ਮੈਂ ਵੈਲੀ (ਬਦਮਾਸ਼) ਬਣਨਾ ਚਾਹੁੰਦਾ ਸੀ, ਪਰ ਪੈ ਗਿਆ ਨਸ਼ੇ ਵਿੱਚ...''
ਪਹਿਲਾਂ-ਪਹਿਲਾਂ ਨਸ਼ਾ ਛੱਡਣ ਕਰਕੇ ਸਰੀਰ ਨੂੰ ਬਹੁਤ ਤੰਗੀ ਆਉਂਦੀ ਸੀ ਪਰ ਹੁਣ ਠੀਕ ਹੈ''
''ਲੋਕ ਤਾਂ ਪਹਿਲਾਂ ਘਰ ਨਹੀਂ ਸੀ ਵਾੜਦੇ ਹੁਣ ਆ ਕੇ ਹਾਲ ਚਾਲ ਪੁੱਛਦੇ ਹਨ''
ਇਹ ਕਹਾਣੀ ਹੈ ਫਰੀਦਕੋਟ ਦੇ ਪਿੰਡ ਮਚਾਕੀ ਦੇ 22 ਨੌਜਵਾਨਾਂ ਦੀ, ਜਿਨ੍ਹਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਪਿੰਡ ਦੀ ਪੰਚਾਇਤ ਪੂਰੀ ਵਾਹ ਲਾ ਦਿੱਤੀ, ਪਰ ਇਹ ਸਭ ਇੰਨਾ ਅਸਾਨ ਨਹੀਂ ਸੀ।
ਇਸ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ, ਲੋਕਾਂ ਦਾ ਵਿਸ਼ਵਾਸ ਜਿੱਤਿਆ ਗਿਆ ਅਤੇ ਸਭ ਤੋਂ ਔਖਾ ਨਸ਼ੇ ਸੌਦਾਗਰਾਂ ਨਾਲ ਵੀ ਲੜਾਈ ਲੜਨੀ ਪਈ।
ਪਿੰਡ ਮਚਾਕੀ ਕਲਾਂ ਦੀ ਪੰਚਾਇਤ ਨੇ ਸਭ ਤੋਂ ਪਹਿਲਾਂ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਲਈ ਪਿੰਡ ਵਿੱਚ ਹੀ ਇੱਕ ਕੇਂਦਰ ਖੋਲ੍ਹਿਆ ਗਿਆ।
ਇੱਥੇ ਉਨ੍ਹਾਂ ਨੂੰ ਵਿਅਸਤ ਰੱਖਣ ਲਈ ਇੰਟਰਨੈੱਟ ਅਤੇਟੀਵੀ ਲਗਾਇਆ ਗਿਆ, ਇੰਨਾ ਹੀ ਨਹੀਂ ਸੰਗੀਤ ਦਾ ਵੀ ਸਹਾਰਾ ਲਿਆ ਗਿਆ।
ਇਸ ਨਿਗਰਾਨੀ ਕੇਂਦਰ ਵਿੱਚ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਇਲਾਜ ਦੌਰਾਨ ਦੋਸਤਾਨਾ ਵਤੀਰੇ ਦਾ ਖ਼ਾਸ ਖਿਆਲ ਵੀ ਰੱਖਿਆ ਜਾਂਦਾ ਹੈ।
ਧਰਮਸ਼ਾਲਾ ਵਿੱਚ ਖੋਲਿਆ ਨਿਗਰਾਨੀ ਕੇਂਦਰ
ਮਚਾਕੀ ਕਲਾਂ ਦੀ ਪੰਚਾਇਤ ਵਲੋਂ ਪਿੰਡ ਦੀ ਧਰਮਸ਼ਾਲਾ ਵਿੱਚ ਇਹ ਕੇਂਦਰ ਖੋਲਿਆ ਗਿਆ ਹੈ।
ਇਸ ਕੇਂਦਰ ਵਿੱਚ ਪਿੰਡ ਦੇ ਇਨ੍ਹਾਂ ਮੁੰਡਿਆਂ ਕਰੀਬ ਦੋ ਮਹੀਨੇ ਤੋਂ ਰੱਖ ਕੇ ਦੇਖਭਾਲ ਕੀਤੀ ਜਾ ਰਹੀ ਹੈ।
ਸਰਪੰਚ ਗੁਰਸ਼ਿਵਿੰਦਰ ਸਿੰਘ ਨੇ ਦੱਸਿਆ, ''''ਨਸ਼ਾ ਤੇਜ਼ੀ ਨਾਲ ਵੱਧ ਰਿਹਾ ਸੀ ਅਤੇ 6 ਮਹੀਨੇ ਪਹਿਲਾਂ ਪਿੰਡ ਦੇ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਬੱਚਿਆਂ ਦੀ ਪਹਿਚਾਣ ਕੀਤੀ ਗਈ ਜੋ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਨ।''''
ਗੁਰਸ਼ਿਵਿੰਦਰ ਸਿੰਘ ਅੱਗੇ ਦੱਸਦੇ ਹਨ, ''''ਪਿੰਡ ਵਿੱਚ ਨਸ਼ਾ ਆਮ ਵਿਕਣ ਲੱਗ ਗਿਆ ਸੀ ਪਰ ਸਾਨੂੰ ਕੋਈ ਵੱਡਾ ਹੁੰਗਾਰਾ ਨਹੀਂ ਮਿਲਿਆ। ਅਸੀਂ ਬੱਚਿਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰਾਵਾਂਗੇ। ਇਸਦਾ ਸਾਰਾ ਖਰਚਾ ਪੰਚਾਇਤ ਅਤੇ ਪਿੰਡ ਵਲੋਂ ਕੀਤਾ ਜਾਵੇਗਾ।”
“ਉਨ੍ਹਾਂ ਨੂੰ ਪਹਿਲਾਂ ਤਾਂ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਆਈਆਂ। ਫਿਰ ਅਸੀਂ ਓਹਨਾਂ ਨੂੰ ਡਾਕਟਰੀ ਸਹੂਲਤ ਮੁਹਈਆ ਕਾਰਵਾਈ। ਫਿਰ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਨਸ਼ੇ ਛਡਾਉ ਦੀ ਦਵਾਈ ਦਵਾਈ ਗਈ।”
-
ਤਿੰਨ ਹਫਤੇ ਲੜਾਈ ਲੜਨੀ ਪਈ
ਪਿੰਡ ਦੇ ਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਲੋਕ ਬਾਹਰੋਂ ਨਸ਼ਾ ਵੇਚਣ ਆਉਂਦੇ ਸਨ ਜਿਹਨਾਂ ਨਾਲ ਕਰੀਬ 3 ਹਫ਼ਤੇ ਲੜਾਈ ਲੜਨੀ ਪਾਈ।
ਉਨ੍ਹਾਂ ਕਿਹਾ, ''''ਨਸ਼ਾ ਤਸਕਰ ਬਹੁਤ ਧਮਕੀਆਂ ਵੀ ਦਿੰਦੇ ਸਨ ਪਰ ਫਿਰ ਵੀ ਲੋਕਾਂ ਨੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ।''''
ਲਖਵਿੰਦਰ ਸਿੰਘ ਨੇ ਦੱਸਿਆ, ''''ਮੁੰਡੇ ਸਾਡੇ ਕਮੇਟੀ ਕੋਲ ਆਏ ਜੋ ਨਸ਼ਾ ਛੱਡਣਾ ਚਾਹੁੰਦੇ ਸਨ। ਅਸੀਂ ਉਹਨਾਂ ਨੂੰ ਧਰਮਸ਼ਾਲਾ ਵਿੱਚ ਰੱਖਿਆ ਅਤੇ ਪੂਰੀ ਖੁਰਾਕ ਦਿੱਤੀ। ਇਸ ਲਈ ਲੰਗਰ ਸਾਰੇ ਪਿੰਡ ਵਿੱਚੋਂ ਇਕੱਠਾ ਕੀਤਾ ਜਾਂਦਾ ਹੈ।”
ਉਨ੍ਹਾਂ ਕਿਹਾ ਕਿ ਮੁੰਡਿਆਂ ਨੂੰ ਪੰਜੀਰੀ, ਫ਼ਲ- ਫਰੂਟ ਅਤੇ ਦੁੱਧ ਆਦਿ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਇੰਟਰਨੈਟ ਤੇ ਟੈਲੀਵਿਜ਼ਨ ਲਗਾਇਆ
ਬਲਾਕ ਸਮਿਤੀ ਮੈਂਬਰ ਬੁੱਕਣ ਸਿੰਘ ਨੇ ਕਿਹਾ ਕਿ ਬੱਚਿਆਂ ਦਾ ਧਿਆਨ ਦੂਸਰੇ ਪਾਸੇ ਲਗਾਉਣ ਲਈ ਧਰਮਸ਼ਾਲਾ ਵਿੱਚ ਇੰਟਰਨੈਟ ਅਤੇ ਟੈਲੀਵਿਜ਼ਨ ਲਗਾਇਆ ਗਿਆ
''''ਪਿੰਡ ਦੇ ਮੋਹਤਬਰ ਬੰਦੇ ਸ਼ਾਮ ਨੂੰ ਮੁੰਡਿਆਂ ਨਾਲ ਸਮਾਂ ਬਿਤਾਉਂਦੇ ਹਨ ਅਤੇ ਹਲਾਸ਼ੇਰੀ ਵੀ ਦਿੰਦੇ ਹਨ ਤਾਂ ਜੋ ਇਹ ਨਸ਼ਾ ਛੱਡ ਸਕਣ।''''
‘ਵੈਲੀ ਬਣਨਾ ਚਾਉਂਦਾ ਸੀ ਪਰ ਨਸ਼ਾ ਲੈਣ ਲੱਗ ਪਿਆ’
ਬੀਬੀਸੀ ਦੀ ਟੀਮ ਨੂੰ ਇਸ ਕੇਂਦਰ ਵਿੱਚ ਇੱਕ 18 ਸਾਲਾਂ ਨੌਜਵਾਨ ਮਿਲਿਆ।
ਉਹ ਨੌਵੀਂ ਜਮਾਤ ਤੱਕ ਪੜ੍ਹਿਆ ਸੀ।
ਇਸ ਨੌਜਵਾਨ ਨੇ ਦੱਸਿਆ, “ਮੈਂ ਆਪਣੇ ਦੋਸਤਾਂ ਨੂੰ ਦੇਖ-ਦੇਖ ਨਸ਼ਾ ਲੈਣ ਲੱਗ ਗਿਆ। ਮੈਂ ਵੈਲੀ (ਬਦਮਾਸ਼ ) ਬਣਨਾ ਚਾਉਂਦਾ ਸੀ। ਪਿਛਲੇ ਪੰਜ ਸਾਲ ਤੋਂ ਵੱਖ-ਵੱਖ ਕਿਸਮ ਦਾ ਨਸ਼ਾ ਕਰ ਰਿਹਾ ਸੀ। ਸਾਨੂੰ ਪਹਿਲਾਂ ਪਿੰਡ ਵਾਲਿਆਂ ਨੇ ਸਮਝਾਇਆ ਤੇ ਫਿਰ ਨੂੰ ਕੇਂਦਰ ਵਿੱਚ ਲੈ ਕੇ ਆਏ। ਉਹਨਾਂ ਦੱਸਿਆ ਕਿ ਕੇਂਦਰ ਵਿੱਚ ਉਸਦੀ ਜ਼ਿੰਦਗੀ ਵਿੱਚ ਸੁਧਾਰ ਆਇਆ ਜਿਥੇ ਪੰਚਾਇਤ ਉਸਦੀ ਪੂਰੀ ਸਹਾਇਤਾ ਕਰ ਰਹੀ ਹੈ।''''
27 ਸਾਲਾਂ ਦੇ ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਉਹ ਚਿੱਟੇ (ਹੈਰੋਇਨ) ਦਾ ਆਦਿ ਸੀ ਅਤੇ ਪੰਚਾਇਤ ਦੇ ਉਪਰਾਲੇ ਕਾਰਨ ਉਹ ਨਸ਼ਾ ਛੱਡਣ ਵੱਲ ਵੱਧ ਰਿਹਾ ਹੈ।
ਉਸਨੇ ਅੱਗੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਅਤੇ ਜੋ ਵੀ ਉਹ ਕੰਮ ਕਰਕੇ ਪੈਸੇ ਬਣਾਉਂਦਾ ਸੀ ਉਹ ਪੈਸਾ ਨਸ਼ੇ ਲਈ ਵਰਤ ਲੈਂਦਾ ਸੀ।
“ਹੁਣ ਮੇਰੇ ਪਰਿਵਾਰ ਵਾਲੇ ਵੀ ਮੇਰੀ ਇੱਜ਼ਤ ਕਰਦੇ ਹਨ।”
ਇੱਕ 34 ਸਾਲਾਂ ਨੌਜਵਾਨ ਦੱਸਦਾ ਹੈ,
''''ਪਹਿਲਾਂ-ਪਹਿਲਾਂ ਨਸ਼ਾ ਛੱਡਣ ਕਰਕੇ ਸਰੀਰ ਨੂੰ ਬਹੁਤ ਤੰਗੀ ਆਉਂਦੀ ਸੀ ਪਰ ਪੰਚਾਇਤ ਨੇ ਇਲਾਜ ਸਿਵਲ ਹਸਪਤਾਲ ਤੋਂ ਕਰਵਾਇਆ ਅਤੇ ਨਾਲ ਹੀ ਵਧੀਆ ਖੁਰਾਕ ਵੀ ਖਾਣ ਨੂੰ ਦਿੱਤੀ।''''
ਕੁਲਵਿੰਦਰ ਕੌਰ (ਨਾਮ ਬਲਦਿਆ ਹੋਇਆ) ਨੇ ਦੱਸਿਆ ਕਿ ਉਸ ਦਾ 20 ਸਾਲਾਂ ਬੇਟਾ ਨਸ਼ਿਆਂ ਤੋਂ ਪੀੜਤ ਸੀ।
“ਉਹ ਸਾਨੂੰ ਬਹੁਤ ਤੰਗ ਕਰਦਾ ਸੀ ਅਤੇ ਬਹੁਤ ਨਸ਼ਾ ਕਰਦਾ ਸੀ। ਹੁਣ ਉਹ ਸੁਧਰ ਰਿਹਾ ਹੈ। ਮੇਰਾ ਬੇਟਾ ਇਕ ਸਾਲ ਤੋਂ ਨਸ਼ਾ ਕਰ ਰਿਹਾ ਸੀ। ਪਹਿਲਾਂ ਅਸੀਂ ਆਪਣੇ ਪੱਧਰ ’ਤੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਥੋਂ ਤੱਕ ਕਿ ਅਸੀਂ ਉਸਦੀ ਬਹੁਤ ਵਾਰ ਕੁੱਟਮਾਰ ਵੀ ਕੀਤੀ ਪਰ ਸਾਡੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ। ਜਦੋਂ ਉਹ ਨਹੀਂ ਸੁਧਰਿਆ ਤਾਂ ਫਿਰ ਅਸੀਂ ਪੰਚਾਇਤ ਨੂੰ ਦੱਸ ਕੇ ਕੇਂਦਰ ਵਿੱਚ ਇਲਾਜ਼ ਲਈ ਛੱਡ ਦਿੱਤਾ।”
ਪ੍ਰਸਾਸ਼ਨ ਦਾ ਕੀ ਕਹਿਣਾ ਹੈ ?
ਸਿਵਲ ਹਸਪਤਾਲ ਫ਼ਰੀਦਕੋਟ ਵਿੱਚ ਤਾਇਨਾਤ ਮਨੋਵਿਗਿਆਨ ਦੇ ਡਾਕਟਰ ਰਣਜੀਤ ਕੌਰ ਕਹਿੰਦੇ ਹਨ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦਾ ਪਹਿਲਾ ਕਦਮ ਹੈ ਜਿੱਥੇ ਪੰਚਾਇਤ ਵਲੋਂ ਨਸ਼ਾ ਕਰਨ ਵਾਲਿਆਂ ਨੂੰ ਦੇਖ਼-ਰੇਖ ਹੇਠ ਰੱਖਿਆ ਜਾਂਦਾ ਹੈ।
“ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਇਹਨਾਂ ਨੌਜਵਾਨਾਂ ਦੀ ਕੌਂਸਿਲਿੰਗ ਵੀ ਕੀਤੀ ਜਾਂਦੀ ਹੈ। ਜ਼ਿਆਦਾਤਰ ਨੌਜਵਾਨ ਹੈਰੋਇਨ ਤੇ ਗੋਲੀਆਂ ਦੀ ਲਤ ਤੋਂ ਪੀੜਿਤ ਹਨ।”
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਕਿਹਾ ਕਿ ਇਹ ਜਿਲ੍ਹੇ ਵਿੱਚ ਪਹਿਲੀ ਮੁਹਿੰਮ ਹੈ।
ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜੋ ਨੌਜਵਾਨ ਨਸ਼ੇ ਤੋਂ ਪੀੜਿਤ ਹਨ, ਉਨ੍ਹਾਂ ਨੂੰ ਅਪਣਾਇਆ ਜਾ ਰਿਹਾ ਹੈ।
“ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਿਹਤ ਮਹਿਕਮੇ ਦੇ ਹਵਾਲੇ ਨਾਲ ਇਸ ਕੇਂਦਰ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਅਡਾਨੀ : ਭਾਰਤੀ ਅਰਬਪਤੀ ਦੇ ਸਾਮਰਾਜ ਨੇ ਕਿਵੇਂ ਹਜ਼ਾਰਾਂ ਕਰੋੜ ਡਾਲਰ ਕੁਝ ਹੀ ਦਿਨਾਂ ਵਿੱਚ ਗੁਆ ਦਿੱਤੇ
NEXT STORY