ਜੁਨੈਦ ਅਤੇ ਨਾਸਿਰ
ਸੜੀ ਹੋਈ ਬਲੈਰੋ ਕਾਰ, ਕਾਰ ਵਿੱਚ ਸਾੜੇ ਗਏ ਦੋ ਮੁਸਲਮਾਨ ਨੌਜਵਾਨਾਂ ਦੀਆਂ ਲਾਸ਼ਾਂ ਅਤੇ ਕਥਿਤ ਤੌਰ ’ਤੇ ਗਊ ਰੱਖਿਕਾਂ ਉੱਪਰ ਕਤਲ ਦੇ ਇਲਜ਼ਾਮ।
ਹਰਿਆਣਾ ਦੇ ਭਿਵਾਨੀ ਦੀ ਇਹ ਖ਼ਬਰ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹੈ ਕਿ ‘ਗਊ ਤਸਕਰੀ ਦੇ ਇਲਜ਼ਾਮਾਂ ਵਿੱਚ ਕਥਿਤ ਗਊ ਰੱਖਿਆਕਾਂ’ ਨੇ ਜੁਨੈਦ ਅਤੇ ਨਾਸਿਰ ਨੂੰ ਸਾੜ ਕੇ ਮਾਰ ਦਿੱਤਾ।’
ਹਾਲਾਂਕਿ, ਰਾਜਸਥਾਨ ਪੁਲਿਸ ਮੁਤਾਬਕ ਮ੍ਰਿਤਕਾਂ ਕੋਲੋਂ ਕੋਈ ਵੀ ਗਊਵੰਸ਼ ਨਹੀਂ ਮਿਲਿਆ ਅਤੇ ਐੱਫ਼ਆਈਆਰ ਵਿੱਚ ਵੀ ਗਊ ਤਕਸਕੀ ਦਾ ਜ਼ਿਕਰ ਨਹੀਂ ਹੈ।
ਇਹ ਮਾਮਲਾ ਰਾਜਸਥਾਨ ਅਤੇ ਹਰਿਆਣਾ ਦੇ ਕਈ ਥਾਣਿਆਂ ਵਿਚ ਫਸਿਆ ਹੋਇਆ ਹੈ।
ਐਨਾ ਹੀ ਨਹੀਂ ਹਰਿਆਣਾ ਪੁਲਿਸ ਨੇ ਤਾਂ ਰਾਜਸਥਾਨ ਪੁਲਿਸ ਦੇ ਵਿਰੁੱਧ ਐੱਫਆਈਆਰ ਦਰਜ ਕਰ ਦਿੱਤੀ ਹੈ।
ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੈ।
ਕਥਿਤ ਗਊ ਰੱਖਿਅਕ ਮੁਲਜ਼ਮਾਂ ਦੇ ਸਮਰਥਨ ਵਿੱਚ ਮਹਾਂ ਪੰਚਾਇਤ ਵੀ ਬੁਲਾਈ ਗਈ ਪਰ ਜੋ ਮੁਸਲਮਾਨ ਨੌਜਵਾਨ ਸਾੜ ਕੇ ਮਾਰੇ ਗਏ ਸਨ, ਉਨ੍ਹਾਂ ਦੇ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ।
“ਭਰਾ ਦਾ ਮੱਥਾ ਵੀ ਨਹੀਂ ਦੇਖਿਆ, ਉਸ ਨੂੰ ਕਾਗਜ਼ ਵਿੱਚ ਪਾ ਕੇ ਲਿਆਏ ਸੀ। ਛੋਟੇ-ਵੱਡੇ ਕੱਦ ਦੇ ਹਿਸਾਬ ਨਾਲ ਭਰਾ ਦੀ ਪਹਿਚਾਣ ਕੀਤੀ ਗਈ। ਅਸੀਂ ਤਾਂ ਮੂੰਹ ਵੀ ਨਹੀਂ ਦੇਖਿਆ। ਸਾਨੂੰ ਤਾਂ ਮਿੱਟੀ ਵੀ ਨਸੀਬ ਨਹੀਂ ਹੋਈ। ਬਸ ਉਨ੍ਹਾਂ ਦੀ ਰਾਖ਼ ਲਿਆਂਦੀ ਗਈ।”
ਇਹ ਕਹਿੰਦੇ ਹੋਏ ਨਾਸਿਰ ਦੀ ਵੱਡੀ ਭੈਣ ਮਾਮੂਰੀ ਦਾ ਗਲਾ ਭਰ ਗਿਆ।
ਅਜਿਹਾ ਹੀ ਦੁੱਖ ਦਾ ਆਲਮ ਜੁਨੈਦ ਦੀ ਸੱਸ ਬੀਨਾ ਦੇ ਘਰ ਹੈ।
ਏਥੇ ਬੱਚੇ ਬੇਫਿਕਰੀ ਵਿੱਚ ਖੇਡ ਰਹੇ ਹਨ ਪਰ ਦੁੱਖ ਵਿੱਚ ਬੈਠੀ ਬੀਨਾ ਕਹਿ ਰਹੀ ਹੈ ਕਿ ਉਹ ਜਵਾਈ ਦੇ ਜਨਾਜ਼ੇ ਦੀ ਨਮਾਜ਼ ਵੀ ਨਹੀਂ ਪੜ ਪਾਈ।
ਜੁਨੈਦ ਦੇ ਸਾਲੇ ਵਾਰਿਸ ਦਾ ਕਹਿਣਾ ਹੈ ਕਿ, “ਜਦੋਂ ਜਨਾਜ਼ਾ ਹੀ ਨਹੀਂ ਨਿਕਲਿਆ ਤਾਂ ਜਨਾਜ਼ੇ ਦੀ ਨਮਾਜ਼ ਕਿਵੇਂ ਹੁੰਦੀ?”
ਇਸ ਦਾ ਕਾਰਨ ਸੀ ਕਿ ਨਾਸਿਰ ਅਤੇ ਜੁਨੈਦ ਦੀਆਂ ਲਾਸ਼ਾਂ ਸੜ ਕੇ ਸਵਾਹ ਹੋ ਗਈਆਂ ਸਨ ਅਤੇ ਲਾਸ਼ਾਂ ਦੇ ਨਾਂ ’ਤੇ ਸਿਰਫ਼ ਕੁਝ ਹੱਡੀਆਂ ਹੀ ਬਚੀਆਂ ਸਨ।
ਭਰਤਪੁਰ ਤੋਂ ਭਿਵਾਨੀ ਤੱਕ ਕਈ ਸਵਾਲ
ਇਸ ਘਟਨਾ ਦੀਆਂ ਤਾਰਾਂ ਰਾਜਸਥਾਨ ਦੇ ਭਰਤਪੁਰ ਤੋਂ ਲੈ ਕੇ ਹਰਿਆਣਾ ਦੇ ਭਿਵਾਨੀ ਤੱਕ ਜੁੜੀਆਂ ਹੋਈਆ ਹਨ।
ਮੀਡੀਆ ਵਿੱਚ ਕਈ ਰਿਪੋਰਟਾਂ ਆ ਚੁੱਕੀਆਂ ਹਨ ਕਿ ਇਸ ਘਟਨਾ ਨਾਲ ਜੁੜੇ ਕਈ ਤੱਥ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ।
ਬੀਬੀਸੀ ਦੀ ਟੀਮ ਨਾਸਿਰ ਅਤੇ ਜੁਨੈਦ ਦੀ ਮੌਤ ਦੀ ਜਾਂਚ ਲਈ ਹਰ ਉਸ ਥਾਂ ’ਤੇ ਗਈ ਜਿਸ ਨਾਲ ਇਸ ਘਟਨਾ ਦਾ ਸਬੰਧ ਸੀ।
ਇਸ ਦੌਰਾਨ ਕਈ ਲੋਕ ਸਾਹਮਣੇ ਆਏ ਜਿੰਨਾਂ ਨੇ ਇਨ੍ਹਾਂ ਮੌਤਾਂ ਬਾਰੇ ਨਵੇਂ ਤੱਥ ਸਾਹਮਣੇ ਲਿਆਂਦੇ ਹਨ।
ਇਹ ਤੱਥ ਪੁਲਿਸ ਅਤੇ ਮੁਲਜ਼ਮਾਂ ਦੇ ਦਾਅਵਿਆਂ ''ਤੇ ਕਈ ਸਵਾਲ ਖੜ੍ਹੇ ਕਰਦੇ ਹਨ।
ਬੀਬੀਸੀ ਦੀ ਟੀਮ ਸਭ ਤੋਂ ਪਹਿਲਾਂ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਬਰਵਾਸ ਪਹੁੰਚੀ, ਜਿੱਥੇ 16 ਫ਼ਰਵਰੀ ਨੂੰ ਸੜੀ ਹੋਈ ਬਲੈਰੋ ਕਾਰ ਮਿਲੀ ਸੀ।
ਸੜੀ ਹੋਈ ਕਾਰ ਵਿੱਚੋਂ ਮਿਲੇ ਮਨੁੱਖੀ ਪਿੰਜਰ
ਬਰਵਾਸ ਪਿੰਡ ਦੇ ਰਹਿਣ ਵਾਲੇ ਅਮਿਤ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹਨ ਜਿੰਨ੍ਹਾਂ ਨੇ ਸਭ ਤੋਂ ਪਹਿਲਾਂ ਸੜੀ ਹੋਈ ਕਾਰ ਨੂੰ ਦੇਖਿਆ।
ਚਸ਼ਮਦੀਦ ਅਮਿਤ ਕਹਿੰਦੇ ਹਨ, “ਮੈਨੂੰ ਯਕੀਨ ਨਹੀਂ ਸੀ ਕਿ ਕਾਰ ਵਿੱਚ ਪਿੰਜਰ ਹੋ ਸਕਦੇ ਹਨ। ਧਿਆਨ ਨਾਲ ਦੇਖਿਆ ਤਾਂ ਅੰਦਰ ਹੱਡੀਆਂ ਦਿਖ ਰਹੀਆਂ ਸਨ। ਕੰਕਾਲ ਦੇ ਨਾਂ ਉੱਤੇ ਸਿਰਫ਼ ਦੰਦ ਅਤੇ ਜਬਾੜਾ ਹੀ ਦਿਖਾਈ ਦੇ ਰਿਹਾ ਸੀ।”
ਉਨ੍ਹਾਂ ਕਿਹਾ, “ਇੱਕ ਪਿੰਜਰ ਡਰਾਇਵਰ ਦੇ ਨਾਲ ਵਾਲੀ ਸੀਟ ਉੱਪਰ ਸੀ ਅਤੇ ਦੂਸਰਾ ਪਿੰਜਰ ਬਲੈਰੋ ਕਾਰ ਦੀ ਵਿਚਲੀ ਸੀਟ ਉੱਪਰ ਪਿਆ ਸੀ।”
16 ਫਰਵਰੀ ਨੂੰ ਭਿਵਾਨੀ ''ਚ ਜੁਨੈਦ ਅਤੇ ਨਾਸਿਰ ਸੜ ਕੇ ਸੁਆਹ ਹੋ ਚੁੱਕੇ ਸਨ, ਦੂਜੇ ਪਾਸੇ ਰਾਜਸਥਾਨ ਦੇ ਭਰਤਪੁਰ ਦੇ ਘਾਟਮਿਕਾ ਪਿੰਡ ''ਚ ਉਨ੍ਹਾਂ ਦੇ ਪਰਿਵਾਰ ਵਾਲੇ ਦੋਵਾਂ ਦੀ ਭਾਲ਼ ਕਰ ਰਹੇ ਸਨ।
ਪਰਿਵਾਰ ਦਾ ਦੋਸ਼ ਹੈ ਕਿ ਕਥਿਤ ਗਊ ਰੱਖਿਅਕ ਨਾਸਿਰ ਅਤੇ ਜੁਨੈਦ ਨੂੰ ਹਰਿਆਣਾ ਦੇ ਫਿਰੋਜ਼ਪੁਰ ਥਾਣੇ ਲੈ ਗਏ।
ਕਥਿਤ ਗਊ ਰੱਖਿਅਕ ਮ੍ਰਿਤਕਾਂ ਨੂੰ ਥਾਣੇ ਲੈ ਗਏ?
ਪਰਿਵਾਰ ਦਾ ਇਲਜ਼ਾਮ ਹੈ ਕਿ ਨਾਸਿਰ ਅਤੇ ਜੁਨੈਦ ਨੂੰ ਕਥਿਤ ਗਊ ਰੱਖਿਅਕਾਂ ਨੇ ਅਗਵਾ ਕੀਤਾ ਸੀ।
ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਕਥਿਤ ਗਊ ਰੱਖਿਅਕ ਮਿਲ ਕੇ ਦੋਵਾਂ ਨੂੰ ਹਰਿਆਣਾ ਦੇ ਫਿਰੋਜ਼ਪੁਰ ਝਿਰਕਾ ਥਾਣੇ ਲੈ ਗਏ।
ਪੁਲਿਸ ''ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਨਾਸਿਰ ਅਤੇ ਜੁਨੈਦ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਹਿਰਾਸਤ ''ਚ ਲੈਣ ਦੀ ਬਜਾਏ ਕਥਿਤ ਗਊ ਰੱਖਿਅਕਾਂ ਦੇ ਹਵਾਲੇ ਕਰ ਦਿੱਤਾ।
ਇਸ ਤੋਂ ਬਾਅਦ ਕਥਿਤ ਗਊ ਰੱਖਿਅਕ ਦੋਵਾਂ ਨੂੰ ਲੈ ਕੇ ਫ਼ਰਾਰ ਹੋ ਗਏ।
ਹਰਿਆਣਾ ਦੀ ਫਿਰੋਜ਼ਪੁਰ ਝਿਰਕਾ ਪੁਲਿਸ ''ਤੇ ਲੱਗੇ ਗੰਭੀਰ ਇਲਜ਼ਾਮਾਂ ਬਾਰੇ ਪੁਲਿਸ ਸੁਪਰਡੈਂਟ ਵਰੁਣ ਸਿੰਗਲਾ ਦਾ ਕਹਿਣਾ ਹੈ ਕਿ, “ਨੂਹ ਪੁਲਿਸ ''ਤੇ ਵੀ ਕੁਝ ਇਲਜ਼ਾਮ ਹਨ, ਜਿਨ੍ਹਾਂ ਦੀ ਜਾਂਚ ਲਈ ਵਧੀਕ ਪੁਲਿਸ ਸੁਪਰਡੈਂਟ ਊਸ਼ਾ ਕੁੰਡੂ ਦੀ ਪ੍ਰਧਾਨਗੀ ''ਚ ਜਾਂਚ ਕਮੇਟੀ ਬਣਾਈ ਗਈ ਹੈ।"
ਪਰ ਅਹਿਮ ਸਵਾਲ ਇਹ ਹੈ ਕਿ ਹਰਿਆਣਾ ਪੁਲਿਸ ਖੁਦ ਉਨ੍ਹਾਂ ''ਤੇ ਲੱਗੇ ਇਲਜ਼ਾਮਾਂ ਦੀ ਜਾਂਚ ਕਿਵੇਂ ਕਰੇਗੀ?
ਬੀਬੀਸੀ ਨਾਲ ਗੱਲਬਾਤ ਵਿੱਚ ਵਧੀਕ ਪੁਲਿਸ ਸੁਪਰਡੈਂਟ ਊਸ਼ਾ ਕੁੰਡੂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕੇ।
ਉਨ੍ਹਾਂ ਕਿਹਾ, "ਪਹਿਲਾਂ ਜਾਂਚ ਹੋਣ ਦਿਓ, ਫਿਰ ਤੁਹਾਡੇ ਸਾਹਮਣੇ ਰੱਖੀ ਜਾਵੇਗੀ, ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾਵੇਗੀ।"
ਕੀ ਹੈ ਮਾਮਲਾ?
- ਦੋ ਮੁਸਲਮਾਨ ਨੋਜਨਾਵਾਂ ਨਾਸਿਰ ਅਤੇ ਜੁਨੈਦ ਦੀਆਂ ਕਾਰ ਵਿੱਚ ਸੜੀਆਂ ਲਾਸ਼ਾਂ ਮਿਲੀਆਂ ਸਨ
- ਮਰਨ ਵਾਲੇ ਰਾਜਸਥਾਨ ਦੇ ਰਹਿਣ ਵਾਲੇ ਸਨ ਅਤੇ ਲਾਸ਼ਾਂ ਹਰਿਆਣਾ ਵਿੱਚੋਂ ਮਿਲੀਆਂ ਸਨ
- ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੈ
- ਪਰਿਵਾਰ ਦਾ ਇਲਜ਼ਾਮ ਹੈ ਕਿ ਨਾਸਿਰ ਅਤੇ ਜੁਨੈਦ ਨੂੰ ਕਥਿਤ ਗਊ ਰੱਖਿਅਕਾਂ ਨੇ ਅਗਵਾ ਕੀਤਾ ਸੀ
- ਮੁਸਲਮਾਨ ਨੌਜਵਾਨਾਂ ਦੇ ਪਰਿਵਾਰ ਇਨਸਾਫ਼ ਗੁਹਾਰ ਲਗਾ ਰਹੇ ਹਨ
ਕੀ ਹਰਿਆਣਾ ਸਰਕਾਰ ਮੋਨੂੰ ਮਾਨੇਸਰ ਨੂੰ ਬਚਾ ਰਹੀ ਹੈ?
ਪਰਿਵਾਰ ਨੇ ਕਥਿਤ ਗਊ ਰੱਖਿਅਕਾਂ ''ਤੇ ਜੁਨੈਦ ਅਤੇ ਨਾਸਿਰ ਨੂੰ ਜ਼ਿੰਦਾ ਸਾੜਨ ਦਾ ਇਲਜ਼ਾਮ ਲਗਾਇਆ ਹੈ।
ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਮੋਨੂੰ ਮਾਨੇਸਰ ਦਾ ਨਾਂ ਸਾਹਮਣੇ ਆਇਆ ਹੈ।
ਆਪਣੇ ਆਪ ਨੂੰ ਹਰਿਆਣਾ ਵਿੱਚ ਬਜਰੰਗ ਦਲ ਦੇ ਗਊ ਰੱਖਿਆ ਦਾ ਸੂਬਾ ਪ੍ਰਧਾਨ ਦੱਸਣ ਵਾਲੇ ਮੋਨੂੰ ਮਾਨੇਸਰ ਨੇ ਸੋਸ਼ਲ ਮੀਡੀਆ ਰਾਹੀਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
ਮੋਨੂੰ ਮਾਨੇਸਰ ਨਿਊਜ਼ ਚੈਨਲਾਂ ਨਾਲ ਵੀਡੀਓ ਕਾਲ ''ਤੇ ਗੱਲ ਕਰ ਰਿਹਾ ਹੈ।
ਪਰ ਪੁਲਿਸ ਉਸ ਨੂੰ ਫੜਨ ''ਚ ਕਾਮਯਾਬ ਨਹੀਂ ਹੋ ਰਹੀ।
ਇਸ ਸਵਾਲ ਦੇ ਜਵਾਬ ਵਿੱਚ ਡੀਸੀਪੀ ਮਾਨੇਸਰ (ਹਰਿਆਣਾ) ਮਨਬੀਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਜੋ ਕਾਨੂੰਨੀ ਤੌਰ ''ਤੇ ਸਹੀ ਹੈ, ਅਸੀਂ ਉਹ ਕਾਰਵਾਈ ਕਰ ਰਹੇ ਹਾਂ।"
ਮੋਨੂੰ ਮਾਨੇਸਰ
ਜੁਨੈਦ ਅਤੇ ਨਾਸਿਰ ਦੀ ਮੌਤ ਨੂੰ ਲੈ ਕੇ ਨਾ ਸਿਰਫ ਕਥਿਤ ਗਊ ਰੱਖਿਅਕਾਂ ''ਤੇ ਸਗੋਂ ਰਾਜਸਥਾਨ ਅਤੇ ਹਰਿਆਣਾ ਪੁਲਿਸ ਉਪਰ ਵੀ ਗੰਭੀਰ ਇਲਜ਼ਾਮ ਲੱਗ ਰਹੇ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ?
ਪਰਿਵਾਰ ਦਾ ਇਲਜ਼ਾਮ ਹੈ ਕਿ ਕੀ ਕਥਿਤ ਗਊ ਰੱਖਿਅਕਾਂ ਨੂੰ ਹਰਿਆਣਾ ਸਰਕਾਰ ਤੋਂ ਸਰਕਾਰੀ ਸੁਰੱਖਿਆ ਮਿਲ ਰਹੀ ਹੈ? ਕੀ ਜੁਨੈਦ ਅਤੇ ਨਾਸਿਰ ਦੀ ਜਾਨ ਬਚਾਈ ਜਾ ਸਕਦੀ ਸੀ?
ਇਨ੍ਹਾਂ ਸਵਾਲਾਂ ਪਿੱਛੇ ਲੁਕੇ ਤੱਥਾਂ ਨੂੰ ਸਮਝਣ ਲਈ ਚਸ਼ਮਦੀਦਾਂ ਦੇ ਹਵਾਲੇ ਨਾਲ ਸਾਰੀ ਘਟਨਾ ਦੀ ਜਾਣਕਾਰੀ ਲੈਣੀ ਜ਼ਰੂਰੀ ਹੈ।
ਘਟਨਾਵਾਂ ਦੀ ਕੜੀ
ਨਾਸਿਰ ਦੇ ਛੋਟੇ ਭਰਾ ਹਾਮਿਦ ਦੇ ਅਨੁਸਾਰ 14 ਫਰਵਰੀ ਦੀ ਰਾਤ 8-10 ਵਜੇ ਨਾਸਿਰ ਅਤੇ ਜੁਨੈਦ, ਜਾਫ਼ਰ ਦੀ ਵੱਡੀ ਧੀ ਦੇ ਵਿਆਹ ਲਈ ਮੁੰਡਾ ਦੇਖਣ ਲਈ ਇੱਕ ਬੋਲੈਰੋ ਕਾਰ ਵਿੱਚ ਘਰੋਂ ਨਿਕਲੇ।
ਜਾਫ਼ਰ ਜੁਨੈਦ ਦਾ ਭਰਾ ਹੈ। ਜੁਨੈਦ ਅਤੇ ਨਾਸਿਰ ਦਾ ਘਰ ਰਾਜਸਥਾਨ ਦੇ ਭਰਤਪੁਰ ਜ਼ਿਲੇ ਦੇ ਘਟਮਿਕਾ ਪਿੰਡ ''ਚ ਹੈ।
ਪਰਿਵਾਰ ਮੁਤਾਬਕ ਬੋਲੇਰੋ ਕਾਰ ਨਾਸਿਰ ਦੇ ਦੋਸਤ ਹਸੀਨ ਦੀ ਸੀ, ਜੋ ਕਿ ਹਰਿਆਣਾ ਦੇ ਨੂਹ ਦਾ ਰਹਿਣ ਵਾਲਾ ਹੈ।
ਜਾਫ਼ਰ, ਮ੍ਰਿਤਕ ਜੁਨੈਦ ਦਾ ਭਰਾ
15 ਫਰਵਰੀ, ਸਮਾਂ ਸਵੇਰੇ 4 ਵਜੇ ਦੇ ਕਰੀਬ: ਚਸ਼ਮਦੀਦ ਕਾਸਿਮ ਦਾ ਕਹਿਣਾ ਹੈ ਕਿ ਪੀਰੂਕਾ ਪਿੰਡ (ਰਾਜਸਥਾਨ) ਵਿੱਚ ਕੁਝ ਲੋਕਾਂ ਨੇ ਨਾਸਿਰ ਅਤੇ ਜੁਨੈਦ ਨੂੰ ਸੜਕ ਕਿਨਾਰੇ ਕੁੱਟਿਆ ਅਤੇ ਨਾਲ ਲੈ ਗਏ। ਜਦੋਂ ਨਾਸਿਰ ਅਤੇ ਜੁਨੈਦ ਨੂੰ ਪੀਰੂਕਾ ਤੋਂ ਚੁੱਕਿਆ ਗਿਆ ਤਾਂ ਕਾਸਿਮ ਉਥੋਂ ਕਰੀਬ 200 ਮੀਟਰ ਦੂਰ ਆਪਣੀ ਦੁਕਾਨ ''ਤੇ ਸੌਂ ਰਿਹਾ ਸੀ।
ਚਸ਼ਮਦੀਦ ਕਾਸਿਮ ਨੇ ਦੱਸਿਆ, "ਸਵੇਰ ਦੇ ਕਰੀਬ ਚਾਰ ਵਜੇ ਸਨ। ਅਚਾਨਕ ਕਾਰ ਦੇ ਹਾਦਸੇ ਦੀ ਆਵਾਜ਼ ਆਈ। ਚੀਕਾਂ ਅਤੇ ਰੋਣ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆਇਆ। ਉੱਥੇ ਤਿੰਨ ਗੱਡੀਆਂ ਖੜ੍ਹੀਆਂ ਸਨ।"
“ਮੈਂ ਦੇਖਿਆ ਕਿ 10-15 ਲੋਕ ਸੋਟੀਆਂ ਨਾਲ ਕੁੱਟਮਾਰ ਕਰ ਰਹੇ ਸਨ। ਜਦੋਂ ਮੈਂ ਆਪਣੇ ਨਾਲ ਵਾਲੇ ਲੋਕਾਂ ਨੂੰ ਬੁਲਾਇਆ ਤਾਂ ਉਹ ਨੌਗਾਵਾਂ (ਹਰਿਆਣਾ ਨੂੰ ਜਾਣ ਵਾਲੀ ਸੜਕ) ਵੱਲ ਭੱਜ ਗਏ।
ਜਦੋਂ ਅਸੀਂ ਮੌਕੇ ''ਤੇ ਪਹੁੰਚੇ ਤਾਂ ਉੱਥੇ ਕਾਰ ਦੇ ਕੁਝ ਟੁੱਟੇ ਸ਼ੀਸ਼ੇ ਪਏ ਮਿਲੇ। ਸਥਾਨਕ ਲੋਕਾਂ ਅਨੁਸਾਰ ਰਾਜਸਥਾਨ ਪੁਲਿਸ ਵੱਲੋਂ ਟੁੱਟੇ ਹੋਏ ਸ਼ੀਸ਼ਿਆਂ ਵਿੱਚੋਂ ਕੁਝ ਨੂੰ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
15 ਫਰਵਰੀ, ਸਵੇਰੇ 5 ਵਜੇ ਦੇ ਕਰੀਬ: ਪਿਰੂਕਾ ਪਿੰਡ ਤੋਂ ਕਰੀਬ 30 ਕਿਲੋਮੀਟਰ ਦੂਰ ਹਰਿਆਣਾ ਦੇ ਫਿਰੋਜ਼ਪੁਰ ਝਿਰਕਾ ਥਾਣੇ ਦੇ ਬਾਹਰ ਕੰਮ ਕਰਦੇ ਇਕ ਚਸ਼ਮਦੀਦ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ''ਤੇ ਦੱਸਿਆ ਕਿ ਥਾਣੇ ਦੇ ਬਾਹਰ ਤਿੰਨ ਕਾਰਾਂ ਖੜ੍ਹੀਆਂ ਸਨ।
ਉਸ ਨੇ ਦੱਸਿਆ, "ਇੱਕ ਬੋਲੈਰੋ ਦੇ ਸ਼ੀਸ਼ੇ ਟੁੱਟੇ ਹੋਏ ਸਨ, ਨਾਲ ਹੀ ਦੂਜੀ ਬੋਲੈਰੋ ਅਤੇ ਇੱਕ ਸਕਾਰਪੀਓ ਵੀ ਖੜ੍ਹੀ ਸੀ। ਉਹ ਥਾਣੇ ਦੇ ਬਾਹਰ ਗੱਡੀ ਦੀ ਭੰਨਤੋੜ ਵੀ ਕਰ ਰਹੇ ਸਨ।"
ਚਸ਼ਮਦੀਦ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਜਿਸ ਚਿੱਟੇ ਰੰਗ ਦੀ ਸਕਾਰਪੀਓ ਦਾ ਜ਼ਿਕਰ ਕੀਤਾ ਹੈ, ਉਸ ਨੂੰ ਰਾਜਸਥਾਨ ਪੁਲਿਸ ਨੇ ਬੁੱਧਵਾਰ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਤੋਂ ਬਰਾਮਦ ਕੀਤਾ ਹੈ।
ਚਸ਼ਮਦੀਦ ਨੇ ਦੱਸਿਆ, ''''ਲਗਭਗ ਦਸ-ਵੀਹ ਮਿੰਟਾਂ ਬਾਅਦ ਉਹ ਇੱਥੋਂ ਚਲੇ ਗਏ।''''
ਇਸ ਸਵਾਲ ਦੇ ਜਵਾਬ ''ਚ ਕਿ ਕੀ ਉਸ ਨੇ ਨਾਸਿਰ ਅਤੇ ਜੁਨੈਦ ਨੂੰ ਕਾਰ ''ਚ ਦੇਖਿਆ, ਚਸ਼ਮਦੀਦ ਗਵਾਹ ਨੇ ਕਿਹਾ ਕਿ ''''ਇਹ ਦੇਖਣਾ ਮੁਸ਼ਕਿਲ ਸੀ ਕਿਉਂਕਿ ਉਹ ਉਨ੍ਹਾਂ ਤੋਂ ਦੂਰ ਖੜ੍ਹੇ ਸਨ।"
ਚਸ਼ਮਦੀਦ ਕਾਸਿਮ
15 ਫਰਵਰੀ ਦੀ ਸਵੇਰ ਅੱਠ ਵਜੇ ਦੇ ਕਰੀਬ: ਨਾਸਿਰ ਦੇ ਭਰਾ ਹਾਮਿਦ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ-ਸਵੇਰੇ ਜਾਣਕਾਰੀ ਮਿਲੀ ਕਿ ਕੁਝ ਗਊ ਰੱਖਿਅਕਾਂ ਨੇ ਉਨ੍ਹਾਂ ਦੇ ਭਰਾ ਅਤੇ ਜੁਨੈਦ ਦੀ ਕੁੱਟਮਾਰ ਕੀਤੀ ਹੈ ਅਤੇ ਉਨ੍ਹਾਂ ਨੂੰ ਹਰਿਆਣਾ ਦੇ ਫਿਰੋਜ਼ਪੁਰ ਝਿਰਕਾ ਦੇ ਸੀਆਈਏ (ਕ੍ਰਾਈਮ ਇਨਵੈਸਟੀਡੇਟਿਵ ਏਜੰਸੀ) ਥਾਣੇ ਵਿਖੇ ਲੈ ਕੇ ਗਏ ਹਨ।
ਹਾਮਿਦ ਦਾ ਕਹਿਣਾ ਹੈ ਕਿ ਇਹ ਸੂਚਨਾ ਮਿਲਦੇ ਹੀ ਉਹ ਸਵੇਰੇ ਅੱਠ ਵਜੇ ਹਰਿਆਣਾ ਦੇ ਫਿਰੋਜ਼ਪੁਰ ਝਿਰਕਾ ਥਾਣੇ ਵਿਖੇ ਪਹੁੰਚ ਗਏ।
ਉਨ੍ਹਾਂ ਅਨੁਸਾਰ, “ਉੱਥੇ ਪਹੁੰਚਣ ‘ਤੇ ਸੀਆਈਏ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ‘ਉਹ ਜੁਨੈਦ ਅਤੇ ਨਾਸਿਰ ਨੂੰ ਸਾਡੇ ਕੋਲ ਲੈ ਕੇ ਆਏ ਸਨ, ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ’।
“ਅਸੀਂ (ਫਿਰੋਜ਼ਪੁਰ ਝਿਰਕਾ ਸੀਆਈਏ ਪੁਲਿਸ) ਉਨ੍ਹਾਂ ਨੂੰ ਲਿਆ ਨਹੀਂ ਅਤੇ ਸਾਨੂੰ ਹੁਣ ਨਹੀਂ ਪਤਾ ਕਿ ਉਹ ਉਨ੍ਹਾਂ ਨੂੰ ਕਿੱਥੇ ਲੈ ਕੇ ਗਏ ਹਨ।”
ਇਸ ਸਮੇਂ ਤੱਕ ਨਾਸਿਰ ਅਤੇ ਜੁਨੈਦ ਨੂੰ ਸਾੜਿਆ ਨਹੀਂ ਗਿਆ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਸੀਆਈਏ ਪੁਲਿਸ ਨੇ ਖੁਦ ਉਨ੍ਹਾਂ ਨੂੰ ਕਥਿਤ ਗਊ ਰੱਖਿਅਕਾਂ ਦੇ ਨਾਮ ਦੱਸੇ ਸਨ, ਜੋ ਕਿ ਉਨ੍ਹਾਂ ਦੇ ਭਰਾ ਨਾਸਿਰ ਅਤੇ ਜੁਨੈਦ ਨੂੰ ਥਾਣੇ ਲੈ ਕੇ ਆਏ ਸਨ।
ਇਨ੍ਹਾਂ ਨਾਵਾਂ ਦੀ ਮਦਦ ਨਾਲ ਹੀ ਪਰਿਵਾਰ ਨੇ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਵਾਈ ਸੀ।
ਅੱਠ ਵਜੇ ਤੋਂ ਬਾਅਦ ਪੀੜ੍ਹਤ ਪਰਿਵਾਰ ਨੇ ਜੁਨੈਦ ਅਤੇ ਨਾਸਿਰ ਨੂੰ ਕਈ ਹਸਪਤਾਲਾਂ ‘ਚ ਲੱਭਿਆ, ਸ਼ਿਕਾਇਤ ਦਰਜ ਕਰਵਾਉਣ ਲਈ ਕਈ ਥਾਣਿਆਂ ਦੇ ਧੱਕੇ ਵੀ ਖਾਧੇ, ਪਰ ਉਹ ਕਿਤੇ ਨਾ ਮਿਲੇ।
ਹਰਿਆਣਾ ਪੁਲਿਸ ‘ਤੇ ਲੱਗੇ ਇਲਜ਼ਾਮਾਂ ਨੂੰ ਨੂਹ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਨੇ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ ਰਾਜਸਥਾਨ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਹਾਮਿਦ, ਮ੍ਰਿਤਕ ਨਾਸਿਰ ਦਾ ਛੋਟਾ ਭਰਾ
15-16 ਫਰਵਰੀ ਦੀ ਦਰਮਿਆਨੀ ਰਾਤ ਨੂੰ ਤਕਰੀਬਨ 12:30 ਵਜੇ: ਫਿਰੋਜਪੁਰ ਝਿਰਕਾ ਪੁਲਿਸ ਥਾਣੇ ਤੋਂ ਲਗਭਗ 200 ਕਿਲੋਮੀਟਰ ਦੂਰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਬਰਵਾਸ ਪਿੰਡ ‘ਚ ਜੁਨੈਦ ਅਤੇ ਨਾਸਿਰ ਨੂੰ ਕਾਰ ਸਮੇਤ ਅੱਗ ਲਗਾ ਦਿੱਤੀ ਗਈ।
ਸਥਾਨਕ ਨਿਵਾਸੀ ਅਮਿਤ ਨੇ ਦੱਸਿਆ, “ਮੇਰਾ ਘਰ ਇੱਥੋਂ 300 ਮੀਟਰ ਦੀ ਦੂਰੀ ‘ਤੇ ਹੈ। ਕਰੀਬ 12:34 ਮਿੰਟ ਦੀ ਗੱਲ ਹੈ। ਸਾਡੇ ਗੁਆਂਢੀਆਂ ਕੋਲ ਭੇਡ-ਬੱਕਰੀਆਂ ਹਨ। ਉਨ੍ਹਾਂ ਨੂੰ ਤੇਜ਼ ਆਵਾਜ਼ ਆਈ। ਇਹ ਗੱਡੀ ਦੇ ਟਾਇਰ ਦੇ ਫੱਟਣ ਦੀ ਆਵਾਜ਼ ਸੀ। ਉਸ ਸਮੇਂ ਪਿੰਡ ‘ਚ ਇੱਕ ਵਿਆਹ ਵੀ ਹੋ ਰਿਹਾ ਸੀ, ਇਸ ਕਰਕੇ ਕਿਸੇ ਨੇ ਇਸ ਵੱਲ ਵਧੇਰੇ ਧਿਆਨ ਨਾ ਦਿੱਤਾ।”
“ਰਾਤ ਦੇ 12 ਵਜੇ ਤੱਕ ਸੜਕ ‘ਤੇ ਕੋਈ ਕਾਰ ਨਹੀਂ ਸੀ ਕਿਉਂਕਿ ਲੋਕ ਆ-ਜਾ ਰਹੇ ਸਨ। ਪਰ ਸਵੇਰੇ ਚਾਰ ਵਜੇ ਉੱਥੇ ਕਾਰ ਸੀ। ਮੇਰੇ ਪਿਤਾ ਜੀ ਸਵੇਰੇ ਸੈਰ ‘ਤੇ ਜਾਂਦੇ ਹਨ, ਉਨ੍ਹਾਂ ਨੇ 4 ਵਜੇ ਕਾਰ ਵੇਖੀ ਅਤੇ ਘਰ ਆ ਕੇ ਸਾਨੂੰ ਦੱਸਿਆ।”
ਕਾਰ ਨੂੰ ਅੱਗ ਲੱਗਣ ਦੀ ਸਭ ਤੋਂ ਪਹਿਲਾਂ ਪੁਲਿਸ ਨੂੰ ਖ਼ਬਰ ਬਰਵਾਸ ਵਾਸੀ ਅਮਰਜੀਤ ਨੇ ਦਿੱਤੀ ਸੀ।
ਚਸ਼ਮਦੀਦ ਅਮਰਜੀਤ ਨੇ ਦੱਸਿਆ, “ਅਸੀਂ ਅੱਠ ਵਜੇ ਦੇ ਕਰੀਬ ਇੱਥੇ ਆਏ ਸੀ। ਗੱਡੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਸੀ। ਜਦੋਂ ਗੱਡੀ ਦੇ ਅੰਦਰ ਝਾਤ ਮਾਰੀ ਤਾਂ ਸਾਨੂੰ ਸ਼ੱਕ ਹੋਇਆ ਕਿ ਕਾਰ ਦੇ ਅੰਦਰ ਦੋ ਲਾਸ਼ਾਂ ਪਈਆਂ ਹੋਈਆਂ ਸਨ।”
“ਥੋੜੀ ਬਹੁਤ ਖੋਪੜੀ ਵਿਖਾਈ ਦੇ ਰਹੀ ਸੀ, ਫਿਰ ਮੈਂ ਲਗਭਗ 8:45 ਵਜੇ 112 ਪੁਲਿਸ ਨੰਬਰ ‘ਤੇ ਫੋਨ ਕੀਤਾ ਅਤੇ 15 ਮਿੰਟਾਂ ਬਾਅਦ ਪੁਲਿਸ ਮੌਕੇ ਵਾਲੀ ਥਾਂ ‘ਤੇ ਆ ਗਈ।”
ਚਸ਼ਮਦੀਦ ਅਮਿਤ ਬੜਵਾਸ ਪਿੰਡ ਦਾ ਰਹਿਣ ਵਾਲਾ ਹੈ, ਜਿੱਥੇ ਬੋਲੇਰੋ ਕਾਰ ਨੂੰ ਅੱਗ ਲੱਗੀ ਸੀ।
16 ਫਰਵਰੀ, ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ: ਸਵੇਰੇ 10 ਵਜੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। 11 ਵਜੇ ਹਰਿਆਣਾ ਦੀ ਫਰੈਂਸਿਕ ਟੀਮ ਨੇ ਪਹੁੰਚ ਕੇ ਜਾਂਚ ਕੀਤੀ ਅਤੇ ਸੜ੍ਹ ਚੁੱਕੀ ਬੋਲੈਰੋ ਕਾਰ ਦਾ ਚੈਸੀ ਨੰਬਰ ਕੱਢਿਆ।
ਫਿਰ ਹਰਿਆਣਾ ਪੁਲਿਸ ਨੇ ਚੈਸੀ ਨੰਬਰ ਦੀ ਮਦਦ ਨਾਲ ਕਾਰ ਦੇ ਮਾਲਕ ਦਾ ਪਤਾ ਲਗਾਇਆ।
ਕਾਰ ਮਾਲਕ ਨੂੰ ਫੋਨ ਕਰਨ ‘ਤੇ ਹਰਿਆਣਾ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਕਾਰ ਜੁਨੈਦ ਅਤੇ ਨਾਸਿਰ ਲੈ ਕੇ ਗਏ ਸਨ, ਜਿੰਨ੍ਹਾਂ ਦੀ ਕਿ ਪਰਿਵਾਰ ਵਾਲੇ ਭਾਲ ਕਰ ਰਹੇ ਹਨ।
ਨਾਸਿਰ ਦੇ ਭਰਾ ਨੇ ਦੱਸਿਆ, “ਹਰਿਆਣਾ ਪੁਲਿਸ ਤੋਂ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਗੋਪਾਲਗੜ੍ਹ ਥਾਣੇ (ਰਾਜਸਥਾਨ) ਦੇ ਥਾਣੇਦਾਰ ਅਤੇ ਵਧੀਕ ਐਸਪੀ ਦੇ ਨਾਲ ਹਰਿਆਣਾ ਲਈ ਰਵਾਨਾ ਹੋਏ।”
16 ਫਰਵਰੀ , ਸ਼ਾਮ ਕਰੀਬ 5 ਵਜੇ: ਰਾਜਸਥਾਨ ਪੁਲਿਸ ਪੀੜਤ ਪਰਿਵਾਰਾਂ ਦੇ ਨਾਲ ਮੌਕੇ ਵਾਲੀ ਜਗ੍ਹਾ ‘ਤੇ ਪਹੁੰਚੀ। ਉੱਥੇ ਮੌਜੁਦ ਇੱਕ ਸਥਾਨਕ ਨਿਵਾਸੀ ਅਮਿਤ ਅਨੁਸਾਰ, ਪੁਲਿਸ ਦੇ ਨਾਲ ਡਾਕਟਰ ਵੀ ਆਏ ਸਨ।
ਉਨ੍ਹਾਂ ਨੇ ਦੱਸਿਆ, “ਰਾਜਸਥਾਨ ਦੀ ਫੋਰੈਂਸਿਕ ਟੀਮ ਨੇ ਜਾਂਚ ਦੇ ਲਈ ਕੁਝ ਹੱਡੀਆਂ ਨੂੰ ਇੱਕ ਡੱਬੇ ‘ਚ ਰੱਖਿਆ ਅਤੇ ਬਾਕੀ ਹੱਡੀਆਂ ਦੇ ਲਈ ਇੱਕ ਖਾਦ ਦੀ ਬੋਰੀ ਮੰਗਵਾਈ ਅਤੇ ਉਸ ‘ਚ ਉਹ ਸਾਰੀ ਰਾਖ ਅਤੇ ਹੱਡੀਆਂ ਭਰ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ।”
16 ਫਰਵਰੀ ਰਾਤ ਦੇ ਤਕਰੀਬਨ 9 ਵਜੇ: ਰਾਜਸਥਾਨ ਦੀ ਭਰਤਪੁਰ ਪੁਲਿਸ ਕਰੇਨ ਦੀ ਮਦਦ ਨਾਲ ਸੜੀ ਹੋਈ ਕਾਰ ਨੂੰ ਗੋਪਾਲਗੜ੍ਹ ਥਾਣੇ ਲੈ ਗਈ।
ਦੋ ਸੂਬਿਆਂ ਅਤੇ ਪੁਲਿਸ ਵਿਚਾਲੇ ਟਕਰਾਅ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਨਾਸਿਰ ਅਤੇ ਜੁਨੈਦ ਨੂੰ ਕਥਿਤ ਗਊ ਰੱਖਿਅਕਾਂ ਤੋਂ ਬਚਾਇਆ ਜਾ ਸਕਦਾ ਸੀ, ਜੇਕਰ ਉਨ੍ਹਾਂ ਨੂੰ ਅਗਵਾ ਕੀਤੇ ਜਾਣ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਬਣਦੀ ਕਾਰਵਾਈ ਹੋ ਜਾਂਦੀ।
ਉਨ੍ਹਾਂ ਅਨੁਸਾਰ, ਉਹ ਲਗਭਗ 20 ਘੰਟਿਆਂ ਤੱਕ ਰਾਜਸਥਾਨ ਅਤੇ ਹਰਿਆਣਾ ਪੁਲਿਸ ਦੇ ਵੱਖ-ਵੱਖ ਥਾਣਿਆਂ ਦਾ ਚੱਕਰ ਕੱਟਦੇ ਰਹੇ ।
16 ਫਰਵਰੀ ਨੂੰ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਰਾਜਸਥਾਨ ਦੇ ਗੋਪਾਲਗੜ੍ਹ ਥਾਣੇ ‘ਚ ਪੁਲਿਸ ਨੇ ਪੰਜ ਲੋਕਾਂ ਦੇ ਖਿਲ਼ਾਫ ਐਫਆਈਆਰ ਦਰਜ ਕੀਤੀ ਸੀ।
ਐਫਆਈਆਰ ਦੇ ਅਨੁਸਾਰ, “ ਅਨਿਲ, ਸ਼੍ਰੀ ਕਾਂਤ, ਰਿੰਕੂ ਸੈਣੀ, ਲੋਕੇਸ਼ ਸਿੰਗਲਾ ਅਤੇ ਮੋਨੂ ਦੇ ਖਿਲਾਫ ਆਈਪੀਸੀ ਦੀ ਧਾਰਾ 143 (ਗੈਰਕਾਨੂੰਨੀ ਜਨਸਮੂਹ ਦਾ ਮੈਂਬਰ ਹੋਣਾ), 365 (ਅਗਵਾ ਕਰਨਾ), 367 (ਅਗਵਾ ਕਰਨ ਤੋਂ ਬਾਅਦ ਨੁਕਸਾਨ ਪਹੁੰਚਾਉਣਾ) ਅਤੇ 368 (ਅਗਵਾ ਕੀਤੇ ਵਿਅਕਤੀ ਨੂੰ ਕੈਦ ‘ਚ ਰੱਖਣਾ) ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਹੈ।”
ਰਾਜਸਥਾਨ ਪੁਲਿਸ ਦੇ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਸੋਮਵਾਰ ਨੂੰ ਦੱਸਿਆ ਕਿ ਐਫਆਈਆਰ ‘ਚ ਨਵੇਂ ਮੁਲਜ਼ਮਾਂ ਦੇ ਨਾਮ ਹੋਰ ਸ਼ਾਮਲ ਕੀਤੇ ਗਏ ਹਨ।
ਇਸ ਬਿਆਨ ਤੋਂ ਬਾਅਦ ਇਸ ਮਾਮਲੇ ‘ਚ ਕੁੱਲ 9 ਮੁਲਜ਼ਮ ਸਨ।
ਰਾਜਸਥਾਨ ਪੁਲਿਸ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ ‘ਚ ਅੱਠ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਸ ‘ਚ ਮੋਨੂ ਮਾਨੇਸਰ ਦਾ ਨਾਮ ਅਤੇ ਤਸਵੀਰ ਸ਼ਾਮਲ ਨਹੀਂ ਸੀ।
ਜੁਨੈਦ ਅਤੇ ਨਾਸਿਰ ਦੇ ਕਤਲ ਦੇ ਮੁਲਜ਼ਮ
ਜਦੋਂ ਸੀਆਈਡੀ ਸੀਬੀ ਦੇ ਏਡੀਜੀ ਦਿਨੇਸ਼ ਐੱਮਐਨ ਤੋਂ ਬੀਬੀਸੀ ਦੇ ਮੋਹਰ ਸਿੰਘ ਮੀਨਾ ਨੇ ਪੁੱਛਿਆ ਕਿ ਕੀ ਮੋਨੂ ਮਾਨੇਸਰ ਦਾ ਨਾਮ ਐਫਆਈਆਰ ‘ਚ ਦਰਜ ਹੈ ਤਾਂ ਫਿਰ ਉਸ ਦਾ ਨਾਮ ਅਤੇ ਤਸਵੀਰ ਕਿਉਂ ਨਹੀਂ ਜਾਰੀ ਕੀਤੀ ਗਈ ?
ਇਸ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਐਫਆਈਆਰ ‘ਚ ਦਰਜ ਨਾਵਾਂ ਦੇ ਖਿਲਾਫ ਜਾਂਚ ਦੌਰਾਨ ਜੇਕਰ ਸਬੂਤ ਮਿਲਦੇ ਹਨ ਤਾਂ ਉਨ੍ਹਾਂ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਵੇਗੀ।
ਰਾਜਸਥਾਨ ਪੁਲਿਸ ਨੇ ਇਸ ਮਾਮਲੇ ‘ਚ ਹਰਿਆਣਾ ਦੇ ਫਿਰੋਜ਼ਪੁਰ ਝਿਰਕਾ ਵਿਖੇ ਪਹੁੰਚ ਕੇ ਇੱਕ ਦੋਸ਼ੀ ਰਿੰਕੂ ਸੈਣੀ ਨੂੰ ਹਿਰਾਸਤ ‘ਚ ਲੈ ਲਿਆ ਹੈ।
ਉੱਥੇ ਹੀ ਰਾਜਸਥਾਨ ਪੁਲਿਸ ਹਰਿਆਣਾ ਦੇ ਨੂਹ ਵਾਸੀ ਸ਼੍ਰੀਕਾਂਤ ਨੂੰ ਗ੍ਰਿਫਤਾਰ ਕਰਨ ਲਈ ਉੱਥੇ ਪਹੁੰਚੀ ਸੀ, ਪਰ ਪਰਿਵਾਰ ਨੇ ਰਾਜਸਥਾਨ ਪੁਲਿਸ ਵਿਰੁੱਧ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਸ਼੍ਰੀਕਾਂਤ ਦੀ ਗਰਭਵਤੀ ਪਤਨੀ ਨੂੰ ਧੱਕਾ ਦਿੱਤਾ ਹੈ।
ਸਿਹਤ ਖਰਾਬ ਹੋਣ ਦੀ ਸੂਰਤ ‘ਚ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਦੀ ਗਰਭ ‘ਚ ਹੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।
ਇਸ ਮਾਮਲੇ ‘ਚ ਨੂਹ ਦੇ ਪੁਲਿਸ ਐੱਸਪੀ ਵਰੁਣ ਸਿੰਗਲਾ ਦਾ ਕਹਿਣਾ ਹੈ ਕਿ ਰਾਜਸਥਾਨ ਪੁਲਿਸ ਦੇ 30-40 ਅਣਪਛਾਤੇ ਪੁਲਿਸ ਜਵਾਨਾਂ ਦੇ ਖਿਲਾਫ ਹਰਿਆਣਾ ਦੇ ਨਗੀਨਾ ਪੁਲਿਸ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ।
ਰਾਜਸਥਾਨ ਪੁਲਿਸ ‘ਤੇ ਇਲਜ਼ਾਮ ਹਨ ਕਿ ਉਨ੍ਹਾਂ ਵੱਲੋਂ ਕੀਤੀ ਧੱਕਾ-ਮੁੱਕੀ ਦੇ ਕਾਰਨ ਹੀ ਮੁਲਜ਼ਮ ਸ਼੍ਰੀਕਾਂਤ ਦੀ ਪਤਨੀ ਦੇ ਗਰਭ ‘ਚ ਹੀ ਬੱਚੇ ਦੀ ਮੌਤ ਹੋ ਗਈ ਹੈ।
ਰਾਜਸਥਾਨ ਪੁਲਿਸ ਦਾ ਕਹਿਣਾ ਹੈ ਕਿ “ ਮੁਲਜ਼ਮ ਸ਼੍ਰੀਕਾਂਤ ਦੀ ਭਾਲ ਦੌਰਾਨ ਰਾਜਸਥਾਨ ਪੁਲਿਸ ਉਸ ਦੇ ਘਰ ਅੰਦਰ ਨਹੀਂ ਗਈ ਸੀ ਅਤੇ ਨਾ ਹੀ ਕਿਸੇ ਔਰਤ ਨਾਲ ਬਦਸਲੂਕੀ ਜਾਂ ਕੁੱਟਮਾਰ ਕੀਤੀ ਗਈ।”
ਰਾਜਸਥਾਨ ਪੁਲਿਸ
ਨਾਸਿਰ ਅਤੇ ਜੁਨੈਦ ਦੇ ਪਰਿਵਾਰਾਂ ਦਾ ਕੀ ਹਾਲਤ ਹੈ
ਪਿਛਲੇ ਕਈ ਦਿਨਾਂ ਤੋਂ ਨਾਸਿਰ ਅਤੇ ਜੁਨੈਦ ਦੇ ਘਰ ਦੇ ਬਾਹਰ ਮੀਡੀਆ ਵਾਲਿਆਂ ਦੀ ਗੱਡੀਆਂ ਖੜ੍ਹੀਆਂ ਹਨ।
ਕੁਝ ਸਮਾਜ ਸੇਵੀ ਵੀ ਦੂਰ-ਦਰਾਡੇ ਤੋਂ ਪਰਿਵਾਰ ਨੂੰ ਤਸੱਲੀ ਦੇਣ ਲਈ ਆ ਰਹੇ ਹਨ।
ਨਾਸਿਰ ਨੂੰ ਹਾਲ ‘ਚ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਹਿਲੀ ਕਿਸ਼ਤ ਵੱਜੋਂ 15 ਹਜ਼ਾਰ ਰੁਪਏ ਮਿਲੇ ਸਨ।
ਇੰਨ੍ਹਾਂ ਪੈਸਿਆਂ ਨਾਲ ਨਾਸਿਰ ਨੇ ਮਕਾਨ ਬਣਾਉਣ ਲਈ ਨੀਂਹਾਂ ਪੁੱਟਵਾਈਆਂ, ਪੱਥਰ ਮੰਗਵਾਇਆ, ਪਰ ਹੁਣ ਇਸ ਸਭ ਨੂੰ ਵੇਖਣ ਵਾਲਾ ਕੋਈ ਨਹੀਂ ਹੈ।
ਤਕਰੀਬਨ 15 ਸਾਲ ਪਹਿਲਾਂ ਨਾਸਿਰ ਨੇ ਫ਼ਰਮੀਨਾ ਨਾਲ ਵਿਆਹ ਕੀਤਾ ਸੀ ਪਰ ਕਿਸੇ ਕਾਰਨ ਉਨ੍ਹਾਂ ਦੇ ਘਰ ਬੱਚੇ ਨਹੀਂ ਹੋਏ। ਅਜਿਹੇ ‘ਚ ਉਨ੍ਹਾਂ ਨੇ ਆਪਣੇ ਛੋਟੇ ਭਰਾ ਹਾਮਿਦ ਦੇ ਦੋ ਬੱਚਿਆ ਨੂੰ ਗੋਦ ਲੈ ਲਿਆ ਸੀ।
ਨਾਸਿਰ ਦਾ ਸੁਪਨਾ ਸੀ ਕਿ ਉਹ ਜਲਦੀ ਹੀ ਆਪਣੇ ਬੱਚਿਆ ਲਈ ਨਵਾਂ ਮਕਾਨ ਬਣਾਵੇ, ਪਰ ਉਸ ਦਾ ਇਹ ਸੁਪਨਾ ਉਸ ਨਾਲ ਹੀ ਤੁਰ ਗਿਆ।
ਮ੍ਰਿਤਕ ਨਾਸਿਰ ਦੇ ਘਰ
ਨਾਸਿਰ ਦੇ ਘਰ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੀ ਜੁਨੈਦ ਦਾ ਘਰ ਹੈ। ਜੁਨੈਦ ਨਜ਼ਦੀਕ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।
ਜੁਨੈਦ ਦੀ ਮੌਤ ਤੋਂ ਬਾਅਦ ਉਸ ਦੇ ਪਿੱਛੇ ਪਤਨੀ ਅਤੇ 13 ਬੱਚੇ ਰਹਿ ਗਏ ਹਨ। ਇੰਨ੍ਹਾਂ ‘ਚ 6 ਬੱਚੇ ਤਾਂ ਉਨ੍ਹਾਂ ਦੇ ਆਪਣੇ ਹਨ ਅਤੇ 7 ਬੱਚੇ ਉਨ੍ਹਾਂ ਦੇ ਭਰਾ ਜਾਫ਼ਰ ਦੇ ਹਨ, ਜੋ ਕਿ ਦਿਮਾਗੀ ਤੌਰ ‘ਤੇ ਸਿਹਤਮੰਦ ਨਹੀਂ ਹਨ।
ਜੁਨੈਦ ਦੇ ਮਾਤਾ-ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ।
ਜੁਨੈਦ ਦੀ ਪਤਨੀ ਦੇ ਭਰਾ ਵਾਰਿਸ ਦਾ ਕਹਿਣਾ ਹੈ ਕਿ “ਜਨਾਜ਼ੇ ਦੀ ਨਮਾਜ਼ ਵੀ ਨਹੀਂ ਅਦਾ ਕੀਤੀ ਗਈ। ਸਾਡੇ ਲਈ ਇਹ ਕੋਈ ਛੋਟੀ ਗੱਲ ਨਹੀਂ ਹੈ। ਸਾਨੂੰ ਸਿਰਫ ਰਾਖ ਮਿਲੀ ਅਤੇ ਉਸ ਨੂੰ ਹੀ ਦਫ਼ਨਾਇਆ ਹੈ।”
“ ਹੁਣ ਘਰ ‘ਚ 13 ਬੱਚੇ ਹਨ ਅਤੇ ਜੁਨੈਦ ਹੀ ਇਨ੍ਹਾਂ ਸਾਰਿਆਂ ਦਾ ਪਾਲਣ ਪੋਸ਼ਨ ਕਰਦਾ ਸੀ। ਹੁਣ ਇੰਨ੍ਹੀ ਮੁਸ਼ਕਲ ਹੋ ਗਈ ਹੈ ਕਿ ਦੋਵੇਂ ਹੀ ਘਰ ਬੰਦ ਹੋ ਗਏ ਹਨ। ਹੁਣ ਤਾਂ ਇਨ੍ਹਾਂ ਬੱਚਿਆਂ ਦਾ ਅੱਲ੍ਹਾ ਹੀ ਰਾਖਾ।”
ਮੁਸਲਿਮ ਬਹੁ-ਗਿਣਤੀ ਪਿੰਡ ‘ਚ ਹਿੰਦੂ ਸਰਪੰਚ
ਨਾਸਿਰ ਅਤੇ ਜੁਨੇਦ ਦੀ ਮੌਤ ਤੋਂ ਬਾਅਦ ਪੂਰਾ ਪਿੰਡ ਸਦਮੇ ‘ਚ ਹੈ।
ਸਥਾਨਕ ਵਾਸੀ ਇਸਮਾਈਲ ਦਾ ਕਹਿਣਾ ਹੈ, “ ਘਾਟਮਿਕਾ ਗ੍ਰਾਮ ਪੰਚਾਇਤ ‘ਚ ਪੰਜ ਪਿੰਡ ਪੈਂਦੇ ਹਨ, ਜਿਨ੍ਹਾਂ ‘ਚ ਰਾਵਲਕਾ, ਕੰਵਾੜੀ, ਫਤਿਹਪੁਰ, ਝੰਡੀਪੁਰ ਅਤੇ ਘਾਟਮੀਕਾ ਸ਼ਾਮਲ ਹਨ।”
“ ਇਸ ਗ੍ਰਾਮ ਪੰਚਾਇਤ ‘ਚ ਲਗਭਗ 98% ਮੁਸਲਿਮ ਆਬਾਦੀ ਹੈ, ਇਸ ਸਭ ਦੇ ਬਾਵਜੂਦ ਲੋਕਾਂ ਨੇ ਇੱਕ ਹਿੰਦੂ ਪਰਿਵਾਰ ਨੂੰ ਤੀਜੀ ਵਾਰ ਪਿੰਡ ਦਾ ਸਰਪੰਚ ਚੁਣਿਆ ਹੈ।”
“ਪਿੰਡ ਵਾਸੀਆਂ ਦਾ ਕਹਿਣਾ ਹੈ, “ ਅਸੀਂ ਕਦੇ ਵੀ ਹਿੰਦੂ-ਮੁਸਲਮਾਨ ਨਹੀਂ ਕੀਤਾ ਹੈ, ਪਰ ਬਜਰੰਗ ਦਲ ਦੇ ਲੋਕ ਅਜਿਹਾ ਕਰਕੇ ਪਿੰਡ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੇ ਹਨ।”
ਮੁਲਜ਼ਮ ਰਿੰਕੂ ਸੈਣੀ ਦੀ ਪਤਨੀ ਗੀਤਾ
ਗ੍ਰਿਫਤਾਰ ਮੁਲਜ਼ਮ ਰਿੰਕੂ ਸੈਣੀ ਦੇ ਪਰਿਵਾਰ ਦੀ ਹਾਲਤ
ਨਾਸਿਰ ਅਤੇ ਜੁਨੈਦ ਦੇ ਕਤਲ ਦੇ ਕੇਸ ਵਿਚ ਰਿੰਕੂ ਸੈਣੀ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਮਾਂ ਵੀ ਸਦਮੇ ‘ਚ ਹਨ।
ਪਰਿਵਾਰ ਵਾਲਿਆਂ ਅਨੁਸਾਰ ਰਿੰਕੂ ਡਰਾਈਵਿੰਗ ਦਾ ਕੰਮ ਕਰਦਾ ਹੈ ਅਤੇ ਰੋਜ਼ਾਨਾ 400-500 ਰੁਪਏ ਦੀ ਦਹਾੜੀ ‘ਤੇ ਗੱਡੀ ਦੀ ਬੁਕਿੰਗ ‘ਤੇ ਜਾਂਦਾ ਹੈ।
ਆਪਣੇ ਪਤੀ ਨੂੰ ਬੇਕਸੂਰ ਦੱਸਦਿਆਂ ਰਿੰਕੂ ਦੀ ਪਤਨੀ ਗੀਤਾ ਦਾ ਕਹਿਣਾ ਹੈ, “ ਉਹ ਉਸ ਦਿਨ ਉੱਥੇ ਨਹੀਂ ਸਨ। ਇਹ ਝੂਠੀ ਖ਼ਬਰ ਹੈ। ਉਹ ਬੇਕਸੂਰ ਹਨ। ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।”
ਗੀਤਾ ਅੱਗੇ ਕਹਿੰਦੀ ਹੈ, “ 15 ਫਰਵਰੀ ਦੀ ਸਵੇਰ ਕਰੀਬ ਅੱਠ ਵਜੇ ਉਹ (ਰਿੰਕੂ) ਅਲਵਰ ਬੁਕਿੰਗ ‘ਤੇ ਗਏ ਸਨ। ਫਿਰ ਸ਼ਾਮ ਨੂੰ ਤਕਰੀਬਨ 5 ਵਜੇ ਉਹ ਵਾਪਸ ਵੀ ਆ ਗਏ ਸਨ। ਘਰ ‘ਚ ਚਾਹ ਪੀ ਕੇ ਉਹ ਮੁੜ ਕਾਰ ਬੁਕਿੰਗ ‘ਤੇ ਚਲੇ ਗਏ ਸਨ ਅਤੇ ਫਿਰ ਰਾਤ ਨੂੰ ਵਾਪਸ ਪਰਤੇ।”
“ਮੈਂ ਖੁਦ ਦਰਵਾਜ਼ਾ ਖੋਲ੍ਹਿਆ ਸੀ। 16 ਫਰਵਰੀ ਨੂੰ ਉਹ ਦੁਪਹਿਰ 12 ਵਜੇ ਭਿਵਾੜੀ ਬੁਕਿੰਗ ਲਈ ਗਏ ਸਨ ਅਤੇ ਸ਼ਾਮ ਨੂੰ ਪੁਲਿਸ ਉਨ੍ਹਾਂ ਨੂੰ ਫੜ੍ਹ ਕੇ ਲੈ ਗਈ।”
ਰਿੰਕੂ ਸੈਣੀ ਦੀ ਮਾਂ ਦਾ ਕਹਿਣਾ ਹੈ, “ ਉਹ 3-4 ਸਾਲਾਂ ਤੋਂ ਗਊ ਸੇਵਾ ਦਾ ਕੰਮ ਕਰ ਰਿਹਾ ਹੈ। ਬਜਰੰਗ ਦਲ ਦਾ ਮੈਂਬਰ ਹੈ, ਪਰ ਉਹ ਕੋਈ ਮਾੜਾ ਕੰਮ ਤਾਂ ਨਹੀਂ ਕਰ ਰਿਹਾ ਸੀ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਅਮ੍ਰਿਤਪਾਲ ’ਤੇ ਭਗਵੰਤ ਮਾਨ ਦਾ ਤੰਜ ਤੇ ਅਕਾਲ ਤਖ਼ਤ ਨੇ ਅਜਨਾਲਾ ਹਿੰਸਾ ਮਗਰੋਂ ਮਰਿਆਦਾ ਬਾਰੇ ਚੁੱਕਿਆ ਇਹ...
NEXT STORY