ਵਿਸ਼ਵ ਕੱਪ ਤੋਂ ਬਾਅਦ ਹੁਣ ਮਹਿਲਾ ਆਈਪੀਐੱਲ ''ਚ ਦਿਖੇਗਾ ਮਹਿਲਾ ਕ੍ਰਿਕਟਰਾਂ ਦਾ ਜਲਵਾ
ਆਸਟ੍ਰੇਲੀਆ ਨੇ ਛੇਵੀਂ ਵਾਰ ਮਹਿਲਾ ਟੀ-20 ਵਿਸ਼ਵ ਕੱਪ ਆਪਣੇ ਨਾਮ ਕਰ ਲਿਆ ਹੈ। ਨਿਊਲੈਂਡ ਦੇ ਕੇਪਟਾਊਨ ''ਚ ਖੇਡੇ ਗਏ ਫਾਈਨਲ ''ਚ ਆਸਟ੍ਰੇਲੀਆ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਦੀ ਟੀਮ ਨੂੰ 19 ਦੌੜਾਂ ਨਾਲ ਹਰਾ ਦਿੱਤਾ ਹੈ।
ਇਸ ਟੂਰਨਾਮੈਂਟ ਵਿੱਚ ਆਸਟ੍ਰੇਲੀਆਈ ਟੀਮ ਸ਼ੁਰੂਆਤ ਤੋਂ ਲੈ ਕੇ ਫਾਈਨਲ ਤੱਕ ਸਾਰੇ ਛੇ ਮੈਚ ਜਿੱਤ ਕੇ ਚੈਂਪੀਅਨ ਬਣੀ ਹੈ।
ਬੇਸ਼ੱਕ ਇਹ ਟੀਮ ਇੱਕ ਵੀ ਮੈਚ ਹਾਰੇ ਬਿਨਾਂ ਚੈਂਪੀਅਨ ਬਣ ਗਈ ਹੈ ਪਰ ਜੇਕਰ ਪੂਰੇ ਟੂਰਨਾਮੈਂਟ ''ਚ ਉਨ੍ਹਾਂ ਦੇ ਖੇਡੇ ਗਏ ਮੈਚਾਂ ''ਤੇ ਨਜ਼ਰ ਮਾਰੀਏ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਇੱਕ ਮੌਕਾ ਅਜਿਹਾ ਵੀ ਸੀ ਜਦੋਂ ਕੰਗਾਰੂਆਂ ਨੂੰ ਨਾਕਆਊਟ ਹੋਣ ਦਾ ਖ਼ਤਰਾ ਸੀ।
ਉਹ ਮੌਕਾ ਭਾਰਤ ਖ਼ਿਲਾਫ਼ ਸੈਮੀਫਾਈਨਲ ਮੈਚ ਦਾ ਸੀ ਅਤੇ ਉਸ ਸਮੇਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਪਿੱਚ ''ਤੇ ਡਟੇ ਹੋਏ ਸਨ।
ਹਾਲਾਂਕਿ ਇਸ ਮੈਚ ਵਿੱਚ ਹਰਮਨਪ੍ਰੀਤ ਮੰਦਭਾਗੇ ਤਰੀਕੇ ਨਾਲ ਰਨ ਆਊਟ ਹੋ ਗਏ ਸਨ। ਪਰ ਉਨ੍ਹਾਂ ਦੇ ਪਵੇਲੀਅਨ ਪਰਤਣ ਤੋਂ ਬਾਅਦ ਵੀ ਆਸਟ੍ਰੇਲੀਆ ਦੀ ਟੀਮ ਲਈ ਇਸ ਮੈਚ ਨੂੰ ਜਿੱਤਣ ਦੀ ਰਾਹ ਇੰਨੀ ਸੌਖੀ ਨਹੀਂ ਸੀ।
ਕੰਗਾਰੂ ਟੀਮ ਨੇ ਆਖਰੀ ਓਵਰ ''ਚ ਮਹਿਜ਼ ਪੰਜ ਦੌੜਾਂ ਦੇ ਫਰਕ ਨੇ ਇਹ ਮੈਚ ਜਿੱਤਿਆ ਸੀ।
ਆਸਟਰੇਲੀਆ ਨੇ ਛੇਵੀਂ ਵਾਰ ਮਹਿਲਾ ਟੀ-20 ਵਿਸ਼ਵ ਕੱਪ ਆਪਣੇ ਨਾਮ ਕਰ ਲਿਆ ਹੈ
ਟੀਮ ਇੰਡੀਆ ਸ਼ੁਰੂ ਤੋਂ ਹੀ ਚੈਂਪੀਅਨ ਵਾਂਗ ਖੇਡੀ
- ਪਹਿਲਾ ਮੈਚ: ਪਾਕਿਸਤਾਨ (146 ਦੌੜਾਂ) ਨੂੰ 6 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾਇਆ।
- ਦੂਜਾ ਮੈਚ: ਵੈਸਟਇੰਡੀਜ਼ (118 ਦੌੜਾਂ) ਨੂੰ 11 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾਇਆ।
- ਤੀਜਾ ਮੈਚ: ਇੰਗਲੈਂਡ ਤੋਂ ਸਿਰਫ਼ 11 ਦੌੜਾਂ ਨਾਲ ਹਾਰੇ (ਬਾਅਦ ''ਚ ਸੈਮੀਫਾਈਨਲ ''ਚ ਇੰਗਲੈਂਡ ਨੂੰ ਦੱਖਣੀ ਅਫ਼ਰੀਕਾ ਨੇ ਹਰਾਇਆ)।
- ਆਇਰਲੈਂਡ ''ਚ ਮੀਂਹ ਦੀ ਰੁਕਾਵਟ ਵਾਲਾ ਮੈਚ ਜਿੱਤੇ
- ਸੈਮੀਫਾਈਨਲ ''ਚ ਆਸਟ੍ਰੇਲੀਆ ਨੇ 172 ਅਤੇ ਟੀਮ ਇੰਡੀਆ ਨੇ 167 ਦੌੜਾਂ ਬਣਾਈਆਂ। ਕੰਗਾਰੂ ਟੀਮ ਹਾਰ ਤੋਂ ਮੁਸ਼ਕਿਲ ਨਾਲ ਬਚੀ ਤੇ ਸਿਰਫ਼ 5 ਦੌੜਾਂ ਨਾਲ ਜਿੱਤੀ
ਜਦੋਂ ਨੌਕਆਊਟ ਦਾ ਖ਼ਤਰਾ ਮੰਡਰਾ ਰਿਹਾ ਸੀ
ਸੈਮੀਫਾਈਨਲ ਦੇ ਇਸ ਅੰਕੜੇ ਨੂੰ ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਕਿ ਦੋਵਾਂ ਟੀਮਾਂ ਨੇ ਇਸ ਮੈਚ ''ਚ ਕੁੱਲ 339 ਦੌੜਾਂ ਬਣਾਈਆਂ ਜੋ ਇਸ ਟੂਰਨਾਮੈਂਟ ਦੇ ਕਿਸੇ ਵੀ ਮੈਚ ਵਿੱਚ ਦੋਵਾਂ ਟੀਮਾਂ ਵੱਲੋਂ ਬਣਾਈਆਂ ਕੁੱਲ ਦੌੜਾਂ ਤੋਂ ਵੱਧ ਹਨ।
ਆਸਟ੍ਰੇਲੀਆ ਦੇ ਖਿਲਾਫ ਦੂਜੀਆਂ ਟੀਮਾਂ ਨਾਲ ਤੁਲਨਾ ਕਰੀਏ ਤਾਂ ਫਾਈਨਲ ''ਚ ਦੱਖਣੀ ਅਫਰੀਕਾ ਖਿਲਾਫ ਕੁੱਲ 293 ਦੌੜਾਂ ਸਨ ਜੋ ਆਸਟ੍ਰੇਲੀਆ ਨੇ 19 ਦੌੜਾਂ ਨਾਲ ਜਿੱਤੀਆਂ।
ਆਸਟ੍ਰੇਲੀਆ ਦੇ ਗਰੁੱਪ ਮੈਚਾਂ ਦੇ ਨਤੀਜਿਆਂ ''ਤੇ ਨਜ਼ਰ ਮਾਰੀਏ ਤਾਂ ਇਸ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਅਤੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਤਰ੍ਹਾਂ ਦੱਖਣੀ ਅਫ਼ਰੀਕਾ ਦੀ ਟੀਮ ਜਿੱਥੇ 21 ਗੇਂਦਾਂ ਬਾਕੀ ਰਹਿੰਦੇ 6 ਵਿਕਟਾਂ ਨਾਲ ਹਾਰ ਗਈ, ਉੱਥੇ ਹੀ ਨਿਊਜ਼ੀਲੈਂਡ ਨੂੰ ਆਸਟ੍ਰੇਲੀਆ ਨੇ 97 ਦੌੜਾਂ ਨਾਲ ਹਰਾਇਆ।
ਇਸ ਤੋਂ ਇਹ ਸਪਸ਼ਟ ਹੈ ਕਿ ਆਸਟ੍ਰੇਲੀਆਈ ਟੀਮ ਲਈ ਸਿਰਫ਼ ਭਾਰਤੀ ਟੀਮ ਨੇ ਹੀ ਮੁਸ਼ਕਲਾਂ ਖੜ੍ਹੀਆਂ ਕੀਤੀਆਂ, ਉਹ ਵੀ ਸੈਮੀਫਾਈਨਲ ਮੈਚ ਵਿੱਚ, ਜਿਥੇ ਕੰਗਾਰੂ ਟੀਮ ਲਗਭਗ ਹਾਰ ਦੀ ਕਗਾਰ ''ਤੇ ਸੀ।
ਇਸ ਦਾ ਮਤਲਬ ਇਹ ਹੋਇਆ ਕਿ ਕੰਗਾਰੂ ਟੀਮ ਭਾਵੇਂ ਚੈਂਪੀਅਨ ਬਣ ਗਈ ਹੈ ਪਰ ਉਨ੍ਹਾਂ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਭਾਰਤੀ ਟੀਮ ਨਾਲ ਖੇਡਿਆ ਗਿਆ ਮੈਚ ਹੀ ਅਜਿਹਾ ਮੈਚ ਸੀ ਜਿੱਥੇ ਉਸ ਨੂੰ ਹਾਰ ਦਾ ਖ਼ਤਰਾ ਸੀ।
ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ''ਚ ਹਰਮਨਪ੍ਰੀਤ ਦੇ ਰਨ ਆਊਟ ਹੋਣ ਨਾਲ ਭਾਰਤੀ ਕ੍ਰਿਕਟ ਫੈਨ ਬੁਰੀ ਤਰ੍ਹਾਂ ਨਿਰਾਸ਼ ਹੋਏ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਹੀ ਅਜਿਹੀ ਟੀਮ ਹੈ ਜਿਸ ਤੋਂ ਪਿਛਲੇ ਸਾਲ ਆਸਟਰੇਲੀਆਈ ਟੀਮ ਇੱਕ ਮੈਚ ਵਿੱਚ ਹਾਰ ਗਈ ਸੀ।
ਪਰ ਸਾਬਕਾ ਕਪਤਾਨ ਡਾਇਨਾ ਏਡੁਲਜੀ ਨੇ ਵੀ ਆਸਟਰੇਲੀਆ ਖ਼ਿਲਾਫ਼ ਸੈਮੀਫਾਈਨਲ ਹਾਰਨ ਕਾਰਨ ਭਾਰਤੀ ਮਹਿਲਾ ਟੀਮ ਦੀ ਆਲੋਚਨਾ ਕੀਤੀ ਹੈ।
ਖ਼ੈਰ ਟੀ-20 ਵਿਸ਼ਵ ਕੱਪ ਤਾਂ ਖ਼ਤਮ ਹੋ ਗਿਆ ਹੈ ਪਰ ਜਲਦ ਹੀ ਵਿਮਨ ਇੰਡੀਅਨ ਪ੍ਰੀਮਿਅਰ ਲੀਗ ਸ਼ੁਰੂ ਹੋਣ ਜਾ ਰਿਹਾ ਹੈ ਜਿੱਥੇ ਇਨ੍ਹਾਂ ਵੱਖ-ਵੱਖ ਟੀਮਾਂ ਦੀਆਂ ਖਿਡਾਰਨਾਂ ਨੂੰ ਇੱਕ-ਦੂਜੇ ਦੇ ਨਾਲ ਅਤੇ ਖ਼ਿਲਾਫ਼ ਖੇਡਦੇ ਹੋਏ ਦੇਖਿਆ ਜਾਵੇਗਾ।
ਟੀ-20 ਵਿਸ਼ਵ ਕੱਪ 2023 ਦੀਆਂ ਚੈਂਪੀਅਨ ਮਹਿਲਾ ਕ੍ਰਿਕਟਰਜ਼
ਹੁਣ ਗੱਲ ਕਰਦੇ ਹਾਂ ਉਨ੍ਹਾਂ ਕ੍ਰਿਕਟਰਾਂ ਦੀ ਜਿਨ੍ਹਾਂ ਨੇ ਮਹਿਲਾ ਟੀ-20 ਵਿਸ਼ਵ ਕੱਪ ''ਚ ਅਜਿਹੀ ਛਾਪ ਛੱਡੀ ਹੈ ਕਿ ਆਉਣ ਵਾਲੇ ਦਿਨਾਂ ''ਚ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਵੀ ਉਨ੍ਹਾਂ ਦੇ ਪ੍ਰਦਰਸ਼ਨ ''ਤੇ ਨਜ਼ਰਾਂ ਰਹਿਣਗੀਆਂ, ਉਨ੍ਹਾਂ ਦੀ ਚਰਚਾ ਹੋਵੇਗੀ ਅਤੇ ਜਿੱਤ ਦਾ ਦਾਰੋਮਦਾਰ ਉਨ੍ਹਾਂ ''ਤੇ ਰਹੇਗਾ।
ਐਸ਼ ਗਾਰਡਨਰ
ਐਸ਼ ਗਾਰਡਨਰ: ਇਹਆਸਟ੍ਰੇਲੀਆਈ ਆਲਰਾਊਂਡਰ ਟੀ-20 ਵਿਸ਼ਵ ਕੱਪ ''ਚ 10 ਵਿਕਟਾਂ ਅਤੇ 189 ਦੌੜਾਂ ਬਣਾ ਕੇ ''ਪਲੇਅਰ ਆਫ ਦਿ ਟੂਰਨਾਮੈਂਟ'' ਬਣੀ ਹੈ।
ਇੱਕ ਮੈਚ ਵਿਚ ਉਨ੍ਹਾਂ ਨੇ 12 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਅਤੇ ਇਹ ਟੂਰਨਾਮੈਂਟ ਦਾ ਸਰਵੋਤਮ ਗੇਂਦਬਾਜ਼ੀ ਅੰਕੜਾ ਰਿਹਾ।
ਐਸ਼ ਗਾਰਡਨਰ, ਮਹਿਲਾ ਆਈਪੀਐਲ ਵਿੱਚ ਸਭ ਤੋਂ ਮਹਿੰਗੀ ਵਿਦੇਸ਼ੀ ਕ੍ਰਿਕਟਰ ਹਨ। ਉਨ੍ਹਾਂ ਨੂੰ ਗੁਜਰਾਤ ਜਾਇੰਟਸ ਨੇ ਆਪਣੀ ਟੀਮ ''ਚ ਸ਼ਾਮਲ ਕੀਤਾ ਹੈ। ਇਸੇ ਟੀਮ ਵਿੱਚ ਭਾਰਤੀ ਟੀਮ ਦੇ ਸਨੇਹ ਰਾਣਾ ਵੀ ਸ਼ਾਮਲ ਹਨ।
ਬੇਥ ਮੂਨੀ
ਬੇਥ ਮੂਨੀ: ਇਨ੍ਹਾਂ ਦੀ ਖਾਸੀਅਤ ਫਾਈਨਲ ਮੈਚ ''ਚ ਧਮਾਲ ਮਚਾਉਣਾ ਹੈ।
ਮੂਨੀ ਮਹਿਲਾ ਟੀ-20 ਵਿਸ਼ਵ ਕੱਪ 2023 ਅਤੇ 2020 ਦੇ ਫਾਈਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰਨ ਹਨ। 2018 ਅਤੇ 2019 ਵਿੱਚ ਮਹਿਲਾ ਬਿਗ ਬੈਸ਼ ਲੀਗ ਦੇ ਫਾਈਨਲ ਵਿੱਚ ਆਪਣੀ ਟੀਮ ਬ੍ਰਿਸਬੇਨ ਹੀਟ ਨੂੰ ਜਿੱਤਣ ਵਿੱਚ ਮਦਦ ਕਰਨ ਲਈ ਉਹ ''ਪਲੇਅਰ ਆਫ਼ ਡੀ ਮੈਚ'' ਚੁਣੇ ਗਏ ਸਨ।
ਉਹ 2020 ਟੀ-20 ਵਿਸ਼ਵ ਕੱਪ ਵਿੱਚ ''ਪਲੇਅਰ ਆਫ਼ ਦਿ ਟੂਰਨਾਮੈਂਟ'' ਵੀ ਬਣੇ ਸਨ।
ਹੁਣ ਤੱਕ ਛੇ ਵਾਰ ਅੰਤਰਰਾਸ਼ਟਰੀ ਟੀ-20 ਟੂਰਨਾਮੈਂਟ ਦੇ ਫਾਈਨਲ ਵਿੱਚ ਖੇਡ ਚੁੱਕੇ ਮੂਨੀ ਦੇ ਨਾਮ ਚਾਰ ਅਰਧ ਸੈਂਕੜੇ ਅਤੇ 99.33 ਦੀ ਔਸਤ ਨਾਲ 298 ਦੌੜਾਂ ਸ਼ਾਮਲ ਹਨ।
ਬੇਥ ਮੂਨੀ ਵੀ ਵਿਮਨ ਇੰਡੀਅਨ ਪ੍ਰੀਮਿਅਰ ਲੀਗ ਵਿੱਚ ਐਸ਼ ਗਾਰਡਨਰ ਦੇ ਨਾਲ ਗੁਜਰਾਤ ਜਾਇੰਟਸ ਲਈ ਖੇਡਦੇ ਨਜ਼ਰ ਆਉਣਗੇ।
ਸਮ੍ਰਿਤੀ ਮੰਧਾਨਾ
ਸਮ੍ਰਿਤੀ ਮੰਧਾਨਾ: ਟੀ-20 ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਪਾਕਿਸਤਾਨ ਦੇ ਅਲੀ ਸਿੱਦੀਕੀ ਦੀਆਂ ਸਭ ਤੋਂ ਵੱਧ 102 ਦੌੜਾਂ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਕੋਰ ਸਮ੍ਰਿਤੀ ਮੰਧਾਨਾ ਦੀਆਂ 87 ਦੌੜਾਂ ਰਹੀਆਂ।
ਮੰਧਾਨਾ ਟੀ-20 ਕ੍ਰਿਕਟ ਵਿੱਚ 2800 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ।
ਉਹ ਮਹਿਲਾ ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੀ ਅਗਵਾਈ ਕਰ ਰਹੇ ਹਨ ਅਤੇ ਮਹਿਲਾ ਆਈਪੀਐਲ ਦੇ ਪਹਿਲੇ ਐਡੀਸ਼ਨ ਵਿੱਚ ਸਭ ਤੋਂ ਮਹਿੰਗੀ ਮਹਿਲਾ ਕ੍ਰਿਕਟਰ ਵੀ ਹਨ।
ਐਲੀਸਾ ਹਿਲੀ
ਐਲੀਸਾ ਹਿਲੀ: ਹੀਲੀ ਨੇ ਵਿਸ਼ਵ ਕੱਪ ਵਿੱਚ ਖੇਡ ਗਏ ਆਪਣੇ ਪੰਜ ਮੈਚਾਂ ਵਿੱਚ 189 ਦੌੜਾਂ ਬਣਾਈਆਂ ਹਨ। ਆਸਟਰੇਲੀਆ ਦੀ ਇਹ ਸਲਾਮੀ ਬੱਲੇਬਾਜ਼ ਇੰਡੀਅਨ ਪ੍ਰੀਮੀਅਰ ਲੀਗ ''ਚ ਯੂਪੀ ਵਾਰੀਅਰਜ਼ ਲਈ ਖੇਡਦੀ ਨਜ਼ਰ ਆਵੇਗੀ।
ਸ਼ਬਨਮ ਇਸਮਾਈਲ
ਸ਼ਬਨਮ ਇਸਮਾਈਲ: 127 ਕਿਲੋਮੀਟਰ ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਇਹ ਇਕਲੌਤੇ ਮਹਿਲਾ ਕ੍ਰਿਕਟਰ ਹਨ।
ਉਹ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ (43) ਵਿਕਟਾਂ ਲੈਣ ਵਾਲੀ ਗੇਂਦਬਾਜ਼ ਵੀ ਹਨ। ਇਸ ਦੱਖਣੀ ਅਫ਼ਰੀਕੀ ਗੇਂਦਬਾਜ਼ ਦੀ ਖਾਸੀਅਤ ਉਨ੍ਹਾਂ ਦੀਆਂ ਤੇਜ਼ ਗੇਂਦਾਂ ਅਤੇ ਸਟੀਕ ਲਾਈਨ ਅਤੇ ਲੈਂਥ ਹੈ।
ਇਸ ਟੀ-20 ਵਿਸ਼ਵ ਕੱਪ ਵਿੱਚ ਉਸ ਨੇ 8 ਵਿਕਟਾਂ ਲਈਆਂ ਹਨ ਅਤੇ ਉਨ੍ਹਾਂ ਦੇ ਤਿੰਨ ਓਵਰ ਮੇਡੇਨ ਵੀ ਰਹੇ। ਸੈਮੀਫਾਈਨਲ ''ਚ ਇੰਗਲੈਂਡ ਹੋਵੇ ਜਾਂ ਫਾਈਨਲ ''ਚ ਆਸਟਰੇਲੀਆ, ਉਨ੍ਹਾਂ ਦੀਆਂ ਗੇਂਦਾਂ ''ਤੇ ਦੌੜਾਂ ਬਣਾਉਣ ''ਚ ਦਿੱਕਤ ਸਾਫ ਨਜ਼ਰ ਆਈ।
ਐਲੀਸਾ ਹੀਲੀ ਦੇ ਨਾਲ ਸ਼ਬਨਮ ਵੀ ਯੂਪੀ ਵਾਰੀਅਰਜ਼ ਲਈ ਖੇਡਣਗੇ।
ਸੋਫ਼ੀ ਏਕਲੇਸਟੋਨ
ਸੋਫ਼ੀ ਏਕਲੇਸਟੋਨ: ਖੱਬੇ ਹੱਥ ਦੀ ਇਹ ਗੇਂਦਬਾਜ਼ ਪੂਰੇ ਟੂਰਨਾਮੈਂਟ ਦੌਰਾਨ ਬੱਲੇਬਾਜ਼ਾਂ ਨੂੰ ਆਪਣੀ ਗਜ਼ਬ ਦੀ ਸਪਿਨ ਨਾਲ ਚਕਮਾ ਦਿੰਦੀ ਰਹੀ ਅਤੇ ਸਭ ਤੋਂ ਵੱਧ 11 ਵਿਕਟਾਂ ਲਈਆਂ।
ਸੋਫ਼ੀ ਡਬਲਯੂਆਈਪੀਐੱਲ ਵਿੱਚ ਯੂਪੀ ਵਾਰੀਅਰਜ਼ ਲਈ ਖੇਡਣਗੇ। ਭਾਰਤ ਦੀਆਂ ਪਿੱਚਾਂ ''ਤੇ ਗੇਂਦ ਟਰਨ ਪੈਂਦੀ ਹੈ ਤੇ ਇੱਥੇ ਉਨ੍ਹਾਂ ਦੀ ਸਪਿਨ ਗੇਂਦਬਾਜ਼ੀ ਨੂੰ ਦੇਖਣਾ ਦਿਲਚਸਪ ਹੋਵੇਗਾ।
ਹਰਮਨਪ੍ਰੀਤ ਕੌਰ
ਹਰਮਨਪ੍ਰੀਤ ਕੌਰ: ਵਿਸ਼ਵ ਕੱਪ ''ਚ ਜੇਕਰ ਭਾਰਤ ਸੈਮੀਫਾਈਨਲ ''ਚ ਜਿੱਤ ਦੀ ਕਗਾਰ ''ਤੇ ਪਹੁੰਚਿਆ ਤਾਂ ਇਸ ਦਾ ਕਾਰਨ ਹਰਮਨਪ੍ਰੀਤ ਦੀ ਧਮਾਕੇਦਾਰ ਬੱਲੇਬਾਜ਼ੀ ਹੀ ਸੀ।
ਭਾਰਤੀ ਕਪਤਾਨ ਹਮਰਪ੍ਰੀਤ ਟੀ-20 ਕ੍ਰਿਕਟ ਵਿੱਚ ਤਿੰਨ ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਹਰਮਨਪ੍ਰੀਤ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਲਈ ਕਿਸ ਤਰ੍ਹਾਂ ਬੱਲੇਬਾਜ਼ੀ ਕਰਦੇ ਹਨ।
ਰੇਣੁਕਾ ਸਿੰਘ ਠਾਕੁਰ
ਰੇਣੁਕਾ ਸਿੰਘ ਠਾਕੁਰ: ਮਹਿਲਾ ਟੀ-20 ਵਿਸ਼ਵ ਕੱਪ 2023 ਵਿੱਚ ਭਾਰਤ ਲਈ ਗੇਂਦਬਾਜ਼ੀ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੀ ਗੇਂਦਬਾਜ਼ ਬਣੇ। ਉਨ੍ਹਾਂ ਨੇ ਇੱਕ ਮੈਚ ਵਿੱਚ 15 ਦੌੜਾਂ ਦੇ ਕੇ ਪੰਜ ਵਿਕਟਾਂ ਲੈਣ ਦੇ ਕਾਰਨਾਮੇ ਸਮੇਤ ਕੁੱਲ ਸੱਤ ਵਿਕਟਾਂ ਲਈਆਂ।
ਦੀਪਤੀ ਸ਼ਰਮਾ
ਦੀਪਤੀ ਸ਼ਰਮਾ: ਟੀ-20 ਕ੍ਰਿਕਟ ''ਚ 100 ਵਿਕਟਾਂ ਲੈਣ ਵਾਲੀ ਇਕਲੌਤੀ ਭਾਰਤੀ ਕ੍ਰਿਕਟਰ। 25 ਸਾਲ ਦੇ ਦੀਪਤੀ ਇੱਕ ਆਲਰਾਊਂਡਰ ਹਨ ਜੋ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੇ ਹਨ ਅਤੇ ਸੱਜੇ ਹੱਥ ਨਾਲ ਆਫ ਬ੍ਰੇਕ ਗੇਂਦਬਾਜ਼ੀ ਕਰਦੇ ਹਨ।
ਅੰਤਰਰਾਸ਼ਟਰੀ ਇੱਕ ਰੋਜ਼ਾ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ (188 ਦੌੜਾਂ) ਦਾ ਭਾਰਤੀ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੈ, ਜੋ ਉਨ੍ਹਾਂ ਨੇ 2017 ਵਿੱਚ ਆਇਰਲੈਂਡ ਖ਼ਿਲਾਫ਼ ਬਣਾਇਆ ਸੀ।
ਨੈਟ ਸਿਵਰ ਬਨਰਟ
ਨੈਟ ਸਿਵਰ ਬਨਰਟ: ਇੰਗਲੈਂਡ ਦੇ ਉਪ ਕਪਤਾਨ ਨੈਟ ਸਿਵਰ ਬਰਨਟ ਨੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ 81 ਦੌੜਾਂ ਦੀ ਅਜੇਤੂ ਪਾਰੀ ਖੇਡਦੇ ਹੋਏ ਕਈ ਰਿਕਾਰਡ ਬਣਾਏ।
ਇਹ ਇਸ ਟੂਰਨਾਮੈਂਟ ਦਾ ਤੀਜਾ ਸਭ ਤੋਂ ਵੱਡਾ ਸਕੋਰ ਸੀ। ਉਸ ਮੈਚ ਵਿੱਚ ਇੰਗਲੈਂਡ ਨੇ 213 ਦੌੜਾਂ ਬਣਾਈਆਂ, ਜੋ ਇਸ ਟੂਰਨਾਮੈਂਟ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਸੀ।
ਨੇਟ ਸਿਵਰ ਮਹਿਲਾ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਣਗੇ।
ਇਨ੍ਹਾਂ ਤੋਂ ਇਲਾਵਾ ਹੋਰ ਕਈ ਮਹਿਲਾ ਕ੍ਰਿਕਟਰ ਹਨ, ਜਿਨ੍ਹਾਂ ਦੀ ਖੇਡ ਦੇਖੀ ਜਾਵੇਗੀ ਅਤੇ ਇਹ ਸੂਚੀ ਲੰਬੀ ਹੈ, ਜਿਵੇਂ- ਭਾਰਤ ਦੀ ਰਿਚਾ ਘੋਸ਼, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼ ਆਦਿ।

ਕੀ ਮਨਪ੍ਰੀਤ ਬਾਦਲ ਦੇ ਸਿਆਸੀ ਕਿਲ਼ੇ ਨੂੰ ਸੰਨ੍ਹ ਲਾਉਣ ਲਈ ਰਾਜਾ ਵੜਿੰਗ ਨੇ ਚੁੱਕਿਆ ਇਹ ਕਦਮ
NEXT STORY