨਾਂ ਦੀ ਵਰਤੋਂ ਪੇਂਟ, ਨੇਲ ਪਾਲਿਸ਼ ਰਿਮੂਵਰ, ਕੀਟਨਾਸ਼ਕ, ਕਲੀਨਜ਼ਰ, ਰੂਮ ਡੀਓਡੋਰਾਈਜ਼ਰ ਆਦਿ ਵਿੱਚ ਕੀਤੀ ਜਾਂਦੀ ਹੈ।
ਟੌਕਸਿਕਸ ਲਿੰਕ ਦੀ ਮੁੱਖ ਪ੍ਰੋਗਰਾਮ ਕੋਆਰਡੀਨੇਟਰ ਪ੍ਰੀਤੀ ਮਹੇਸ਼ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਖੋਜ ਲਈ ਭਾਰਤੀ ਬਾਜ਼ਾਰ ਵਿੱਚ ਉਪਲਬਧ 10 ਵੱਖ-ਵੱਖ ਕੰਪਨੀਆਂ ਤੋਂ ਜੈਵਿਕ ਅਤੇ ਅਜੈਵਿਕ ਸੈਨੇਟਰੀ ਪੈਡ ਲਏ ਹਨ।”
“ਅਸੀਂ ਇਨ੍ਹਾਂ ਦੋਵਾਂ ਤਰ੍ਹਾਂ ਦੇ ਪੈਡਾਂ ਵਿੱਚ ਮੌਜੂਦ ਕੈਮੀਕਲ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹਨਾਂ ਸੈਨੇਟਰੀ ਪੈਡਾਂ ਵਿੱਚ ਥੈਲੋਟ ਤੇ ਵੀਓਸੀ ਮੌਜੂਦ ਹਨ।”
ਉਨ੍ਹਾਂ ਮੁਤਾਬਕ, "ਇੱਕ ਔਰਤ ਕਈ ਸਾਲਾਂ ਤੱਕ ਸੈਨੇਟਰੀ ਪੈਡਾਂ ਦੀ ਵਰਤੋਂ ਕਰਦੀ ਹੈ। ਇਹ ਰਸਾਇਣ ਯੋਨੀ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ, ਜਿਸ ਦਾ ਸਿਹਤ ''ਤੇ ਮਾੜਾ ਅਸਰ ਪੈਂਦਾ ਹੈ।"
ਉਸ ਦਾ ਕਹਿਣਾ ਹੈ ਕਿ ਯੂਰਪੀਅਨ ਯੂਨੀਅਨ ਮੁਤਾਬਕ, ਇੱਕ ਸੈਨੇਟਰੀ ਪੈਡ ਵਿੱਚ ਕੁੱਲ ਵਜ਼ਨ ਦੇ 0.1 ਫ਼ੀਸਦ ਤੋਂ ਵੱਧ ਥੈਲੇਟ ਨਹੀਂ ਪਾਇਆ ਜਾ ਸਕਦਾ। ਇਨ੍ਹਾਂ ਨਮੂਨਿਆਂ ਵਿੱਚ ਵੀ ਇਹ ਮਾਤਰਾ ਹੱਦ ਵਿੱਚ ਰਹਿ ਕੇ ਹੀ ਪਾਈ ਗਈ ਸੀ।
ਇਹ ਖੋਜਾਂ ਵੱਡੇ ਬ੍ਰਾਂਡਾਂ ''ਤੇ ਕੀਤੀਆਂ ਗਈਆਂ ਹਨ, ਇਸ ਲਈ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਛੋਟੇ ਬ੍ਰਾਂਡਾਂ ਵਿਚ ਇਹ ਰਸਾਇਣ ਉਚਿਤ ਮਾਤਰਾ ਤੋਂ ਵੱਧ ਤਾਂ ਨਹੀਂ ਵਰਤਿਆ ਜਾ ਰਿਹਾ ਕਿਉਂਕਿ ਭਾਰਤ ਵਿਚ ਅਜਿਹੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਹੈ।
ਥੈਲੇਟ ਤੇ ਵੀਓਸੀ ਦਾ ਸ਼ਰੀਰ ’ਤੇ ਪ੍ਰਭਾਵ
ਭਾਰਤ ਵਿੱਚ 35.5 ਕਰੋੜ ਤੋਂ ਵੱਧ ਔਰਤਾਂ ਅਤੇ ਲੜਕੀਆਂ ਹਨ ਜਿਨ੍ਹਾਂ ਨੂੰ ਮਾਹਵਾਰੀ ਆਉਂਦੀ ਹੈ।
ਸਰਕਾਰ ਦੇ ਨੈਸ਼ਨਲ ਫੈਮਿਲੀ ਹੈਲਥ ਸਰਵੇ-5 (ਐੱਨਐੱਫ਼ਐੱਚਐੱਸ) ਮੁਤਾਬਕ 15-24 ਸਾਲ ਦੀ ਉਮਰ ਦੀਆਂ 64 ਫ਼ੀਸਦ ਲੜਕੀਆਂ ਸੈਨੇਟਰੀ ਪੈਡਾਂ ਦੀ ਵਰਤੋਂ ਕਰਦੀਆਂ ਹਨ। ਜੇਕਰ ਇਨ੍ਹਾਂ ਅੰਕੜਿਆਂ ਵਿੱਚ 24 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਗਿਣਤੀ ਨੂੰ ਜੋੜਿਆ ਜਾਵੇ ਤਾਂ ਪੀਰੀਅਡਸ ਦੌਰਾਨ ਪੈਡਾਂ ਦੀ ਵਰਤੋਂ ਕਰਨ ਦੀ ਫੀਸਦ ਹੋਰ ਵਧ ਜਾਵੇਗੀ।
ਅਜਿਹੇ ''ਚ ਜੋ ਲੜਕੀ ਜਾਂ ਔਰਤ ਸਾਲਾਂ ਤੋਂ ਹਰ ਮਹੀਨੇ ਸੈਨੇਟਰੀ ਪੈਡ ਦੀ ਵਰਤੋਂ ਕਰਦੀ ਹੈ, ਉਸ ਦੇ ਸਰੀਰ ''ਤੇ ਇਸ ਦਾ ਕੀ ਅਸਰ ਹੋਵੇਗਾ?
ਮੁੰਬਈ ਦੇ ਰਹਿਣ ਵਾਲੇ ਡਾਕਟਰ ਸ਼੍ਰੀਪਦ ਦੇਸ਼ਪਾਂਡੇ ਦਾ ਕਹਿੰਦੇ ਹਨ ਕਿ ਔਰਤਾਂ ਦੀ ਯੋਨੀ ਰਾਹੀਂ ਇਹ ਰਸਾਇਣ ਦਾਖਲ ਹੁੰਦੇ ਹਨ ਅਤੇ ਉਹ ਉੱਥੇ ਜਮ੍ਹਾ ਹੋਣ ਲੱਗਦੇ ਹਨ।
ਉਹ ਦੱਸਦੇ ਹਨ, “ਥੈਲੇਟ ਤੇ ਹੋਰ ਰਸਾਇਣ ਸਾਡੇ ਐਂਡੋਕ੍ਰਾਈਨ ਯਾਨੀ ਹਾਰਮੋਨ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ, ਜੋ ਕਿ ਅੰਡੇ ਦੀ ਉਤਪਤੀ ਤੇ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਦੇ ਹਨ, ਮਤਲਬ ਕਿ ਇਸ ਨਾਲ ਬਾਂਝਪਨ ਦਾ ਖ਼ਤਰਾ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਯੋਨੀ ਵਿਚ ਸੋਜ, ਖਾਰਸ਼ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਸ ਦਾ ਅਸਰ ਬੱਚੇਦਾਨੀ ''ਤੇ ਵੀ ਪੈਂਦਾ ਹੈ। ਅਤੇ ਕੈਂਸਰ ਹੋਣ ਦਾ ਖਤਰਾ ਹੈ ਜੇਕਰ ਵੀਓਸੀ ਨੂੰ ਲੰਬੇ ਸਮੇਂ ਲਈ ਵਰਤਿਆ ਜਾਂਦਾ ਹੈ।
ਕੈਂਸਰ ਮਾਹਰ ਡਾ. ਰਾਸ਼ੀ ਅਗਰਵਾਲ ਦਾ ਕਹਿੰਦੇ ਹਨ ਕਿ ਉਹ ਇਸ ਖੋਜ ''ਤੇ ਕੁਝ ਵੀ ਕਹਿਣਾ ਨਹੀਂ ਚਾਹੁਣਗੇ ਪਰ ਥੈਲੇਟ ਰਸਾਇਮ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਰਸਾਇਣਾਂ ਦਾ ਇਕ ਸਮੂਹ ਹੈ ਜਿਸ ਦੀ ਵਰਤੋਂ ਨਾਲ ਕੈਂਸਰ ਵੀ ਹੋ ਸਕਦਾ ਹੈ ਅਤੇ ਇਹ ਸਿਰਫ਼ ਸੈਨੇਟਰੀ ਪੈਡਾਂ ''ਚ ਹੀ ਨਹੀਂ ਸਗੋਂ , ਸਿਗਰੇਟ, ਸ਼ਰਾਬ ਆਦਿ ਵਿੱਚ ਵੀ ਵਰਤਿਆ ਜਾਂਦਾ ਹੈ।
ਉਹ ਕਹਿੰਦੇ ਹਨ, "ਸਰੀਰ ਵਿੱਚ ਦਾਖਿਲ ਹੋ ਵਾਲਾ ਕੋਈ ਵੀ ਰਸਾਇਣ, ਸਾਡੇ ਸਰੀਰ ਵਿੱਚ ਮੌਜੂਦ ਸੈੱਲਾਂ ਦੀ ਬਣਤਰ ਨੂੰ ਬਦਲ ਦਿੰਦਾ ਹੈ। ਸਾਡੇ ਸਰੀਰ ਵਿੱਚ ਸਿਹਤਮੰਦ ਅਤੇ ਗੈਰ-ਸਿਹਤਮੰਦ ਸੈੱਲ ਹੁੰਦੇ ਹਨ ਅਤੇ ਸਾਡੇ ਇਮਿਊਨ ਸਿਸਟਮ ਇਨ੍ਹਾਂ ਖ਼ਰਾਬ ਜਾਂ ਗੈਰ-ਸਿਹਤਮੰਦ ਸੈੱਲਾਂ ਨੂੰ ਹਟਾਉਣ ਵਿੱਚ ਮਦਦ ਕਰਦੀ ਹੈ ਪਰ ਕਈ ਵਾਰ ਅਜਿਹਾ ਨਹੀਂ ਹੁੰਦਾ ਹੈ। "
"ਇਸ ਸਥਿਤੀ ਵਿੱਚ, ਇਨ੍ਹਾਂ ਰਸਾਇਣਾਂ ਜਾਂ ਥੈਲੇਟ ਤੋਂ ਪ੍ਰਭਾਵਿਤ ਸੈੱਲ ਸਰੀਰ ਵਿੱਚ ਰਹਿ ਜਾਂਦੇ ਹਨ ਅਤੇ ਉਹ ਸੈੱਲ ਸਰੀਰ ਵਿੱਚ ਕੈਂਸਰ ਪੈਦਾ ਕਰਨ ਦਾ ਕੰਮ ਕਰਦੇ ਹਨ ਜਾਂ ਕਈ ਵਾਰ ਉਹ ਗੈਰ-ਸਿਹਤਮੰਦ ਸੈੱਲਾਂ ਨੂੰ ਪ੍ਰਭਾਵਤ ਕਰਦੇ ਹਨ ਜੋ ਕੈਂਸਰ ਦਾ ਕਾਰਨ ਬਣ ਜਾਂਦੇ ਹਨ।"
ਉਸ ਦਾ ਕਹਿਣਾ ਹੈ ਕਿ ਹਰ ਚੀਜ਼ ਵਿਚ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਹ ਸਰੀਰ ਨੂੰ ਪ੍ਰਭਾਵਿਤ ਕਰ ਰਹੇ ਹਨ।
ਰਾਜੀਵ ਗਾਂਧੀ ਕੈਂਸਰ ਹਸਪਤਾਲ ਵਿੱਚ ਡਾਕਟਰ ਸਵਰੂਪਾ ਮਿੱਤਰਾ ਦਾ ਕਹਿਣਾ ਹੈ ਕਿ ਇੱਕ ਔਰਤ ਮਹੀਨੇ ਵਿੱਚ ਚਾਰ-ਪੰਜ ਦਿਨ ਲਗਾਤਾਰ ਸੈਨੇਟਰੀ ਪੈਡਾਂ ਦੀ ਵਰਤੋਂ ਕਰਦੀ ਹੈ।
ਇਹ ਰਸਾਇਣ ਚਮੜੀ ਅਤੇ ਯੋਨੀ ਦੇ ਵਿੱਚ ਜਜ਼ਬ ਹੋ ਜਾਂਦੇ ਹਨ, ਜਿਸਦਾ ਸਿੱਧਾ ਪ੍ਰਭਾਵ ਨਾ ਸਿਰਫ ਦਿਮਾਗ ''ਤੇ ਹੁੰਦਾ ਹੈ ਬਲਕਿ ਔਰਤਾਂ ਵਿਚ ਹੋਣ ਵਾਲੇ ਰੋਗਾਂ ਤੋਂ ਵੀ ਪ੍ਰਭਾਵਿਤ ਹੁੰਦੇ ਹਨ। ਉਹ ਦੱਸਦੇ ਹਨ ਕਿ, ਇਸ ਨਾਲ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ।
ਉਨ੍ਹਾਂ ਮੁਤਾਬਕ, "ਥੈਲੇਟ ਕਾਰਨ ਪੀ.ਸੀ.ਓ.ਐੱਸ., ਗਰਭਵਤੀ ਔਰਤ ਦੀ ਸਮੇਂ ਤੋਂ ਪਹਿਲਾਂ ਡਿਲੀਵਰੀ, ਬੱਚੇ ਦਾ ਜਨਮ ਤੋਂ ਪਹਿਲਾਂ ਘੱਟ ਵਜ਼ਨ ਅਤੇ ਗਰਭਪਾਤ ਦੇ ਜੋਖ਼ਮ ਨੂੰ ਵਧਾਉਂਦੇ ਹਨ, ਨਾਲ ਹੀ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਔਰਤਾਂ ਵਿੱਚ ਸਮੇਂ ਤੋਂ ਪਹਿਲਾਂ ਮੇਨੋਪੌਜ਼ ਹੋ ਜਾਂਦਾ ਹੈ।"
ਵੀਓਸੀ ਦਾ ਅਸਰ
- ਅੱਖਾਂ, ਨੱਕ ਤੇ ਚਮੜੀ ਵਿੱਚ ਅਰਲਜ਼ੀ
- ਸਿਰ ਦਰਦ
- ਗਲੇ ਦੀ ਇਨਫ਼ੈਕਸ਼ਨ
- ਲਿਵਰ ਤੇ ਕਿਡਨੀ ’ਤੇ ਅਸਰ
ਤਾਨਿਆ ਮਹਾਜਨ ਕਹਿੰਦੀ ਹੈ, “ਥੈਲੇਟ ਤੇ ਵੀਓਸੀ ਹਰ ਉਤਪਾਦ ਵਿੱਚ ਪਾਏ ਜਾਂਦੇ ਹਨ, ਚਾਹੇ ਉਹ ਕੱਪੜੇ ਹੋਣ ਜਾਂ ਖਿਡੌਣੇ। ਪਰ ਇਹ ਦੇਖਣ ਦੀ ਲੋੜ ਹੈ ਕਿ ਇਹ ਕਿਸ ਹੱਦ ''ਤੇ ਜਾ ਕੇ ਹਾਨੀਕਾਰਕ ਬਣ ਜਾਂਦੇ ਹਨ, ਕਿਉਂਕਿ ਜੋ ਸੈਂਪਲ ਲਏ ਗਏ ਸਨ, ਉਨ੍ਹਾਂ ''ਚ ਇਨ੍ਹਾਂ ਰਸਾਇਣਾਂ ਦੀ ਵਰਤੋਂ ਸੀਮਤ ਢੰਗ ਨਾਲ ਹੀ ਕੀਤੀ ਗਈ ਹੈ।
ਉਹ ਅੱਗੇ ਕਹਿੰਦੀ ਹੈ, "ਸਾਨੂੰ ਨਹੀਂ ਪਤਾ ਕਿ ਥੈਲੇਟ ਕਿਸ ਕੱਚੇ ਮਾਲ ਤੋਂ ਆ ਰਹੇ ਹਨ, ਪਰ ਅਸੀਂ ਜਾਣਦੇ ਹਾਂ ਕਿ ਉਹ ਪੌਲੀਮੇਰਿਕ ਸਮੱਗਰੀ ਤੋਂ ਆਉਂਦੇ ਹਨ ਜੋ ਪੈਡ ਦੇ ਉੱਪਰਲੇ ਜਾਂ ਹੇਠਲੇ ਹਿੱਸੇ ਵਿੱਚ ਵਰਤੇ ਜਾਂਦੇ ਹਨ।"
ਇਸ ਪੌਲੀਮਰ ਦੀ ਵਰਤੋਂ ਤਰਲ ਨੂੰ ਸੋਖਣ ਲਈ ਕੀਤੀ ਜਾਂਦੀ ਹੈ। ਪਰ ਇਹ ਸਮਝਣਾ ਪਵੇਗਾ ਕਿ ਇਸਦਾ ਬਦਲ ਕੀ ਹੋ ਸਕਦਾ ਹੈ।
ਉਹ ਕਹਿੰਦੇ ਹਨ ਕਿ ਸੈਨੇਟਰੀ ਪੈਡਾਂ ਦੀ ਬਜਾਏ ਕਾਟਨ ਪੈਡ, ਮੇਨਸਟ੍ਰੂਅਲ ਕੱਪ, ਟੈਂਪੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਨ੍ਹਾਂ ਵਿੱਚ ਕਿਸ ਤਰ੍ਹਾਂ ਦੇ ਉਤਪਾਦ ਜਾਂ ਰਸਾਇਣ ਵਰਤੇ ਜਾ ਰਹੇ ਹਨ ਅਤੇ ਉਹ ਕਿੰਨੇ ਸੁਰੱਖਿਅਤ ਹਨ, ਇਸ ਬਾਰੇ ਡਾਟਾ ਹੋਣਾ ਚਾਹੀਦਾ ਹੈ।
ਮੇਨਸਟ੍ਰੂਅਲ ਹੈਲਥ ਅਲਾਇੰਸ ਇੰਡੀਆ (ਐੱਮਐੱਚਆਈਏ) ਦੇ ਅੰਦਾਜ਼ੇ ਮੁਤਾਬਕ ਲਗਭਗ 12 ਕਰੋੜ ਔਰਤਾਂ ਸੈਨੇਟਰੀ ਪੈਡ ਦੀ ਵਰਤੋਂ ਕਰਦੀਆਂ ਹਨ। ਅਜਿਹੇ ''ਚ ਇਸ ਤੋਂ ਪੈਦਾ ਹੋਣ ਵਾਲਾ ਕੂੜਾ ਅਜੇ ਵੀ ਸਮੱਸਿਆ ਬਣਿਆ ਹੋਇਆ ਹੈ।
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ 30 ਤੋਂ ਵੱਧ ਸੰਸਥਾਵਾਂ ਹਨ ਜੋ ਮੁੜ ਵਰਤੋਂ ਯੋਗ ਜਾਂ ਮੁੜ ਵਰਤੋਂ ਯੋਗ ਸੈਨੇਟਰੀ ਪੈਡਾਂ ਦਾ ਨਿਰਮਾਣ ਕਰ ਰਹੀਆਂ ਹਨ। ਇਸ ਵਿੱਚ ਕੇਲੇ ਦੇ ਰੇਸ਼ੇ, ਕੱਪੜੇ ਜਾਂ ਬਾਂਸ ਤੋਂ ਬਣਾਏ ਜਾਣ ਵਾਲੇ ਪੈਡ ਸ਼ਾਮਲ ਹਨ।
ਮਾਹਿਰਾਂ ਮੁਤਾਬਕ, ਭਾਰਤ ਵਿੱਚ ਸਰਕਾਰ ਨੂੰ ਸੈਨੇਟਰੀ ਪੈਡਾਂ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਸਬੰਧ ਵਿੱਚ ਮਾਪਦੰਡ ਨਿਰਧਾਰਤ ਕਰਨ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਬ੍ਰਾਂਡ ਜਾਂ ਕੰਪਨੀਆਂ ਹਨ ਜੋ ਸੈਨੇਟਰੀ ਪੈਡ ਵੇਚ ਰਹੀਆਂ ਹਨ। ਇਸ ਦੇ ਨਾਲ ਹੀ ਸਰਕਾਰ ਨੂੰ ਅਜਿਹੀ ਖੋਜ ਕਰਨ ਵਿੱਚ ਪਹਿਲਕਦਮੀ ਦਿਖਾਉਣੀ ਚਾਹੀਦੀ ਹੈ।

ਆਸਟਰੇਲੀਆਈ ਕੁੜੀ ਦੇ ਕਤਲ ਕੇਸ ’ਚ ਲੋੜੀਂਦਾ ਪਰਵਾਸੀ ਪੰਜਾਬੀ ਗ੍ਰਿਫ਼ਤਾਰ, ਕੀ ਹੈ ਪੂਰਾ ਮਾਮਲਾ
NEXT STORY